ਚਪੜਚਿੜੀ ਦੀ ਜੰਗ ਦਾ ਹਾਲ: ਵਜ਼ੀਰ ਖਾਨ ਤੋਂ ਸਿਆਣਾ ਸੈਨਾਪਤੀ ਸਾਬਤ ਹੋਇਆ ਬੰਦਾ ਸਿੰਘ ਬਹਾਦਰ (ਕਿ:2)

ਚਪੜਚਿੜੀ ਦੀ ਜੰਗ ਦਾ ਹਾਲ: ਵਜ਼ੀਰ ਖਾਨ ਤੋਂ ਸਿਆਣਾ ਸੈਨਾਪਤੀ ਸਾਬਤ ਹੋਇਆ ਬੰਦਾ ਸਿੰਘ ਬਹਾਦਰ (ਕਿ:2)

ਕੋਰੋਨਾਵਾਇਰਸ ਕਾਰਨ ਲੱਗੀਆਂ ਪਾਬੰਦੀਆਂ ਦਰਮਿਆਨ ਵਿਸ਼ਵ ਦੇ ਵੱਖ-ਵੱਖ ਖਿੱਤਿਆਂ 'ਚ ਬੈਠਾ ਸਿੱਖ ਭਾਈਚਾਰਾ ਆਪਣੇ ਘਰਾਂ ਵਿਚ ਹੀ ਇਤਿਹਾਸਕ ਦਿਹਾੜਿਆਂ ਨੂੰ ਯਾਦ ਕਰ ਰਿਹਾ ਹੈ। ਸਨ 1710 ਦੇ ਮਈ ਮਹੀਨੇ ਵਿਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਥਾਪੇ ਗਏ ਬਾਬਾ ਬੰਦਾ ਸਿੰਘ ਬਹਾਦਰ ਦੀ ਜਥੇਦਾਰੀ ਹੇਠ ਖਾਲਸਾ ਫੌਜ ਨੇ ਮੁਗਲ ਸਲਤਨਤ ਦੇ ਪੰਜਾਬ ਵਿਚਲੇ ਕੇਂਦਰੀ ਸੂਬੇ ਸਰਹਿੰਦ ਨੂੰ ਫਤਹਿ ਕੀਤਾ ਸੀ। ਸਰਹਿੰਦ ਫਤਹਿ ਦੀ ਇਤਿਹਾਸਕ ਦਾਸਤਾਨ ਸਬੰਧੀ ਅਸੀਂ ਨਾਵਲਕਾਰ ਨਰਿੰਦਰਪਾਲ ਸਿੰਘ ਵੱਲੋਂ ਨਾਵਲ 'ਖੰਨਿਓਂ ਤਿੱਖੀ' ਵਿਚ ਲਿਖੇ ਇਸ ਇਤਿਹਾਸਕ ਘਟਨਾ ਦੇ ਵਿਰਤਾਂਤ ਵਾਲੇ ਹਿੱਸੇ ਨੂੰ 'ਅੰਮ੍ਰਿਤਸਰ ਟਾਈਮਜ਼' ਦੇ ਪਾਠਕਾਂ ਨਾਲ ਲੜੀਵਾਰ ਸਾਂਝਾ ਕਰ ਰਹੇ ਹਾਂ। ਪਹਿਲੀ ਕਿਸ਼ਤ ਤੁਹਾਡੀ ਸੇਵਾ ਵਿਚ ਹਾਜ਼ਰ ਹੈ।

ਪਹਿਲੀ ਕਿਸ਼ਤ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ: 
                         ਚਪੜਚਿੜੀ ਦੇ ਜੰਗ-ਏ-ਮੈਦਾਨ ਦਾ ਦ੍ਰਿਸ਼: ਖ਼ਾਲਸਾਈ ਦਲ 'ਤੇ ਮੁਗਲੀਆ ਦਲ ਦੀਆਂ ਤੋਪਾਂ ਨੇ ਬਾਛੜ ਕੀਤੀ (ਕਿ:1)

ਯੁਧ ਇਕ ਕਲਾ ਹੈ ਤੇ ਇਸ ਕਲਾ ਵਿਚ ਨਿਪੁੰਨਤਾ ਹਾਸਿਲ ਕਰਨ ਵਾਸਤੇ ਉੱਨੀ ਹੀ ਸਿਖਲਾਈ ਤੇ ਅਭਿਆਸ ਦੀ ਲੋੜ ਹੈ ਜਿੰਨੀ ਕਿਸੇ ਹੋਰ ਕਲਾ ਵਾਸਤੇ। ਜਿਉਂ ਜਿਉਂ ਸਿਪਾਹੀ ਦਾ ਅਹੁਦਾ ਉੱਚਾ ਹੁੰਦਾ ਹੈ, ਉਹਦੇ ਵਾਸਤੇ ਇਸ ਕਲਾ ਦਾ ਗਿਆਨ ਤੇ ਇਹਦੀ ਸਹੀ ਪਕੜ ਜ਼ਰੂਰੀ ਹੁੰਦੀ ਜਾਂਦੀ ਹੈ। ਇਕ ਆਮ ਸਿਪਾਹੀ ਵਾਸਤੇ ਇਹ ਕਲਾ ਸਿਰਫ ਚੰਗਾ ਸ਼ਾਹ ਸਵਾਰ ਤੇ ਪਲੱਥੇ-ਬਾਜ਼ ਤੇ ਜ਼ਾਤੀ ਜੰਗੀ ਸਿਆਣਪ ਤਕ ਹੀ ਮਹਿਮੂਦ ਹੋਵੇਗੀ, ਪਰ ਇਕ ਸੈਨਾਪਤੀ ਵਾਸਤੇ ਇਹਨਾਂ ਤਿੰਨ ਚੀਜ਼ਾਂ ਵਿਚ ਪ੍ਰਬੀਨਤਾ ਦੂਜੇ ਦਰਜੇ ਉੱਤੇ ਆਉਂਦੀ ਹੈ। ਇਹਨਾਂ ਤਿੰਨਾਂ ਚੀਜ਼ਾਂ ਤੋਂ ਵੱਧ ਉਹਦੇ ਵਾਸਤੇ ਯੁਧ-ਕਲਾ ਨੂੰ ਚੌਰੜੇ ਦਰਿਸ਼ਟੀਕੋਣ ਤੋਂ ਸਮਝਣਾ ਜ਼ਰੂਰੀ ਹੈ। ਜਦੋਂ ਤਕ ਉਹਦਾ ਦਿਮਾਗ ਵਡੀਆਂ ਵਡੀਆਂ ਚਾਲਾਂ ਤੇ ਜੰਗ ਜਿੱਤਣ ਦੇ ਨਵੇˆ ਤੇ ਅਣ-ਗਾਹੇ ਰਾਹ ਨਹੀਂ ਸੋਚ ਸਕਦਾ ਉਹ ਅਸਫਲ ਹੋਵੇਗਾ। ਉਹਦੀ ਸਫਲਤਾ ਵਾਸਤੇ ਲਾਜ਼ਮੀ ਹੈ ਕਿ ਉਹਦੇ ਸਿਪਾਹੀ ਸਦਾ ਚੜ੍ਹਦੀਆਂ ਕਲਾਂ ਵਿਚ ਰਹਿਣ। ਇਸ ਲਈ ਉਹਨੂੰ ਜਵਾਨਾਂ ਦੇ ਸੁਖ ਤੇ ਆਰਾਮ ਬਾਰੇ ਵੀ ਸੋਚਣਾ ਪਏਗਾ ਤੇ ਆਪਣੀ ਸੈਨਾ ਦੇ ਰਸਦ-ਪਾਣੀ ਤੇ ਲਾਮਡੌਰੀ ਦਾ ਖ਼ਾਸ ਧਿਆਨ ਰਖਣਾ ਪਏਗਾ।

