ਮੈਕਸੀਕੋ ਬਾਰਡਰ ਰਾਹੀ ਅਮਰੀਕੀ ਪਰਵਾਸ ਦਾ ਰੁਝਾਨ

ਮੈਕਸੀਕੋ ਬਾਰਡਰ ਰਾਹੀ ਅਮਰੀਕੀ ਪਰਵਾਸ ਦਾ  ਰੁਝਾਨ

ਗੈਰ ਕਾਨੂੰਨੀ ਢੰਗ ਨਾਲ 6 ਮਹੀਨੇ ਵਿਚ ਅਮਰੀਕਾ ਪਹੁੰਚੇ ਸਮਲਿੰਗੀ ਪੰਜਾਬੀ ਗਭਰੂ  ਦੀ ਦਾਸਤਾਨ

* ਮੈਕਸੀਕੋ ਰਾਹੀਂ ਹਰ ਮਹੀਨੇ ਦਰਜਨਾਂ ਜਾਂ ਸੈਂਕੜੇ ਭਾਰਤੀ ਅਮਰੀਕਾ ਪਹੁੰਚਦੇ ਨੇ

*ਮੈਕਸੀਕੋ ਰਾਹੀਂ ਅਮਰੀਕਾ ਜਾਣ ਵਾਲਿਆਂ ਵਿੱਚ ਲਾਤੀਨੀ ਅਮਰੀਕਾ ਤੋਂ ਬਾਅਦ ਭਾਰਤ ਪੰਜਵੇਂ ਨੰਬਰ ਤੇ   

ਕਵਰ ਸਟੋਰੀ

ਸ਼ਹਿਰ ਜਲੰਧਰ ਪੰਜਾਬ ਵਿਚ ਇੱਕ ਸਮਲਿੰਗੀ ਵਜੋਂ ਰਹਿ ਰਹੇ 34 ਸਾਲਾ ਜਸ਼ਨਪ੍ਰੀਤ ਸਿੰਘ ਦੀ ਜ਼ਿੰਦਗੀ ਲੰਬੇ ਸਮੇਂ ਤੱਕ ਮੁਸ਼ਕਲਾਂ ਭਰੀ ਰਹੀ। ਆਂਢੀਆਂ-ਗੁਆਂਢੀਆਂ ਵੱਲੋਂ ਤੰਗ ਪਰੇਸ਼ਾਨ ਕੀਤਾ ਜਾਣਾ ਤੇ ਕੁੱਟ-ਮਾਰ ਅਤੇ ਪਰਿਵਾਰ ਦਾ ਮੂੰਹ ਮੋੜ ਲੈਣਾ, ਪਰ ਪਿਛਲੇ ਸਾਲ, ਜੋ ਵਾਪਰਿਆ ਉਹ ਵੱਖਰਾ ਹੀ ਸੀ।ਹਮਲੇ ਵਿੱਚ ਉਨ੍ਹਾਂ ਦੀ ਬਾਂਹ ਟੁੱਟ ਗਈ।ਜਸ਼ਨਪ੍ਰੀਤ ਨੇ   ਦੱਸਿਆ ਸੀ , "15-20 ਲੋਕਾਂ ਨੇ ਮੈਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਮੈਂ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ । ਇਸ ਹਮਲੇ ਤੋਂ ਬਚਣ ਤੋਂ ਬਾਅਦ ਉਹ ਤੁਰਕੀ ਅਤੇ ਫਰਾਂਸ ਵਿੱਚੋਂ ਲੰਘ ਕੇ ਅਮਰੀਕਾ-ਮੈਕਸੀਕੋ ਬਾਰਡਰ ਜ਼ਰੀਏ, ਅਮਰੀਕਾ ਵਿੱਚ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਲਈ ਕੈਲੀਫੋਰਨੀਆ ਪਹੁੰਚਿਆ।ਉਹ ਅਜਿਹਾ ਕਰਨ ਵਾਲਾ ਇਕੱਲਾ ਨਹੀਂ ਹੈ। ਅਮਰੀਕਾ ਵਿੱਚ ਭਾਰਤੀ ਪਰਵਾਸੀਆਂ ਦੇ ਆਉਣ ਦੀ ਰਫ਼ਤਾਰ ਭਾਵੇਂ ਹੌਲੀ ਹੈ ਪਰ ਨਿਰੰਤਰ ਹੈ, ਜਿਸ ਕਰਕੇ ਹਰ ਮਹੀਨੇ ਦਰਜਨਾਂ ਜਾਂ ਸੈਂਕੜੇ ਭਾਰਤੀ ਇੱਥੇ ਪਹੁੰਚਦੇ ਹਨ। ਹਾਲਾਂਕਿ, ਇਸ ਸਾਲ ਅੰਕੜਾ ਕਾਫ਼ੀ ਵੱਧ ਗਿਆ ਹੈ।

ਇਮੀਗ੍ਰੇਸ਼ਨ ਕੇਸਾਂ ਦੇ ਮਾਹਿਰ ਵਕੀਲ ਦੀਪਕ ਆਹਲੂਵਾਲੀਆ ਕਹਿੰਦੇ ਹਨ, "ਕਈ ਪ੍ਰਵਾਸੀ, ਵਿੱਤੀ ਕਾਰਨਾਂ ਕਰਕੇ ਅਮਰੀਕਾ ਆ ਰਹੇ ਹਨ, ਕਈ ਭਾਰਤ ਵਿੱਚ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਸੀ।"

ਪੰਜਾਬ ਤੋਂ ਆਏ 20 ਸਾਲਾ ਮਨਪ੍ਰੀਤ ਭਾਰਤ ਦੀ ਸੱਤਾਧਿਰ ਭਾਜਪਾ ਖ਼ਿਲਾਫ਼ ਖੁੱਲ੍ਹ ਕੇ ਬੋਲਦੇ ਰਹੇ ਹਨ। ਆਪਣੇ ਸਿਆਸੀ ਵਿਚਾਰਾਂ ਕਾਰਨ ਉਨ੍ਹਾਂ ਨਾਲ ਹੋਈ ਧੱਕੇਸ਼ਾਹੀ ਮਗਰੋਂ ਉਨ੍ਹਾਂ ਨੇ ਦੇਸ਼ ਛੱਡ ਦਿੱਤਾ ਸੀ।

ਵਿੱਤੀ ਸਾਲ 2022 ਦੀ ਸ਼ੁਰੂਆਤ ਤੋਂ ਰਿਕਾਰਡ 16,290 ਭਾਰਤੀ ਨਾਗਰਿਕ ਮੈਕਸੀਕੋ ਦੇ ਬਾਰਡਰ ਤੋਂ ਅਮਰੀਕਾ ਨੇ ਹਿਰਾਸਤ ਵਿੱਚ ਲਏ ਹਨ। ਇਸ ਤੋਂ ਪਹਿਲਾਂ ਸਾਲ 2018 ਵਿੱਚ ਉਦੋਂ ਤੱਕ ਦੀ ਸਭ ਤੋਂ ਵੱਡੀ ਗਿਣਤੀ 8,997 ਸੀ।

ਟੈਕਸਸ ਅਤੇ ਕੈਲੇਫੋਰਨੀਆਂ ਵਿੱਚ ਭਾਰਤੀਆਂ ਲਈ ਕੇਸ ਲੜ ਚੁੱਕੇ ਇਮੀਗ੍ਰੇਸ਼ਨ ਕੇਸਾਂ ਦੇ ਮਾਹਿਰ ਵਕੀਲ ਦੀਪਕ ਆਹਲੂਵਾਲੀਆ ਕਹਿੰਦੇ ਹਨ, "ਕਈ ਪ੍ਰਵਾਸੀ, ਵਿੱਤੀ ਕਾਰਨਾਂ ਕਰਕੇ ਅਮਰੀਕਾ ਆ ਰਹੇ ਹਨ, ਕਈ ਭਾਰਤ ਵਿੱਚ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਸੀ।ਮੁਸਲਮਾਨ, ਈਸਾਈ ਅਤੇ 'ਨੀਵੀਂ-ਜਾਤ' ਵਾਲੇ ਹਿੰਦੂਆਂ ਤੋਂ ਲੈ ਕੇ ਭਾਰਤ ਦੀ ਐਲਜੀਬੀਟੀ ਕਮਿਊਨਿਟੀ, ਜਿਨ੍ਹਾਂ ਨੂੰ ਕੱਟੜ ਹਿੰਦੂ ਰਾਸ਼ਟਰਵਾਦੀਆਂ ਕੋਲੋਂ ਹਿੰਸਾ ਦਾ ਡਰ ਹੈ।ਪੰਜਾਬ ਦੇ ਕਿਸਾਨ ਜੋ ਕਿ ਸਾਲ 2020 ਤੋਂ ਪ੍ਰਦਰਸ਼ਨਾਂ ਕਾਰਨ ਉਥਲ-ਪੁਥਲ ਦੀ ਜ਼ਿੰਦਗੀ ਵਿੱਚ ਹਨ। ਪਿਛਲੇ ਕੁਝ ਸਾਲਾਂ ਵਿੱਚ ਇਨ੍ਹਾਂ ਸਾਰੇ ਵਰਗਾਂ ਦੇ ਹਾਲਾਤ ਖ਼ਰਾਬ ਹੋਏ ਹਨ।

ਜਸ਼ਨਪ੍ਰੀਤ ਸਿੰਘ  "ਸਮਲਿੰਗੀ ਲੋਕਾਂ ਲਈ ਭਾਰਤ ਸੌੜੀ ਸੋਚ ਵਾਲਾ ਸੱਭਿਆਚਾਰ ਹੈ। ਉੱਥੇ ਸਮਲਿੰਗੀ ਹੋਣਾ ਇੱਕ ਬਹੁਤ ਵੱਡਾ ਮਸਲਾ ਹੈ।ਭਾਰਤ ਨੇ ਸਾਲ 2018 ਵਿੱਚ ਹੀ ਸਮਲਿੰਗੀ ਸੈਕਸ ਨੂੰ ਕਾਨੂੰਨੀ ਮਾਨਤਾ ਦਿੱਤੀ ਸੀ ਅਤੇ ਸਮਲਿੰਗੀ ਵਿਆਹ ਹਾਲੇ ਵੀ ਗੈਰ-ਕਾਨੂੰਨੀ ਹਨ।

