ਵਿਦੇਸ਼ਾਂ ਵਿਚ ਰੁਲ ਰਹੀ ਪੰਜਾਬ ਦੀ ਜਵਾਨੀ

*ਭਾਰਤੀਆਂ ਲਈ ਮੁਸ਼ਕਲ ਬਣਿਆ ਕੈਨੇਡਾ,ਵਰਕ ਪਰਮਿਟ ਦੇ ਨਿਯਮਾਂ ਵਿਚ ਵੱਡਾ ਬਦਲਾਅ
*ਜਸਟਿਨ ਟਰੂਡੋ ਨੇ ਇੰਮੀਗ੍ਰੇਸ਼ਨ ਨਿਯਮ ਕੀਤੇ ਸਖਤ
ਪਿਛਲੇ ਲਗਭਗ ਦੋ ਦਹਾਕਿਆਂ ਤੋਂ ਵੱਡੀ ਪੱਧਰ 'ਤੇ ਪੰਜਾਬੀ ਨੌਜਵਾਨ ਸਿੱਖਿਆ ਹਾਸਲ ਕਰਨ ਅਤੇ ਫਿਰ ਉਥੇ ਹੀ ਸਥਾਈ ਤੌਰ 'ਤੇ ਵਸਣ ਲਈ ਅਮਰੀਕਾ, ਕੈਨੇਡਾ, ਬਰਤਾਨੀਆ, ਆਸਟ੍ਰੇਲੀਆ, ਨਿਊਜ਼ੀਲੈਂਡ, ਅਤੇ ਜਰਮਨ ਆਦਿ ਦੇਸ਼ਾਂ ਨੂੰ ਜਾਣ ਨੂੰ ਤਰਜੀਹ ਦਿੰਦੇ ਰਹੇ ਹਨ । ਪਰ ਅਜਿਹੇ ਵਿਦਿਆਰਥੀਆਂ ਦੀ ਵਧੇਰੇ ਪਹਿਲ ਕੈਨੇਡਾ ਨੂੰ ਰਹੀ ਹੈ । ਸ਼ੁਰੂ-ਸ਼ੁਰੂ ਵਿਚ ਜਾਣ ਵਾਲੇ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿਚ ਸਿੱਖਿਆ ਪੂਰੀ ਕਰਨ ਤੋਂ ਬਾਅਦ ਵਰਕ ਪਰਮਿਟ, ਅਤੇ ਪੀ.ਆਰ. ਆਸਾਨੀ ਨਾਲ ਮਿਲ ਜਾਂਦੀ ਸੀ ਅਤੇ ਕੁਝ ਹੀ ਸਾਲਾਂ ਵਿਚ ਉਹ ਉਥੇ ਚੰਗੀ ਤਰ੍ਹਾਂ ਵਸ-ਰਸ ਜਾਂਦੇ ਸਨ ।ਉਨ੍ਹਾਂ ਨੂੰ ਦੇਖ ਕੇ ਪੰਜਾਬ ਵਿਚ ਹੋਰ ਵਿਦਿਆਰਥੀਆਂ ਦਾ ਰੁਝਾਨ ਵੀ ਤੇਜ਼ੀ ਨਾਲ ਵਿਦੇਸ਼ਾਂ ਵੱਲ ਹੁੰਦਾ ਗਿਆ, ਜਿਸ ਕਾਰਨ ਪੰਜਾਬ ਵਿਚ ਕਾਲਜ ਅਤੇ ਯੂਨੀਵਰਸਿਟੀਆਂ ਵਿਚ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿਚ ਚੋਖੀ ਕਮੀ ਵੀ ਆਈ।
