ਕੈਨੇਡਾ ਵਲੋਂ ਭਾਰਤ ਤੋਂ ਉਡਾਨਾਂ ਬੰਦ 

ਕੈਨੇਡਾ ਵਲੋਂ ਭਾਰਤ ਤੋਂ ਉਡਾਨਾਂ ਬੰਦ 

 ਦੋਵਾਂ ਸਰਕਾਰਾਂ ਨੇ ਆਪਣੇ ਨਾਗਰਿਕਾਂ ਨੂੰ ਵਾਪਸ ਲਿਜਾਣ ਦਾ ਬੰਦੋਬਸਤ ਨਾ ਕੀਤਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਟੋਰਾਂਟੋ-ਕੋਰੋਨਾ ਵਾਇਰਸ ਦੇ ਵਧੇ ਹੋਏ ਪ੍ਰਕੋਪ ਤੋਂ ਬਾਅਦ ਕੈਨੇਡਾ ਸਰਕਾਰ ਵਲੋਂ ਬੀਤੇ ਦਿਨੀਂ ਭਾਰਤ ਤੋਂ ਅਚਾਨਕ ਸਾਰੀਆਂ ਯਾਤਰੀ ਹਵਾਈ ਉਡਾਨਾਂ ਬੰਦ ਕਰ ਦਿੱਤੀਆਂ ਸਨ । ਜ਼ਰੂਰੀ ਸਾਮਾਨ ਦੀ ਢੋਆ-ਢੁਆਈ ਵਾਸਤੇ ਕਾਰਗੋ ਜਹਾਜ਼ ਹੀ ਚੱਲ ਰਹੇ ਹਨ ।ਅਜਿਹੇ 'ਚ ਬੀਤੇ ਸਾਲ ਮਾਰਚ 'ਚ ਲੱਗੀ ਤਾਲਾਬੰਦੀ ਵਾਂਗ ਹੀ ਕੁਝ ਕੈਨੇਡਾ ਵਾਸੀ ਭਾਰਤ 'ਚ ਅਤੇ ਕਈ ਭਾਰਤੀ ਕੈਨੇਡਾ 'ਚ ਫਸ ਕੇ ਰਹਿ ਗਏ ਹਨ । ਉਨ੍ਹਾਂ ਨੂੰ ਆਪੋ ਆਪਣੇ ਮੁਲਕਾਂ ਨੂੰ ਪਰਤਣ ਵਾਸਤੇ ਆਪਣੇ ਬਲਬੂਤੇ ਹੀ ਯਤਨ ਕਰਨੇ ਪੈਣੇ ਹਨ , ਕਿਉਂਕਿ ਹਾਲ ਦੀ ਘੜੀ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵਲੋਂ ਆਪਣੇ ਨਾਗਰਿਕਾਂ ਨੂੰ ਵਾਪਸ ਲਿਜਾਣ ਵਾਸਤੇ ਕੋਈ ਬੰਦੋਬਸਤ ਨਹੀਂ ਕੀਤੇ ਜਾ ਰਹੇ ਹਨ ।ਬੀਤੀ ਚਾਰ ਮਈ ਤੱਕ ਭਾਰਤ ਤੋਂ ਅਮਰੀਕਾ ਦੀਆਂ ਉਡਾਨਾਂ ਚੱਲ ਰਹੀਆਂ ਸਨ, ਜਿਸ ਕਰਕੇ ਕੈਨੇਡਾ ਦੇ ਕੁਝ ਨਾਗਰਿਕ ਉਸ ਰਸਤੇ ਕੈਨੇਡਾ ਪਰਤ ਸਕੇ ਹਨ । ਟੋਰਾਂਟੋ 'ਚ ਭਾਰਤ ਦੇ ਕੌਂਸਲਖਾਨੇ ਤੋਂ ਕੌਂਸਲ ਧੀਰਜ ਪਾਰਿਕ ਨੇ ਦੱਸਿਆ ਕਿ ਉਡਾਨਾਂ ਬੰਦ ਹੋਣ ਤੋਂ ਬਾਅਦ ਭਾਰਤ ਸਰਕਾਰ ਦਾ ਕੈਨੇਡਾ 'ਚੋਂ ਭਾਰਤੀਆਂ ਨੂੰ ਵਾਪਸ ਲਿਜਾਣ ਦਾ ਅਜੇ ਕੋਈ ਪ੍ਰੋਗਰਾਮ ਨਹੀਂ ਹੈ । ਉਨ੍ਹਾਂ ਇਹ ਵੀ ਕਿਹਾ ਕਿ ਅਜੇ ਤੱਕ ਕਿਸੇ ਭਾਰਤੀ ਨੇ ਕੈਨੇਡਾ ਤੋਂ ਵਾਪਸ ਜਾਣ ਲਈ ਸੰਪਰਕ ਵੀ ਨਹੀਂ ਕੀਤਾ । ਧੀਰਜ ਨੇ ਦੱਸਿਆ ਕਿ ਪਰਿਵਾਰਕ ਐਮਰਜੈਂਸੀ ਹਾਲਾਤ 'ਚ ਭਾਰਤ ਜਾਣ ਵਾਸਤੇ ਲੋਕਾਂ ਵਲੋਂ ਜਾਣਕਾਰੀ ਪ੍ਰਾਪਤ ਕੀਤੀ ਜਾਂਦੀ ਰਹਿੰਦੀ ਹੈ ਪਰ ਉਡਾਨਾਂ ਬੰਦ ਹੋਣ ਕਾਰਨ ਕੈਨੇਡਾ 'ਚੋਂ ਭਾਰਤ ਦੇ ਨਾਗਰਿਕਾਂ ਨੂੰ ਵਾਪਸ ਜਾਣ ਦੀ ਕੋਈ ਹੰਗਾਮੀ ਹਾਲਤ ਨਜ਼ਰ ਨਹੀਂ ਆ ਰਹੀ । ਉਨ੍ਹਾਂ ਇਹ ਵੀ ਕਿਹਾ ਕਿ ਇਹ ਸਮਾਂ ਸਫ਼ਰ ਕਰਨ ਦਾ ਨਹੀਂ ਹੈ ਜਿਸ ਕਰਕੇ ਲੋਕ ਜਿੱਥੇ ਵੀ ਹਨ, ਉੱਥੇ ਰਹਿਣ ਤੇ ਵੈਕਸੀਨ ਦਾ ਟੀਕਾ ਲਗਵਾ ਕੇ ਆਪਣੇ ਆਪ ਨੂੰ ਸੁਰੱਖਿਅਤ ਕੀਤਾ ਜਾਵੇ । ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਕਰਕੇ ਉਂਟਾਰੀਓ 'ਚ ਪ੍ਰਾਂਤਕ ਸਰਕਾਰ ਨੇ ਲੋਕਾਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਹਦਾਇਤ ਕੀਤੀ ਹੋਈ ਹੈ, ਜਿਸ ਕਰਕੇ ਭਾਰਤ ਦਾ ਕੌਂਸਲਖਾਨਾ ਵੀ ਬੰਦ ਹੈ ।ਉਨ੍ਹਾਂ ਕਿਹਾ ਕਿ ਐਮਰਜੈਂਸੀ 'ਚ ਕਿਸੇ ਭਾਰਤੀ ਨਾਗਰਿਕ ਜਾਂ ਭਾਰਤੀ ਮੂਲ ਦੇ ਵਿਅਕਤੀ ਨੂੰ ਕੌਂਸਲਖਾਨੇ ਦੀਆਂ ਸੇਵਾਵਾਂ ਦੀ ਜ਼ਰੂਰਤ ਪਵੇ ਤਾਂ ਅਗਾਊਂਂ ਸਮਾਂ ਲੈਣਾ ਜ਼ਰੂਰੀ ਹੈ ।