ਕੈਨੇਡਾ ਵਲ ਪ੍ਰਵਾਸ ਬਨਾਮ ਪੰਜਾਬੀਆਂ ਦਾ ਦੁਖਾਂਤ

ਕੈਨੇਡਾ ਵਲ ਪ੍ਰਵਾਸ ਬਨਾਮ ਪੰਜਾਬੀਆਂ ਦਾ ਦੁਖਾਂਤ

ਵਿਸ਼ੇਸ਼ ਮੁਦਾ

ਕੈਨੇਡਾ, ਇਹ ਸਿਰਫ਼ ਇਕ ਦੇਸ਼ ਨਾ ਹੋ ਕੇ ਸਾਡੇ ਪੰਜਾਬੀਆਂ ਦੀ ਕਮਜ਼ੋਰੀ ਵੀ ਹੈ। ਅੱਜ ਪੰਜਾਬ ਵਿਚ ਜੇ ਤੁਸੀਂ 10 ਲੋਕਾਂ ਨੂੰ ਪੁੱਛੋ ਕਿ ਉਹ ਕੈਨੇਡਾ ਜਾਣ ਦੇ ਚਾਹਵਾਨ ਹਨ ਤਾਂ 9 ਲੋਕਾਂ ਦਾ ਜਵਾਬ ਹਾਂ-ਪੱਖੀ ਹੋਵੇਗਾ। ਬੱਚੇ ਤਾਂ ਬਾਰ੍ਹਵੀਂ ਪਾਸ ਕਰਨ ਤੋਂ ਬਾਅਦ ਹੀ ਕੈਨੇਡਾ ਜਾਣ ਬਾਰੇ ਸੋਚਦੇ ਹਨ ਜਦਕਿ ਉਨ੍ਹਾਂ ਦੇ ਮਾਪੇ ਪਹਿਲਾਂ ਹੀ ਮਨ ਬਣਾ ਲੈਂਦੇ ਹਨ ਕਿ ਹੁਣ ਇਸ ਨੂੰ ਆਈਲੈਟਸ ਕਰਵਾ ਕੇ ਵਿਦੇਸ਼ ਭੇਜ ਦਿੱਤਾ ਜਾਵੇ। ਵਿਦੇਸ਼ ਜਾਣ ਦਾ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਪੰਜਾਬ ਵਿਚ ਰੁਜ਼ਗਾਰ ਦੇ ਮੌਕੇ ਘੱਟ ਹਨ। ਇਸ ਤੋਂ ਇਲਾਵਾ ਵਧੀਆ ਲਾਈਫਸਟਾਈਲ ਲਈ ਲੋਕ ਵਿਦੇਸ਼ ਵੱਲ ਰੁਖ਼ ਕਰਦੇ ਹਨ। ਬਹੁਤੇ ਲੋਕ ਤਾਂ ਆਪਣੇ ਬੱਚਿਆਂ ਨੂੰ ਵੇਖਾ-ਵੇਖੀ ਹੀ ਬਾਹਰ ਭੇਜ ਦਿੰਦੇ ਹਨ। ਬਾਰ੍ਹਵੀਂ ਤੋਂ ਬਾਅਦ ਬੱਚੇ ਇੰਨੇ ਸਿਆਣੇ ਨਹੀਂ ਹੁੰਦੇ ਕਿ ਉਨ੍ਹਾਂ ਨੂੰ ਆਈਲੈਟਸ ਕਰਵਾ ਕੇ ਬਾਹਰਲੇ ਮੁਲਕਾਂ ਵਿਚ ਭੇਜ ਦਿੱਤਾ ਜਾਵੇ। ਜਿਸ ਸੂਬੇ ’ਚ ਮਾਂ-ਪਿਓ ਗੁਆਂਢੀਆਂ ਘਰ ਵੀ ਆਪਣੇ ਬੱਚੇ ਸੋਚ-ਸਮਝ ਕੇ ਭੇਜਦੇ ਹਨ ਉਹੀ ਸੂਬੇ ਦੇ ਮਾਂ-ਪਿਓ ਅੱਜ ਸਿਰਫ਼ ਚਕਾਚੌਂਧ ਕਾਰਨ ਹੀ ਆਪਣੇ ਬੱਚਿਆਂ ਨੂੰ ਝੱਟ ਦੇਣੀ ਵਿਦੇਸ਼ ਭੇਜਣ ਦੀਆਂ ਕੋਸ਼ਿਸ਼ਾਂ ’ਚ ਲੱਗ ਜਾਂਦੇ ਹਨ। ਪੰਜਾਬ ’ਚ ਵੱਡੇ-ਵੱਡੇ ਆਈਲੈਟਸ ਸੈਂਟਰ ਖੁੰਬਾਂ ਵਾਂਗ ਖੁੱਲ੍ਹ ਗਏ ਹਨ ਅਤੇ ਰੋਜ਼ ਪਤਾ ਨੀ ਕਿੰਨੇ ਹੀ ਨੌਜਵਾਨ ਉਨ੍ਹਾਂ ’ਚ ਦਾਖ਼ਲਾ ਲੈਂਦੇ ਹਨ। ਕੀ ਕੁਝ ਸਮੇਂ ਤੋਂ ਕਿਸੇ ਨੇ ਇਸ ਗੱਲ ’ਤੇ ਗ਼ੌਰ ਕੀਤਾ ਹੈ ਕਿ ਵਿਦੇਸ਼ ’ਚ ਸਾਡੇ ਕਿੰਨੇ ਹੀ ਨੌਜਵਾਨ ਰੋਜ਼ ਕਿਸੇ ਨਾ ਕਿਸੇ ਹਾਦਸੇ ਦਾ ਸ਼ਿਕਾਰ ਹੋ ਕੇ ਉਨ੍ਹਾਂ ਜਹਾਜ਼ਾਂ ਵਿਚ ਹੀ ਲਾਸ਼ਾਂ ਬਣ ਕੇ ਪਰਤ ਰਹੇ ਹਨ ਜਿਨ੍ਹਾਂ ’ਚ ਉਹ ਚਾਈਂ-ਚਾਈਂ ਗਏ ਸਨ। ਜੇ ਆਪਾਂ ਪਿਛਲੇ ਕੁਝ ਦਿਨਾਂ ਦੀਆਂ ਖ਼ਬਰਾਂ ’ਤੇ ਝਾਤ ਮਾਰੀਏ ਤਾਂ ਕਿੰਨੀਆਂ ਹੀ ਖ਼ਬਰਾਂ ਅਜਿਹੀਆਂ ਹਨ ਕਿ ਕੈਨੇਡਾ ਵਿਚ ਫਲਾਣੀ ਜਗ੍ਹਾ ਪੰਜਾਬੀ ਨੌਜਵਾਨ ਦਾ ਕਤਲ ਹੋ ਗਿਆ ਜਾਂ ਉਹ ਕਿਸੇ ਲੜਾਈ ਵਿਚ ਮਾਰਿਆ ਗਿਆ।