ਇਕ ਚੰਗੇ ਸੈਨਾਪਤੀ ਵਾਸਤੇ ਰਾਜਨੀਤਿਕ ਸੂਝ ਵੀ ਜ਼ਰੂਰੀ ਹੈ। ਹਰ ਲੜਾਈ ਦੇ ਕੋਈ ਨਾ ਕੋਈ ਰਾਜਨੀਤਿਕ ਕਾਰਨ ਹੁੰਦੇ ਹਨ ਤੇ ਹਰ ਲੜਾਈ ਕਿਸੇ ਨਾ ਕਿਸੇ ਰਾਜਨੀਤਿਕ ਦਰਿਸ਼ਟੀਕੋਣ ਨੂੰ ਸਿੱਧ ਕਰਨ ਵਾਸਤੇ ਜਾਂ ਕੋਈ ਨਾ ਕੋਈ ਰਾਜਨੀਤਿਕ ਲਾਭ ਉਠਾਣ ਵਾਸਤੇ ਲੜੀ ਜਾਂਦੀ ਹੈ। ਜੇ ਸੈਨਾਪਤੀ ਨੂੰ ਇਹਨਾਂ ਕਾਰਨਾਂ ਤੇ ਇਹਨਾਂ ਲਾਭਾਂ ਦੀ ਸੋਝੀ ਨਹੀˆ ਹੋਵੇਗੀ ਤਾਂ ਉਹਦੀਆਂ ਚਾਲਾਂ ਸ਼ਾਇਦ ਕੁਥਾਈਆਂ ਤੇ ਅਣਉਚਿਤ ਹੋਣਗੀਆਂ।

ਇਕ ਸੈਨਾਪਤੀ ਵਾਸਤੇ ਸਮੁਚੀ ਆਰਥਕ ਸਥਿਤੀ ਜਾਣਨੀ ਵੀ ਜ਼ਰੂਰੀ ਹੈ। ਉਹਨੂੰ ਗਿਆਨ ਹੋਣਾ ਚਾਹੀਦਾ ਹੈ ਕਿ ਹਥਲੇ ਹਮਲੇ ਜਾਂ ਹਥਲੀ ਕਾਰਵਾਈ ਲਈ ਮੁਲਕ ਤੇ ਕੌਮ ਕੋਲੋਂ ਕੀ ਕੀ ਕਿਸ ਕਿਸ ਚੀਜ਼ ਦੀ ਆਸ਼ਾ ਰਖੀ ਜਾ ਸਕਦੀ ਹੈ। ਆਰਥਕ ਤੇ ਇੰਤਜ਼ਾਮੀ ਮਸਲਿਆਂ ਵਿਚ ਤਨਖ਼ਾਹ, ਰਸਦ ਪਾਣੀ, ਕਪੜੇ ਲੱਤੇ ਤੇ ਚਾਰੇ ਪੱਠੇ ਦੇ ਮਸਲੇ ਵੀ ਸ਼ਾਮਿਲ ਹਨ। ਲੜਾਈ ਵਾਸਤੇ ਮਜ਼ਬੂਤ ਆਰਥਕ ਤੇ ਪ੍ਰਬੰਧਕ ਹਾਲਤ ਜਿੰਨੀ ਅੱਜ ਜ਼ਰੂਰੀ ਹੈ ਉੱਨੀ ਹੀ ਅੱਜ ਤੋਂ ਦੋ ਸੌ ਜਾਂ ਦੋ ਹਜ਼ਾਰ ਸਾਲ ਪਹਿਲੇ ਵੀ ਜ਼ਰੂਰੀ ਸੀ।