ਪਰ ਹੁਣ ਵਿਦੇਸ਼ਾਂ ਤੋਂ ਵੀ ਇਸ ਪੱਖ ਤੋਂ ਚਿੰਤਾਜਨਕ ਖ਼ਬਰਾਂ ਆਉਣ ਲੱਗ ਪਈਆਂ ਹਨ ਕਿ ਕੈਨੇਡਾ ਅਤੇ ਆਸਟ੍ਰੇਲੀਆ ਆਦਿ ਦੇਸ਼ ਵਿਦੇਸ਼ੀ ਵਿਦਿਆਰਥੀ, ਜੋ ਸਿੱਖਿਆ ਹਾਸਲ ਕਰਨ ਦੇ ਬਹਾਨੇ ਉਥੇ ਸਥਾਈ ਤੌਰ 'ਤੇ ਵਸਣ ਲਈ ਆ ਰਹੇ ਹਨ, ਦੀ ਗਿਣਤੀ ਘਟਾਉਣ ਵਾਲੇ ਪਾਸੇ ਤੁਰ ਪਏ ਹਨ ।ਇਸ ਸੰਦਰਭ ਵਿਚ ਕੈਨੇਡਾ ਵਲੋਂ ਵਧੇਰੇ ਸਖ਼ਤ ਕਦਮ ਚੁੱਕੇ ਜਾਣ ਲੱਗੇ ਹਨ ।ਇਸ ਦਾ ਵੱਡਾ ਕਾਰਨ ਇਹ ਬਣਿਆ ਹੈ ਕਿ ਵਿਦੇਸ਼ਾਂ ਤੋਂ ਵੱਡੀ ਪੱਧਰ 'ਤੇ ਨੌਜਵਾਨਾਂ ਦੇ ਕੈਨੇਡਾ ਆਉਣ ਨਾਲ ਉਥੇ ਰਹਿਣ ਲਈ ਮਕਾਨਾਂ ਦੀ ਕਮੀ ਪੈਦਾ ਹੋ ਗਈ ਅਤੇ ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਪਾਰਟ ਟਾਈਮ ਕੰਮ ਮਿਲਣਾ ਵੀ ਮੁਸ਼ਕਿਲ ਹੋ ਗਿਆ ਹੈ ।
ਕੈਨੇਡਾ ਵਿਚ ਭਾਰੀ ਬੇਰੁਜ਼ਗਾਰੀ
ਹੁਣੇ ਜਿਹੇ ਜਾਰੀ ਹੋਏ ਅੰਕੜਿਆਂ ਅਨੁਸਾਰ ਕਨੇਡਾ ਵਿੱਚ ਬੇਰਜੁਗਾਰੀ ਦੀ ਦਰ ਵਿੱਚ ਭਾਰੀ ਵਾਧਾ ਹੋਇਆ ਹੈ ।ਇਸ ਸਮੇਂ ਕਨੇਡੀਅਨਾਂ ਲੋਕਾਂ ਦਾ ਮਹਿੰਗਾਈ ਨੇ ਕਚੂੰਬਰ ਕੱਢਿਆ ਹੋਇਆ ਹੈ ।ਇਸ ਮਾੜੀ ਸਥਿਤੀ ਨਾਲ ਭਾਰਤੀ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਲੱਖਾਂ ਰੁਪਇਆ ਦੀ ਫੀਸ ਭਰਕੇ ਕੈਨੇਡਾ ਗਏ ਵਿਗਿਆਰਥੀਆਂ ਨੂੰ ਕੰਮ ਨਹੀਂ ਮਿਲ ਰਿਹਾ। ਅਜਿਹੀ ਹੀ ਇਕ ਵੀਡੀਓ ਕੈਨੇਡਾ ਦੇ ਬਰੈਂਪਟਨ ਤੋਂ ਸਾਹਮਣੇ ਆਈ ਹੈ। ਜਿਥੇ ‘ਵੇਟਰ’ ਦੀ ਜੌਬ ਲਈ ਹਜ਼ਾਰਾਂ ਦੀ ਗਿਣਤੀ ਵਿਚ ਪੰਜਾਬੀ ਪਹੁੰਚੇ। ਹਜ਼ਾਰਾਂ ਵਿਦਿਆਰਥੀ ਵੇਟਰ ਬਣਨ ਲਈ ਇੰਟਰਵਿਊ ਲਈ ਪਹੁੰਚੇ ਸਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਪੰਜਾਬੀ ਸਨ। ਵੇਟਰ ਦੀ ਜੌਬ ਲਈ ਹਜ਼ਾਰਾਂ ਲੋਕਾਂ ਦਾ ਪਹੁੰਚਣਾ ਦਰਸਾਉਂਦਾ ਹੈ ਕਿ ਕੈਨੇਡਾ ਵਿੱਚ ਰੁਜਗਾਰ ਦੀ ਸਥਿਤੀ ਬਹੁਤ ਮਾੜੀ ਹੈ।
