ਕੋਲੋਰਾਡੋ ਦੀ ਇਕ ਨਾਈਟ ਕਲੱਬ ਵਿਚ 5 ਹੱਤਿਆਵਾਂ ਕਰਨ ਦੇ ਮਾਮਲੇ ਵਿਚ ਦੋਸ਼ੀ ਨੂੰ 2000 ਸਾਲ ਤੋਂ ਵਧ ਕੈਦ

ਕੋਲੋਰਾਡੋ ਦੀ ਇਕ ਨਾਈਟ ਕਲੱਬ ਵਿਚ 5 ਹੱਤਿਆਵਾਂ ਕਰਨ ਦੇ ਮਾਮਲੇ ਵਿਚ ਦੋਸ਼ੀ ਨੂੰ 2000 ਸਾਲ ਤੋਂ ਵਧ ਕੈਦ
ਕੈਪਸ਼ਨ ਸੁਣਾਈ ਦੌਰਾਨ ਐਂਡਰਸਨ ਲੀ ਐਲਡਰਿਚ (ਖੱਬੇ)

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਇਕ ਅਦਾਲਤ ਵੱਲੋਂ ਪਿਛਲੇ ਸਾਲ ਕੋਲੋਰਾਡੋ ਦੇ ਇਕ ਐਲ ਜੀ ਬੀ ਟੀ ਕਿਊ ਨਾਈਟ ਕਲੱਬ ਵਿਚ ਏ ਆਰ ਸਟਾਈਲ ਰਾਈਫਲ ਨਾਲ ਅੰਧਾਧੁੰਦ ਗੋਲੀਬਾਰੀ ਕਰਕੇ 5 ਹੱਤਿਆਵਾਂ ਕਰਨ ਤੇ 19 ਹੋਰ ਲੋਕਾਂ ਨੂੰ ਜ਼ਖਮੀ ਕਰਨ ਦੇ ਮਾਮਲੇ ਵਿਚ ਸ਼ੱਕੀ ਦੋਸ਼ੀ 23 ਸਾਲਾ ਐਂਡਰਸਨ ਲੀ ਐਲਡਰਿਚ ਨੂੰ 2000 ਸਾਲ ਤੋਂ ਵਧ ਸਜ਼ਾ ਸੁਣਾਏ ਜਾਣ ਦੀ ਖਬਰ ਹੈ। ਜੱਜ ਮਾਈਕਲ ਹੈਨਰੀ ਨੇ ਐਲਡਰਿਚ ਨੂੰ ਕਲੱਬ ਕਿਊ ਵਿਚ ਗੋਲੀਬਾਰੀ ਕਰਕੇ 5 ਪਹਿਲਾ ਦਰਜਾ ਹੱਤਿਆਵਾਂ ਕਰਨ ਦੇ ਦੋਸ਼ਾਂ ਤਹਿਤ 5 ਵਾਰ ਉਮਰ ਭਰ ਲਈ ਜੇਲ ਦੀ ਸਜ਼ਾ ਸੁਣਾਉਣ ਤੋਂ ਇਲਾਵਾ ਹੱਤਿਆਵਾਂ ਦੀ ਕੋਸ਼ਿਸ਼ ਦੇ ਦੋਸ਼ਾਂ ਤਹਿਤ 2208 ਸਾਲ ਕੈਦ ਦੀ ਸਜ਼ਾ ਸੁਣਾਈ। ਸਜ਼ਾ ਕਟਣ ਦੌਰਾਨ ਉਸ ਦੀ ਪੈਰੋਲ ਦੀ ਕੋਈ ਸੰਭਾਵਨਾ ਨਹੀਂ ਹੈ। ਇਸਤਗਾਸਾ ਪੱਖ ਨੇ ਐਲਡਰਿਚ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਨਹੀਂ ਕੀਤੀ ਕਿਉਂਕਿ ਕੋਲੋਰਾਡੋ ਨੇ 2020 ਵਿਚ ਮੌਤ ਦੀ ਸਜ਼ਾ ਦੀ ਵਿਵਸਥਾ ਖਤਮ ਕਰ ਦਿੱਤੀ ਸੀ।