ਜਸ਼ਨਪ੍ਰੀਤ ਸਿੰਘ ਦੇ ਭਰਾ ਨੇ ਉਨ੍ਹਾਂ ਦਾ ਸੰਪਰਕ ਭਾਰਤ ਵਿੱਚ ਇੱਕ 'ਟਰੈਵਲ ਏਜੰਸੀ' ਨਾਲ ਕਰਵਾਇਆ ਸੀ ਜੋ ਕਿ ਇੱਕ ਮਹਿੰਗੇ ਤਸਕਰੀ ਗਿਰੋਹ  ਦਾ ਹਿੱਸਾ ਸੀ। ਇਹ ਗਿਰੋਹ ਉਸ ਨੂੰ ਪਹਿਲਾਂ ਤੁਰਕੀ ਲੈ ਕੇ ਗਿਆ, ਜਿੱਥੇ ਜ਼ਿੰਦਗੀ ਬਹੁਤ ਔਖੀ ਸੀ।ਫਿਰ ਜਸ਼ਨਪ੍ਰੀਤ ਨੂੰ ਫਰਾਂਸ ਭੇਜਿਆ ਗਿਆ, ਜਿੱਥੇ ਉਹ ਕੁਝ ਸਮਾਂ ਰਹੇ ਪਰ ਕੰਮ ਨਾ ਲੱਭ ਸਕਿਆ। ਇਸ ਪੂਰੇ ਸਫ਼ਰ ਵਿੱਚ ਜਸ਼ਨਪ੍ਰੀਤ ਨੇ ਛੇ ਮਹੀਨੇ ਲਗਾਏ।ਆਖ਼ਿਰਕਾਰ ਉਸ ਦੇ ਟਰੈਵਲ ਏਜੰਟ ਨੇ ਭਾਰਤੀਆਂ ਦੇ ਇੱਕ ਝੁੰਡ ਨਾਲ ਉਸ ਨੂੰ ਅਮਰੀਕਾ ਭੇਜਣ ਦੀ ਗੱਲ ਕੀਤੀ।ਜਸ਼ਨਪ੍ਰੀਤ ਨੇ ਦੱਸਿਆ, "ਟਰੈਵਲ ਏਜੰਟ ਨੇ ਸਾਡੇ ਤੋਂ ਵੱਡੀ ਰਕਮ ਵਸੂਲੀ। ਪਰ ਫਰਾਂਸ ਤੋਂ ਮੈਨੂੰ ਕੰਕੁਨ ਅਤੇ ਉੱਥੋਂ ਮੈਕਸੀਕੋ ਸ਼ਹਿਰ ਅਤੇ ਉੱਤਰੀ ਅਮਰੀਕਾ ਭੇਜਿਆ।

ਵਕੀਲ ਦੀਪਕ ਆਹਲੂਵਾਲੀਆ ਨੇ ਕਿਹਾ ਕਿ ਜਸ਼ਨ ਪ੍ਰੀਤ ਜਿਹੇ ਪਰਵਾਸੀ ਅਕਸਰ ਅਮਰੀਕਾ ਨੂੰ ਬਿਹਤਰ ਜ਼ਿੰਦਗੀ ਦੇ ਦਰਵਾਜ਼ੇ ਦੀ ਤਰ੍ਹਾਂ ਦੇਖਦੇ ਹਨ। ਹਾਲਾਂਕਿ ਲੰਬੀ ਦੂਰੀ ਅਮਰੀਕਾ ਤੱਕ ਦੀ ਯਾਤਰਾ  ਚੁਣੌਤੀਪੂਰਨ  ਹੈ।

ਰਵਾਇਤੀ ਤੌਰ 'ਤੇ ਮੈਕਸੀਕੋ-ਅਮਰੀਕਾ ਬਾਰਡਰ 'ਤੇ ਪਹੁੰਚਣ ਵਾਲੇ ਭਾਰਤੀ ਪ੍ਰਵਾਸੀ 'ਡੋਰ-ਟੂ-ਡੋਰ' ਤਸਕਰੀ ਸੇਵਾਵਾਂ ਲੈਂਦੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੂੰ ਭਾਰਤ ਤੋਂ ਦੱਖਣੀ ਅਮਰੀਕਾ ਤੱਕ ਪਹੁੰਚਣ ਦਾ ਸਾਰਾ ਪ੍ਰਬੰਧ ਹੁੰਦਾ ਹੈ।ਪੂਰੇ ਰਸਤੇ ਉਨ੍ਹਾਂ ਨੂੰ ਨਿਰਦੇਸ਼ ਦਿੱਤੇ ਜਾਂਦੇ ਹਨ ਅਤੇ ਇਕੱਲੇ ਜਾਂ ਸਿਰਫ਼ ਪਰਿਵਾਰ ਨੂੰ ਭੇਜਣ ਦੀ ਥਾਂ ਇੱਕੋ ਬੋਲੀ ਬੋਲਣ ਵਾਲੇ ਕੁਝ ਹੋਰ ਲੋਕਾਂ ਦੇ ਨਾਲ ਛੋਟੇ ਝੁੰਡ ਬਣਾ ਕੇ ਭੇਜਿਆ ਜਾਂਦਾ ਹੈ।

ਇਹ ਨੈਟਵਰਕ ਅਕਸਰ ਭਾਰਤ ਵਿਚਲੇ ਟਰੈਵਲ-ਏਜੰਟਾਂ ਨਾਲ ਹੀ ਸ਼ੁਰੂ ਹੁੰਦਾ ਹੈ, ਜੋ ਕਿ ਸਫ਼ਰ ਦੇ ਕਈ ਹਿੱਸਿਆਂ ਦੀ ਜ਼ਿੰਮੇਵਾਰੀ ਲਾਤੀਨੀ-ਅਮਰੀਕਾ ਦੇ ਕ੍ਰਿਮੀਨਲ ਗਰੁੱਪਾਂ ਨੂੰ ਦਿੰਦੇ ਹਨ।

ਵਾਸ਼ਿੰਗਟਨ-ਡੀਸੀ ਸਥਿਤ ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਉਟ ਵਿੱਚ ਵਿਸ਼ਲੇਸ਼ਕ ਜੈਸਿਕਾ ਬੋਲਟਰ ਨੇ ਕਿਹਾ ਕਿ ਇੱਥੇ ਪਹੁੰਚਣ ਵਾਲੇ ਜਦੋਂ ਭਾਰਤ ਵਿੱਚ ਆਪਣੇ ਦੋਸਤਾਂ ਜਾਂ ਪਰਿਵਾਰਕ ਮੈਂਬਰਾਂ ਨੂੰ ਦੱਸਦੇ ਹਨ ਕਿ ਇਨ੍ਹਾਂ ਨੈਟਵਰਕਾਂ ਜ਼ਰੀਏ ਉਹ ਕਿਵੇਂ ਸਫਲਤਾ ਪੂਰਵਕ ਅਮਰੀਕਾ ਪਹੁੰਚ ਗਏ, ਤਾਂ ਇਸ ਕਾਰਨ ਕਰਕੇ ਵੀ ਇਨ੍ਹਾਂ ਤਰੀਕਿਆਂ ਜ਼ਰੀਏ ਭਾਰਤੀਆਂ ਦਾ ਅਮਰੀਕਾ ਵਿੱਚ ਪਰਵਾਸ ਵੱਧ ਰਿਹਾ ਹੈ।

ਮਨਪ੍ਰੀਤ ਨੇ  ਕਿਹਾ, "ਮੈਂ ਬੱਸ ਜ਼ਰੀਏ ਇਕੁਏਡਰ ਤੋਂ ਕੋਲੰਬੀਆ ਆਇਆ ਅਤੇ ਉੱਥੋਂ ਬੱਸ ਜ਼ਰੀਏ ਪਨਾਮਾ ਪਹੁੰਚਿਆ। ਪਨਾਮਾ ਤੋਂ ਕਿਸ਼ਤੀ ਜ਼ਰੀਏ ਨਿਕਾਰਗੁਆ ਅਤੇ ਗੁਆਟੇਮਲਾ ਅਤੇ ਫਿਰ ਮੈਕਸੀਕੋ ਅਤੇ ਉੱਥੋਂ ਅਮਰੀਕਾ ਅੰਦਰ ਦਾਖਲ ਹੋਇਆ।ਭਾਵੇਂ ਤਜ਼ਰਬੇਕਾਰ ਤਸਕਰ ਨਿਰਦੇਸ਼ ਦੇ ਰਹੇ ਹੁੰਦੇ ਹਨ ਪਰ ਫਿਰ ਵੀ ਇਹ ਯਾਤਰਾ ਖ਼ਤਰਿਆਂ ਨਾਲ ਭਰੀ ਸੀ।ਜਿਵੇਂ ਕਿ ਲੁੱਟਾਂ, ਸਥਾਨਕ ਗੈਂਗਜ਼ ਵੱਲੋਂ ਫਿਰੌਤੀਆਂ ਮੰਗੇ ਜਾਣ, ਭ੍ਰਿਸ਼ਟ ਅਫਸਰਾਂ, ਹਰ ਤਰ੍ਹਾਂ ਦੇ ਮੌਸਮ ਦਾ ਸਾਹਮਣਾ, ਸੱਟਾਂ ਅਤੇ ਬਿਮਾਰੀਆਂ ਨਾਲ ਲੜਦੇ ਹੋਏ ਇਹ ਸਫਰ ਗੁਜ਼ਰਦਾ ਹੈ।ਇਹ ਖ਼ਤਰੇ ਸਾਲ 2019 ਵਿੱਚ ਚਰਚਾ 'ਵਿਚੋਂਚ ਆਏ ਸੀ ਜਦੋਂ ਭਾਰਤੀ ਪੰਜਾਬ ਦੀ ਇੱਕ 6 ਸਾਲਾ ਬੱਚੀ ਦੀ ਲਾਸ਼ ਐਰੀਜ਼ੋਨਾ ਦੇ ਰੇਗਿਸਤਾਨ ਵਿੱਚ ਤਪਦੀ ਧੁੱਪ ਵਿੱਚ ਮਿਲੀ ਸੀ।

ਇਹ ਘਟਨਾ ਸੁਰਖ਼ੀਆਂ ਵਿੱਚ ਆਈ ਸੀ। ਬਾਅਦ ਵਿੱਚ ਪਤਾ ਲੱਗਾ ਸੀ ਕਿ ਇਸ ਬੱਚੀ ਦੀ ਮਾਂ ਨੇ ਬੱਚੀ ਨੂੰ ਪਾਣੀ ਲੱਭਣ ਲਈ ਭਾਰਤੀਆਂ ਦੇ ਦੂਜੇ ਗਰੁੱਪ ਨਾਲ ਭੇਜ ਦਿੱਤਾ ਸੀ ਅਤੇ 42 ਡਿਗਰੀ ਤਾਪਮਾਨ ਦੀ ਗਰਮੀ ਵਿੱਚ ਬੱਚੀ ਦਮ ਤੋੜ ਗਈ ਸੀ।