ਇਕ ਚੰਗਾ ਸੈਨਾਪਤੀ ਸਦਾ ਚੰਗਾ ਮਨੋਵਿਗਿਆਨਕ ਹੁੰਦਾ ਹੈ। ਹਰਸ਼, ਅਸ਼ੋਕ, ਚੰਗੇਜ਼, ਸਕੰਦਰ ਜਾਂ ਸੀਜ਼ਰ ਸਦਾ ਜਾਣਦੇ ਸਨ ਕਿ ਉਹ ਆਪਣੇ ਸਿਪਾਹੀਆਂ ਕੋਲੋਂ ਕਿਸ ਚੀਜ਼ ਦੀ ਉਮੀਦ ਰੱਖ ਸਕਦੇ ਸਨ। ਫੌਜ ਦੀ ਹਾਲਤ ਤੇ ਸਾਮਾਨ ਦੀ ਮੌਜੂਦਗੀ ਨੂੰ ਅੱਖਾਂ ਸਾਹਮਣੇ ਰਖ ਕੇ ਇਕ ਚੰਗਾ ਜਰਨੈਲ ਸਹਿਜੇ ਹੀ ਦਸ ਦੇਵੇਗਾ ਕਿ ਅੰਤ ਹਾਰ ਹੋਵੇਗੀ ਜਾਂ ਜਿੱਤ।

ਇਹਨਾਂ ਸਭ ਚੀਜ਼ਾਂ ਦਾ ਜਾਣਨਾ ਤੇ ਇਹਨਾਂ ਸ਼ੈਆਂ ਨੂੰ ਲੜਾਈ ਲੜਨ ਵੇਲੇ ਆਪਣੇ ਸਾਹਮਣੇ ਰਖਣਾ ਯੁਧ ਕਲਾ ਦਾ ਅੰਗ ਹੈ। ਤੇ ਇਸ ਕਲਾ ਵਿਚ ਨਿਪੁੰਨਤਾ ਹਾਸਲ ਕਰਨ ਵਾਸਤੇ ਬੇਸ਼ੱਕ ਬੜੇ ਅਭਿਆਸ ਤੇ ਸਿਖਲਾਈ ਦੀ ਲੋੜ ਹੈ। ਪਰ ਹੋਰਨਾਂ ਕਲਾਂ ਵਾਂਗ ਯੁਧ-ਕਲਾ ਵੀ ਕਈ ਵਾਰ ਸਿਖਲਾਈ ਤੇ ਅਭਿਆਸ ਨੂੰ ਝੁਠਲਾ ਦੇਂਦੀ ਹੈ। ਇਸ ਕਲਾ ਵਿਚ ਵੀ ਕਿਤੇ-ਕਿਤੇ, ਕਦੀ-ਕਦੀ ਅਜਿਹੇ ਮਾਹਿਰ ਪੈਦਾ ਹੋ ਜਾਂਦੇ ਹਨ ਜਿਨ੍ਹਾਂ ਨੇ ਕਿਤੋਂ ਕੁਝ ਸਿਖਿਆ ਨਹੀਂ ਹੁੰਦਾ ਤੇ ਨਾ ਹੀ ਜਿਨ੍ਹਾਂ ਨੂੰ ਕਿਸੇ ਅਭਿਆਸ ਦਾ ਅਵਸਰ ਮਿਲਿਆ ਹੁੰਦਾ ਹੈ। ਕਈ ਮਹਾਨ ਚਿਤ੍ਰਕਾਰਾਂ ਤੇ ਕਵੀਆਂ ਵਾਂਗ ਕਈ ਮਹਾਨ ਜਰਨੈਲ ਵੀ ਜਮਾਂਦਰੂ ਜਰਨੈਲ ਹੋਏ ਹਨ ਤੇ ਹੁੰਦੇ ਰਹਿਣਗੇ। ਨੈਪੋਲੀਅਨ ਦੀ ਯੁਧ-ਕਲਾ ਤੇ ਉਹਦੀ ਅਚੰਭਕ ਜੱਥੇਦਾਰੀ ਦੁਨੀਆਂ ਵਿਚ ਸਦਾ ਇਕ ਮਸਾਲ ਬਣ ਕੇ ਚਮਕਦੀ ਰਹੇਗੀ। ਤੁਲਾਂ ਦੀ ਲੜਾਈ ਵਿਚ ਪਹਿਲੇ ਪਹਿਲ ਜਿਵੇˆ ਨੈਪੋਲੀਅਨ ਬੋਨਾਪਾਰਟ ਨੇ ਆਪਣੀ ਯੁਧ-ਕਲਾ ਦਾ ਸਬੂਤ ਦਿਤਾ, ਉਹਨੂੰ ਵੇਖ ਕੇ ਕੋਈ ਨਹੀਂ ਸੀ ਕਹਿ ਸਕਦਾ ਕਿ ਇਹ ਨੇਤਾ ਅਜੇ ਕੱਲ੍ਹ ਦਾ ਬੱਚਾ ਹੈ, ਜਾਂ ਇਸ ਨੇਤੇ ਦੀ ਸਿਖਲਾਈ ਤੇ ਅਭਿਆਸ ਬੜੇ ਕੱਚੇ ਹਨ।

ਏਸੇ ਤਰ੍ਹਾਂ ਹੀ ਬੰਦਾ ਸਿੰਘ ਬਹਾਦਰ ਨੇ ਆਪਣੀ ਨਿਪੁੰਨਤਾ ਦਾ ਜਿਹੜਾ ਸਬੂਤ ਸਰਹਿੰਦ ਦੀ ਲੜਾਈ ਵਿਚ ਦਿਤਾ ਉਹਨੂੰ ਵੇਖ ਕੇ ਦੁਨੀਆਂ ਦਾ ਕੋਈ ਸਿਪਾਹੀ ਤੇ ਯੁਧ-ਕਲਾ ਦਾ ਸਿੰਞਾਣੂ ਇਹ ਨਹੀਂ ਕਹਿ ਸਕੇਗਾ ਕਿ ਬੰਦਾ ਸਿੰਘ ਬਹਾਦਰ ਉਸ ਦਿਨ ਤੋਂ ਥੋੜਾ ਸਮਾਂ ਪਹਿਲੇ ਸਿਰਫ ਇਕ ਬੈਰਾਗੀ ਸੀ, ਕਿ ਉਸ ਦਿਨ ਤੋਂ ਪਹਿਲਾਂ ਉਹ ਕਿਸੇ ਜਾਨਦਾਰ ਚੀਜ਼ ਦਾ ਮਾਰਨਾ ਵੀ ਪਾਪ ਸਮਝਦਾ ਸੀ। ਬੰਦਾ ਸਿੰਘ ਬਹਾਦਰ ਦੀਆਂ ਲੜਾਈਆਂ ਦੀ ਸੰਜਮੀ ਤੇ ਸੋਧੀ ਹੋਈ ਤਕਨੀਕ ਚੰਗੇ ਸਿਖੇ ਤੇ ਸਾਧੇ ਹੋਏ ਜਰਨੈਲਾਂ ਵਾਂਗ ਸੀ।

ਬੰਦਾ ਸਿੰਘ ਬਹਾਦਰ ਜਿਹੇ ਜਰਨੈਲਾਂ ਨੂੰ ਵੇਖ ਕੇ ਹੀ ਆਦਮੀ ਕਹਿ ਸਕਦਾ ਹੈ ਕਿ ਕੋਈ ਜਰਨੈਲ ਜਮਾਂਦਰੂ ਹੀ ਜਰਨੈਲ ਹੁੰਦੇ ਹਨ ਤੇ ਕਈ ਸਿਪਾਹੀ ਵੀਹ ਵੀਹ ਸਾਲ ਦੀ ਨੌਕਰੀ ਪਿਛੋਂ ਵੀ ਜਰਨੈਲ ਨਹੀˆ ਬਣ ਸਕਦੇ।

ਇਹੋ ਕਾਰਨ ਸੀ ਸ਼ਾਇਦ ਕਿ ਗੁਰੂ ਗੋਬਿੰਦ ਸਿੰਘ ਨੇ ਆਪਣੇ ਮਿਸ਼ਨ ਦੀ ਪੂਰਤੀ ਲਈ ਆਪਣਾ ਜਾਂਨਸ਼ੀਨ ਨੰਦੇੜ ਵਰਗੀ ਦੂਰ-ਦਰਾਂ ਜਗ੍ਹਾ ਵਿਚ ਇਕ ਨਵੇਂ ਸਜੇ ਸਿੰਘ ਨੂੰ ਚੁਣਿਆ। ਇਹੋ ਕਾਰਨ ਸੀ ਕਿ ਬਾਬਾ ਬਿਨੋਦ ਸਿੰਘ ਤੇ ਭਾਈ ਬਾਜ ਸਿੰਘ ਵਰਗੇ ਇਤਬਾਰੀ ਤੇ ਬਹਾਦਰ ਯੋਧਿਆਂ ਨੂੰ ਛੱਡ ਕੇ ਗੁਰੂ ਗੋਬਿੰਦ ਸਿੰਘ ਨੇ ਨਿਸਬਤਨ ਨੌਜਵਾਨ ਬੰਦੇ ਨੂੰ ਚੁਣਿਆ।

ਇਕ ਜਮਾਂਦਰੂ ਪ੍ਰਤਿਭਾ ਨੇ ਇਕ ਜਮਾਂਦਰੂ ਪ੍ਰਤਿਭਾ ਨੂੰ ਪਛਾਣ ਲਿਆ ਸੀ। ਇਕ ਜਮਾਂਦਰੂ ਸੂਝ ਨੇ ਇਕ ਜਮਾਂਦਰੂ ਸੂਝ ਵੇਖੀ ਤੇ ਬੰਦਾ ਬਹਾਦਰ ਇਕ ਬੈਰਾਗੀ ਤੋਂ ਸਿੰਘਾਂ ਦਾ ਜਰਨੈਲ ਬਣ ਗਿਆ। ਇਕ ਪੁੱਜੇ ਹੋਏ ਅਹਿੰਸਕ ਨੇ ਇਕ ਬਹਾਦਰ ਤੇ ਜੋਸ਼ੀਲੀ ਕੌਮ ਦੀ ਜੱਥੇਦਾਰੀ ਸੰਭਾਲੀ। ਬੰਦਾ ਸਿੰਘ ਬਹਾਦਰ ਵਿਚ ਉਹ ਸਾਰੇ ਗੁਣ ਮੌਜੂਦ ਸਨ ਜਿਹੜੇ ਕਿ ਇਕ ਚੰਗੇ ਸਿਖੇ ਹੋਏ ਜਰਨੈਲ ਵਿਚ ਹੁੰਦੇ ਹਨ ਤੇ ਇਕ ਗੁਣ ਉਹਨਾਂ ਨਾਲੋਂ ਵਧੇਰੇ ਵੀ ਸੀ। ਉਹ ਇਹ, ਕਿ ਬੰਦਾ ਸਿੰਘ ਬਹਾਦਰ ਸਿਖਿਆ ਅਤੇ ਅਭਿਆਸੀਆ ਜਰਨੈਲ ਨਹੀਂ ਸੀ। ਇਹਨਾਂ ਲੰਮੀ-ਉਮਰੇ, ਸਿਖੇ ਅਭਿਆਸੇ ਸੈਨਾਪਤੀਆਂ ਵਿਚ ਇਕ ਤਰ੍ਹਾਂ ਦਾ ਕਟੜਪੁਣਾ ਪੈਦਾ ਹੋ ਜਾਂਦਾ ਹੈ ਜਿਹੜਾ ਅਣਸਿਖੀਆਂ ਪ੍ਰਤਿਭਾਵਾਂ ਵਿਚ ਨਹੀਂ ਹੁੰਦਾ। ਇਹ ਅਣਸਿਖੀਆਂ ਪ੍ਰਤਿਭਾਵਾਂ ਹੀ ਹਨ ਜਿਹੜੀਆਂ ਹਰ ਕਲਾ-ਖੇਤਰ ਵਿਚ ਉਹ ਅਸੂਲ ਤੇ ਨਿਯਮ ਰਚਦੀਆਂ ਹਨ ਤੇ ਉਹ ਸਿਖਰਾਂ ਛੋਂਹਦੀਆਂ ਹਨ ਕਿ ਜਿਨ੍ਹਾਂ ਤਕ ਜਗਿਆਸੂ ਪਿਛੋਂ ਸਿਖ-ਸਿਖ ਕੇ ਤੇ ਅਭਿਆਸ ਕਰ ਕਰ ਕੇ ਵੀ ਨਹੀਂ ਅਪੜ ਸਕਦੇ।

