ਕੈਲਫੋਰਨੀਆ ਤੋਂ ਫਲੋਰਿਡਾ ਤੱਕ ਇਕ ਸਕੀਮ ਤਹਿਤ ਹੁੰਦੀ ਹੈ ਨਸ਼ੀਲੇ ਪਦਾਰਥਾਂ ਦੀ ਤਸਕਰੀ

ਕੈਲਫੋਰਨੀਆ ਤੋਂ ਫਲੋਰਿਡਾ ਤੱਕ ਇਕ ਸਕੀਮ ਤਹਿਤ ਹੁੰਦੀ ਹੈ ਨਸ਼ੀਲੇ ਪਦਾਰਥਾਂ ਦੀ ਤਸਕਰੀ
ਕੈਪਸ਼ਨ :ਪੋਲਕ ਕਾਊਂਟੀ ਦੇ ਸ਼ੈਰਿਫ ਗਰੈਡੀ ਜੂਡ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਬਾਰੇ ਜਾਣਕਾਰੀ ਦਿੰਦੇ ਹੋਏ

ਪਿਛਲੇ ਦੋ ਸਾਲਾਂ ਦੌਰਾਨ 128 ਕਰੋੜ ਡਾਲਰ ਦੇ ਨਸ਼ੀਲੇ ਪਦਾਰਥ ਫੜੇ ਤੇ 85 ਸ਼ੱਕੀ ਦੋਸ਼ੀ ਕੀਤੇ ਗ੍ਰਿਫਤਾਰ

ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ
20 ਅਗਸਤ (ਹੁਸਨ ਲੜੋਆ ਬੰਗਾ)-ਫਲੋਰਿਡਾ ਵਿਚ ਪਿਛਲੇ ਤਕਰੀਬਨ ਦੋ ਸਾਲਾਂ ਦੌਰਾਨ ਡਰੱਗ ਤਸਕਰੀ ਜਾਂਚ ਤਹਿਤ 128 ਕਰੋੜ ਡਾਲਰ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ ਤੇ 85 ਸ਼ੱਕੀ ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ। ਇਹ ਜਾਣਕਾਰੀ ਪੋਲਕ ਕਾਊਂਟੀ ਦੇ ਸ਼ੈਰਿਫ ਦਫਤਰ ਦੇ ਅਧਿਕਾਰੀਆਂ ਨੇ ਦਿੱਤੀ ਹੈ। ਜਾਂਚ ਜਿਸ ਦਾ ਸਿਰਲੇਖ '' ਆਪਰੇਸ਼ਨ  ਫਲਾਇੰਗ ਆਈਸ '' ਰਖਿਆ ਗਿਆ ਸੀ ਸਤੰਬਰ 2020 ਵਿਚ ਵਿੰਟਰ ਹੈਵਨ, ਫਲੋਰਿਡਾ ਤੋਂ ਸ਼ੁਰੂ ਕੀਤਾ ਗਿਆ ਸੀ। ਪਹਿਲੇ ਤਲਾਸ਼ੀ ਵਾਰੰਟਾਂ ਤਹਿਤ ਕੇਵਲ ਇਕ ਪਾਊਂਡ ਮੈਥਮਫੈਟਾਮਾਈਨ ਬਰਾਮਦ ਹੋਈ ਸੀ ਪਰ ਇਸ ਤੋਂ ਬਾਅਦ 'ਮੈਥਮਫੈਟਾਮਾਈਨ ਟਰੈਫਕਿੰਗ ਸਕੀਮ' ਦਾ ਪਰਦਾਫਾਸ਼ ਹੋਇਆ ਜਿਸ ਸਕੀਮ ਤਹਿਤ ਕੈਲੀਫੋਰਨੀਆ ਤੋਂ ਫਲੋਰਿਡਾ ਵਿਚ ਵੱਡੀ ਪੱਧਰ ਉਪਰ ਘਰੇਲੂ ਉਡਾਣਾਂ ਰਾਹੀਂ ਮੈਥਮਫੈਟਾਮਾਈਨ ਦੀ ਤਸਕਰੀ ਕੀਤੀ ਜਾਂਦੀ ਹੈ। ਇਹ ਬਰਾਮਦਗੀ ਘਰੇਲੂ ਉਡਾਣਾਂ ਦੇ ਸਮਾਨ ਦੀ ਤਲਾਸ਼ੀ ਦੌਰਾਨ ਹੋਈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੋਲਕ ਕਾਊਂਟੀ ਦੇ ਸ਼ੈਰਿਫ ਗਰੈਡੀ ਜੂਡ ਨੇ ਫੜੇ ਗਏ 6 ਸੂਟਕੇਸ ਵੀ ਵਿਖਾਏ ਜਿਨਾਂ ਵਿਚ ਮੈਥਮਫੈਟਾਮਾਈਨ ਭਰੀ ਪਈ ਸੀ। ਨਸ਼ੀਲੇ ਪਦਾਰਥ ਨਾਲ ਭਰੇ ਇਹ ਸੂਟਕੇਸ ਇਕ ਏਅਰਲਾਈਨ ਦੀ ਉਡਾਣ ਰਾਹੀਂ ਓਰਲਾਂਡੋ ਵਿਚ ਲਿਆਂਦੇ ਗਏ ਸਨ। ਉਨਾਂ ਕਿਹਾ ਕਿ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਇਹ ਛੇਤੀ ਸਲਾਖਾਂ ਪਿੱਛੇ ਹੋਣਗੇ।