ਨਿੱਝਰ ਦੀ ਮੌਤ ਦੇ ਵਿਵਾਦ ਕਾਰਣ ਭਾਰਤੀ ਪ੍ਰੋਗਰਾਮਾਂ ਤੋਂ ਦੂਰ ਰਹਿਣ ਲੱਗੇ ਕੈਨੇਡੀਅਨ ਲੀਡਰ

ਨਿੱਝਰ ਦੀ ਮੌਤ ਦੇ ਵਿਵਾਦ ਕਾਰਣ ਭਾਰਤੀ ਪ੍ਰੋਗਰਾਮਾਂ ਤੋਂ ਦੂਰ ਰਹਿਣ ਲੱਗੇ ਕੈਨੇਡੀਅਨ ਲੀਡਰ

ਐਵਾਰਡਜ਼ ਨਾਈਟ’ ਸਮਾਰੋਹ  ਮੌਕੇ ਓਂਟਾਰੀਓ ਦੇ ਮੁੱਖ ਮੰਤਰੀ ਡੱਗ ਫੋਰਡ ਤੇ ਕਈ ਹੋਰ ਕੈਨੇਡੀਅਨ ਆਗੂ ਨਹੀਂ ਪੁਜੇ

ਅੰਮ੍ਰਿਤਸਰ ਟਾਈਮਜ਼ ਬਿਊਰੋ

ਟਰਾਂਟੋ: ਖਾਲਿਸਤਾਨੀ ਲੀਡਰ ਹਰਦੀਪ ਸਿੰਘ ਨਿੱਝਰ ਦੀ ਮੌਤ ਮਗਰੋਂ ਭਾਰਤ ਤੇ ਕੈਨੇਡਾ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਇਸ ਦਾ ਅਸਰ ਇਸ ਸਾਲ ਦੇ ਸਭ ਤੋਂ ਵੱਡੇ ‘ਇੰਡੋ-ਕੈਨੇਡੀਅਨ ਐਵਾਰਡਜ਼ ਨਾਈਟ’ ਸਮਾਰੋਹ ਉਤੇ ਵੀ ਦੇਖਣ ਨੂੰ ਮਿਲਿਆ। ਇਸ ਮੌਕੇ ਓਂਟਾਰੀਓ ਦੇ ਮੁੱਖ ਮੰਤਰੀ ਡੱਗ ਫੋਰਡ ਤੇ ਕਈ ਹੋਰ ਕੈਨੇਡੀਅਨ ਆਗੂ ਨਹੀਂ ਪਹੁੰਚੇ, ਹਾਲਾਂਕਿ ਪ੍ਰਮੁੱਖ ਭਾਰਤੀ-ਕੈਨੇਡੀਅਨ ਸੰਸਦ ਮੈਂਬਰ ਚੰਦਰਾ ਆਰੀਆ ਨੇ ਹਾਜ਼ਰੀ ਦਰਜ ਕਰਵਾਈ। ਇਸ ਤੋਂ ਇਲਾਵਾ ਸੂਬੇ ਦੇ ਕੁਝ ਵਿਧਾਇਕ ਤੇ ਸਥਾਨਕ ਮੇਅਰ ਵੀ ਹਾਜ਼ਰ ਸਨ।

ਇਸ ਮੌਕੇ ਇਨਫੋਸਿਸ ਦੇ ਬਾਨੀ ਐਨਆਰ ਨਾਰਾਇਣ ਮੂਰਤੀ ਦੀ ਪਤਨੀ ਸੁਧਾ ਮੂਰਤੀ ਨੂੰ ਕੈਨੇਡਾ ਇੰਡੀਆ ਫਾਊਂਡੇਸ਼ਨ ਵੱਲੋਂ ‘ਗਲੋਬਲ ਇੰਡੀਅਨ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ, ਜਿਸ ਵਿੱਚ 50 ਹਜ਼ਾਰ ਡਾਲਰ ਦੀ ਨਗ਼ਦ ਰਾਸ਼ੀ ਸ਼ਾਮਲ ਹੈ। ਭਾਰਤ ਤੇ ਕੈਨੇਡਾ ਦੇ ਵਰਤਮਾਨ ਸਬੰਧਾਂ ਦਾ ਜ਼ਿਕਰ ਕਰਦਿਆਂ ਭਾਰਤੀ ਹਾਈ ਕਮਿਸ਼ਨਰ ਤੇ ਮੁੱਖ ਮਹਿਮਾਨ ਸੰਜੇ ਕੁਮਾਰ ਵਰਮਾ ਨੇ ਕਿਹਾ ਕਿ ਸਿਆਸੀ ਰਿਸ਼ਤਿਆਂ ਨਾਲ ਅਖ਼ੀਰ ਵਿਚ ਦੋਵੇਂ ਸਰਕਾਰਾਂ ਨਜਿੱਠ ਲੈਣਗੀਆਂ ਪਰ ਇੰਡੋ-ਕੈਨੇਡੀਅਨ ਭਾਈਚਾਰੇ ਨੂੰ ਦੁਵੱਲੇ ਰਿਸ਼ਤੇ ਮਜ਼ਬੂਤ ਕਰਦੇ ਰਹਿਣਾ ਪਵੇਗਾ।