ਅੱਜ ਬੰਦਾ ਸਿੰਘ ਬਹਾਦਰ ਦਾ ਮੁਕਾਬਲਾ ਇਕ ਹੰਢੇ ਹੋਏ ਤੇ ਸਿਖੇ ਹੋਏ ਸੈਨਾਪਤੀ ਵਜ਼ੀਰ ਖ਼ਾਨ ਨਾਲ ਸੀ। ਉਸ ਸੈਨਾਪਤੀ ਨਾਲ ਕਿ ਜਿਸ ਜ਼ਿੰਦਗੀ ਵਿਚ ਕੋਈ ਲੜਾਈ ਨਹੀਂ ਸੀ ਹਾਰੀ। ਅੱਜ ਬੰਦਾ ਸਿੰਘ ਬਹਾਦਰ ਦੀਆਂ ਛੇ ਤੋਪਾਂ ਦਾ ਮੁਕਾਬਲਾ ਵਜ਼ੀਰ ਖ਼ਾਨ ਦੀਆਂ ਪੰਜਾਹ ਤੋਪਾਂ ਨਾਲ ਸੀ। ਅੱਜ ਸਿਰਫ ਛੇ ਸੱਤ ਹਜ਼ਾਰ ਘੋੜ-ਸਵਾਰ ਦਸ ਬਾਰਾਂ ਹਜ਼ਾਰ ਘੋੜ-ਸਵਾਰਾਂ ਦੇ ਸਨਮੁੱਖ ਡਟੇ ਸਨ। ਅੱਜ ਇਕ ਅਣਸਿਖਿਆ ਜੱਥਾ ਤੇ ਅਣਸਿਖਿਆ ਜਰਨੈਲ ਸਿਖੀ ਹੋਈ ਪੱਕੀ ਫੌਜ ਤੇ ਪੁਰਾਣੇ ਤੇ ਪਕੇ ਜਰਨੈਲ ਦੇ ਸਾਹਮਣੇ ਸੀ।

ਵਜ਼ੀਰ ਖ਼ਾਨ ਚੰਗੇਰੀ ਜ਼ਮੀਨ ਤੇ ਤੋਪਖ਼ਾਨੇ ਦੀ ਲੜਾਈ ਤਾਂ ਪਹਿਲੇ ਹੀ ਹਾਰ ਚੁੱਕਾ ਸੀ। ਆਪਣੇ ਮੋਰਚਿਆਂ ਦੇ ਸਾਹਮਣੇ ਉਸ ਇਕ ਉੱਚਾ ਜਿਹਾ ਟਿੱਬਾ ਖਾਲੀ ਰਹਿਣ ਦਿਤਾ ਸੀ ਜਿਹੜਾ ਕਿ ਹੁਣ ਬੰਦੇ ਦਾ ਸਦਰ ਸੀ ਤੇ ਉਹਦੇ ਤੋਪਖ਼ਾਨੇ ਦਾ ਕਾਫੀ ਬਾਰੂਦ ਰਾਤ ਪੈਣ ਤੋਂ ਪਹਿਲੇ ਹੀ ਮੁਕ ਚੁਕਾ ਸੀ। ਹੁਣ ਬੰਦਾ ਸਿੰਘ ਨੇ ਇੱਕੀ ਮਈ ਦੀ ਰਾਤ ਵੀ ਦੁਸ਼ਮਣ ਨੂੰ ਚਿੱਤ ਕਰਨ ਦੀ ਸੋਚੀ। ਉਸ ਪੰਦਰਾਂ ਪੰਦਰਾਂ ਆਦਮੀਆਂ ਦੇ ਤਿੰਨ ਜੱਥੇ ਤਿਆਰ ਕੀਤੇ। ਇਹ ਜੱਥੇ ਵਾਰੋਵਾਰ ਤਿੰਨਾਂ ਘੰਟਿਆਂ ਪਿਛੋਂ ਦੁਸ਼ਮਨ ਉੱਤੇ ਕੱਚੇ ਹਮਲੇ ਕਰਨ ਵਾਸਤੇ ਸਨ। ਪਹਿਲੇ ਜੱਥੇ ਨੇ ਕੋਈ ਰਾਤ ਦੇ ਦੱਸ ਵਜੇ 'ਸਤਿ ਸ੍ਰੀ ਅਕਾਲ' ਦੇ ਜੈਕਾਰੇ ਗਜਾਂਦਿਆਂ ਦੁਸ਼ਮਨ ਦੇ ਸੱਜੇ ਹੱਥ ਹਮਲਾ ਕੀਤਾ। ਮੁਗਲਾਂ ਨੇ ਸਮਝਿਆ ਕਿ ਸਿਖ ਆ ਗਏ। ਮਰਦੂਦ ਬੰਦੇ ਨੂੰ ਗਾਲ੍ਹਾਂ ਕਢਦੇ ਤੇ ਸਿਖਾਂ ਨੂੰ ਦੋਜ਼ਖ ਵਿਚ ਸੜਨ ਦੀਆਂ ਬਦ-ਅਸੀਸਾਂ ਦੇਂਦੇ ਮੁਸਲਮਾਨ ਉੱਠੇ, ਪਰ ਉਹਨਾਂ ਦੇ ਤਿਆਰ ਹੰਦਿਆਂ ਤਕ ਸਿਖ ਕੋਈ ਕਿਤੇ ਨਹੀˆ ਸੀ ਦਿਸਦਾ। ਆਪ ਵਜ਼ੀਰ ਖ਼ਾਨ ਹਾਥੀ ਉੱਤੇ ਆਪਣੀ ਸੈਨਾਂ ਦੀ ਸੱਜੀ ਬਾਹੀ ਤਕ ਆਇਆ ਪਰ ਸਿਖ ਫ਼ਰਾਰ ਹੋ ਚੁੱਕੇ ਸਨ।

