"1984 ਮੇ ਪਾਪਾ ਨੇ ਤਲਵਾਰ ਕੋ ਖੂਨ ਪਿਲਾਇਆ ਥਾ, ਇਸ ਵਾਰ ਮੈਨੇ ਉਸਕੋ ਰੰਗ ਦੀਆ"

ਦਿੱਲੀ ਵਿਚ ਹੋਈ ਹਿੰਸਾ ਕਿੰਨ੍ਹੀ ਖਤਰਨਾਕ ਹੈ, ਇਸ ਦੀ ਉਦਾਹਰਨ ਇਕ 32 ਸਾਲਾ ਹਿੰਦੂ ਨੌਜਵਾਨ ਦੀ ਗੱਲਬਾਤ ਤੋਂ ਸਾਫ ਮਿਲਦੀ ਹੈ ਜੋ ਉਸ ਹੱਥੋਂ ਹੋਏ ਮੁਸਲਮਾਨਾਂ ਦੇ ਕਤਲੇਆਮ 'ਤੇ ਮਾਣ ਕਰਦਾ ਕਹਿੰਦਾ ਹੈ, "ਉਸ ਟਾਈਮ (1984 ਵਿਚ) ਪਾਪਾ ਨੇ ਉਸ ਤਲਵਾਰ ਕੋ ਖੂਨ ਪਿਲਾਇਆ ਥਾ, ਇਸ ਵਾਰ ਮੈਨੇ ਉਸਕੋ ਰੰਗ ਦੀਆ।" 

ਇਸ ਹਿੰਸਾ ਵਿਚ ਸ਼ਾਮਲ ਕੁੱਝ ਲੋਕਾਂ ਨਾਲ ਗੱਲਬਾਤ ਦੇ ਵੇਰਵੇ ਸਕਰੋਲ.ਇਨ ਵੈਬਸਾਈਟ 'ਤੇ ਪੱਤਰਕਾਰ ਅਰੁਨਭ ਸੈਕਿਆ ਵੱਲੋਂ ਛਾਪੇ ਗਏ ਹਨ, ਜਿਹਨਾਂ ਦਾ ਪੰਜਾਬੀ ਤਰਜ਼ਮਾ ਅਸੀਂ 'ਅੰਮ੍ਰਿਤਸਰ ਟਾਈਮਜ਼' ਦੇ ਪਾਠਕਾਂ ਲਈ ਛਾਪ ਰਹੇ ਹਾਂ:

ਸਭ ਤੋਂ ਹੈਰਾਨੀ ਵਾਲਾ ਤਜ਼ਰਬਾ ਇਕ 32 ਸਾਲਾ ਟੈਕਸੀ ਚਾਲਕ ਨਾਲ ਗੱਲਬਾਤ ਦਾ ਰਿਹਾ, ਜਿਸ ਨਾਲ ਮੈਂ ਐਤਵਾਰ ਦੁਪਹਿਰ ਸਫਰ ਕੀਤਾ। ਰਿਹ ਡਰਾਈਵਰ ਪਹਿਲਾਂ ਬੋਲਣ ਤੋਂ ਕਤਰਾ ਰਿਹਾ ਸੀ, ਪਰ ਜਿਵੇਂ ਅਸੀਂ ਯਮੁਨਾ ਲੰਘ ਕੇ ਉੱਤਰ ਪੂਰਬੀ ਦਿੱਲੀ ਵਿਚ ਵੜੇ ਉਹ ਖੁੱਲ੍ਹ ਗਿਆ।

ਉਸਨੇ ਕਿਹਾ, "ਤੁਮ ਹਿੰਦੂ ਹੋ ਇਸਲੀਏ ਬੋਲ ਰਹਾ ਹੂੰ, ਵਰਨਾ ਯੇ ਸਭ ਬੋਲਨੇ ਕੀ ਚੀਜ਼ ਨਹੀ ਹੈ।"

ਘੋਂਡਾ ਦੇ ਅਰਵਿੰਦ ਨਗਰ ਵਿਚ ਰਹਿੰਦੇ ਉਸ ਬੰਦੇ ਨੇ ਮੈਨੂੰ 25 ਫਰਵਰੀ ਦੀ ਰਾਤ ਵਾਲੀਆਂ ਘਟਨਾਵਾਂ ਬਾਰੇ ਦੱਸਿਆ ਕਿ ਉਹ ਕਿਵੇਂ ਚਾਂਦਬਾਗ ਨਾਲ ਲਗਦੇ ਮੁਸਲਿਮ ਬਹੁਗਿਣਤੀ ਵਾਲੇ ਇਲਾਕੇ ਵਿਚ ਗਿਆ। ਉਸਨੇ ਦੱਸਿਆ, "ਉੱਥੇ ਸਾਡੇ ਹਿੰਦੂ ਭਰਾ ਘੱਟ ਗਿਣਤੀ ਵਿਚ ਸਨ।"

ਅਰਵਿੰਦ ਨਗਰ ਅਤੇ ਚਾਂਦਬਾਗ ਵਜ਼ੀਰਾਬਾਦ-ਲੋਨੀ ਸੜਕ ਦੇ ਆਹਮੋ ਸਾਹਮਣੇ ਪਾਸੇ ਪੈਂਦੇ ਹਨ। 

ਡਰਾਈਵਰ ਕਹਿੰਦਾ ਕਿ ਉਸ ਕੋਲ ਇਕ ਗਨ ਅਤੇ ਤਲਵਾਰ ਸੀ। ਉਸਨੇ ਦੱਸਿਆ, "ਮੇਰੇ ਖੱਬੇ ਹੱਥ ਵਿਚ ਗਨ ਅਤੇ ਸੱਜੇ ਵਿਚ ਤਲਵਾਰ ਸੀ। ਮੇਰੀ ਆਂਟੀ ਨੇ ਦੱਸਿਆ ਕਿ ਮੈਨੂੰ ਇਉਂ ਦੇਖ ਕੇ ਉਸਨੂੰ ਮੇਰੇ ਪਿਤਾ ਦੀ ਯਾਦ ਆ ਗਈ। ਉਹ ਵੀ 1984 ਦੰਗਿਆਂ (ਕਤਲੇਆਮ) ਮੌਕੇ ਇਸੇ ਤਰ੍ਹਾਂ ਨਿਕਲੇ ਸਨ।"

1984 ਵਿਚ ਦਿੱਲੀ ਅੰਦਰ ਵੱਡੇ ਪੱਧਰ 'ਤੇ ਹਿੰਦੂਆਂ ਨੇ ਸਿੱਖਾਂ ਖਿਲਾਫ ਹਿੰਸਾ ਕੀਤੀ ਸੀ। ਉਸਨੇ ਕਿਹਾ, "ਉਸ ਟਾਈਮ (1984 ਵਿਚ) ਪਾਪਾ ਨੇ ਉਸ ਤਲਵਾਰ ਕੋ ਖੂਨ ਪਿਲਾਇਆ ਥਾ, ਇਸ ਵਾਰ ਮੈਨੇ ਉਸਕੋ ਰੰਗ ਦੀਆ।" 

'ਜੋ ਅਸੀਂ ਕੀਤਾ ਉਸ ਤੋਂ ਬਹੁਤ ਸੰਤੁਸ਼ਟ ਹਾਂ'
ਡਰਾਈਵਰ ਨੇ ਦੱਸਿਆ ਕਿ ਜਦੋਂ 25 ਫਰਵਰੀ ਨੂੰ ਅਰਵਿੰਦ ਨਗਰ ਤੋਂ ਹਿੰਦੂ ਭੀੜ ਚਾਂਦਬਾਗ ਪਹੁੰਚੀ, ਤਾਂ ਉਹਨਾਂ ਪਹਿਲਾ ਕੰਮ ਬਿਜਲੀ ਬੰਦ ਕਰਨ ਦਾ ਕੀਤਾ। ਉਸਨੇ ਦੱਸਿਆ, "ਸਾਨੂੰ ਪਤਾ ਸੀ ਕਿ ਕਿਹੜਾ ਘਰ ਮੁਸਲਮਾਨਾਂ ਦਾ ਹੈ।"

ਡਰਾਈਵਰ ਨੇ ਦੱਸਿਆ ਕਿ ਬਿਜਲੀ ਬੰਦ ਕਰਕੇ ਹਿੰਦੂ ਮੁਸਲਮਾਨਾਂ ਨੂੰ ਕਤਲ ਕਰਨ ਲੱਗੇ। ਉਸਨੇ ਕਿਹਾ, "ਸਾਲੋਂ ਕੀ ਗਿਨਤੀ ਕਮ ਕਰ ਦੀ- ਹਮਾਰੇ ਦਿਲ ਮੇ ਤਸੱਲੀ ਹੈ ਹਮਨੇ ਜੋ ਹਾਥ ਸੇ ਕਰਾ।"