ਇੱਕ ਅਨਿਸ਼ਚਿਤਾਵਾਂ ਭਰੀ ਨਵੀਂ ਸ਼ੁਰੂਆਤ

ਜਦੋਂ ਅਮਰੀਕਾ ਵਿੱਚ ਸ਼ਰਨ ਲੈਣ ਲਈ ਜਸ਼ਨ ਪ੍ਰੀਤ ਜਿਹੇ ਪਰਵਾਸੀ ਲੰਬੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਲੈਂਦੇ ਹਨ, ਇਹ ਅਕਸਰ ਉਸ ਬਿੰਦੂ ਤੋਂ ਸ਼ੁਰੂ ਹੁੰਦੀ ਹੈ ਜਿਸ ਨੂੰ ਅਮਰੀਕੀ ਅਧਿਕਾਰੀ 'ਕੈਰਡੀਬਲ ਫੀਅਰ ਇੰਟਰਵਿਊ' ਦਾ ਨਾਮ ਦਿੰਦੇ ਹਨ।ਜਿਸ ਵਿੱਚ ਪਰਵਾਸੀਆਂ ਨੇ ਇਹ ਸਾਬਤ ਕਰਨਾ ਹੁੰਦਾ ਹੈ ਕਿ ਜੇ ਉਨ੍ਹਾਂ ਨੂੰ ਦੇਸ਼ ਵਾਪਸ ਭੇਜਿਆ ਗਿਆ ਤਾਂ ਉਹ ਮੁੜ ਜ਼ੁਲਮ ਦਾ ਸ਼ਿਕਾਰ ਹੋਣਗੇ।

ਜਸ਼ਨ ਪ੍ਰੀਤ ਸਿੰਘ ਜੂਨ ਮਹੀਨੇ ਤੋਂ ਅਮਰੀਕਾ ਵਿੱਚ ਹਨ ਅਤੇ ਵਕੀਲ ਕਰਨ ਲਈ ਪੈਸੇ ਜੋੜ ਰਹੇ ਹਨ। ਜਦਕਿ ਉਨ੍ਹਾਂ ਦੇ ਅਮਰੀਕਾ ਵਿੱਚ ਲੰਬੇ ਭਵਿੱਖ ਦੀ ਕੋਈ ਗਾਰੰਟੀ ਨਹੀਂ ਹੈ।ਪਰ ਉਹ ਕਹਿੰਦੇ ਹਨ ਕਿ ਇਹ ਉਨ੍ਹਾਂ ਲਈ ਦੂਜੇ ਰਸਤੇ (ਯਾਨੀ ਭਾਰਤ ਵਿੱਚ ਰਹਿਣ) ਤੋਂ ਬਿਹਤਰ ਹੈ।

ਪੰਜਾਬ ਤੋਂ ਅਮਰੀਕਾ ਲਈ ਗੈਰ ਕਾਨੂੰਨੀ ਪਰਵਾਸ ਦਾ ਢੰਗ- ਕਿਹੜੇ ਰਸਤੇ ਤੇ ਕਿਹੜੇ ਤਰੀਕੇ ਅਪਣਾਉਂਦੇ ਹਨ ਏਜੰਟ 

ਮੈਕਸੀਕੋ ਮਾਈਗ੍ਰੇਸ਼ਨ ਅਥਾਰਿਟੀ ਨੇ ਆਪਣੀ ਸਰਹੱਦ ਅੰਦਰ ਗ਼ੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ 311 ਭਾਰਤੀ ਲੋਕਾਂ ਨੂੰ 2019 ਦੇ ਅਕਤੂਬਰ ਮਹੀਨੇ ਵਿਚ ਵਾਪਸ ਵਤਨ ਭੇਜਿਆ ਸੀ।

ਕਾਫ਼ੀ ਲੋਕ ਪੰਜਾਬ ਤੋਂ ਉੱਥੇ ਜਾਂਦੇ ਹਨ। ਉੱਥੇ ਜ਼ੁਲਮ ਦੇ ਆਧਾਰ 'ਤੇ ਸ਼ਰਨ ਦਿੱਤੀ ਜਾਂਦੀ ਹੈ। ਤੁਹਾਡੇ ਦੇਸ ਵਿੱਚ ਜੇ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਹੋ ਰਿਹਾ ਹੈ ਜਾਂ ਤੁਹਾਨੂੰ ਉੱਥੇ ਤੰਗ ਕੀਤਾ ਜਾ ਰਿਹਾ ਹੈ ਜਾਂ ਰੰਗ, ਨਸਲ, ਧਰਮ ਦੇ ਆਧਾਰ ਉੱਤੇ ਭੇਦਭਾਵ ਕੀਤਾ ਜਾ ਰਿਹਾ ਹੈ ਜਾਂ ਜਾਨ ਦਾ ਖਤਰਾ ਹੈ ਤਾਂ ਸ਼ਰਨ ਦੀ ਮੰਗ ਕਰ ਸਕਦੇ ਹੋ।

