ਦਰਬਾਰ ਸਾਹਿਬ 'ਤੇ ਭਾਰਤੀ ਫੌਜ ਦੇ ਹਮਲੇ ਦੀ ਗਵਾਹੀ ਦੇ ਨਿਸ਼ਾਨ ਸਾਂਭੀ ਖੜ੍ਹੀ ਦਰਸ਼ਨੀ ਡਿਓੜੀ ਦੀ ਮੁਰੰਮਤ ਸ਼ੁਰੂ ਕੀਤੀ

ਦਰਬਾਰ ਸਾਹਿਬ 'ਤੇ ਭਾਰਤੀ ਫੌਜ ਦੇ ਹਮਲੇ ਦੀ ਗਵਾਹੀ ਦੇ ਨਿਸ਼ਾਨ ਸਾਂਭੀ ਖੜ੍ਹੀ ਦਰਸ਼ਨੀ ਡਿਓੜੀ ਦੀ ਮੁਰੰਮਤ ਸ਼ੁਰੂ ਕੀਤੀ

ਅੰਮ੍ਰਿਤਸਰ: ਭਾਰਤੀ ਫੌਜ ਵੱਲੋਂ ਜੂਨ 1984 ਵਿੱਚ ਦਰਬਾਰ ਸਾਹਿਬ 'ਤੇ ਕੀਤੇ ਹਮਲੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੱਜੀ ਬਾਹੀ ਵਾਲੇ ਪਾਸੇ ਦੀ ਦਰਸ਼ਨੀ ਡਿਓੜੀ ਦੀ ਮੁਰੰਮਤ ਦੀ ਕਾਰ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਭਾਰਤੀ ਫੌਜ ਵੱਲੋਂ ਟੈਂਕਾਂ ਤੋਪਾਂ ਨਾਲ ਕੀਤੇ ਹਮਲੇ ਦਾ ਇਹ ਦਰਸ਼ਨੀ ਡਿਓੜੀ ਆਖਰੀ ਸਭ ਤੋਂ ਵੱਡਾ ਇਮਾਰਤੀ ਸਬੂਤ ਹੈ। ਇਸ ਡਿਓੜੀ 'ਤੇ ਤੋਪ ਦੇ ਗੋਲੇ ਨਾਲ ਹੋਏ ਨੁਕਸਾਨ ਦੇ ਵੀ ਨਿਸ਼ਾਨ ਹਨ। 

ਸ਼੍ਰੋਮਣੀ ਕਮੇਟੀ ਵੱਲੋਂ ਇਸ ਡਿਓੜੀ ਨੂੰ ਜਿਉਂ ਦਾ ਤਿਉਂ ਸੰਭਾਲਣ ਦਾ ਦਾਅਵਾ ਕੀਤਾ ਗਿਆ ਹੈ, ਪਰ ਸ਼੍ਰੋਮਣੀ ਕਮੇਟੀ ਦੇ ਇਹਨਾਂ ਦਾਅਵਿਆਂ 'ਤੇ ਉਸਦੀ ਪਿਛਲੀ ਕਾਰਗੁਜ਼ਾਰੀ ਨੂੰ ਦੇਖਦਿਆਂ ਭਰੋਸਾ ਬੱਝਣਾ ਮੁਸ਼ਕਿਲ ਹੈ। ਦਰਬਾਰ ਸਾਹਿਬ 'ਤੇ ਹੋਏ ਭਾਰਤੀ ਹਮਲੇ ਵਿੱਚ ਜਿੱਥੇ ਅਕਾਲ ਤਖ਼ਤ ਸਾਹਿਬ ਪੂਰੀ ਤਰ੍ਹਾਂ ਢਾਹ ਦਿੱਤਾ ਗਿਆ ਸੀ ਉਸ ਤੋਂ ਇਲਾਵਾ ਦਰਬਾਰ ਸਾਹਿਬ ਸਮੇਤ ਸਮੁੱਚੀ ਪਰਿਕਰਮਾਂ ਵਿੱਚ ਹਜ਼ਾਰਾਂ ਗੋਲੀਆਂ ਦੇ ਨਿਸ਼ਾਨ ਸਨ। ਪਰ ਪਰਿਕਰਮਾਂ ਦੇ ਇਹਨਾਂ ਨਿਸ਼ਾਨਾਂ ਨੂੰ ਸ਼੍ਰੋਮਣੀ ਕਮੇਟੀ ਨੇ ਨਾ ਸੰਭਾਲਿਆ ਤੇ ਰੰਗ ਰੋਗਨ ਨਾਲ ਭਰ ਦਿੱਤਾ ਸੀ। ਸਿੱਖ ਕੌਮ ਦੀ ਸ਼ਾਨਾਮੱਤੀ ਜੰਗ ਦੇ ਇਹਨਾਂ ਨਿਸ਼ਾਨਾਂ ਨੂੰ ਮਿਟਾਉਣ ਲਈ ਸ਼੍ਰੋਮਣੀ ਕਮੇਟੀ ਹਮੇਸ਼ਾ ਪੰਥ ਦੀ ਕਚਹਿਰੀ ਵਿੱਚ ਦੋਸ਼ੀ ਬਣੀ ਰਹੇਗੀ। ਪਰ ਬੀਤੇ ਸਮੇਂ ਜਦੋਂ ਤੇਜਾ ਸਿੰਘ ਸਮੁੰਦਰੀ ਹਾਲ ਦੀ ਮੁਰੰਮਤ ਦੀ ਕਾਰ ਸੇਵਾ ਕੀਤੀ ਗਈ ਸੀ ਤਾਂ ਪੰਥਕ ਰੋਹ ਨੂੰ ਦੇਖਦਿਆਂ ਗੋਲੀਆਂ ਦੇ ਨਿਸ਼ਾਨ ਸਟੀਲ ਦੇ ਫਰੇਮ ਲਾ ਕੇ ਸੰਭਾਲੇ ਗਏ ਸਨ। ਇਸੇ ਤਰ੍ਹਾਂ ਮੁੱਖ ਦਰਸ਼ਨੀ ਡਿਉਢੀ ਵਿੱਚ ਵੀ ਗੋਲੀਆਂ ਦੇ ਨਿਸ਼ਾਨ ਕਈ ਥਾਵਾਂ 'ਤੇ ਸੰਭਾਲੇ ਗਏ ਹਨ। 

