ਕੈਦੀਆਂ ਨੇ ਜੇਲ੍ਹ ਪ੍ਰਸ਼ਾਸਨ 'ਤੇ ਲਾਏ ਗੰਭੀਰ ਦੋਸ਼; ਪੁਲਿਸ ਦੀ ਕੁੱਟਮਾਰ ਨਾਲ ਕੈਦੀ ਦੀ ਮੌਤ ਖਿਲਾਫ ਸੀ ਰੋਸ (ਵੀਡੀਓ)

(ਇਹ ਵੀਡੀਓ ਰੋਜ਼ਾਨਾ ਪਹਿਰੇਦਾਰ ਦੇ ਫੇਸਬੁੱਕ ਪੇਜ ਤੋਂ ਧੰਨਵਾਦ ਸਹਿਤ ਲਈ ਗਈ ਹੈ)
ਲੁਧਿਆਣਾ:
ਲੁਧਿਆਣਾ ਜੇਲ੍ਹ ਵਿੱਚ ਹੋਈ ਅੱਜ ਲੜਾਈ ਨਵੇਂ ਵਿਵਾਦ ਨੂੰ ਜਨਮ ਦੇ ਰਹੀ ਹੈ ਤੇ ਜੇਲ੍ਹਾਂ ਵਿੱਚ ਕੈਦੀਆਂ 'ਤੇ ਹੁੰਦੇ ਤਸ਼ੱਦਦ ਬਾਰੇ ਨਵੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਜਿੱਥੇ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਜੇਲ੍ਹ ਵਿੱਚ ਦੋ ਗੈਂਗਸਟਰਾਂ ਦੇ ਗੁੱਟ ਆਪਸ ਵਿੱਚ ਲੜ ਪਏ ਹਨ ਪਰ ਜੇਲ੍ਹ ਵਿੱਚ ਬੰਦ ਕੈਦੀਆਂ ਵੱਲੋਂ ਫੇਸਬੁੱਕ 'ਤੇ ਲਾਈਵ ਹੋ ਕੇ ਬਿਲਕੁਲ ਹੋਰ ਪੱਖ ਸਾਹਮਣੇ ਰੱਖਿਆ ਹੈ। 

ਫੇਸਬੁੱਕ 'ਤੇ ਲਾਈਵ ਹੋ ਕੇ ਕੈਦੀਆਂ ਨੇ ਕਿਹਾ ਕਿ ਬੀਤੇ ਕੱਲ੍ਹ ਪੁਲਿਸ ਦੀ ਕੁੱਟਮਾਰ ਨਾਲ ਇੱਕ ਕੈਦੀ ਦੀ ਮੌਤ ਹੋ ਗਈ ਸੀ ਜਿਸ ਦੇ ਰੋਸ ਵਜੋਂ ਉਹ ਅੱਜ ਜੇਲ੍ਹ ਪ੍ਰਸ਼ਾਸਨ ਦੇ ਤਸ਼ੱਦਦ ਖਿਲਾਫ ਇਕੱਠੇ ਹੋਏ ਸੀ। ਉਹਨਾਂ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਨੇ ਉਹਨਾਂ 'ਤੇ ਗੋਲੀਆਂ ਅਤੇ ਬੰਬ ਚਲਾਏ। ਇਸ ਗੋਲੀਬਾਰੀ ਵਿੱਚ ਕਈ ਕੈਦੀ ਜ਼ਖਮੀ ਹੋਏ ਹਨ। ਕੈਦੀਆਂ ਦਾ ਦੋਸ਼ ਹੈ ਕਿ ਪੁਲਿਸ ਨੇ ਉਹਨਾਂ 'ਤੇ ਸਿੱਧੀਆਂ ਗੋਲੀਆਂ ਚਲਾਈਆਂ। 

ਦੱਸ ਦਈਏ ਕਿ ਇਸ ਤੋਂ ਪਹਿਲਾਂ ਡੀਸੀ ਵੱਲੋਂ ਵੀ ਅਜਿਹਾ ਹੀ ਬਿਆਨ ਦਿੰਦਿਆਂ ਕਿਹਾ ਗਿਆ ਸੀ ਕਿ, "ਲੰਘੇ ਦਿਨ ਬੁੱਧਵਾਰ ਨੂੰ ਜੇਲ੍ਹ 'ਚ ਇੱਕ ਕੈਦੀ ਦੀ ਹਾਲਤ ਖਰਾਬ ਹੋ ਗਈ ਸੀ ਜਿਸ ਕਾਰਨ ਉਸਨੂੰ ਹਸਪਤਾਲ ਭੇਜਿਆ ਗਿਆ ਸੀ ਤੇ ਬਾਅਦ 'ਚ ਉਸਨੂੰ ਪਟਿਆਲਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ ਜਿਥੇ ਉਸ ਕੈਦੀ ਦੀ ਮੌਤ ਹੋ ਗਈ ਸੀ।" 

ਕੈਦੀਆਂ ਦਾ ਕਹਿਣਾ ਹੈ ਕਿ ਜਿੰਨ੍ਹੀਆਂ ਵੀ ਜੇਲ੍ਹ ਵਿੱਚ ਮੌਤਾਂ ਹੁੰਦੀਆਂ ਹਨ ਉਹ ਪੁਲਿਸ ਵਾਲਿਆਂ ਦੀ ਕੁੱਟਮਾਰ ਨਾਲ ਹੀ ਹੁੰਦੀ ਹੈ ਤੇ ਬਾਅਦ ਵਿੱਚ ਹੋਰ ਕੈਦੀਆਂ 'ਤੇ ਨਜ਼ਾਇਜ਼ ਪਰਚਾ ਦਰਜ ਕਰ ਦਿੱਤਾ ਜਾਂਦਾ ਹੈ।

ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬਿਆਨ ਦਿੱਤਾ ਸੀ ਕਿ ਇਹ ਲੜਾਈ ਜੇਲ੍ਹ ਵਿੱਚ ਬੰਦ ਕੈਦੀਆਂ ਦੇ ਦੋ ਧੜਿਆਂ ਦਰਮਿਆਨ ਹੋਈ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