ਪਰ ਸ਼ਰਨ ਦੇਣ ਦੀ ਇੱਕ ਪੂਰੀ ਪ੍ਰਕਿਰਿਆ ਹੈ। ਉੱਥੇ 'ਅਸਾਈਲਮ ਅਫ਼ਸਰ' (ਸ਼ਰਨ ਦੇਣ ਵਾਲੇ ਅਫ਼ਸਰ) ਹੁੰਦੇ ਹਨ। ਉਹ ਇੰਟਰਵਿਊ ਕਰਦੇ ਹਨ ਤੇ ਦੱਸਦੇ ਹਨ ਕਿ ਇਹ ਸ਼ਰਨ ਦਾ ਮਾਮਲਾ ਹੈ ਜਾਂ ਨਹੀਂ। ਫਿਰ ਇਮੀਗਰੇਸ਼ਨ ਕੋਰਟ ਵਿੱਚ ਪੇਸ਼ ਕੀਤਾ ਜਾਂਦਾ ਹੈ। ਜੱਜ ਫੈਸਲਾ ਕਰਦਾ ਹੈ ਕਿ ਸ਼ਰਨ ਦੇਣੀ ਹੈ ਜਾਂ ਨਹੀਂ।ਦੀਪਕ ਆਹਲੂਵਾਲੀਆ ਕਹਿੰਦੇ ਹਨ, "ਇਹ ਪਹਿਲਾ ਕਦਮ ਬਹੁਤ ਅਹਿਮ ਹੁੰਦਾ ਹੈ। ਜੇ ਇੰਟਰਵਿਊ ਲੈ ਰਹੇ ਅਫਸਰ ਨੂੰ ਲੱਗੇ ਕਿ ਤੁਹਾਨੂੰ ਤੁਹਾਡੇ ਦੇਸ਼ ਅੰਦਰ ਅਸਲ ਵਿੱਚ ਕੋਈ ਖ਼ਤਰਾ ਨਹੀਂ ਹੈ ਤਾਂ ਤੁਹਾਡਾ ਕੇਸ ਅੱਗੇ ਨਹੀਂ ਵੱਧ ਸਕੇਗਾ। ਇਹ ਬਹੁਤ ਘਾਤਕ ਹੈ।"ਜੇ ਅਫਸਰ ਨੂੰ ਵਿਸ਼ਵਾਸ ਹੋ ਜਾਵੇ ਕਿ ਤੁਹਾਡਾ ਡਰ ਅਸਲ ਵਿੱਚ ਸਹੀ ਹੈ, ਤਾਂ ਸ਼ਰਨ ਲੈਣ ਵਾਲੇ ਨੂੰ ਇਮੀਗਰੇਸ਼ਨ ਜੱਜ ਕੋਲ ਪੇਸ਼ ਹੋਣ ਦਾ ਨੋਟਿਸ ਦਿੱਤਾ ਜਾਂਦਾ ਹੈ ਜੋ ਉਨ੍ਹਾਂ ਦੀ ਅਰਜ਼ੀ 'ਤੇ ਵਿਚਾਰ ਕਰਦਾ ਹੈ।

ਪ੍ਰਕਿਰਿਆ ਲੰਬੀ ਹੈ। ਕਈ ਸਾਲਾਂ ਦਾ ਇੰਤਜ਼ਾਰ ਕਰਨਾ ਪੈਂਦਾ ਹੈ ਅਤੇ ਉਹ ਵੀ ਸਕਾਰਤਮਕ ਨਤੀਜੇ ਦੇ ਵਾਅਦੇ ਬਿਨ੍ਹਾਂ। ਕਿਹਾ ਜਾਂਦਾ ਹੈ ਕਿ ਮੈਕਸੀਕੋ ਬੜਾ ਮੁਸ਼ਕਲ ਰੂਟ ਹੈ, ਕਈ ਮੌਤਾਂ ਵੀ ਹੋ ਜਾਂਦੀਆਂ ਹਨ।ਇਹ ਰੂਟ ਦੋ-ਤਿੰਨ ਕਿਸਮ ਦੇ ਹਨ। ਭਾਰਤ ਦੇ ਏਜੰਟ, ਲਾਤੀਨੀ ਅਮਰੀਕਾ ਜਾਂ ਮੈਕਸੀਕੋ ਦੇ ਏਜੰਟ ਸਭ ਮਿਲੇ ਹੁੰਦੇ ਹਨ।ਪਹਿਲਾਂ ਲੋਕ ਐਲਸੈਲਵਾਡੋਰ ਜਾਂਦੇ ਸੀ ਕਿਉਂਕਿ ਉੱਥੇ ਵੀਜ਼ਾ ਸੌਖਾ ਮਿਲ ਜਾਂਦਾ ਹੈ। ਉੱਥੋਂ ਪੈਦਲ ਜਾਂਦੇ ਸੀ। ਫਿਰ ਉੱਥੋਂ ਡੈਰੀਅਨ ਗੈਪ ਆਉਂਦਾ ਹੈ ਜੋ ਕਿ ਕੋਲੰਬੀਆ ਤੇ ਪਨਾਮਾ ਵਿਚਾਲੇ ਹੈ। ਉਹ ਬਹੁਤ ਖਤਰਨਾਕ ਰਾਹ ਹੈ।

