ਕੈਲੀਫੋਰਨੀਆ ਦੇ ਜੰਗਲ ਵਿਚ ਲੱਗੀ ਅੱਗ ਵਿਚੋਂ ਕਤੂਰਿਆਂ ਨੂੰ ਹੈਲੀਕਾਪਟਰ ਰਾਹੀਂ ਬਚਾਇਆ

ਕੈਲੀਫੋਰਨੀਆ ਦੇ ਜੰਗਲ ਵਿਚ ਲੱਗੀ ਅੱਗ ਵਿਚੋਂ ਕਤੂਰਿਆਂ ਨੂੰ ਹੈਲੀਕਾਪਟਰ ਰਾਹੀਂ ਬਚਾਇਆ
ਕੈਪਸ਼ਨ ਹੈਲੀਕਾਪਟਰ ਰਾਹੀਂ ਬਚਾਏ ਰੋਟਵੀਲਰ ਨਸਲ ਦਾ ਕੁੱਤਾ ਤੇ ਕਤੂਰੇ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਸੈਕਰਾਮੈਂਟੋ, ਕੈਲੀਫੋਰਨੀਆ ਦੇ ਉੱਤਰ ਵਿਚ ਲੱਗੀ ਅੱਗ ਜਿਸ ਨੂੰ ਪਾਰਕ ਫਾਇਰ ਦਾ ਨਾਂ ਦਿੱਤਾ ਗਿਆ ਹੈ, ਵੱਲੋਂ ਮਚਾਈ ਭਾਰੀ ਤਬਾਹੀ ਦਰਮਿਆਨ ਹੈਲੀਕਾਪਟਰ ਦੀ ਮੱਦਦ ਨਾਲ ਇਕ ਰੋਟਵੀਲਰ ਨਸਲ ਦੇ ਕੁੱਤੇ ਤੇ 4 ਕਤੂਰਿਆਂ ਨੂੰ ਬਚਾ ਲੈਣ ਦੀ ਖਬਰ ਹੈ। ਇਹ ਜਾਣਕਾਰੀ ਬੂਟੇ ਕਾਊਂਟੀ ਦੇ ਸ਼ੈਰਿਫ ਦਫਤਰ ਨੇ ਦਿੱਤੀ ਹੈ। ਸ਼ੈਰਿਫ ਦਫਤਰ ਦੇ ਫੇਸਬੁੱਕ ਸਫੇ ਉਪਰ ਪਾਈ ਇਕ ਪੋਸਟ ਅਨੁਸਾਰ ਕੈਂਪਬੈਲਵਿਲੇ ਦੇ ਦੂਰ ਦਰਾਜ ਦੇ ਖੇਤਰ ਨੇੜੇ ਰਹਿੰਦੇ ਇਕ ਵਿਅਕਤੀ ਨੂੰ ਹੋਰਨਾਂ ਲੋਕਾਂ ਨਾਲ ਬਚਾ ਲਿਆ ਗਿਆ ਸੀ ਪਰੰਤੂ ਉਹ ਆਪਣੇ ਕੁੱਤਿਆਂ ਨੂੰ ਨਾਲ ਨਹੀਂ ਲਿਆ ਸਕਿਆ ਸੀ।

ਕਾਊਂਟੀ ਦੀ ਬਚਾਅ ਤੇ ਰਾਹਤ ਟੀਮ ਦਾ ਇਕ ਮੈਂਊਰ ਟਰੇਵਰ ਸਕਾਗਸ ਪਾਇਲਟ ਕੋਨੋਰ ਸਮਿੱਥ ਨਾਲ ਇਕ ਹੈਲੀਕਾਪਟਰ ਰਾਹੀਂ ਸਬੰਧਤ ਖੇਤਰ ਵਿਚ ਗਿਆ ਤੇ ਉਹ ਕੁੱਤਿਆਂ ਨੂੰ ਲੱਭਣ ਵਿਚ ਸਫਲ ਹੋ ਗਏ। ਮੌਕੇ 'ਤੇ ਇਕ ਰੋਟਵੀਲਰ ਨਸਲ ਦੀ ਕੁੱਤੀ ਮ੍ਰਿਤਕ ਹਾਲਤ ਵਿਚ ਮਿਲੀ ਜਦ ਕਿ ਦੋ ਹੋਰ ਕਤੂਰੇ ਨਹੀਂ ਮਿਲੇ। ਮਿਲੇ ਕੁੱਤੇ ਤੇ ਕਤੂਰਿਆਂ ਨੂੰ ਪਾਣੀ ਪਿਆ ਗਿਆ ਤੇ ਖਾਣ ਲਈ ਕੁਝ ਦਿੱਤਾ ਗਿਆ। ਬਾਅਦ ਵਿਚ ਉਨਾਂ ਨੂੰ ਚੀਕੋ ਹਵਾਈ ਅੱਡੇ 'ਤੇ ਨਾਰਥ ਵੈਲੀ ਐਨੀਮਲ ਡਿਜਾਸਟਰ ਗਰੁੱਪ ਦੇ ਹਵਾਲੇ ਕਰ ਦਿੱਤਾ ਗਿਆ ਜੋ ਅੱਗ ਤੋਂ ਪ੍ਰਭਾਵਿਤ ਘੋੜਿਆਂ, ਸੂਰਾਂ ਤੇ ਹੋਰ ਪਸ਼ੂਆਂ ਦੀ ਦੇਖਭਾਲ ਕਰਦਾ ਹੈ।