ਕੈਨੇਡਾ ਵਿੱਚ ਪ੍ਰਵਾਸੀਆਂ ਲਈ ਕੋਈ ਨੌਕਰੀਆਂ ਨਹੀਂ ਹਨ
ਕੈਨੇਡਾ ਵਿਚ ਵੇਟਰ ਦੀ ਨੌਕਰੀ ਲਈ ਲਾਈਨ ਵਿਚ ਖੜ੍ਹੇ ਭਾਰਤੀ ਵਿਦਿਆਰਥੀਆਂ ਦੀ ਇਹ ਵੀਡੀਓ ਐਕਸ ‘ਤੇ ਸ਼ੇਅਰ ਕੀਤੀ ਗਈ ਹੈ। ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਗਿਆ ਹੈ, ‘ਬਰੈਂਪਟਨ ਦੇ ਇੱਕ ਰੈਸਟੋਰੈਂਟ ਨੇ 60 ਵੇਟਰ ਦੀਆਂ ਨੌਕਰੀਆਂ ਲਈ ਇਸ਼ਤਿਹਾਰ ਦਿੱਤਾ। ਇਸ ਤੋਂ ਬਾਅਦ ਕਰੀਬ 3000 ਵਿਦਿਆਰਥੀ ਇੰਟਰਵਿਊ ਲਈ ਆਏ। ਨੌਕਰੀ ਲਈ ਆਏ ਇਨ੍ਹਾਂ ਵਿਦਿਆਰਥੀਆਂ ਵਿਚੋਂ ਜ਼ਿਆਦਾਤਰ ਭਾਰਤੀ ਹਨ।
ਰੁਜ਼ਗਾਰ ਦੀ ਭਾਲ ਕਰ ਰਹੇ ਪੰਜਾਬ ਦੇ ਇਕ ਵਿਦਿਆਰਥੀ ਅਗਮਵੀਰ ਸਿੰਘ ਨੇ ਕਿਹਾ, ‘ਵੱਡੀ ਗਿਣਤੀ ‘ਚ ਵਿਦਿਆਰਥੀ ਰੋਜ਼ੀ-ਰੋਟੀ ਅਤੇ ਰਹਿਣ ਸਹਿਣ ਖਰਚਿਆਂ ਵਰਗੇ ਮੁਸ਼ਕਿਲ ਹਾਲਾਤ ਤੋਂ ਨਿਕਲ ਰਹੇ ਹਨ। ਉਸ ਨੇ ਕਿਹਾ ਕਿ ਉਹ ਪਿਛਲੇ ਦੋ ਹਫ਼ਤਿਆਂ ਵਿਚ 70 ਨੌਕਰੀਆਂ ਲਈ ਅਰਜ਼ੀਆਂ ਦੇ ਚੁੱਕਾ ਹੈ ਪਰ ਸਿਰਫ਼ ਤਿੰਨ ਥਾਵਾਂ ਤੋਂ ਇੰਟਰਵਿਊ ਲਈ ਸੱਦਿਆ ਗਿਆ। ਇਕ ਹੋਰ ਵਿਦਿਆਰਥੀ ਨੇ ਦੱਸਿਆ ਕਿ ਮੇਰੇ ਮਾਪਿਆਂ ਨੇ ਮੈਨੂੰ ਜ਼ਮੀਨ ਵੇਚ ਕੇ ਬਾਹਰ ਭੇਜਿਆ ਸੀ।
ਉਹ ਆਪਣੇ ਮਾਪਿਆਂ ਨੂੰ ਕੈਨੇਡਾ ‘ਚ ਆ ਰਹੀਆਂ ਮੁਸ਼ਕਲਾਂ ਬਾਰੇ ਨਹੀਂ ਦੱਸਣਾ ਚਾਹੁੰਦਾ। ਉਸ ਨੇ ਕਿਹਾ ਕਿ ਉਸ ਦੇ ਜ਼ਿਆਦਾਤਰ ਦੋਸਤ ਬੇਰੁਜ਼ਗਾਰ ਹਨ ਅਤੇ ਅੱਗੇ ਕੀ ਕਰਨਾ ਹੈ, ਇਸ ਦਾ ਕੁਝ ਪਤਾ ਨਹੀਂ ਹੈ।
ਕੈਨੇਡਾ ਵਿੱਚ 3 ਲੱਖ ਭਾਰਤੀ ਵਿਦਿਆਰਥੀ ਹਨ
ਕੈਨੇਡੀਅਨ ਬਿਊਰੋ ਫਾਰ ਇੰਟਰਨੈਸ਼ਨਲ ਐਜੂਕੇਸ਼ਨ ਦੇ ਅਨੁਸਾਰ, ਇਸ ਸਮੇਂ ਕੈਨੇਡਾ ਵਿੱਚ 3 ਲੱਖ ਭਾਰਤੀ ਵਿਦਿਆਰਥੀ ਹਨ। ਜ਼ਿਆਦਾਤਰ ਵਿਦਿਆਰਥੀ ਕੈਨੇਡਾ ਵਿੱਚ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਕੋਰੀਅਰ, ਵੇਟਰ ਅਤੇ ਕਲਰਕ ਵਰਗੀਆਂ ਨੌਕਰੀਆਂ ਕਰਦੇ ਹਨ, ਪਰ ਮੌਜੂਦਾ ਸਮੇਂ ਵਿੱਚ ਇਹ ਨੌਕਰੀਆਂ ਵੀ ਉਪਲਬਧ ਨਹੀਂ ਹਨ
ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਤੋਂ ਇਹ ਪਤਾ ਲਗਦਾ ਹੈ ਕਿ ਕੈਨੇਡਾ ਵਿਚ ਪੰਜਾਬੀ ਵਿਦਿਆਰਥੀਆਂ ਨੂੰ ਰਹਿਣ-ਸਹਿਣ ਦੇ ਪੱਖ ਤੋਂ ਅਤੇ ਰੁਜ਼ਗਾਰ ਪ੍ਰਾਪਤ ਕਰਨ ਦੇ ਪੱਖ ਤੋਂ ਬਹੁਤ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਹ ਆਰਥਿਕ ਤੌਰ 'ਤੇ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ ।ਕੁਝ ਵੀਡੀਓ ਤਾਂ ਇਸ ਤਰ੍ਹਾਂ ਦੀਆਂ ਵੀ ਸਾਹਮਣੇ ਆਈਆਂ ਹਨ ਕਿ ਵਿਦਿਆਰਥੀ ਸ਼ਹਿਰਾਂ ਦੇ ਨਾਲ ਲਗਦੇ ਇਲਾਕਿਆਂ ਦੇ ਜੰਗਲਾਂ ਵਿਚ ਨੀਲੀ ਛੱਤ ਥੱਲ੍ਹੇ ਹੀ ਸਾਮਾਨ ਰੱਖ ਕੇ ਆਪਣੀ ਦਿਨ ਕਟੀ ਕਰ ਰਹੇ ਹਨ। ਬਾਹਰ ਜਾ ਕੇ ਵਿਦਿਆਰਥੀਆਂ ਨੂੰ ਜਿਸ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਸ ਕਾਰਨ ਉਹ ਮਾਨਸਿਕ ਤੌਰ 'ਤੇ ਬਹੁਤ ਪ੍ਰੇਸ਼ਾਨੀ ਵਿਚੋਂ ਗੁਜ਼ਰ ਰਹੇ ਹਨ । ਕੁੱਝ ਅਜਿਹੇ ਨੌਜਵਾਨ ਜੁਰਮਾਂ ਵੱਲ ਵੀ ਰੁਚਿਤ ਹੋ ਰਹੇ ਹਨ ।ਕੁਛ ਆਤਮ ਹੱਤਿਆਵਾਂ ਕਰ ਰਹੇ ਹਨ।