ਡਰਾਈਵਰ ਨੇ ਦੱਸਿਆ ਕਿ ਮੁਸਲਮਾਨਾਂ ਨੂੰ ਕਤਲ ਕਰਕੇ ਉਹਨਾਂ ਦੀਆਂ ਲਾਸ਼ਾਂ ਨੇੜਲੇ ਗੰਦੇ ਨਾਲੇ ਵਿਚ ਸੁੱਟ ਦਿੱਤੀਆਂ। 

ਉਸਨੇ ਕਿਹਾ, "ਅਬ ਧੀਰੇ ਧੀਰੇ ਨਾਲੇ ਕੀ ਪੋਲ ਖੁਲੇਗੀ, ਸਾਲੇ ਇਤਨੇ ਕੰਕਾਲ ਨਿਕਲੇਂਗੇ ਨਾ ਵਹਾਂ ਸੇ।" 

'ਪੁਲਸ ਨੇ ਸਾਡੀ ਮਦਦ ਕੀਤੀ'
ਡਰਾਈਵਰ ਨੇ ਕਿਹਾ ਕਿ ਉੱਥੇ ਮੋਜੂਦ ਪੁਲਸ ਨੇ ਉਹਨਾਂ ਦੀ ਮਦਦ ਕੀਤੀ। ਉਸਨੇ ਦੱਸਿਆ, "ਉਹ ਕਹਿੰਦੇ ਸਨ, ਤੁਸੀਂ ਸਾਨੂੰ ਹਥਿਆਰ ਦਵੋ, ਅਸੀਂ ਤੁਹਾਨੂੰ ਲਾਸ਼ਾਂ ਦਿਆਂਗੇ।" 

ਜਦੋਂ ਉਸਨੂੰ ਪੁੱਛਿਆ ਕਿ ਪੁਲਸ ਮੁਲਾਜ਼ਮ ਉਹਨਾਂ ਤੋਂ ਹਥਿਆਰ ਕਿਉਂ ਮੰਗ ਰਹੇ ਸਨ ਤਾਂ ਉਸਨੇ ਦੱਸਿਆ, "ਉਹਨਾਂ ਦੀਆਂ ਗੋਲੀਆਂ ਦੀ ਗਿਣਤੀ ਹੁੰਦੀ ਹੈ, ਇਸ ਲਈ ਉਹ ਆਪਣੇ ਹਥਿਆਰ ਨਹੀਂ ਵਰਤ ਸਕਦੇ ਸਨ। ਸਾਡੇ ਸਾਰੇ ਦੋਸਤ ਇਟਾਵਾ, ਆਗਰਾ, ਹਰਿਆਣਾ ਤੋਂ ਹਨ ਜਿੱਥੇ ਅਸਲਾ ਆਮ ਮਿਲ ਜਾਂਦਾ ਹੈ।"

'ਆਰ.ਐਸ.ਐਸ, ਬਜਰੰਗ ਦਲ ਨਹੀਂ, ਹਿੰਦੂ ਸਨ'
ਡਰਾਈਵਰ ਨੇ ਕਿਹਾ ਕਿ ਉਹ ਕਿਸੇ ਹਿੰਦੁਤਵੀ ਜਥੇਬੰਦੀ ਨਾਲ ਸਬੰਧ ਨਹੀਂ ਰੱਖਦਾ। ਉਸਨੇ ਕਿਹਾ ਕਿ ਇਹ ਸਭ ਉਸਨੇ ਆਪਣੀ ਮਰਜ਼ੀ ਨਾਲ ਕੀਤਾ, ਆਪਣੇ ਦੋਸਤਾਂ ਨਾਲ ਮਿਲ ਕੇ ਕੀਤਾ। 

ਉਸਨੇ ਕਿਹਾ, "ਲੋਕ ਕਹਿ ਰਹੇ ਨੇ ਕਿ ਇਹ ਆਰ.ਐਸ.ਐਸ ਸੀ, ਬਜਰੰਗ ਦਲ ਸੀ। ਨਹੀਂ ਇਹ ਹਿੰਦੂ ਸੀ।"

ਉਸਨੇ ਕਿਹਾ, "ਬਹੁਤ ਦਬਾ ਕੇ ਕਾਟਾ ਸਾਲੋਂ ਕੋ। ਤਹਾਨੂੰ ਕੀ ਲੱਗਦਾ ਕਿ ਹੁਣ ਉਹ ਸ਼ਾਂਤੀ ਦੀ ਭੀਖ ਕਿਉਂ ਮੰਗ ਰਹੇ ਹਨ?" 
ਪੂਰੀ ਰਿਪੋਰਟ ਅੰਗਰੇਜ਼ੀ ਵਿਚ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ: ‘I coloured my sword red’: Meet Delhi rioters who say they killed Muslims