1 ਨਵੰਬਰ ਨੂੰ ਪੰਜਾਬ ਦਿਹਾੜੇ ਮੌਕੇ ਦਲ ਖ਼ਾਲਸਾ ਵੱਲੋਂ ਅੰਮ੍ਰਿਤਸਰ ਵਿਚ ਮਾਰਚ ਅਤੇ ਰੈਲੀ

1 ਨਵੰਬਰ ਨੂੰ ਪੰਜਾਬ ਦਿਹਾੜੇ ਮੌਕੇ ਦਲ ਖ਼ਾਲਸਾ ਵੱਲੋਂ ਅੰਮ੍ਰਿਤਸਰ ਵਿਚ ਮਾਰਚ ਅਤੇ ਰੈਲੀ

ਅੰਮ੍ਰਿਤਸਰ- ਪੰਜਾਬ ਦੀ ਖੁੱਸੀ ਪ੍ਰਭੂਸੱਤਾ ਨੂੰ ਮੁੜ ਹਾਸਿਲ ਕਰਨ ਹਿੱਤ ਚੱਲ ਰਹੇ ਸਿੱਖ ਸੰਘਰਸ਼ ਨੂੰ ਜਾਰੀ ਰੱਖਣ ਦੀ ਸੋਚ ਨਾਲ ਦਲ ਖ਼ਾਲਸਾ ਵਲੋਂ ਪੰਜਾਬ ਦਿਵਸ ਮੌਕੇ 1 ਨਵੰਬਰ ਨੂੰ ਰੈਲ਼ੀ ਕੀਤੀ ਜਾਵੇਗੀ ਉਪਰੰਤ ਨਵੰਬਰ 1984 ਦਿੱਲੀ ਵਿੱਚ ਨਸਲਕੁਸ਼ੀ ਦੇ ਸ਼ਿਕਾਰ ਸਿੱਖਾਂ ਦੀ ਯਾਦ ਵਿੱਚ ਭੰਡਾਰੀ ਪੁੱਲ ਤੋਂ ਅਕਾਲ ਤਖਤ ਸਾਹਿਬ ਤੱਕ ਮਸ਼ਾਲਾਂ ਨਾਲ ਮਾਰਚ ਕੱਢਿਆ ਜਾਵੇਗਾ। ਇਹ ਫੈਸਲਾ ਪਾਰਟੀ ਪ੍ਰਧਾਨ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਲਿਆ ਗਿਆ।

ਦਲ ਖ਼ਾਲਸਾ ਦਫਤਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਅਤੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਨੇ ਦਸਿਆ ਕਿ ਦਿੱਲੀ ਤਖਤ ਵਲੋਂ ਸਟੇਟ-ਨੀਤੀ ਤਹਿਤ ਪੰਜਾਬ ਦੇ ਲੁੱਟੇ ਜਾ ਰਹੇ ਪਾਣੀਆਂ, ਦਰਕਿਨਾਰ ਕੀਤੀ ਬੋਲੀ, ਨਸਲਕੁਸ਼ੀ ਦੀ ਸ਼ਿਕਾਰ ਨੌਜਵਾਨੀ ਅਤੇ ਉਜਾੜੀ ਜਾ ਰਹੀ ਕਿਸਾਨੀ ਨੂੰ ਬਚਾਉਣ ਲਈ ਸੰਘਰਸ਼ ਜਰੂਰੀ ਅਤੇ ਸਮੇ ਦੀ ਲੋੜ ਹੈ।

ਉਹਨਾਂ ਦਸਿਆ ਕਿ ਰੈਲੀ ਨੂੰ ਅਕਾਲੀ ਦਲ (ਅੰਮ੍ਰਿਤਸਰ) ਸਮੇਤ ਹਮ-ਖਿਆਲੀ ਜਥੇਬੰਦੀਆਂ ਦੇ ਆਗੂ ਅਤੇ ਨਾਮਵਰ ਸ਼ਖਸੀਅਤਾਂ ਸੰਬੋਧਨ ਕਰਨਗੀਆਂ।

ਉਹਨਾਂ ਕਿਹਾ ਕਿ ਸਮਾਗਮ ਮੌਕੇ ਭਾਰਤ-ਨੇਪਾਲ ਦੀ ਤਰਜ਼ (ਵੀਜ਼ਾ ਫ੍ਰੀ) ਉਤੇ ਪੰਜਾਬ ਨਾਲ ਲੱਗਦੇ ਅੰਤਰਰਾਸ਼ਟਰੀ ਸਰਹੱਦ ਨੂੰ ਖੁੱਲ੍ਹੇ ਵਪਾਰ ਲਈ ਖੋਲਣ ਸਬੰਧੀ ਮੰਗ ਉਠਾਈ ਜਾਵੇਗੀ।

ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ਵਲੋਂ ਖੇਤੀ ਸੁਧਾਰ ਦੇ ਨਾਮ ਹੇਠ ਪਾਸ ਕੀਤੇ ਕਾਨੂੰਨ ਨੂੰ ਖੇਤੀ ਉਜਾੜ ਕਾਨੂੰਨ ਗਰਦਾਨਦਿਆਂ ਦਲ ਖਾਲਸਾ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਇਸ ਨੂੰ ਸਾਂਝੀ ਸੋਚ ਤਹਿਤ ਰੱਦ ਕਰ ਦਿੱਤਾ ਹੈ।