ਉੱਥੋਂ ਪੈਦਲ ਹੀ ਜਾਣਾ ਪੈਂਦਾ ਹੈ। ਉੱਥੇ ਸੱਪ, ਕੀੜੇ-ਮਕੌੜੇ ਵੀ ਬਹੁਤ ਹਨ। ਉੱਥੇ ਖਾਣ-ਪੀਣ ਨੂੰ ਕੁਝ ਨਹੀਂ ਮਿਲਦਾ। ਉਨ੍ਹਾਂ ਨਾਲ ਜੋ ਗੈਂਗਜ਼ ਚੱਲਦੇ ਹੈ ਉਹ ਵੀ ਕਾਫ਼ੀ ਖ਼ਤਰਨਾਕ ਹੁੰਦੇ ਹਨ। ਜੇ ਕੋਈ ਬਿਮਾਰ ਹੋ ਜਾਂਦਾ ਹੈ ਤਾਂ ਉਸ ਨੂੰ ਕਤਲ ਹੀ ਕਰ ਦਿੰਦੇ ਹਨ। ਕਿਉਂਕਿ ਉਹ ਇੱਕ ਵਿਅਕਤੀ ਪੂਰੇ ਗਰੁੱਪ ਦੀ ਰਫ਼ਤਾਰ ਹੌਲੀ ਕਰ ਦਿੰਦਾ ਹੈ।ਮੈਂ ਕਾਫ਼ੀ ਲੋਕਾਂ ਨੂੰ ਮਿਲਿਆ ਜਿਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਨੇੜਿਓਂ ਮੌਤ ਦੇਖੀ ਤੇ ਬਹੁਤ ਮੁਸ਼ਕਿਲ ਨਾਲ ਬਚੇ। ਫਿਰ ਉਹ ਨਿਕਾਰਾਗੁਆ ਪਹੁੰਚਦੇ ਹਨ।ਪਰ ਹੁਣ ਇੱਕ ਹੋਰ ਰੂਟ ਹੈ ਜੋ ਅਪਣਾਇਆ ਜਾ ਰਿਹਾ ਹੈ ਤੇ ਉਹ ਥੋੜ੍ਹਾ ਮਹਿੰਗਾ ਵੀ ਹੈ। ਮੈਕਸੀਕੋ ਦਾ ਰੂਟ- ਫਿਰ ਉੱਥੋਂ ਉਹ ਏਜੰਟ ਅਮਰੀਕਾ ਟਪਾ ਦਿੰਦੇ ਹਨ। ਇਹੀ ਇੱਕ ਕਾਰਨ ਹੈ ਅਮਰੀਕਾ ਫਿਕਰਮੰਦ ਹੈ ਅਤੇ ਗੈਰ-ਕਾਨੂੰਨੀ ਪਰਵਾਸ ਨੂੰ ਰੋਕਣ ਲਈ ਮੈਕਸੀਕੋ ਉੱਤੇ ਕਾਫ਼ੀ ਦਬਾਅ ਪਾ ਰਿਹਾ ਹੈ।ਪਹਿਲਾਂ ਉਨ੍ਹਾਂ ਨੇ ਗੈਰ-ਕਾਨੂੰਨੀ ਪਰਵਾਸ ਨੂੰ ਰੋਕਣ ਲਈ ਇੱਕ ਪ੍ਰੋਗਰਾਮ ਵੀ ਸ਼ੁਰੂ ਕੀਤਾ ਸੀ।ਅਮਰੀਕਾ ਨੇ ਕਿਹਾ ਸੀ ਕਿ ਉਹ ਮਦਦ ਕਰਨਗੇ ਪਰ ਪਰਵਾਸ ਦੀ ਨੀਤੀ ਨੂੰ ਸਖ਼ਤ ਕਰੋ ਤੇ ਉਸ ਨੂੰ ਬੰਦ ਕਰੋ।

ਮੈਕਸੀਕੋ ਦਾ ਬਾਰਡਰ ਸਭ ਤੋਂ ਵੱਡਾ ਹੈ ਜੋ ਕਿ ਅਮਰੀਕਾ ਦੇ ਨਾਲ ਲੱਗਦਾ ਹੈ। ਇਸ ਲਈ ਲੋਕ ਜ਼ਿਆਦਾਤਰ ਮੈਕਸੀਕੋ ਰਾਹੀਂ ਅਮਰੀਕਾ ਜਾਣਾ ਚਾਹੁੰਦੇ ਹਨ। ਮੈਕਸੀਕੋ ਸਿਟੀ ਜਾਂ ਟਿਜੁਆਣਾ ਥੋਂ ਦਾ ਵੀਜ਼ਾ ਛੇਤੀ ਮਿਲ ਜਾਂਦਾ ਹੈ। ਪਰ ਹੁਣ ਜਿਵੇਂ ਉੱਥੇ ਲੋਕ ਫੜ੍ਹੇ ਜਾ ਰਹੇ ਹਨ ਨਿਗਰਾਨੀ ਵੱਧ ਗਈ ਹੈ।

ਜਿਵੇਂ ਹੀ ਕੋਈ ਵਿਅਕਤੀ ਟੂਰਿਸਟ ਵੀਜ਼ਾ ਉੱਤੇ ਹਵਾਈ ਅੱਡੇ ਉੱਤੇ ਪਹੁੰਚਦਾ ਹੈ ਤਾਂ ਉੱਥੇ ਹੀ ਉਸ ਦੀ ਪ੍ਰੋਫਾਈਲਿੰਗ ਸ਼ੁਰੂ ਜਾਂਦੀ ਹੈ ਕਿ ਇਹ ਸੈਲਾਨੀ ਵਜੋਂ ਨਹੀਂ ਆਇਆ ਸਗੋਂ ਇਸ ਦਾ ਮਕਸਦ ਹੈ ਅਮਰੀਕਾ ਜਾਣਾ।ਇਸ ਲਈ ਉਸ ਨੂੰ ਹਿਰਾਸਤ ਵਿੱਚ ਲਿਆ ਜਾ ਸਕਦਾ ਹੈ।