ਦੋ ਤਿੰਨ ਘੰਟਿਆਂ ਤਕ ਜਦੋਂ ਸੈਨਾ ਵਿਚ ਸ਼ਾਂਤੀ ਵਰਤੀ ਤਾਂ ਇਕ ਨਵਾਂ ਹਮਲਾ ਮੁਗਲੀਹਾ ਸੈਨਾਂ ਦੀ ਖੱਬੀ ਬਾਹੀ ਵਲ ਸ਼ੁਰੂ ਹੋਇਆ। ਇਸ ਵਾਰੀ ਲਗਦਾ ਸੀ ਕਿ ਹਮਲਾ ਸੱਚੀ ਮੁੱਚੀ ਦਾ ਵੱਡਾ ਹੱਲਾ ਹੈ। ਕਿਉਂਕਿ ਐਤਕੀਂ ਬੰਦੇ ਦੇ ਹੁਕਮ ਅਨੁਸਾਰ ਸਮੁਚੀ ਸੈਨਾਂ ਦੇ ਬਹੁਤੇ ਭਾਗ ਨੇ ਵੀ 'ਸਤਿ ਸ੍ਰੀ ਅਕਾਲ' ਦੇ ਜੈਕਾਰੇ ਛੱਡੇ। ਆਵਾਜ਼ ਐਨੀਂ ਉੱਚੀ ਗੂੰਜੀ ਕਿ ਦਸ ਮੀਲ ਦੂਰ ਸਰਹਿੰਦ ਤਕ ਵੀ ਜਾ ਪੁੱਜੀ। ਉਹਨਾਂ ਨੇ ਸਿੰਘਾਂ ਦੇ ਲਮਕਦੇ ਜੈਕਾਰੇ ਤੋਂ ਪਛਾਣਿਆ ਕਿ ਇਹ ਜ਼ਰੂਰ ਬੰਦੇ ਦੀ ਸੈਨਾ ਹੈ। ਉਹਨਾਂ ਦੇ ਦਿਲ ਕੰਬ ਗਏ। ਉਹਨਾਂ ਦੀ ਨੀਂਦ ਉਖੜ ਗਈ। ਉਹਨਾਂ ਦੇ ਬੱਚੇ ਰੋਣ ਲਗੇ। ਲੋਕ ਆਪੋ ਆਪਣੇ ਕੋਠਿਆਂ ਤੋਂ ਆਵਾਜ਼ਾਂ ਦੇ ਕੇ ਇਕ ਦੂਜੇ ਦਾ ਹਾਲ ਪੁਛਣ ਲਗੇ ਤੇ ਇਸ ਬੋਲ-ਬੁਲਾਰੇ ਵਿਚ ਉਹਨਾਂ ਆਪਣਾ ਡਰ ਲੁਕਾਣ ਦੀ ਕੋਸ਼ਿਸ਼ ਕੀਤੀ।

ਤੇ ਏਧਰ ਮੁਗਲਈ ਸੈਨਾਂ ਇਕ ਵਾਰ ਫਿਰ ਜਾਗ ਉੱਠੀ। ਘੜੀ ਮੁੜੀ ਕੱਚੀ ਨੀਂਦਰੇ ਜਾਗਣਾ, ਨਾ ਸੌਣ ਨਾਲੋਂ ਵੀ ਭੈੜਾ ਹੁੰਦਾ ਹੈ। ਉਹਨਾਂ ਦੀ ਅਜੇ ਅੱਖ ਲਗੀ ਹੀ ਸੀ ਕਿ ਹਾਲ-ਪਾਹਰਿਆ ਪੈ ਗਈ। ਪਰ ਅੰਤ ਨਤੀਜਾ ਓਹੀ 'ਢਾਕ ਕੇ ਤੀਨ ਪਾਤ'। ਸਿੰਘ ਵਗੈਜਹ ਕਾਈ ਨਾ। ਇਹ ਤਾਂ ਕੱਚਾ ਹੱਲਾ ਸੀ। ਸਿਰਫ ਦੁਸ਼ਮਨ ਨੂੰ ਠਪਰਾਮ ਕਰਨ ਵਾਸਤੇ।
ਤੇ ਏਸੇ ਤਰ੍ਹਾਂ ਹੀ ਇਕ ਵਾਰ ਹੋਰ।

ਸਵੇਰ ਹੋਣ ਤਕ ਮੁਗਲਈ ਸੈਨਾ ਬੜੀ ਉਪਰਾਮ ਹੋ ਚੁਕੀ ਸੀ। ਉਹਨਾਂ ਵਿਚੋਂ ਬੜੇ ਥੋੜੇ ਆਦਮੀ ਰਾਤੀˆ ਪੂਰੀ ਨੀਂਦ ਸੁੱਤੇ ਸਨ ਤੇ ਸਰਦਾਰ ਤੇ ਜਰਨੈਲ ਤਾਂ ਬਿਲਕੁਲ ਹੀ ਨਹੀਂ। ਸਵੇਰ ਹੋਣ ਤਕ ਉਹਨਾਂ ਨੂੰ ਇਹ ਵੀ ਪਤਾ ਲਗਾ ਕਿ ਗਲਤੀ ਗਲਤੀ ਵਿਚ ਸਿਪਾਹੀਆਂ ਨੇ ਕਈ ਆਪਣੇ ਬੰਦੇ ਵੀ ਮਾਰ ਛੱਡੇ ਹਨ। ਘਾਬਰੇ ਹੋਏ ਚੰਦ ਮਲਵੱਈਆਂ ਨੇ ਕੁਝ ਤੋਪਾਂ ਵੀ ਚਲਾ ਛਡੀਆਂ। ਬੰਦੂਕਾਂ ਦਾ ਬਾਰੂਦ ਵੀ ਕਾਫੀ ਬਰਬਾਦ ਹੋ ਗਿਆ।

ਓਧਰ, ਸਿਖਾਂ ਦੀ ਬਹੁਤੀ ਸੈਨਾਂ ਸੁੱਤੀ ਰਹੀ ਸੀ। ਸਿਰਫ ਇਕ ਵਾਰੀ ਹੀ ਬਹੁਤੇ ਆਦਮੀਆਂ ਨੇ ਉੱਠ ਕੇ ਜੈਕਾਰੇ ਛਡੇ ਸਨ ਪਰ ਉਹ ਵੀ ਫਿਰ ਘੂਕ ਸੌˆ ਗਏ। ਆਖਿਰ ਬੰਦੇ ਦੀ ਅਗਵਾਈ ਥਲੇ ਉਹ ਚੈਨ ਨਾਲ ਕਿਉਂ ਨਹੀˆ ਸਨ ਸੌਂ ਸਕਦੇ?

