ਹਿੰਦੂ ਭੀੜਾਂ ਦੇ ਹਮਲਿਆਂ ਬਾਰੇ ਮੋਦੀ ਨੂੰ ਚਿੱਠੀ ਲਿਖਣ ਵਾਲੀਆਂ ਫਿਲਮੀ ਹਸਤੀਆਂ ਖਿਲਾਫ ਦੇਸ਼-ਧ੍ਰੋਹ ਅਧੀਨ ਮਾਮਲਾ ਦਰਜ

ਹਿੰਦੂ ਭੀੜਾਂ ਦੇ ਹਮਲਿਆਂ ਬਾਰੇ ਮੋਦੀ ਨੂੰ ਚਿੱਠੀ ਲਿਖਣ ਵਾਲੀਆਂ ਫਿਲਮੀ ਹਸਤੀਆਂ ਖਿਲਾਫ ਦੇਸ਼-ਧ੍ਰੋਹ ਅਧੀਨ ਮਾਮਲਾ ਦਰਜ

ਮੁਜ਼ੱਫਰਪੁਰ: ਭਾਰਤ ਵਿੱਚ ਹਿੰਦੂ ਭੀੜਾਂ ਵੱਲੋਂ ਮੁਸਲਮਾਨਾਂ ਅਤੇ ਹੋਰ ਘੱਟਗਿਣਤੀਆਂ 'ਤੇ ਕੀਤੇ ਜਾ ਰਹੇ ਹਮਲਿਆਂ ਸਬੰਧੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖਣ ਵਾਲੇ ਫਿਲਮ ਇੰਡਸਟਰੀ ਨਾਲ ਜੁੜੇ 50 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹਨਾਂ ਵਿਅਕਤੀਆਂ ਵਿੱਚ ਨਾਮਵਰ ਫਿਲਮ ਨਿਰਦੇਸ਼ਕ ਮਨੀ ਰਤਨਮ, ਅਨੁਰਾਗ ਕਸ਼ਿਅਪ, ਸ਼ਿਆਮ ਬੈਨੇਗਲ, ਅਦਾਕਾਰਾ ਸੋਮਿਤਰਾ ਚੈਟਰਜੀ ਅਤੇ ਗਾਇਕ ਸ਼ੁਭਾ ਮੁਦਗਲ ਦੇ ਨਾਂ ਸ਼ਾਮਿਲ ਹਨ। 

ਇਹ ਮਾਮਲਾ ਵਕੀਲ ਸੁਧਾਰ ਕੁਮਾਰ ਓਝਾ ਵੱਲੋਂ ਪਾਈ ਪਟੀਸ਼ਨ 'ਤੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦੇ ਹੁਕਮਾਂ ਨਾਲ ਦਰਜ ਕੀਤਾ ਗਿਆ ਹੈ। ਓਝਾ ਨੇ ਕਿਹਾ, "ਸੀਜੇਐੱਮ ਵੱਲੋਂ 20 ਅਗਸਤ ਨੂੰ ਇਹ ਹੁਕਮ ਜਾਰੀ ਕੀਤੇ ਗਏ ਹਨ, ਜਿਸ ਤਹਿਤ ਸਦਰ ਪੁਲਿਸ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।"

ਓਝਾ ਵੱਲੋਂ ਪਾਈ ਅਪੀਲ ਵਿੱਚ ਦੋਸ਼ ਲਾਇਆ ਗਿਆ ਸੀ ਕਿ 50 ਦੇ ਕਰੀਬ ਵਿਅਕਤੀਆਂ ਵੱਲੋਂ ਦਸਤਖਤ ਕਰਕੇ ਲਿਖੀ ਗਈ ਇਸ ਚਿੱਠੀ ਨਾਲ ਦੇਸ਼ ਅਤੇ ਪ੍ਰਧਾਨ ਮੰਤਰੀ ਦੀ ਬਦਨਾਮੀ ਕੀਤੀ ਗਈ ਹੈ ਤੇ ਦੇਸ਼ ਨੂੰ ਤੋੜਨ ਵਾਲੇ ਵਿਚਾਰਾਂ ਦਾ ਸਮਰਥਨ ਕੀਤਾ ਗਿਆ ਹੈ। 

ਪੁਲਿਸ ਨੇ ਕਿਹਾ ਕਿ ਇਹ ਮਾਮਲਾ ਦੇਸ਼ ਧ੍ਰੋਹ, ਧਾਰਮਿਕ ਭਾਵਨਾਵਾਂ ਭੜਕਾਉਣ ਅਤੇ ਬਦਨਾਮੀ ਕਰਕੇ ਸ਼ਾਂਤੀ ਭੰਗ ਕਰਨ ਦੇ ਇਰਾਦੇ ਵਰਗੀਆਂ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਹੈ।

ਦੱਸ ਦਈਏ ਕਿ ਫਿਲਮ ਜਗਤ ਨਾਲ ਜੁੜੇ 49 ਵਿਅਕਤੀਆਂ ਵੱਲੋਂ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਭੀੜਾਂ ਵੱਲੋਂ ਘੱਟਗਿਣਤੀਆਂ ਦੇ ਕੀਤੇ ਜਾ ਰਹੇ ਕਤਲਾਂ ਨੂੰ ਰੋਕਣ ਲਈ ਕਿਹਾ ਗਿਆ ਸੀ ਤੇ ਚਿੱਠੀ ਵਿੱਚ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਸੀ ਕਿ ਵਿਰੋਧੀ ਵਿਚਾਰਾਂ ਤੋਂ ਬਿਨ੍ਹਾਂ ਲੋਕਤੰਤਰ ਦਾ ਕੋਈ ਵਜ਼ੂਦ ਨਹੀਂ ਹੁੰਦਾ। ਇਸ ਚਿੱਠੀ ਵਿੱਚ ਭੀੜਾਂ ਵੱਲੋਂ ਵਰਤੇ ਜਾ ਰਹੇ "ਜੈ ਸ਼੍ਰੀ ਰਾਮ" ਦੇ ਹਿੰਦੁਤਵੀ ਨਾਅਰੇ 'ਤੇ ਵੀ ਇਤਰਾਜ਼ ਪ੍ਰਗਟ ਕੀਤੇ ਗਏ ਸਨ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।