ਪਿੱਛੇ ਮਾਪੇ ਜਿਨ੍ਹਾਂ ਨੇ ਵੱਡੀ ਪੱਧਰ 'ਤੇ ਕਰਜ਼ਾ ਚੁੱਕ ਕੇ ਆਪਣੇ ਨੌਜਵਾਨ ਬੱਚਿਆਂ ਨੂੰ ਵਿਦੇਸ਼ ਤੋਰਿਆ ਹੈ ਉਹ ਦੋਹਰੀ ਚਿੰਤਾ ਵਿਚ ਫਸ ਜਾਂਦੇ ਹਨ । ਇਕ ਪਾਸੇ ਉਨ੍ਹਾਂ ਨੂੰ ਕਰਜ਼ਾ ਨਾ ਮੋੜ ਸਕਣ ਦਾ ਗ਼ਮ ਸਤਾਉਂਦਾ ਹੈ ਅਤੇ ਦੂਜੇ ਪਾਸੇ ਬੱਚਿਆਂ ਵਲੋਂ ਵੀ ਕੋਈ ਚੰਗੀ ਖ਼ਬਰ ਨਾ ਆਉਣ ਕਾਰਨ ਉਹ ਬੇਹੱਦ ਪ੍ਰੇਸ਼ਾਨ ਹੋ ਜਾਂਦੇ ਹਨ ।ਬਿਨਾਂ ਸ਼ਕ ਪੰਜਾਬ ਵਿਚ ਬੇਰੁਜ਼ਗਾਰੀ ਕਾਰਨ ਹੀ ਨੌਜਵਾਨ ਵਿਦਿਆਰਥੀ ਵਿਦੇਸ਼ਾਂ ਨੂੰ ਜਾਣ ਲਈ ਮਜਬੂਰ ਹੋ ਰਹੇ ਹਨ । 2024 ਦੀ ਗੱਲ ਹੀ ਕਰੀਏ ਤਾਂ ਇਸ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਵਿਚ ਪੰਜਾਬ ਦੇ 15 ਤੋਂ 29 ਸਾਲ ਦੀ ਉਮਰ ਦੇ ਸ਼ਹਿਰੀ ਖੇਤਰਾਂ ਦੇ 17.4 ਫ਼ੀਸਦੀ ਨੌਜਵਾਨ ਬੇਰੁਜ਼ਗਾਰ ਸਨ । ਜਦੋਂ ਕਿ ਇਸੇ ਹੀ ਸਮੇਂ ਦੌਰਾਨ ਪਿਛਲੇ ਸਾਲ ਬੇਰੁਜ਼ਗਾਰ ਨੌਜਵਾਨਾਂ ਦੀ ਗਿਣਤੀ 15.3 ਫ਼ੀਸਦੀ ਸੀ | ਜੇਕਰ ਸਿੱਖਿਆ ਦੇ ਪੱਖ ਤੋਂ ਦੇਖਿਆ ਜਾਵੇ ਤਾਂ 12ਵੀਂ ਤੋਂ ਉਚੇਰੀ ਸਿੱਖਿਆ ਵਾਲੇ ਬੇਰੁਜ਼ਗਾਰ ਨੌਜਵਾਨਾਂ ਦੀ ਗਿਣਤੀ 10.4 ਫ਼ੀਸਦੀ ਸੀ ।ਦਿਹਾਤੀ ਖੇਤਰ ਦੇ ਨੌਜਵਾਨਾਂ ਦੀ ਸਥਿਤੀ ਰੁਜ਼ਗਾਰ ਪੱਖ ਤੋਂ ਹੋਰ ਵੀ ਮਾੜੀ ਹੈ | ਪੰਜਾਬ ਵਿਚ 26 ਫ਼ੀਸਦੀ ਔਰਤਾਂ ਵੀ ਇਸ ਸਮੇਂ ਦੌਰਾਨ ਬੇਰੁਜ਼ਗਾਰ ਸਨ | ਬੇਰੁਜ਼ਗਾਰ ਔਰਤਾਂ ਦੀ ਗਿਣਤੀ ਮਰਦਾਂ ਨਾਲੋਂ 15 ਫ਼ੀਸਦੀ ਵਧੇਰੇ ਪਾਈ ਗਈ ਹੈ । ਇਸੇ ਕਾਰਨ ਹੀ ਨੌਜਵਾਨ ਇਥੇ ਆਪਣਾ ਹਨੇਰਾ ਭਵਿੱਖ ਦੇਖ ਕੇ ਵਿਦੇਸ਼ਾਂ ਨੂੰ ਜਾਣ ਲਈ ਮਜਬੂਰ ਹੋ ਰਹੇ ਹਨ ।