ਕਿਸਾਨ ਅੰਦੋਲਨ ਦਾ ਪੂਰਨ ਸਮਰਥਨ ਕਰਦਿਆਂ ਉਹਨਾਂ ਕਿਹਾ ਕਿ ਕਿਸਾਨ ਸੰਗਠਨਾਂ ਵਲੋਂ ਦਿੱਤੇ ਪ੍ਰੋਗਰਾਮ ਤਹਿਤ ਉਹ ਵੱਖ-ਵੱਖ ਥਾਵਾਂ ਉਤੇ ਚੱਲ ਰਹੇ ਧਰਨਿਆਂ ਤੇ ਮੁਜ਼ਹਾਰਿਆਂ ਵਿੱਚ ਹਿੱਸਾ ਲੈ ਰਹੇ ਹਨ।ਉਹਨਾਂ ਪੰਜਾਬ ਵਿਧਾਨ ਸਭਾ ਅੰਦਰ ਪਾਸ ਕੀਤੇ ਤਿੰਨ ਬਿੱਲਾਂ ਦੇ ਭਵਿੱਖ ਬਾਰੇ ਕਿਹਾ ਕਿ ਸਾਫ ਹੈ ਕਿ ਪਾਣੀਆਂ ਦੇ ਐਕਟ ਵਾਂਗ ਇਹ ਵੀ ਕਾਨੂੰਨੀ ਝਮੇਲਿਆਂ ਵਿੱਚ ਉਲਝ ਕੇ ਰਹਿ ਜਾਣਗੇ।ਉਹਨਾਂ ਕਿਹਾ ਕਿ ਅੰਤਿਮ ਜਿੱਤ ਲਈ ਪੰਜਾਬ ਦੇ ਲੋਕਾਂ ਨੂੰ ਲੜਾਈ ਸੜਕਾਂ ‘ਤੇ ਹੀ ਲੜਨੀ ਪਵੇਗੀ।

ਉਹਨਾਂ ਕਿਹਾ ਕਿ ਪੰਜਾਬ ਦਾ ਹਰ ਵਰਗ ਕਿਸਾਨਾਂ ਦੇ ਮਕਸਦ ਦੇ ਨਾਲ ਖੜਾ ਹੈ। ਉਹਨਾਂ ਤੰਜ਼ ਕਸਦਿਆਂ ਕਿਹਾ ਕਿ ਰਾਜਨੀਤਿਕ ਪਾਰਟੀਆਂ ਇੱਕ-ਦੂਜੇ ਨੂੰ ਨੀਵਾਂ ਦਿਖਾਉਣ ਅਤੇ ਆਪਣੇ-ਆਪ ਨੂੰ ਦੂਜੇ ਨਾਲੋਂ ਵੱਧ ਕਿਸਾਨ-ਹਿਤੈਸ਼ੀ ਦਰਸਾਉਣ ਦੀ ਹੋੜ ਵਿੱਚ ਲਗੀਆਂ ਹਨ, ਜੋ ਮੰਦਭਾਗੀ ਗੱਲ ਹੈ।

ਪਾਰਟੀ ਆਗੂ ਰਣਬੀਰ ਸਿੰਘ ਅਤੇ ਦਿਲਬਾਗ ਸਿੰਘ ਗੁਰਦਾਸਪੁਰ ਨੇ ਭਾਰਤੀ ਜਸਟਿਸ ਸਿਸਟਮ ਉਤੇ ਕਟਾਸ ਕਰਦਿਆਂ ਕਿਹਾ ਕਿ 36 ਵਰ੍ਹੇ ਬੀਤ ਗਏ ਹਨ ਪਰ ਇਨਸਾਫ ਤਾਂ ਕੀ ਮਿਲਣਾ ਸੀ ਜਿਹੜੇ ਰਹਿੰਦੇ ਬਚੇ-ਖੁਚੇ ਹੱਕ ਹਨ ਉਹ ਵੀ ਖੋਹੇ ਜਾ ਰਹੇ ਹਨ ਅਤੇ ਅਦਾਲਤਾਂ ਨੇ ਸਰਕਾਰਾਂ ਦੀ ਹੱਠ ਅੱਗੇ ਆਤਮ-ਸਮਰਪਣ ਕਰ ਦਿੱਤਾ ਹੈ।

ਇਸ ਮੌਕੇ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਨਵੰਬਰ 1984 ਦਿੱਲੀ ਕਤਲੇਆਮ ਦੀ ਗੱਲ ਕਰਦਿਆਂ ਕਿਹਾ ਕਿ 36 ਵਰ੍ਹੇ ਬੀਤ ਗਏ ਹਨ ਅਤੇ ਦੋਸ਼ੀ ਅੱਜ ਵੀ ਕਾਨੂੰਨ ਦੀ ਗ੍ਰਿਫਤ ਤੋਂ ਬਾਹਰ ਹਨ। ਉਹਨਾਂ ਪਿਛਲੇ ਦਿਨੀ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਕਰਤਾਰਪੁਰ ਲਾਂਘਾ ਖੋਲਣ ਅਤੇ ਨਵੰਬਰ 1984 ਕਤਲੇਆਮ ਦਾ ਇਨਸਾਫ ਕਰਨ ਦੇ ਦਾਅਵੇ ਨੂੰ ਠਿੱਠ ਕਰਦਿਆ ਪੁਛਿਆ ਕਿ ਕਿਸ ਇਨਸਾਫ ਦੀ ਗੱਲ ਕਰਦੇ ਹਨ ਭਾਜਪਾ ਨੇਤਾ ਜਦਕਿ ਸੱਜਣ ਕੁਮਾਰ ਨੂੰ ਛੱਡ ਬਾਕੀ ਸਾਰੇ ਵੱਡੇ ਕਾਂਗਰਸੀ ਨੇਤਾ ਸਿੱਖਾਂ ਦਾ ਅਤੇ ਜਸਟਿਸ ਸਿਸਟਮ ਦਾ ਮੁੰਹ ਚਿੜ੍ਹਾ ਰਹੇ ਹਨ।