22 ਮਈ 1710 ਸਵੇਰੇ ਪਹੁ ਫੁਟਾਲੇ ਦੇ ਨਾਲ ਖ਼ਾਲਸਾ ਦਲ ਨੇ ਵੈਰੀ ਉੱਤੇ ਹੱਲਾ ਬੋਲਿਆ।

ਤੇ ਇਸ ਹੱਲੇ ਦੀ ਉਡੀਕ ਵਜ਼ੀਰ ਖ਼ਾਨ ਦੀ ਦੂਜੀ ਵਡੀ ਗਲਤੀ ਸੀ।

ਯੁਧ-ਕਲਾ ਦਾ ਇਕ ਨਿਯਮ ਹੈ ਕਿ ਜੇ ਹੋ ਸਕੇ ਤਾਂ ਸਦਾ ਚੜ੍ਹਾਈ-ਨੀਤੀ ਵਰਤੀ ਜਾਏ।

ਖ਼ਾਸ ਕਰਕੇ ਜਦੋਂ ਕਿਸੇ ਸੈਨਾਂ ਕੋਲ ਗੋਲਾ ਬਾਰੂਦ, ਤੋਪਾਂ, ਘੋੜ ਅਸਵਾਰਾਂ ਤੇ ਸੈਨਾਂ ਦੀ ਬਹੁਤਾਤ ਹੋਵੇ ਤਾਂ ਕੋਈ ਵਜ੍ਹਾ ਨਹੀਂ ਕਿ ਉਹ ਸੈਨਾਂ ਚੜ੍ਹਾਈ-ਨੀਤੀ ਦੀ ਥਾਂ ਬਚਾਅ-ਨੀਤੀ ਵਰਤੇ।

ਬਚਾਅ-ਨੀਤੀ ਵਿਚ ਜੁੱਟੇ ਸਿਪਾਹੀਆਂ ਦਾ ਹੌਂਸਲਾ ਕਦੀ ਅਗਾਂਹ ਵਧੂ ਤੇ ਚੜ੍ਹਦੀਆਂ ਕਲਾਂ ਵਿਚ ਨਹੀˆ ਹੋ ਸਕਦਾ। ਆਪਣੇ ਪਿਛੇ ਉਹਨਾਂ ਨੂੰ ਮੌਤ ਜਾਂ ਹਾਰ ਖਲੌਤੀ ਉਡੀਕਦੀ ਦਿਸਦੀ ਹੈ। ਉਹ ਜਾਣਦੇ ਹਨ ਕਿ ਜੇ ਉਖੜੇ, ਤਾਂ ਗਏ। ਪਰ ਹਮਲਾ-ਆਵਰ ਕੋਲ ਇਕ ਤਾਂ ਜਿੱਤਣ ਦੀ ਆਸ਼ਾ ਹੁੰਦੀ ਹੈ ਤੇ ਦੂਜਾ ਉਹਨੂੰ ਇਹ ਵੀ ਖਿਆਲ ਹੁੰਦਾ ਹੈ ਕਿ ਜੇ ਹਮਲਾ ਨਾ-ਕਾਮਯਾਬ ਹੋਇਆ ਤਾਂ ਵੀ ਕੋਈ ਗੱਲ ਨਹੀਂ। ਹਮਲੇ ਵਿਚ ਹੋਈ ਅਸਫਲਤਾ ਹਾਰ ਨਹੀˆ ਹੁੰਦੀ। ਹਮਲਾਵਰ ਕੋਲ ਹਮੇਸ਼ਾ ਇਕ ਰੰਗ ਦਾ ਪੱਤਾ ਫਾਲਤੂ ਹੁੰਦਾ ਹੈ।

ਏਸੇ ਕਰਕੇ ਹੀ ਚੜ੍ਹਾਈ-ਨੀਤੀ ਨੂੰ ਅਪਨਾਉਣ ਵਾਲਾ ਸੈਨਾਂਪਤੀ ਬਚਾਅ-ਨੀਤੀ ਨੂੰ ਅਪਨਾਉਣ ਵਾਲੇ ਸੈਨਾਂਪਤੀ ਨਾਲੋਂ ਹਰ ਹਾਲਤ ਵਿਚ ਚੰਗੇਰਾ ਹੋਵੇਗਾ। ਉਹਦੀ ਸਫਲਤਾ ਦੀ ਸੰਭਾਵਨਾ ਹਮੇਸ਼ਾ ਹੀ ਵਧੇਰੇ ਹੋਵੇਗੀ। ਬਚਾਅ-ਨੀਤੀ ਅਪਣਾਉਂਦਾ ਜਰਨੈਲ ਸਦਾ ਚੜ੍ਹਾਈ-ਨੀਤੀ ਵਾਲੇ ਜਰਨੈਲ ਦੇ ਵੱਸ ਵਿਚ ਹੁੰਦਾ ਹੈ, ਉਹ ਉਹਦੇ ਦਾਆਂ ਤੇ ਚਾਲਾਂ ਤੇ ਪੈˆਤੜਿਆਂ ਅਨੁਸਾਰ ਆਪਣੇ ਦਾਅ ਤੇ ਪੈˆਤੜੇ ਬਦਲਦਾ ਹੈ ਤੇ ਐਨ ਮੁਮਕਨ ਹੁੰਦਾ ਹੈ ਕਿ ਉਹ ਕਿਤੇ ਥਿੜਕ ਜਾਏ।