ਮੈਕਸੀਕੋ ਦਾ ਕਾਫ਼ੀ ਵੱਡਾ ਬਾਰਡਰ ਹੈ- ਤਿੰਨ ਹਜ਼ਾਰ ਕਿਲੋਮੀਟਰ ਵੱਡਾ ਜੋ ਕਿ ਅਮਰੀਕਾ ਚਾਰ ਸੂਬਿਆਂ ਨੂੰ ਛੂਹਦਾ ਹੈ- ਕੈਲੀਫੋਰਨੀਆ, ਨਿਊ ਮੈਕਸੀਕੋ, ਐਰੀਜ਼ੋਨਾ ਤੇ ਟੈਕਸਸ।1100 ਕਿਲੋਮੀਟਰ ਸਰਹੱਦ ਦੀ ਘੇਰਾਬੰਦੀ ਕੀਤੀ ਹੋਈ ਹੈ ਉੱਥੇ ਘੁਸਪੈਠ ਦੀਆਂ ਸੰਭਾਵਨਾਵਾਂ ਜ਼ਿਆਦਾ ਹਨ। ਇਹ ਇੰਨਾ ਖ਼ਤਰਨਾਕ ਰੂਟ ਹੈ ਫਿਰ ਉੱਥੇ ਪੰਜਾਬੀ ਕਿਉਂ ਜਾਂਦੇ ਹਨ

ਪੰਜਾਬ ਵਿੱਚ ਰੁਜ਼ਾਗਾਰ ਦੇ ਮੌਕੇ ਘੱਟ ਹਨ, ਉਹ ਜ਼ਿੰਦਗੀ ਵਿੱਚ ਖੁਸ਼ ਨਹੀਂ ਹੈ। ਦੂਜਾ ਕਾਰਨ ਹੈ ਕਿ ਵਿਦੇਸ਼ ਵਿੱਚ ਪਹੁੰਚੇ ਹੋਏ ਲੋਕ ਗਲਤ ਜਾਣਕਾਰੀ ਵੀ ਦਿੰਦੇ ਹਨ ਕਿ ਬਹੁਤ ਖੁਸ਼ ਹਨ ਕਿਉਂਕਿ ਉਹ ਸਾਬਿਤ ਕਰਨਾ ਚਾਹੁੰਦੇ ਹਨ ਕਿ ਉਨ੍ਹਾਂ ਨੇ ਜੋ ਕੀਤਾ ਉਹ ਸਹੀ ਕੀਤਾ ਹੈ।ਜ਼ਿਆਦਾਤਰ ਬਾਹਰ ਜਾਣ ਵਾਲੇ ਲੋਕ ਵਿੱਤੀ ਹਾਲਾਤ ਸੁਧਾਰਨ ਲਈ ਜਾਂਦੇ ਹਨ। ਉਨ੍ਹਾਂ ਦਾ ਅਮਰੀਕੀ ਸੁਪਨਾ ਵੀ ਹੈ, ਬਾਹਰ ਜਾ ਕੇ ਡਾਲਰ ਕਮਾਉਣ ਦਾ। ਇਸ ਤੋਂ ਇਲਾਵਾ ਖੇਤੀ ਵੀ ਫਾਇਦੇ ਦਾ ਸੌਦਾ ਨਹੀਂ ਰਹੀ। ਜੇ ਉੱਥੇ ਕਿਸੇ ਨੂੰ ਸ਼ਰਨ ਮਿਲ ਜਾਂਦੀ ਹੈ ਤਾਂ ਫਿਰ ਵਾਪਸ ਆਉਣਾ ਔਖਾ ਹੋ ਜਾਂਦਾ ਹੈ।ਮੈਕਸੀਕੋ ਰਾਹੀਂ ਅਮਰੀਕਾ ਜਾਣ ਵਾਲਿਆਂ ਵਿੱਚ ਲਾਤੀਨੀ ਅਮਰੀਕਾ ਤੋਂ ਬਾਅਦ ਭਾਰਤ ਪੰਜਵੇਂ ਨੰਬਰ ਤੇ ਸੀ। ਇਹ ਕਾਫ਼ੀ ਵੱਡਾ ਅੰਕੜਾ ਹੈ।ਇਹ ਕਾਫ਼ੀ ਹੈਰਾਨ ਕਰਨ ਵਾਲਾ ਅੰਕੜਾ ਹੈ ਪਰ ਅਮਰੀਕਾ ਦੀ ਪਰਵਾਸ ਨੀਤੀ ਲਈ ਬੜੀ ਸਖ਼ਤ ਹੈ। ਉਹ ਕੋਈ ਵੀ ਪਰਵਾਸੀ ਅਮਰੀਕਾ ਵਿੱਚ ਨਹੀਂ ਚਾਹੁੰਦਾ।ਅਮਰੀਕੀਆਂ ਦੀ ਅਮਰੀਕੀਆਂ ਵੱਲੋਂ ਸਰਕਾਰ' ਉਨ੍ਹਾਂ ਦੀ ਚੋਣ ਨੀਤੀ ਰਹੀ ਹੈ। ਉਹ ਚਾਹੁੰਦੇ ਹਨ ਅਮਰੀਕੀਆਂ ਨੂੰ ਹੀ ਨੌਕਰੀਆਂ ਮਿਲਣ।ਉਹ ਗੈਰ-ਕਾਨੂੰਨੀ ਪਰਵਾਸ ਬੰਦ ਕਰਨਾ ਚਾਹੁੰਦੇ ਹਨ। 

 

ਪ੍ਰਗਟ ਸਿੰਘ

ਜੰਡਿਆਲਾ ਗੁਰੂ