ਉਨ੍ਹਾਂ ਕਿਹਾ, ‘ਇਹ ਉਹ ਸਮਾਂ ਹੈ ਜਦੋਂ ਰਿਸ਼ਤਿਆਂ ਵਿਚ ਤਲਖ਼ੀ ਹੈ, ਤੇ ਸਾਨੂੰ ਠੰਢਕ ਪੈਦਾ ਕਰਨੀ ਪਏਗੀ।’ ਹਾਈ ਕਮਿਸ਼ਨਰ ਵਰਮਾ ਨੇ ਨੇ ਕਿਹਾ ਕਿ ਭਾਰਤੀ ਭਾਈਚਾਰੇ ਨੂੰ ਦੁਵੱਲੇ ਸਬੰਧ ਬਿਹਤਰ ਕਰਨ ਲਈ ਕੰਮ ਕਰਦੇ ਰਹਿਣਾ ਪਏਗਾ।’ ਵਰਮਾ ਨੇ ਕਿਹਾ, ‘ਮੈਂ ਬੇਨਤੀ ਕਰਾਂਗਾ ਕਿ ਤੁਸੀਂ ਕਾਰੋਬਾਰ ਕਰੋ, ਲੋਕਾਂ ਨੂੰ ਭਾਰਤ ਬਾਰੇ ਸਿਖਾਓ, ਸਮਰਥਨ ਜੁਟਾਓ, ਵਿਦਿਆਰਥੀਆਂ ਨੂੰ ਉੱਦਮੀ ਬਣਾਓ, ਇਹ ਕੁਝ ਅਜਿਹੇ ਖੇਤਰ ਹਨ ਜਿਨ੍ਹਾਂ ਉਤੇ ਰਿਸ਼ਤਿਆਂ ਦੀ ਵਰਤਮਾਨ ਸਥਿਤੀ ਦਾ ਕੋਈ ਅਸਰ ਨਹੀਂ ਪਏਗਾ।’

ਆਪਣੇ ਸਵਾਗਤੀ ਭਾਸ਼ਣ ਵਿਚ ‘ਕੈਨੇਡਾ ਇੰਡੀਆ ਫਾਊਂਡੇਸ਼ਨ’ ਦੇ ਚੇਅਰਮੈਨ ਸਤੀਸ਼ ਠੱਕਰ ਨੇ ਕਿਹਾ ਕਿ ਦੁਵੱਲੇ ਰਿਸ਼ਤੇ ‘ਸਥਾਨਕ ਰਾਜਨੀਤਕ ਮਜਬੂਰੀਆਂ ਦੇ ਗ਼ੁਲਾਮ ਨਹੀਂ ਬਣਨੇ ਚਾਹੀਦੇ।’ ਉਨ੍ਹਾਂ ਕਿਹਾ ਕਿ ਕੈਨੇਡਾ ਦੀ ਹਿੰਦ-ਪ੍ਰਸ਼ਾਂਤ ਨੀਤੀ ਤਾਂ ਹੀ ਸਫ਼ਲ ਹੋਵੇਗੀ ਜੇ ਭਾਰਤ ਨਾਲ ਇਸ ਦੇ ਕਾਰੋਬਾਰੀ ਤੇ ਸਿਆਸੀ ਸਬੰਧ ਮਜ਼ਬੂਤ ਹੋਣਗੇ ਕਿਉਂਕਿ ਭਾਰਤ ਇਕ ਮਹੱਤਵਪੂਰਨ ਭਾਈਵਾਲ ਹੈ। ਉਨ੍ਹਾਂ ਕਿਹਾ ਕਿ ਇਹ ਰਿਸ਼ਤੇ ਇਕ-ਦੂਜੇ ਦੇ ਕੌਮੀ ਸੁਰੱਖਿਆ ਸਬੰਧੀ ਫ਼ਿਕਰਾਂ ਨੂੰ ਸਮਝਣ ਉਤੇ ਨਿਰਭਰ ਹਨ। ਟਕਰਾਅ ਵਾਲੇ ਖੇਤਰਾਂ ਵਿਚ ਮਸਲਿਆਂ ਦਾ ਹੱਲ ਟਿਕਾਊ ਕੂਟਨੀਤੀ ਰਾਹੀਂ ਨਿਕਲਣਾ ਚਾਹੀਦਾ ਹੈ।