ਕਾਂਗਰਸ ਦੀ ਸਰਕਾਰ ਸੁੱਟਣ ਦੀ ਤਿਆਰੀ; 7 ਐਮਐਲਏ ਅਗਵਾ

ਕਾਂਗਰਸ ਦੀ ਸਰਕਾਰ ਸੁੱਟਣ ਦੀ ਤਿਆਰੀ; 7 ਐਮਐਲਏ ਅਗਵਾ

ਨਵੀਂ ਦਿੱਲੀ: ਮੱਧ ਪ੍ਰਦੇਸ਼ ਵਿਚ ਕਾਂਗਰਸ ਨੇ ਦਾਅਵਾ ਕੀਤਾ ਹੈ ਕਿ 7 ਐਮਐਲਏ ਅਗਵਾ ਕਰਕੇ ਹਰਿਆਣਾ ਦੇ ਗੁਰੂਗ੍ਰਾਮ ਵਿਚ ਰੱਖੇ ਗਏ ਹਨ। ਇਹਨਾਂ 7 ਵਿੱਚ 4 ਕਾਂਗਰਸ, 2 ਬੀਐਸਪੀ ਅਤੇ 1 ਐਸਪੀ ਨਾਲ ਸਬੰਧਿਤ ਤੇ ਇਕ ਅਜ਼ਾਦ ਐਮਐਲਏ ਦੱਸਿਆ ਜਾ ਰਿਹਾ ਹੈ। 

ਕਾਂਗਰਸ ਦਾ ਦੋਸ਼ ਹੈ ਕਿ ਭਾਜਪਾ ਵੱਲੋਂ ਐਮਐਲਏ ਅਗਵਾ ਕਰਕੇ ਕਾਂਗਰਸ ਦੀ ਸਰਕਾਰ ਸੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਾਂਗਰਸ ਦੇ ਆਗੂ ਦਿਗਵਿਜੇ ਸਿੰਘ ਵੱਲੋਂ ਗੁਰੂਗ੍ਰਾਮ ਪਹੁੰਚ ਕੇ ਇਕ ਐਮਐਲਏ ਨੂੰ ਵਾਪਸ ਲਿਆਂਦਾ ਗਿਆ ਹੈ। 

ਸਵੇਰੇ 2 ਵਜੇ ਦੇ ਕਰੀਬ ਕਾਂਗਰਸੀ ਆਗੂ ਜੀਤੂ ਪਟਵਾਰੀ ਅਤੇ ਦਿਗਵਿਜੇ ਸਿੰਘ ਦੇ ਮੁੰਡੇ ਜੈ ਵਰਧਨ ਸਿੰਘ ਵੱਲੋਂ ਹਰਿਆਣਾ ਦੇ ਗੁਰੂਗ੍ਰਾਮ 'ਚ ਸਥਿਤ ਹੋਟਲ ਵਿਚ ਜਾ ਕੇ ਬੀਐਸਪੀ ਦੇ ਮੁਅੱਤਲ ਕੀਤੇ ਐਮਐਲਏ ਰਾਮਾਬਾਈ ਨੂੰ ਵਾਪਸ ਲਿਆਂਦਾ ਗਿਆ ਹੈ। 

ਦਿਗਵਿਜੇ ਨੇ ਕਿਹਾ, "ਜਦੋਂ ਸਾਨੂੰ ਇਸ ਬਾਰੇ ਪਤਾ ਲੱਗਿਆ ਤਾਂ ਅਸੀਂ ਐਮਐਲਏ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਅਤੇ ਰਾਮਾਬਾਈ ਵਾਪਸ ਵੀ ਆ ਗਏ, ਜਦਕਿ ਬਾਕੀ ਵੀ ਵਾਪਸ ਆਉਣਾ ਚਾਹੁੰਦੇ ਸਨ ਪਰ ਭਾਜਪਾ ਉਹਨਾਂ ਨੂੰ ਆਉਣ ਨਹੀਂ ਦੇ ਰਹੀ।"

ਦਿਗਵਿਜੇ ਨੇ ਦੋਸ਼ ਲਾਇਆ ਕਿ ਐਮਐਲਏ ਖਰੀਦਣ ਲਈ ਵੱਡੀ ਰਕਮ ਦੀ ਪੇਸ਼ਕਸ਼ ਕੀਤੀ ਗਈ ਹੈ। 

ਮੱਧ ਪ੍ਰਦੇਸ਼ ਦੀ 228 ਮੈਂਬਰਾਂ ਵਾਲੀ ਵਿਧਾਨ ਸਭਾ 'ਚ ਇਸ ਸਮੇਂ ਕਾਂਗਰਸ ਕੋਲ 114 ਸੀਟਾਂ ਹਨ ਤੇ ਕਾਂਗਰਸ ਨੇ ਬੀਐਸਪੀ ਦੇ ਦੋ, ਸਮਾਜਵਾਦੀ ਪਾਰਟੀ ਦੇ ਇੱਕ ਅਤੇ ਚਾਰ ਅਜ਼ਾਦ ਐਮਐਲਏ ਦੀ ਮਦਦ ਨਾਲ ਸਰਕਾਰ ਬਣਾਈ ਹੈ। ਭਾਜਪਾ ਕੋਲ 107 ਸੀਟਾਂ ਹਨ। ਦੋ ਐਮਐਲਏ ਮਰਨ ਕਰਕੇ ਇਹ ਦੋ ਸੀਟਾਂ ਫਿਲਹਾਲ ਖਾਲੀ ਪਈਆਂ ਹਨ।