ਸ਼੍ਰੋਮਣੀ ਕਮੇਟੀ ਵੱਲੋਂ ਇਸ ਡਿਓੜੀ ਨੂੰ ਸੰਭਾਲਣ ਦੇ ਕਾਰਜ ਦੀ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਨੂੰ ਦਿੱਤੀ ਗਈ ਹੈ। ਡਿਓੜੀ ਦੀ ਸਾਂਭ-ਸੰਭਾਲ ਦੀ ਸੇਵਾ ਆਰੰਭ ਕਰਨ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ।

ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੇ ਕਿਹਾ, "ਇਸ ਡਿਓੜੀ ‘ਤੇ ਲੱਗੇ ਗੋਲੀਆਂ ਦੇ ਨਿਸ਼ਾਨ ਅੱਜ ਵੀ ਉਸ ਕਰੂਰ ਕਾਰੇ ਦੀ ਯਾਦ ਦਿਵਾਉਂਦੇ ਹਨ। ਜੂਨ 1984 ਦੇ ਘੱਲੂਘਾਰੇ ਦੀ ਯਾਦ ਦਿਵਾਉਂਦੀ ਡਿਓੜੀ ਦੀ ਸੁਰੱਖਿਆ ਲਈ ਸਟੀਲ ਦੇ ਫਰੇਮ ਲਗਾ ਕੇ ਉਸ ਵਿਚ ਸ਼ੀਸ਼ਾ ਲਗਾਇਆ ਜਾਵੇਗਾ। ਇਸ ਨਾਲ ਡਿਓੜੀ ਦੀਆਂ ਕੰਧਾਂ ਅੰਦਰ ਪਾਣੀ ਜਜ਼ਬ ਹੋਣ ਤੋਂ ਬਚਾਅ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਸੰਗਤਾਂ ਨੂੰ ਉਸ ਸਮੇਂ ਦੇ ਮਾਰੂ ਹਮਲੇ ਸਬੰਧੀ ਇਤਿਹਾਸ ਨੂੰ ਵੀ ਇਥੇ ਰੂਪਮਾਨ ਕੀਤਾ ਜਾਵੇਗਾ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਸ ਤੋਂ ਜਾਣੂ ਹੋ ਸਕਣ।"

ਇਸ ਦੌਰਾਨ ਡਾ. ਰੂਪ ਸਿੰਘ ਨੇ ਕਿਹਾ ਕਿ ਜੂਨ ੧੯੮੪ ਦੇ ਦੁਖਾਂਤ ਨੂੰ ਸਿੱਖ ਕੌਮ ਕਦੇ ਨਹੀਂ ਭੁੱਲ ਸਕਦੀ। ਉਨ੍ਹਾਂ ਕਿਹਾ ਕਿ ਡਿਓੜੀ ‘ਤੇ ਲੱਗੀਆਂ ਗੋਲੀਆਂ ਦੇ ਨਿਸ਼ਾਨ ਇੱਟਾਂ ‘ਤੇ ਨਹੀਂ ਹਨ, ਸਗੋਂ ਸਿੱਖਾਂ ਦੇ ਹਿਰਦਿਆਂ ‘ਤੇ ਉੱਕਰੇ ਹੋਏ ਹਨ। ਉਨ੍ਹਾਂ ਦੱਸਿਆ ਕਿ ਡਿਓੜੀ ‘ਤੇ ਲਗਾਇਆ ਜਾਣ ਵਾਲਾ ਫਰੇਮ ਅਤੇ ਸ਼ੀਸ਼ਾ ਤਕਨੀਕੀ ਕੰਮ ਹੈ, ਜਿਸ ਨੂੰ ਲਗਾਉਣ ਲਈ ਤਕਨੀਕੀ ਮਾਹਿਰਾਂ ਦੀਆਂ ਸੇਵਾਵਾਂ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਕਾਰਜ ਤਿੰਨ ਮਹੀਨੇ ਵਿਚ ਮੁਕੰਮਲ ਹੋਵੇਗਾ।
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।