ਕਾਰਡੀਓਲੋਜਿਸਟ ਡਾ. ਸਵੈਮਨ ਸਿੰਘ ਨੂੰ ਕੈਲੀਫੋਰਨੀਆ ਰਾਜ ਵਿਧਾਨ ਸਭਾ ਦਾ ਵੱਕਾਰੀ ਸਨਮਾਨ ਮਿਲਿਆ

ਕਾਰਡੀਓਲੋਜਿਸਟ ਡਾ. ਸਵੈਮਨ ਸਿੰਘ ਨੂੰ ਕੈਲੀਫੋਰਨੀਆ ਰਾਜ ਵਿਧਾਨ ਸਭਾ ਦਾ ਵੱਕਾਰੀ ਸਨਮਾਨ ਮਿਲਿਆ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ : ਸਾਲ 2020-2021 ਦੇ ਕਿਸਾਨ ਸੰਘਰਸ਼ ਦੌਰਾਨ ਦਿੱਲੀ ਦੀਆਂ ਸਰਹੱਦਾਂ 'ਤੇ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੇ ਡਾ. ਸਵੈਮਨ ਸਿੰਘ ਨੂੰ ਜੀਵਨ ਭਰ ਦੀ ਉਪਲਬਧੀ ਦੇ ਨਾਲ ਕੈਲੀਫੋਰਨੀਆ ਰਾਜ ਵਿਧਾਨ ਸਭਾ ਦੀ ਮਾਨਤਾ ਮਿਲੀ ਹੈ।ਐਵਾਰਡ ਲਈ ਮਤਾ ਕੈਲੀਫੋਰਨੀਆ ਸਟੇਟ ਅਸੈਂਬਲੀ ਦੀ ਮੈਂਬਰ ਜਸਮੀਤ ਕੌਰ ਬੈਂਸ ਨੇ ਅੱਗੇ ਲਿਆਂਦਾ ਸੀ।  ਇਸ ਮੌਕੇ ਜਸਮੀਤ ਕੌਰ ਬੈਂਸ ਨੇ ਸੰਸਥਾ ਵੱਲੋਂ ਵਿਸ਼ਵ ਭਰ ਵਿੱਚ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। 

ਡਾ. ਸਵੈਮਨ ਸਿੰਘ ਇੱਕ ਬੋਰਡ-ਪ੍ਰਮਾਣਿਤ ਕਾਰਡੀਓਲੋਜਿਸਟ ਅਤੇ ਕਲੀਨਿਕਲ ਇੰਸਟ੍ਰਕਟਰ ਹੈ ਜੋ ਹਾਰਟ ਟ੍ਰਾਂਸਪਲਾਂਸ਼ਨ ਅਤੇ ਐਡਵਾਂਸਡ ਦਿਲ ਦੀ ਅਸਫਲਤਾ ਦੇ ਖੇਤਰ ਵਿੱਚ ਵਿਸ਼ਵ ਦੇ ਨੰਬਰ ਇੱਕ ਹਸਪਤਾਲ, ਰੋਚੈਸਟਰ, ਮਿਨੇਸੋਟਾ ਯੂਐਸਏ ਵਿੱਚ ਮੇਓ ਕਲੀਨਿਕ ਦੇ ਇੰਸਟ੍ਰਕਟਰ ਹੈ। ਇਸ ਸਮਾਗਮ ਵਿੱਚ ਕੈਲੀਫੋਰਨੀਆ ਦੇ ਆਸ-ਪਾਸ ਦੀਆਂ ਕਈ ਮਹਾਨ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ।  ਡਾ. ਸਵੈਮਨ ਸਿੰਘ ਦੇ ਸਮਰਥਨ ਵਿਚ ਆਈਆਂ ਸੰਸਥਾਵਾਂ ਵਿਚ ਇੰਡੀ-ਅਮਰੀਕਨ ਹੈਰੀਟੇਜ ਫੋਰਮ, ਗਦਰ ਹੈਰੀਟੇਜ ਫਾਊਂਡੇਸ਼ਨ ਕੈਲੀਫੋਰਨੀਆ, ਭਾਰਤੀ ਸੱਭਿਆਚਾਰਕ ਅਤੇ ਵਿਦਿਅਕ ਸੰਸਥਾਵਾਂ ਯੂਬਾ ਸਿਟੀ, ਵਰਲਡ ਸਿੱਖ ਫੈਡਰੇਸ਼ਨ, ਸਿੱਖ ਸੰਗਤ ਆਫ਼ ਰਿਵਰਸਾਈਡ, ਲਾਸ ਏਂਜਲਸ, ਸੈਨ ਫਰਾਂਸੀਕੋ, ਸੈਨ ਜੋਸ, ਬੇਕਰਸਫੀਲਡ, ਫਰਿਜ਼ਨੋ ,ਫੇਅਰਫੀਲਡ, ਸਟੋਕਟਨ ਅਤੇ ਸੈਕਰੇਮੈਂਟੋ ਸ਼ਾਮਲ ਸਨ। 

ਡਾ. ਸਵੈਮਨ ਸਿੰਘ ਨੇ ਕਿਹਾ ਕਿ ਇਹ ਮਾਨਤਾ ਉਸ ਦੀ ਸੰਸਥਾ ਅਤੇ ਸਮਰਪਿਤ ਟੀਮ ਲਈ ਆਪਣੇ ਪ੍ਰਭਾਵਸ਼ਾਲੀ ਕੰਮ ਨੂੰ ਜਾਰੀ ਰੱਖਣ ਅਤੇ ਮਨੁੱਖਤਾ ਦੀ ਸੇਵਾ ਵਿੱਚ ਹੋਰ ਉਚਾਈਆਂ ਤੱਕ ਪਹੁੰਚਣ ਲਈ ਇੱਕ ਪ੍ਰੇਰਣਾ ਵਜੋਂ ਕੰਮ ਕਰੇਗੀ।

ਇਸ ਮੌਕੇ ਡਾ. ਸਵੈਮਨ ਸਿੰਘ ਨੇ ਕਿਸਾਨ ਅੰਦੋਲਨ ਦੌਰਾਨ ਜਾਨਾਂ ਗਵਾਉਣ ਵਾਲੇ 733 ਕਿਸਾਨਾਂ ਨੂੰ ਯਾਦ ਕੀਤਾ |  ਉਸਨੇ ਦੁਨੀਆ ਭਰ ਦੇ ਬਹੁਤ ਸਾਰੇ ਨਾਗਰਿਕਾਂ ਦੇ ਯਤਨਾਂ ਨੂੰ ਵੀ ਉਜਾਗਰ ਕੀਤਾ ਜੋ ਕਿਸਾਨਾਂ ਅਤੇ ਮਜ਼ਦੂਰਾਂ ਦੀ ਸਹਾਇਤਾ ਲਈ ਅੱਗੇ ਆਏ ਹਨ।  ਡਾ. ਸਵੈਮਨ ਸਿੰਘ ਅਤੇ ਉਨ੍ਹਾਂ ਦੀ ਟੀਮ ਨੂੰ ਮੈਡੀਸਨ, ਵਾਤਾਵਰਣ ਅਤੇ ਸਿੱਖਿਆ ਦੇ ਖੇਤਰਾਂ ਵਿੱਚ ਹਾਲ ਹੀ ਵਿੱਚ ਕੀਤੇ ਗਏ ਕੰਮ ਲਈ ਵੀ ਸ਼ਲਾਘਾ ਕੀਤੀ ਗਈ।