ਅੱਜ ਵਜ਼ੀਰ ਖ਼ਾਨ ਨੇ ਬਹੁਤੀ ਸੈਨਾਂ, ਬਹੁਤੀਆਂ ਤੋਪਾਂ ਤੇ ਬਹੁਤੇ ਘੋੜ-ਅਸਵਾਰਾਂ ਦੇ ਹੁੰਦੇ ਹੋਏ ਵੀ ਖ਼ਾਲਸਾ ਦਲ ਨੂੰ ਪਰਵੇਸ਼ਕ ਕਦਮ ਉਠਾਣ ਦਿਤਾ। ਉਹ ਆਪਣੀਆਂ ਪੰਜਾਹ ਤੋਪਾਂ ਨਾਲ ਖ਼ਾਲਸੇ ਨੂੰ ਉਡੀਕ ਰਿਹਾ ਸੀ ਜਿਵੇਂ ਤੋਪਾਂ ਆਪਣੇ ਆਪ ਹੀ ਖ਼ਾਲਸਈ ਦਲ ਨੂੰ ਤਬਾਹ ਕਰ ਦੇਣਗੀਆਂ। ਉਹਨੇ ਆਪਣੇ ਸਾਹਮਣੇ ਹਾਥੀਆਂ ਦੀ ਕੰਧ ਖੜੀ ਕਰ ਲਈ। ਉਹਦੇ ਖ਼ਿਆਲ ਵਿਚ ਇਹ ਕੰਧ ਕਦੀ ਨਹੀਂ ਟੁੱਟੇਗੀ। ਬਜਾਏ ਏਸ ਦੇ ਕਿ ਉਹ ਤੋਪਾਂ ਤੇ ਹਾਥੀਆਂ ਦੀ ਸਹਾਇਤਾ ਨਾਲ ਬੰਦੇ ਉੱਤੇ ਹਮਲਾ ਕਰਦਾ ਤੇ ਉਹਨੂੰ ਦਬਾ ਲੈਂਦਾ- ਉਹ ਇਹਨਾਂ ਦੀ ਓਟ ਵਿਚ ਦਬ ਕੇ ਬੈਠ ਗਿਆ।

ਉਹਦੇ ਸਿਪਾਹੀਆਂ ਦੀ ਨਜ਼ਰ ਵੀ ਇਹਨਾਂ ਹਾਥੀਆਂ ਦੀ ਓਟ ਉੱਤੇ ਸੀ। ਉਹਨਾਂ ਨੂੰ ਐਨਾ ਆਪਣੇ ਆਪ ਉੱਤੇ ਭਰੋਸਾ ਨਹੀਂ ਸੀ ਜਿੰਨਾ ਇਹਨਾਂ ਤੋਪਾਂ ਤੇ ਹਾਥੀਆਂ ਉੱਤੇ, ਜਿਹੜੇ ਉਹਨਾਂ ਦੇ ਸਾਹਮਣੇ ਕੰਧ ਬਣ ਕੇ ਖਲੌਤੇ ਸਨ। ਜਦੋਂ ਆਸਰਾ ਟੁੱਟ ਜਾਵੇ ਤਾਂ ਦਿਲ ਬੈਠ ਜਾਂਦਾ ਹੈ। ਏਸੇ ਤਰ੍ਹਾਂ ਹੀ ਜਦੋਂ ਇਹ ਕੰਧ ਡਿਗ ਗਈ ਤਾਂ ਮੁਗਲਈ ਸੈਨਾਂ ਦਾ ਦਿਲ ਬੈਠ ਜਾਣਾ ਸੀ- ਇਸ ਗੱਲ ਦੀ ਵਜ਼ੀਰ ਖ਼ਾਨ ਨੂੰ ਸੋਝੀ ਨਾ ਹੋਈ।

ਜਦੋˆ ਕਿਸੇ ਸੱਪ ਦੀ ਮੌਤ ਆਉਂਦੀ ਹੈ ਤਾਂ ਉਹ ਖੁੱਡ ਵਿਚੋਂ ਬਾਹਰ ਨਿਕਲ ਆਉਂਦਾ ਹੈ ਪਰ ਜਦੋਂ ਕਿਸੇ ਸੈਨਾਂਪਤੀ ਦੀ ਮੌਤ ਆਉਂਦੀ ਹੈ ਤਾਂ ਉਹ ਆਪਣੀ ਸੈਨਾਂ ਨਾਲ ਇਕ ਖੁੱਡ ਵਿਚ ਵੜ ਜਾਂਦਾ ਹੈ।

ਅੱਜ ਵਜ਼ੀਰ ਖ਼ਾਨ ਦੀ ਮੌਤ ਆ ਗਈ ਸੀ। ਉਸ ਨੇ ਬਚਾਅ-ਨੀਤੀ ਨੂੰ ਅਪਣਾਇਆ ਸੀ। ਉਸ ਨੇ ਆਪਣੇ ਤੇ ਆਪਣੀ ਸੈਨਾ ਸਾਹਵੇਂ ਤੋਪਾਂ ਤੇ ਹਾਥੀਆਂ ਦੀ ਕੰਧ ਉਸਾਰ ਲਈ ਸੀ ਉਸ ਨੇ ਸਮਝਿਆ ਸੀ ਕਿ ਇਸ ਦਾਇਰੇ, ਇਸ ਖੁੱਡ, ਵਿਚ ਉਹ ਸੁਰੱਖਿਅਤ ਹੈ। ਪਰ ਉਹ ਨਹੀˆ ਸੀ ਜਾਣਦਾ ਕਿ ਇਹ ਉਹਦੀ ਮੌਤ ਸੀ।

ਚਲਦਾ.......। (ਬਾਕੀ ਅਗਲੀ ਕਿਸ਼ਤ ਵਿਚ)