ਬੀਤੇ ਦਿਨੀਂ ਕੈਨੇਡਾ ਦੇ ਐਡਮਿੰਟਨ ਵਿਚ 16 ਸਾਲਾਂ ਦੇ ਪੰਜਾਬ ਤੋਂ ਗਏ ਨੌਜਵਾਨ ਕਰਨਵੀਰ ਸਿੰਘ ਸਹੋਤਾ ਨੂੰ ਇਕ ਗਰੁੱਪ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਪੰਜਾਬ ਦੇ ਮੋਗਾ ਤੋਂ ਗਏ 23 ਸਾਲਾ ਪ੍ਰਭਜੋਤ ਸਿੰਘ ਦਾ ਵੀ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਕਪੂਰਥਲਾ ਦੀ ਰਹਿਣ ਵਾਲੀ 24 ਸਾਲਾ ਹਰਮਨਦੀਪ ਕੌਰ ਸਕਿਉਰਿਟੀ ਗਾਰਡ ਵਜੋਂ ਕੰਮ ਕਰਦੀ ਮੁਟਿਆਰ ਦਾ ਵੀ ਗੋਰੇ ਵੱਲੋਂ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਹੋਰ ਪਤਾ ਨਹੀਂ ਕਿੰਨੀਆਂ ਹੀ ਅਣਗਿਣਤ ਖ਼ਬਰਾਂ ਹਨ ਜੋ ਇਹ ਦੱਸਦੀਆਂ ਹਨ ਕਿ ਵਿਦੇਸ਼ਾਂ ’ਚ ਸਾਡੇ ਬੱਚੇ ਨਫ਼ਰਤ ਦਾ ਸ਼ਿਕਾਰ ਹੋ ਕੇ ਜਾਨਾਂ ਗੁਆ ਰਹੇ ਹਨ। ਅੱਜ ਇਕ ਪੀਐੱਚਡੀ ਵਿਦਿਆਰਥੀ ਦੀ ਵੁੱਕਤ ਇਕ ਆਈਲੈਟਸ ਕਰਨ ਵਾਲੇ ਨੌਜਵਾਨ ਨਾਲੋਂ ਘੱਟ ਹੈ ਜੋ ਵੱਡੀ ਤ੍ਰਾਸਦੀ ਹੈ। ਇਹ ਚਿੰਤਾ ਵਾਲੀ ਗੱਲ ਹੈ ਕਿ ਸਾਡੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਸੁਰੱਖਿਅਤ ਮਾਹੌਲ ਨਹੀਂ ਮਿਲ ਰਿਹਾ। ਹੁਣ ਕਈ ਕਹਿਣਗੇ ਕਿ ਮਾਹੌਲ ਤਾਂ ਇੱਥੇ ਵੀ ਸੁਰੱਖਿਅਤ ਨਹੀਂ ਪਰ ਇੱਥੇ ਤੁਸੀਂ ਆਪਣੇ ਮਾਪਿਆਂ ਕੋਲ ਤਾਂ ਹੈਗੇ ਹੋ ਨਾ। ਵਿਦੇਸ਼ਾਂ ਵਿਚ ਜਦੋਂ ਤੁਹਾਡਾ ਕੋਈ ਆਪਣਾ ਇਸ ਤਰ੍ਹਾਂ ਦੀ ਘਟਨਾ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਉੱਥੇ ਤੁਹਾਡਾ ਕੋਈ ਆਪਣਾ ਨਹੀਂ ਹੁੰਦਾ... ਕਿੰਨੇ-ਕਿੰਨੇ ਦਿਨ ਘਰਦਿਆਂ ਨੂੰ ਆਪਣੇ ਬੱਚਿਆਂ ਦੀਆਂ ਲਾਸ਼ਾਂ ਨੂੰ ਉਡੀਕਣਾ ਪੈਂਦਾ ਹੈ। ਜੇ ਅਸੀਂ ਘੱਟ ਵਿਚ ਗੁਜ਼ਾਰਾ ਕਰਨਾ ਸਿੱਖ ਜਾਈਏ ਤਾਂ ਬਹੁਤ ਸਾਰੀਆਂ ਮੰਦਭਾਗੀਆਂ ਘਟਨਾਵਾਂ ਤੋਂ ਬਚਿਆ ਜਾ ਸਕਦਾ ਹੈ। ਕੈਨੇਡਾ ਸਰਕਾਰ ਨੂੰ ਕਾਨੂੰਨਾਂ ਨੂੰ ਹੋਰ ਸਖ਼ਤ ਕਰਨਾ ਚਾਹੀਦਾ ਹੈ ਤਾਂ ਜੋ ਸਾਡੇ ਪੰਜਾਬੀ ਨੌਜਵਾਨ ਨਸਲਵਾਦ ਦਾ ਸ਼ਿਕਾਰ ਨਾ ਹੋ ਸਕਣ। ਇਕ ਵਜ੍ਹਾ ਹੋਰ ਇਹ ਵੀ ਹੈ ਕਿ ਸਾਡੇ ਨੌਜਵਾਨ ਇੱਥੋਂ ਜਾ ਕੇ ਬਾਹਰ ਖੁੱਲੇ੍ਹ ਮਾਹੌਲ ਵਿਚ ਖੁੱਲ੍ਹ ਜਾਂਦੇ ਹਨ ਅਤੇ ਗ਼ਲਤ ਕੰਮਾਂ ਵਿਚ ਪੈ ਕੇ ਗ਼ਲਤ ਮਾਹੌਲ ਸਿਰਜਦੇ ਹਨ। ਉਹ ਗੈਂਗਵਾਰ ਦਾ ਹਿੱਸਾ ਬਣ ਜਾਂਦੇ ਹਨ ਤੇ ਆਪਣੇ ਹੀ ਪੰਜਾਬੀ ਨੌਜਵਾਨਾਂ ’ਤੇ ਵਾਰ ਕਰਦੇ ਹਨ। ਮਾਪੇ ਆਪਣੀ ਸਾਰੀ ਉਮਰ ਦੀ ਕਮਾਈ ਆਪਣੇ ਬੱਚਿਆਂ ’ਤੇ ਲਾ ਕੇ ਉਨ੍ਹਾਂ ਨੂੰ ਵਿਦੇਸ਼ਾਂ ਵਿਚ ਭੇਜਦੇ ਹਨ ਅਤੇ ਜਦੋਂ ਇਹੀ ਬੱਚੇ ਬਾਹਰ ਜਾ ਕੇ ਆਪਣੀ ਆਜ਼ਾਦੀ ਦਾ ਗ਼ਲਤ ਫ਼ਾਇਦਾ ਚੁੱਕਦੇ ਹਨ ਤੇ ਗ਼ਲਤ ਕੰਮਾਂ ਵਿਚ ਪੈ ਕੇ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ ਤਾਂ ਇਸ ਦਾ ਖ਼ਮਿਆਜ਼ਾ ਪੰਜਾਬ ਬੈਠੇ ਉਨ੍ਹਾਂ ਦੇ ਮਾਪਿਆਂ ਨੂੰ ਭੁਗਤਣਾ ਪੈਂਦਾ ਹੈ। ਜੇਕਰ ਅਸੀਂ ਇੱਥੇ ਰਹਾਂਗੇ ਤਾਂ ਹੀ ਆਪਣੇ ਪੰਜਾਬ ਨੂੰ ਬਦਲ ਸਕਾਂਗੇ। ਮੈਨੂੰ ਲੱਗਦਾ ਹੈ ਕਿ ਦੁਨੀਆ ਦੀ ਹਰ ਸ਼ੈਅ ਨਾਲੋਂ ਸਭ ਤੋਂ ਜ਼ਿਆਦਾ ਮਾਅਨੇ ਇਹ ਰੱਖਦਾ ਹੈ ਕਿ ਤੁਸੀਂ ਆਪਣੇ ਘਰ ਹੋਵੋ ਤੇ ਆਪਣੇ ਮਾਪਿਆਂ ਦੇ ਕੋਲ ਹੋਵੋ ਪਰ ਅੱਜ ਦੇ ਦੌਰ ਵਿਚ ਅਸੀਂ ਇਨ੍ਹਾਂ ਗੱਲਾਂ ਨੂੰ ਤਵੱਜੋ ਨਾ ਦੇ ਕੇ ਆਪਣੇ ਬੱਚਿਆਂ ਨੂੰ ਆਪਣਿਆਂ ਤੋਂ ਦੂਰ ਕਰ ਰਹੇ ਹਾਂ ਅਤੇ ਕਈ ਵਾਰ ਉਹ ਇੰਨਾ ਦੂਰ ਹੋ ਜਾਂਦੇ ਹਨ ਕਿ ਫਿਰ ਅਸੀਂ ਉਨ੍ਹਾਂ ਦਾ ਦੁਬਾਰਾ ਚਿਹਰਾ ਵੀ ਨਹੀਂ ਦੇਖ ਪਾਉਂਦੇ। ਸੋ, ਇੱਥੇ ਸਾਨੂੰ ਸਾਰਿਆਂ ਨੂੰ ਖ਼ੁਦ ਸੋਚਣ, ਸਮਝਣ ਤੇ ਸੰਭਲਣ ਦੀ ਲੋੜ ਹੈ।

 

ਦਮਨਜੀਤ ਕੌਰ

ਮੋਬਾਈਲ : 99150-65993