ਟਰੂਡੋ ਸਰਕਾਰ ਨੇ ਇੰਮੀਗ੍ਰੇਸ਼ਨ ਨਿਯਮ ਕੀਤੇ ਸਖਤ
ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਬਾਹਰੋਂ ਆਉਣ ਵਾਲੇ ਅਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਘਟਾਉਣ ਲਈ ਹਰ ਰੋਜ਼ ਨਿਯਮ ਬਦਲ ਰਹੀ ਹੈ। ਹੁਣ ਕੈਨੇਡਾ ਨੇ ਪਰਵਾਸੀਆਂ ਦੀ ਗਿਣਤੀ ਨੂੰ ਰੋਕਣ ਲਈ ਵਰਕ ਪਰਮਿਟ ਪ੍ਰੋਗਰਾਮ ਵਿੱਚ ਬਦਲਾਅ ਦਾ ਐਲਾਨ ਕੀਤਾ ਹੈ। ਇਹ ਬਦਲਾਅ 1 ਨਵੰਬਰ 2024 ਤੋਂ ਲਾਗੂ ਹੋਣਗੇ। ਇਹ ਪੋਸਟ ਗ੍ਰੈਜੂਏਟ ਵਰਕ ਪਰਮਿਟ ਪ੍ਰੋਗਰਾਮ ਲਈ ਲਾਗੂ ਕੀਤੇ ਗਏ ਹਨ। ਕਿਉਂਕਿ ਭਾਰਤ ਤੋਂ ਵਿਦੇਸ਼ ਜਾਣ ਵਾਲੇ ਲੋਕਾਂ ਲਈ ਕੈਨੇਡਾ ਇੱਕ ਪਸੰਦੀਦਾ ਟਿਕਾਣਾ ਹੈ, ਇਸ ਲਈ ਇਨ੍ਹਾਂ ਤਬਦੀਲੀਆਂ ਦਾ ਭਾਰਤੀਆਂ 'ਤੇ ਵੱਡਾ ਅਸਰ ਪਵੇਗਾ।
ਕੁਛ ਸਾਲਾਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਅਸਥਾਈ ਵਿਦੇਸ਼ੀ ਕਾਮਿਆਂ ਸਮੇਤ ਕੈਨੇਡਾ ਆਉਣ ਵਾਲੇ ਅਸਥਾਈ ਨਿਵਾਸੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਪਰਵਾਸੀਆਂ ਦੀ ਗਿਣਤੀ ਨੂੰ ਲੈ ਕੇ ਕੈਨੇਡੀਅਨ ਭਾਈਚਾਰੇ ਵਿੱਚ ਵਿਰੋਧ ਵਧ ਰਿਹਾ ਹੈ। ਇਸ ਸਬੰਧੀ ਕੈਨੇਡਾ ਦੀ ਸਰਕਾਰ ਇਨ੍ਹਾਂ ਤਬਦੀਲੀਆਂ ਨੂੰ ਹੱਲ ਕਰਨ ਲਈ ਨਵੇਂ ਨਿਯਮ ਲਾਗੂ ਕਰ ਰਹੀ ਹੈ, ਤਾਂ ਜੋ ਇਮੀਗ੍ਰੇਸ਼ਨ ਦੀ ਮਾਤਰਾ ਨੂੰ ਕੰਟਰੋਲ ਕੀਤਾ ਜਾ ਸਕੇ।
ਕਿਹੜੀਆਂ ਸ਼ਰਤਾਂ ਪੂਰੀਆਂ ਕਰਨੀਆਂ ਹੋਣਗੀਆਂ ?
