ਦਿੱਲੀ ਵਿਖੇ ਸੀਯੂਈਟੀ ਪ੍ਰੀਖਿਆ ਦੌਰਾਨ ਸਿੱਖ ਬੱਚਿਆਂ ਦੇ ਕੜੇ ਉਤਰਵਾਏ ਗਏ

ਦਿੱਲੀ ਵਿਖੇ ਸੀਯੂਈਟੀ ਪ੍ਰੀਖਿਆ ਦੌਰਾਨ ਸਿੱਖ ਬੱਚਿਆਂ ਦੇ ਕੜੇ ਉਤਰਵਾਏ ਗਏ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 17 ਅਗਸਤ (ਮਨਪ੍ਰੀਤ ਸਿੰਘ ਖਾਲਸਾ):-ਸਿੱਖ ਕੌਮ ਨਾਲ ਬਾਰ ਬਾਰ ਧੱਕੇਸ਼ਾਹੀ ਕਰਦਿਆਂ ਉਸਨੂੰ ਦੂਜੇ ਦਰਜ਼ੇ ਦੇ ਸਹਿਰੀ ਹੋਣ ਦਾ ਅਹਿਸਾਸ ਦੇਸ਼ ਦੀ ਆਜ਼ਾਦੀ ਦੇ 75 ਸਾਲ ਹੋਣ ਮਗਰੋਂ ਹਾਲੇ ਵੀਂ ਕਰਵਾਇਆ ਜਾ ਰਿਹਾ ਹੈ । ਦਿੱਲੀ ਸਰਕਾਰ ਦੀ ਦਵਾਰਕਾ ਸਥਿਤ 'ਨੇਤਾ ਜੀ ਸੁਭਾਸ਼ ਯੂਨੀਵਰਸਿਟੀ ਆਫ ਟੈਕਨਾਲੋਜੀ' ਵਿਖੇ ਅੱਜ ਸੀਯੂਈਟੀ (CUET) ਪ੍ਰੀਖਿਆ ਦੌਰਾਨ ਸਿੱਖ ਬੱਚਿਆਂ ਦੇ ਕੜੇ ਉਤਰਵਾਉਣ ਦੀ ਖ਼ਬਰ ਮਿਲ਼ੀ ਹੈ। ਪੇਪਰ ਦੇਣ ਗਏ ਇੱਕ ਗੁਰਸਿੱਖ ਬੱਚੇ ਦੇ ਪਿਤਾ ਨੇ ਬੜੇ ਦੁਖੀ ਹਿਰਦੇ ਨਾਲ ਆਪਣੀ ਬੇਟੀ ਦਾ ਕੜਾ ਉਤਾਰ ਕੇ ਉਸ ਨੂੰ ਪ੍ਰੀਖਿਆ ਕੇਂਦਰ ਵਿੱਚ ਅੰਦਰ ਭੇਜਣ ਤੋਂ ਬਾਅਦ ਕੁਝ ਫੋਟੋਆਂ ਸਾਂਝੀਆਂ ਕੀਤੀਆਂ ਹਨ ।

ਉਨ੍ਹਾਂ ਦਸਿਆ ਕਿ ਜਿਹੜੇ ਸਿੱਖ ਬੱਚੇ ਆਪਣੇ ਮਾਂ-ਪਿਓ ਦੇ ਨਾਲ ਪ੍ਰੀਖਿਆਂ ਦੇਣ ਆਏ ਸਨ, ਉਨ੍ਹਾਂ ਦੇ ਕੜੇ ਤਾਂ ਮਾਤਾ-ਪਿਤਾ ਨੇ ਸੰਭਾਲ ਲਏ। ਪਰ ਜਿਹੜੇ ਬੱਚੇ ਇਕੱਲੇ ਆਏ ਸਨ, ਉਹ ਬਾਹਰ ਆਪਣੇ ਕੜੇ ਰੱਖ ਕੇ ਪ੍ਰੀਖਿਆ ਕੇਂਦਰ ਵਿੱਚ ਦਾਖਲ ਹੋ ਗਏ । ਇਕ ਪਾਸੇ ਦਿੱਲੀ ਕਮੇਟੀ ਨੇ ਬੀਤੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਹਾਈ ਕੋਰਟ ਨੇ ਆਦੇਸ਼ ਦਿੱਤਾ ਹੈ ਕਿ ਸਿੱਖ ਕੌਮ ਦੇ ਕਕਾਰ ਉਨ੍ਹਾਂ ਦੇ ਮੌਲਿਕ ਹਕ਼ ਹਨ ਤੇ ਉਨ੍ਹਾਂ ਨੂੰ ਦੇਸ਼ ਅੰਦਰ ਨਹੀਂ ਉਤਰਵਾਇਆ ਜਾ ਸਕਦਾ ਹੈ, ਹੁਣ ਇਹ ਘਟਨਾ ਵਾਪਰ ਗਈ ਹੈ ਤੇ ਇਸਤੇ ਕਮੇਟੀ ਪ੍ਰਬੰਧਕਾ ਨੂੰ ਜੁਆਬ ਦੇਣਾ ਚਾਹੀਦਾ ਹੈ ਤੇ ਨਾਲ ਹੀ ਸੀਯੂਈਟੀ ਨੂੰ ਇਸ ਮਾਮਲੇ ਅੰਦਰ ਅਦਾਲਤੀ ਆਦੇਸ਼ ਦੀ ਉਲੰਘਣਾ ਕਰਣ ਦੇ ਦੋਸ਼ ਅੰਦਰ ਕਾਨੂੰਨੀ ਕਾਰਵਾਈ ਕਰਣੀ ਚਾਹੀਦੀ ਹੈ