ਕੈਨੇਡਾ ਜਾਣ ਵਾਲੇ ਵਿਦੇਸ਼ੀਆਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਪ੍ਰੋਗਰਾਮ ਲਈ ਯੋਗ ਹੋਣ ਲਈ ਆਮ ਅਤੇ ਸਰੀਰਕ ਸਥਾਨ ਦੀਆਂ ਯੋਗਤਾਵਾਂ ਨੂੰ ਪੂਰਾ ਕਰਨਾ ਲਾਜ਼ਮੀ ਹੈ। ਇਹ ਧਿਆਨ ਦੇਣ ਯੋਗ ਹੈ ਕਿ 1 ਨਵੰਬਰ, 2024 ਤੋਂ ਪਹਿਲਾਂ ਅਪਲਾਈ ਕਰਨ ਵਾਲਿਆਂ ਨੂੰ ਵੀ ਛੋਟ ਨਹੀਂ ਦਿੱਤੀ ਜਾਵੇਗੀ ਜੇਕਰ ਉਹ 1 ਨਵੰਬਰ ਤੋਂ ਬਾਅਦ ਪ੍ਰੋਗਰਾਮ ਲਈ ਅਪਲਾਈ ਕਰ ਰਹੇ ਹਨ। ਇਹਨਾਂ ਬਿਨੈਕਾਰਾਂ ਨੂੰ ਨਵੀਆਂ ਲੋੜਾਂ ਵੀ ਪੂਰੀਆਂ ਕਰਨੀਆਂ ਹੋਣਗੀਆਂ।
ਕੈਨੇਡਾ ਜਾਣ ਵਾਲਿਆਂ ਲਈ ਭਾਸ਼ਾ ਦੀ ਮੁਹਾਰਤ ਦੇ ਨਿਯਮ ਹੁਣ ਹੋਰ ਸਖ਼ਤ ਹੋ ਜਾਣਗੇ। ਨਵੰਬਰ 1, 2024 ਨੂੰ ਜਾਂ ਇਸ ਤੋਂ ਬਾਅਦ ਸਾਰੇ ਬਿਨੈਕਾਰਾਂ ਨੂੰ ਫ੍ਰੈਂਚ ਜਾਂ ਅੰਗਰੇਜ਼ੀ ਵਿੱਚ ਮੁਹਾਰਤ ਸਾਬਤ ਕਰਨੀ ਹੋਵੇਗੀ। ਪੋਸਟ ਗ੍ਰੈਜੂਏਟ ਵਰਕ ਪਰਮਿਟ ਪ੍ਰੋਗਰਾਮ ਪ੍ਰੋਗਰਾਮ ਨੂੰ ਅਪਣਾਉਣ ਵਾਲਿਆਂ ਨੂੰ ਕੈਨੇਡੀਅਨ ਲੈਂਗੂਏਜ ਬੈਂਚਮਾਰਕ (ਸੀਐਲਬੀ) ਪੱਧਰ 7 ਪ੍ਰਾਪਤ ਕਰਨਾ ਹੋਵੇਗਾ। ਜੇਕਰ ਤੁਸੀਂ ਗ੍ਰੈਜੂਏਟ ਹੋ ਤਾਂ ਤੁਹਾਨੂੰ ਸੀਐਲਬੀ ਪੱਧਰ 5 ਪ੍ਰਾਪਤ ਕਰਨ ਦੀ ਲੋੜ ਹੋਵੇਗੀ।
ਚੋਣਾਂ ਕਾਰਣ ਨਿਯਮ ਕੀਤੇ ਜਾ ਰਹੇ ਨੇ ਸਖਤ
ਕੈਨੇਡਾ ਵਿੱਚ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਚੋਣਾਂ ਹੋਣੀਆਂ ਹਨ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲੋਕਪ੍ਰਿਅਤਾ ਵਿੱਚ ਇੰਮੀਗ੍ਰੇਸ਼ਨ ਦੀ ਢਿਲ ,ਮਹਿੰਗਾਈ, ਬੇਰੁਜ਼ਗਾਰੀ ਕਾਰਣ ਲਗਾਤਾਰ ਗਿਰਾਵਟ ਆ ਰਹੀ ਹੈ। ਦੇਸ਼ ਵਿੱਚ ਮਹਿੰਗਾਈ ਲਗਾਤਾਰ ਵੱਧ ਰਹੀ ਹੈ। ਘਰਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ ਅਤੇ ਇੱਕ ਵਿਸ਼ਾਲ ਰਿਹਾਇਸ਼ੀ ਸੰਕਟ ਪੈਦਾ ਹੋ ਗਿਆ ਹੈ। ਟਰੂਡੋ ਸਰਕਾਰ ਆਪਣੀ ਨਾਕਾਮੀ ਦਾ ਦੋਸ਼ ਦੇਸ਼ 'ਵਿਚ ਪ੍ਰਵਾਸੀਆਂ 'ਤੇ ਮੜ੍ਹ ਕੇ ਆਪਣੇ ਆਪ ਨੂੰ ਬਚਾਉਣਾ ਚਾਹੁੰਦੀ ਹੈ। ਇਹੀ ਕਾਰਨ ਹੈ ਕਿ ਟਰੂਡੋ ਦੀ ਲਿਬਰਲ ਸਰਕਾਰ ਪ੍ਰਵਾਸੀਆਂ 'ਤੇ ਨਿਯਮਾਂ ਨੂੰ ਸਖ਼ਤ ਕਰਕੇ ਲੋਕਾਂ ਵਿੱਚ ਆਪਣਾ ਅਕਸ ਸੁਧਾਰਨਾ ਚਾਹੁੰਦੀ ਹੈ।
ਪੰਜਾਬ ਸਰਕਾਰ ਕੀ ਕਰੇ
ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਵਿਚ ਖੇਤੀ ਆਧਾਰਿਤ ਅਤੇ ਹੋਰ ਸਨਅਤਾਂ ਲਗਾ ਕੇ ਨਵੀਂ ਪੀੜ੍ਹੀ ਲਈ ਰੁਜ਼ਗਾਰ ਦੇ ਮੌਕੇ ਵਧਾਉਣ ਲਈ ਠੋਸ ਕਦਮ ਚੁੱਕੇ । ਇਸ ਤੋਂ ਇਲਾਵਾ ਸਰਕਾਰੀ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਹਰ ਪੱਖ ਤੋਂ ਸਥਿਤੀ ਸੁਧਾਰੀ ਜਾਵੇ ਤਾਂ ਜੋ ਨੌਜਵਾਨਾਂ ਨੂੰ ਇਥੇ ਮਿਆਰੀ ਸਿੱਖਿਆ ਮਿਲ ਸਕੇ ਤੇ ਉਹ ਦੇਸ਼ ਵਿਚ ਰੁਜ਼ਗਾਰ ਪ੍ਰਾਪਤ ਕਰਨ ਦੇ ਲਾਇਕ ਹੋ ਸਕਣ ।ਇਸ ਦੇ ਨਾਲ ਹੀ ਰਾਜ ਦੀ ਅਮਨ ਕਾਨੂੰਨ ਦੀ ਸਥਿਤੀ ,ਨਸ਼ਿਆਂ ਦਾ ਸੰਕਟ,ਬੇਰੁਜ਼ਗਾਰੀ ਸੁਧਾਰਨ ਦੀ ਵੀ ਬੇਹੱਦ ਜ਼ਰੂਰਤ ਹੈ ਤਾਂ ਜੋ ਇਥੇ ਹਰ ਨਾਗਰਿਕ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕੇ। ਜੇਕਰ ਸਮੇਂ ਦੀ ਸਰਕਾਰ ਪੰਜਾਬ ਨੂੰ ਹਰ ਪੱਖ ਤੋਂ ਵਿਕਾਸ ਵਾਲੇ ਪਾਸੇ ਲੈ ਕੇ ਜਾਣ ਲਈ ਢੁੱਕਵੀਆਂ ਨੀਤੀਆਂ ਅਪਣਾ ਕੇ ਦਿ੍ੜ੍ਹਤਾ ਨਾਲ ਕੰਮ ਨਹੀਂ ਕਰਦੀ ਤਾਂ ਪੰਜਾਬ ਵਿਚੋਂ ਨਾ ਤਾਂ ਪ੍ਰਵਾਸ ਰੁਕੇਗਾ ਅਤੇ ਨਾ ਹੀ ਇਹ ਰਾਜ ਵਿਕਾਸ ਦੇ ਖੇਤਰ ਵਿਚ ਗੁਆਂਢੀ ਰਾਜਾਂ ਨਾਲ ਬਰਾਬਰੀ ਕਰਦਾ ਹੋਇਆ ਅੱਗੇ ਵਧ ਸਕੇਗਾ। ਹਾਲੇ ਤਕ ਪੰਜਾਬ ਸਰਕਾਰ ਨੇ ਇਸ ਪੱਧਰ ਉਪਰ ਕੋਈ ਉਪਰਾਲਾ ਨਹੀਂ ਕੀਤਾ।
Comments (0)