ਬਣਾਉਟੀ ਬੁੱਧੀ ਦਾ ਜ਼ਹੂਰ ਪੂਰੇ ਸੰਸਾਰ ਨੂੰ ਅੱਗ ਦੇ ਗੋਲ਼ੇ ਵਿੱਚ ਤਬਦੀਲ ਕਰ ਦੇਵੇਗਾ

ਬਣਾਉਟੀ ਬੁੱਧੀ ਦਾ ਜ਼ਹੂਰ ਪੂਰੇ ਸੰਸਾਰ ਨੂੰ ਅੱਗ ਦੇ ਗੋਲ਼ੇ ਵਿੱਚ ਤਬਦੀਲ ਕਰ ਦੇਵੇਗਾ

ਬਣਾਉਟੀ ਮਸ਼ੀਨੀ ਬੁੱਧੀ, ਅਸਲ ਵਿੱਚ ਮਸ਼ੀਨੀ ਬੁੱਧੀ

ਵਿਗਿਆਨਕ ਅਧਿਐਨਾਂ ਤੇ ਮਨੁੱਖੀ ਸੂਝ ਦੀ ਦਿਮਾਗੀ ਘਾਲਣਾ ਨੇ ਮਨੁੱਖ ਵਾਂਗ ਸੋਚ ਸਕਣ ਤੇ ਹਾਲਾਤ ਮੁਤਾਬਿਕ ਆਪਣੇ ਫੈਸਲੇ ਆਪ ਕਰ ਸਕਣ ਵਾਲੀਆਂ, ਕੰਪਿਊਟਰ ਆਧਾਰਿਤ ਅਜਿਹੀਆਂ ਬਿਜਲਈ ਮਸ਼ੀਨਾਂ ਤਿਆਰ ਕਰ ਲਈਆਂ ਹਨ ਜੋ ਅੰਕੜਿਆਂ ਅਤੇ ਸੂਚਨਾਵਾਂ ਦੇ ਆਧਾਰ ‘ਤੇ, ਬਣਾਉਟੀ ਬੁੱਧੀ ਰਾਹੀਂ ਵੱਖ ਵੱਖ ਪ੍ਰਕਾਰ ਦੇ ਕਾਰਜ ਕਰ ਸਕਦੀਆਂ ਹਨ। ਮਨੁੱਖ ਦੀ ਸੂਝ ਨੇ ਅਜਿਹੀ ਬਣਾਉਟੀ ਬੁੱਧੀ ਦੀ ਖੋਜ ਕਰ ਲਈ ਹੈ ਜੋ ਮਨੁੱਖੀ ਪਹਿਰੇ ਤੋਂ ਬਿਨਾਂ ਹੀ ਅਜਿਹੇ ਅਲੌਕਿਕ ਕਾਰਜ ਕਰ ਵਿਖਾਉਂਦੀ ਹੈ, ਜਿਸ ਦੇ ਨਤੀਜੇ ਅਤੇ ਪ੍ਰਭਾਵ ਦੇਖ ਕੇ ਮਨੁੱਖ ਖੁਦ ਵੀ ਹੈਰਾਨ ਰਹਿ ਜਾਂਦਾ ਹੈ। ਬਣਾਉਟੀ ਮਸ਼ੀਨੀ ਬੁੱਧੀ, ਅਸਲ ਵਿੱਚ ਮਸ਼ੀਨੀ ਬੁੱਧੀ ਦੇ ਸੂਖਮ ਤੇ ਸਮਝਦਾਰ ਰਵੱਈਏ ਦਾ ਹੀ ਨਾਮ ਹੈ ਜੋ ਕਿਸੇ ਹੱਦ ਤੱਕ ਮਨੁੱਖ ਦੀ ਕੁਦਰਤੀ ਸਿਆਣਪ ਤੋਂ ਜ਼ਾਹਰਾ ਤੌਰ ‘ਤੇ ਭਿੰਨ ਹੈ। ਵਿਗਿਆਨਕ ਖੋਜ ਅਤੇ ਤਕਨਾਲੋਜੀ ਦੇ ਅਲੱਗ ਅਲੱਗ ਖੇਤਰਾਂ ਵਿੱਚ ਮਨੁੱਖੀ ਸੂਝ ਨੇ ਹੈਰਾਨ ਕਰ ਦੇਣ ਵਾਲੀਆਂ ਪ੍ਰਾਪਤੀਆਂ ਦੇ ਸਿਖਰਲੇ ਬਿੰਦੂ ਛੂਹ ਲਏ ਹਨ। ਇਨਸਾਨੀ ਸਮਾਜ ਵਿੱਚ ਭਾਵਹੀਣ ਮਨੁੱਖ ਦੀ ਤੁਲਨਾ ਰਾਖਸ਼ਸ਼ ਬੁੱਧੀ ਨਾਲ ਕੀਤੀ ਜਾਂਦੀ ਹੈ। ਬਣਾਉਟੀ ਮਸ਼ੀਨੀ ਬੁੱਧੀ ਭਾਵੇਂ ਆਪਣੇ ਕਾਰਜ ਖੇਤਰ ਵਿੱਚ ਕਿੰਨੀ ਵੀ ਮੁਹਾਰਤ ਕਿਉਂ ਨਾ ਹਾਸਲ ਕਰ ਲਵੇ, ਪਰ ਉਹ ਮਨੁੱਖੀ ਜਜ਼ਬਾਤ ਦੀਆਂ ਤਰੰਗਾਂ ਨਾਲ ਲਬਰੇਜ਼ ਨਹੀਂ ਹੋ ਸਕਦੀ। ਉਸ ਦੀ ਮੁਹਾਰਤ ਵਿੱਚ ਮਨੁੱਖੀ ਅਹਿਸਾਸ ਨਹੀਂ ਭਰੇ ਜਾ ਸਕਦੇ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮਨੁੱਖੀ ਸਮਝ ਨੇ ਬਣਾਉਟੀ ਮਸ਼ੀਨੀ ਬੁੱਧੀ ਨੂੰ ਇਸਤੇਮਾਲ ਕਰਕੇ, ਪੁਲਾੜ ਵਿਗਿਆਨ, ਸਿਹਤ ਵਿਗਿਆਨ ਅਤੇ ਵਿਗਿਆਨ ਦੇ ਹੋਰ ਮਹੀਨ ਖੇਤਰਾਂ ਵਿੱਚ ਵੀ ਵੱਡੀਆਂ, ਨਾਯਾਬ ਪ੍ਰਾਪਤੀਆਂ ਕਰ ਲਈਆਂ ਹਨ। ਖੇਤਰੀ ਸੁਰੱਖਿਆ ਲਈ ਅਜਿਹੇ ਮਾਰੂ ਹਥਿਆਰ ਤਿਆਰ ਕਰ ਲਏ ਹਨ, ਜੋ ਸਵੈ ਰੱਖਿਆ ਦੇ ਮਨਸ਼ੇ ਨਾਲ, ਦੁਸ਼ਮਣਾਂ ਦੇ ਟਿਕਾਣਿਆਂ ਵੱਲ ਸੇਧਿਤ ਹਮਲੇ ਕਰਨ ਅਤੇ ਉਨ੍ਹਾਂ ਨੂੰ ਮੁਕੰਮਲ ਤੌਰ ‘ਤੇ ਬਰਬਾਦ ਕਰਨ ਦੀ ਸਮਰੱਥਾ ਰੱਖਦੇ ਹਨ। ਮਨੁੱਖੀ ਦਿਮਾਗ ਨੇ ਬਣਾਉਟੀ ਮਸ਼ੀਨੀ ਬੁੱਧੀ ਦੀ ਵਰਤੋਂ ਕਰਕੇ, ਸਮੁੰਦਰ ਦੀ ਸਤਹਿ ਦੇ ਥੱਲੇ ਚੱਲਣ ਵਾਲੀਆਂ ਅਜਿਹੀਆਂ ਪਣਡੁਬੀਆਂ ਤਿਆਰ ਕਰ ਲਈਆਂ ਹਨ ਜੋ ਪਰਮਾਣੂ ਹਥਿਆਰਾਂ ਨਾਲ ਲੈਸ ਹਨ ਤੇ ਸਮੁੰਦਰ ਦੀ ਸਤਹਿ ਦੇ ਹੇਠੋਂ ਹੀ ਦੁਸ਼ਮਣ ਦੇ ਟਿਕਾਣਿਆਂ ‘ਤੇ ਮਾਰ ਕਰ ਸਕਣ ਦੀ ਸਮਰੱਥਾ ਰੱਖਦੀਆਂ ਹਨ।

ਇੰਜ ਹੀ ਪਰਮਾਣੂ ਹਥਿਆਰਾਂ ਦੇ ਖੇਤਰ ਵਿੱਚ ਮਨੁੱਖ ਦੇ ਦਿਮਾਗ ਨੇ ਬਣਾਉਟੀ ਮਸ਼ੀਨੀ ਬੁੱਧੀ ਦੀ ਵਰਤੋਂ ਕਰਕੇ, ਅਜਿਹੇ ਅਸਤਰ-ਯੰਤਰਾਂ ਦੁਆਰਾ ਚੱਲਣ ਵਾਲੇ ਪਰਮਾਣੂ ਅੱਗ ਦੇ ਗੋਲੇ (ਬੈਲਿਸਟਿਕ ਮਿਜ਼ਾਈਲ) ਤਿਆਰ ਕਰ ਲਏ ਹਨ ਜੋ ਕੇਵਲ ਬਟਨ ਦੱਬਣ ਨਾਲ ਹੀ, ਹਜ਼ਾਰਾਂ ਮੀਲ ਦੀ ਦੂਰੀ ‘ਤੇ ਦੁਸ਼ਮਣ ਦੇ ਟਿਕਾਣੇ ਬਰਬਾਦ ਕਰ ਸਕਦੇ ਹਨ। ਇਹ ਸਾਰਾ ਕੁੱਝ ਕੰਪਿਊਟਰ ਵਿਗਿਆਨ, ਭੌਤਿਕ ਵਿਗਿਆਨ, ਰਸਾਇਣਿਕ ਵਿਗਿਆਨ ਤੇ ਵਿਗਿਆਨ ਦੀਆਂ ਹੋਰ ਸ਼ਾਖਾਵਾਂ ਦੇ ਸੰਯੁਕਤ ਤੇ ਤਰਤੀਬੀ ਜ਼ਹੂਰ ਦੁਆਰਾ ਅਮਲ ਵਿੱਚ ਲਿਆਂਦਾ ਗਿਆ ਹੈ। ਇਹ ਬੈਲਿਸਟਿਕ ਮਿਜ਼ਾਈਲਾਂ ਪਰਮਾਣੂ ਰਸਾਇਣਕ ਹਥਿਆਰਾਂ ਦੀ ਉਸ ਸ਼੍ਰੇਣੀ ਵਿੱਚ ਆਉਂਦੀਆਂ ਹਨ ਜੋ ਵੱਡੀ ਪੱਧਰ ‘ਤੇ ਭਿਆਨਕ ਤਬਾਹੀ ਮਚਾਉਂਦੇ ਹਨ। ਇਹ ਬਿਜਲਈ ਮਸ਼ੀਨਾਂ (ਕੰਪਿਊਟਰ) ਦੀ ਇਮਦਾਦ ਨਾਲ ਇਕੱਠੇ ਕੀਤੇ ਅੰਕੜਿਆਂ, ਸੂਚਨਾਵਾਂ ਅਤੇ ਬਿੰਬਾਂ ਉੱਤੇ, ਮਨੁੱਖ ਦੀ ਦਿਮਾਗੀ ਸ਼ਕਤੀ ਦੀ ਯੋਜਨਾ ਅਨੁਸਾਰ, ਯੋਜਨਾਬੱਧ ਪਹਿਰਾ ਰੱਖਦੇ ਹਨ, ਤੇ ਉਸ ਵੱਲੋਂ ਪਹਿਲਾਂ ਦਿੱਤੀਆਂ ਹਦਾਇਤਾਂ ਅਨੁਸਾਰ, ਸਮੇਂ ਸਿਰ, ਕ੍ਰਮਬੱਧ ਕਾਰਜਾਂ ਉੱਤੇ ਅਮਲ ਕਰਦੇ ਹਨ। ਵਿਗਿਆਨਕ ਖੋਜ ਰਾਹੀਂ ਮਨੁੱਖ ਨੇ ਅਜਿਹੀਆਂ ਕਾਢਾਂ ਈਜਾਦ ਕਰ ਲਈਆਂ ਹਨ ਜਿਸ ਨੇ ਮਨੁੱਖੀ ਜੀਵਨ ਲਈ ਸੁੱਖ-ਸਾਧਨ ਅਤੇ ਸਹੂਲਤਾਂ ਪੈਦਾ ਕਰ ਦਿੱਤੀਆਂ ਹਨ। ਮੈਡੀਕਲ ਖੋਜ ਰਾਹੀਂ ਅਨੇਕਾਂ ਰੋਗਾਂ ਦੇ ਇਲਾਜ ਲੱਭ ਲਏ ਹਨ। ਦਵਾਈਆਂ ਤਿਆਰ ਕਰਨ ਵਾਲੀਆਂ ਸੰਸਾਰ ਦੀਆਂ ਵੱਡੀਆਂ ਕੰਪਨੀਆਂ ਵੀ, ਔਸ਼ਧੀ ਸ਼ਾਸਤਰ ਦੇ ਨਾਲ ਨਾਲ ਬਣਾਉਟੀ ਮਸ਼ੀਨੀ ਬੁੱਧੀ ਦੇ ਬਲਬੂਤੇ ਨਵੀਨਤਮ ਤਕਨਾਲੋਜੀ ਵਰਤ ਰਹੀਆਂ ਹਨ। ਕੈਂਸਰ ਵਰਗੇ ਭਿਆਨਕ ਰੋਗਾਂ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਨਿਊਕਲੀ ਦਵਾਈਆਂ ਨੂੰ ਮਨੁੱਖ ਦੇ ਸਰੀਰ ਵਿੱਚ ਉਤਾਰਨ ਲਈ, ਵਿਕਿਰਨ ਵਿਗਿਆਨ ਦੀ ਵਰਤੋਂ ਨਾਲ, ਪ੍ਰਕਾਸ਼ ਤਾਪ ਦੀਆਂ ਤੇਜ਼ ਕਿਰਨਾਂ ਨੂੰ, ਰੋਗੀ ਸਰੀਰ ਦੇ ਪ੍ਰਭਾਵਿਤ ਅੰਗਾਂ ਤੱਕ ਸਿੱਧੀਆਂ ਕੇਂਦਰਿਤ ਕਰਨ ਲਈ ਵੀ ਅਜਿਹੀਆਂ ਆਧੁਨਿਕ ਮਸ਼ੀਨਾਂ ਦਾ ਇਸਤੇਮਾਲ ਹੋ ਰਿਹਾ ਹੈ ਜਿਨ੍ਹਾਂ ਦੀ ਕਮਾਂਡ ਤੇ ਕੰਟਰੋਲ ਨੂੰ ਵੀ ਕੰਪਿਊਟਰ ਸਾਇੰਸ ਹੀ ਕੰਟਰੋਲ ਕਰਦੀ ਹੈ। ਜਿਗਰ ਦੇ ਕੈਂਸਰ ਤੋਂ ਪੀੜਤ ਰੋਗੀ ਦੇ ਜਿਗਰ ਵਿੱਚ ਪ੍ਰਗਟ ਹੋਈਆਂ ਕੈਂਸਰ ਸੈੱਲਾਂ ਦੀਆਂ ਗਿਲ੍ਹਟੀਆਂ ਭਸਮ ਕਰਨ ਲਈ, ਸੰਚਾਰ ਪ੍ਰਣਾਲੀ ਵਿਗਿਆਨ ਦੀ ਉਤਮ ਉਪਜ, ਅਤਿ ਜਟਲ ਯੰਤਰ ‘ਸਾਈਬਰ ਨਾਈਫ਼’ ਦੀ ਵਰਤੋਂ ਕੀਤੀ ਜਾਂਦੀ ਹੈ। ਅੱਜ ਸੰਸਾਰ ਦੇ ਵਧੇਰੇ ਸਮਰੱਥ ਮੁਲਕ ਉਹੀ ਮੰਨੇ ਜਾ ਰਹੇ ਹਨ ਜੋ ਆਪਣੇ ਪਾਸ ਪਰਮਾਣੂ ਹਥਿਆਰ ਹੋਣ ਦਾ ਦਾਅਵਾ ਕਰਦੇ ਹਨ, ਪਰ ਕੁੱਝ ਆਰਥਿਕ ਤੌਰ ‘ਤੇ ਕਮਜ਼ੋਰ ਅਤੇ ਅਸਫਲ ਮੁਲਕ ਵੀ ਹੁਣ ਇਸ ਦੌੜ ਵਿੱਚ ਸ਼ਾਮਲ ਹੋ ਗਏ ਹਨ। ਗੁਆਂਢੀ ਮੁਲਕ ਪਾਕਿਸਤਾਨ ਵੀ ਅਜਿਹਾ ਮੁਲਕ ਹੈ ਜੋ ਪਰਮਾਣੂ ਸਮਰੱਥਾ ਤਾਂ ਰੱਖਦਾ ਹੈ, ਪਰ ਉਸ ਦੀ ਸੁਰੱਖਿਆ ਲਈ ਵਰਤੀ ਜਾਣ ਵਾਲੀ ਚੌਕਸੀ ਤੇ ਸੰਜਮ ਦੇ ਮਹੱਤਵ ਨੂੰ ਸਮਝਣ ਤੋਂ ਅਣਜਾਣ ਹੈ। ਪਰਮਾਣੂ ਹਥਿਆਰ ਈਜਾਦ ਕਰ ਲੈਣ ਤੋਂ ਵੀ ਕਿਤੇ ਵੱਧ ਮੁਸ਼ਕਿਲ ਹੈ ਪਰਮਾਣੂ ਹਥਿਆਰਾਂ ਦੀ ਅਤਿ ਸੰਵੇਦਨਸ਼ੀਲ ਸੁਰੱਖਿਆ। ਪਾਕਿਸਤਾਨ ਦੀ ਪਰਮਾਣੂ ਸਮਰੱਥਾ ਤੋਂ ਤਾਂ ਉਹ ਵੱਡੇ ਸਮਰੱਥ ਮੁਲਕ ਵੀ ਹੁਣ ਪ੍ਰੇਸ਼ਾਨ ਹਨ ਜਿਨ੍ਹਾਂ ਨੇ ਕਿਸੇ ਨਾ ਕਿਸੇ ਸਮੇਂ ‘ਤੇ ਪਾਕਿਸਤਾਨ ਦੇ ਪਰਮਾਣੂ ਪ੍ਰੋਗਰਾਮ ਅਤੇ ਯੋਜਨਾਵਾਂ ਉਲੀਕਣ ਵਿੱਚ ਉਸ ਦਾ ਸਾਥ ਦਿੱਤਾ ਹੈ। ਮੁਢਲੇ ਤੌਰ ‘ਤੇ ਅਜਿਹੇ ਪੰਜ ਮੁਲਕ ਹਨ ਜਿਨ੍ਹਾਂ ਨੇ 1970 ਵਿੱਚ ਵਿਸ਼ੇਸ਼ ਸੰਧੀ ਦੀ ਬੰਦਸ਼ ਅੰਦਰ ਰਹਿ ਕੇ ਪਰਮਾਣੂ ਯੋਜਨਾਵਾਂ ਬਣਾਈਆਂ, ਜਿਨ੍ਹਾਂ ਅਨੁਸਾਰ ਇੱਕ ਖ਼ਾਸ ਮਾਤਰਾ ਤੋਂ ਵੱਧ ਪਰਮਾਣੂ ਹਥਿਆਰ ਤਿਆਰ ਕਰਨ ‘ਤੇ ਸਖਤ ਬੰਦਸ਼ ਹੈ। ਇਸ ਸੰਧੀ ਨੂੰ ਐਨਥਪੀਥਟੀ ਆਖਦੇ ਹਨ। ਪਰਮਾਣੂ ਹਥਿਅਰਾਂ ਵਾਲੇ ਇਨ੍ਹਾਂ ਦੇਸ਼ਾਂ ਵਿੱਚ ਅਮਰੀਕਾ, ਚੀਨ, ਰੂਸ, ਫਰਾਂਸ ਅਤੇ ਯੂਥਕੇਥ ਸ਼ਾਮਲ ਹਨ। ਇਸ ਤੋਂ ਬਿਨਾਂ 189 ਹੋਰ ਮੁਲਕ ਅਜਿਹੇ ਹਨ ਜਿਨ੍ਹਾਂ ਪਾਸ ਆਪਣੇ ਪਰਮਾਣੂ ਹਥਿਆਰ ਤਾਂ ਨਹੀਂ ਹਨ, ਪਰ ਉਨ੍ਹਾਂ ਨੇ ਇਸ ਕੌਮਾਂਤਰੀ ਸੰਧੀ ਦੇ ਪਾਬੰਦ ਹੋਣ ਦੇ ਦਸਤਵੇਜ਼ ‘ਤੇ ਸਹੀ ਜ਼ਰੂਰ ਪਾਈ ਹੈ। ਭਾਰਤ, ਪਾਕਿਸਤਾਨ ਅਤੇ ਇਜ਼ਰਾਈਲ ਨੇ ਵੀ ਹਾਲੇ ਤੱਕ ਇਸ ਸੰਧੀ ‘ਤੇ ਸਹੀ ਨਹੀਂ ਪਾਈ, ਪਰ ਇਨ੍ਹਾਂ ਨੇ ਆਪਣੀ ਸੁਰੱਖਿਆ ਲਈ ਪਰਮਾਣੂ ਹਥਿਆਰਾਂ ਦਾ ਨਿਰਮਾਣ ਜ਼ਰੂਰ ਕਰ ਲਿਆ ਹੈ। ਇਜ਼ਰਾਈਲ ਨੇ ਭਾਵੇਂ ਅਜੇ ਤੱਕ ਇਸ ਪਾਸ ਪਰਮਾਣੂ ਹਥਿਆਰ ਹੋਣ ਦਾ ਦਾਅਵਾ ਤਾਂ ਨਹੀਂ ਕੀਤਾ, ਪਰ ਸੰਸਾਰ ਵਿੱਚ ਇਹ ਭਰਮ ਜ਼ਰੂਰ ਬਣਿਆ ਹੈ ਕਿ ਇਜ਼ਰਾਈਲ ਪਰਮਾਣੂ ਹਥਿਆਰਾਂ ਨਾਲ ਲੈੱਸ ਸਮਰੱਥ ਮੁਲਕਾਂ ਵਿੱਚੋਂ ਇੱਕ ਹੈ। ਉੱਤਰੀ ਕੋਰੀਆ ਜੋ ਪਹਿਲਾਂ ਐਨਥਪੀਥਟੀ ਸੰਧੀ ਦਾ ਪਾਬੰਦ ਸੀ, ਪਰ ਜਨਵਰੀ 2003 ਵਿੱਚ ਉਸ ਨੇ ਆਪਣਾ ਨਾਮ ਇਸ ਸੰਧੀ ਵਿਚੋਂ ਵਾਪਸ ਲੈ ਲਿਆ ਅਤੇ ਬਾਗੀ ਹੋ ਕੇ ਆਪਣੇ ਪਰਮਾਣੂ ਹਥਿਆਰ ਨਿਰਮਾਣ ਕਰਨੇ ਸ਼ੁਰੂ ਕਰ ਦਿੱਤੇ ਅਤੇ ਇਸ ਸਬੰਧੀ ਕਈ ਸਫਲ ਧਮਾਕੇ ਵੀ ਕਰ ਦਿੱਤੇ। ਇਨ੍ਹਾਂ ਧਮਾਕਿਆਂ ਦਾ ਅਮਰੀਕਾ ਨੇ ਸਭ ਤੋਂ ਵੱਧ ਬੁਰਾ ਮਨਾਇਆ ਸੀ।   ਸੀਰੀਆ ਦੇ ਅੰਦਰੂਨੀ ਟਕਰਾਓ ਵਿੱਚ ਤਾਂ ਰਸਾਇਣਿਕ ਹਥਿਆਰਾਂ ਦਾ ਅੰਸ਼ਕ ਇਸਤੇਮਾਲ ਵੀ ਹੋ ਚੁੱਕਾ ਹੈ। ਪਰਮਾਣੂ ਹਥਿਆਰਾਂ ਨਾਲ ਲੈਸ ਸੰਸਾਰ ਦੀਆਂ ਵੱਡੀਆਂ ਤਾਕਤਾਂ ਪਰਮਾਣੂ ਬੰਬਾਂ ਨਾਲ ਲੈਸ ਹਨ। ਪਲਾਂ ਵਿੱਚ ਹੀ ਮਨੁੱਖ ਦੀ ਈਜਾਦ ਕੀਤੀ ਬਣਾਉਟੀ ਬੁੱਧੀ ਦਾ ਜ਼ਹੂਰ, ਪੂਰੇ ਸੰਸਾਰ ਨੂੰ ਅੱਗ ਦੇ ਗੋਲ਼ੇ ਵਿੱਚ ਤਬਦੀਲ ਕਰ ਦੇਵੇਗਾ। ਅਜਿਹੀ ਤਬਾਹੀ ਦੀ ਪਰਲੋ ਅੱਗੇ ਮਨੁੱਖ ਦੀ ਸਿਆਣਪ ਬੇਵੱਸ ਹੋਵੇਗੀ, ਬਣਾਉਟੀ ਮਸ਼ੀਨੀ ਬੁੱਧੀ ਦਾ ਜ਼ਹੂਰ ਸਿਰ ਚੜ੍ਹ ਕੇ ਬੋਲ ਰਿਹਾ ਹੋਵੇਗਾ, ਇਹ ਮਨੁੱਖੀ ਦਿਮਾਗ ਤੇ ਬੁੱਧੀ ਦੇ ਸਾਰੇ ਕੰਟਰੋਲਾਂ ਤੋਂ ਬਾਗੀ ਹੋ ਜਾਣ ਦੀ ਅਵਸਥਾ ਹੋਵੇਗੀ। ਹਰ ਪਾਸੇ ਭਿਆਨਕ ਤਬਾਹੀ ਦੇ ਮੰਜ਼ਰ ਹੋਣਗੇ, ਆਦਮ ਦੀਆ ਨਸਲਾਂ ਦੇ ਪੱਲੇ ਤਾਂ ਪਛਤਾਵਾ ਵੀ ਨਹੀਂ ਰਹਿ ਜਾਵੇਗਾ। ਸ਼ਾਇਦ ਸਾਹਿਰ ਲੁਧਿਆਣਵੀ ਦੇ ਇਹ ਬੋਲ ਗੁਣ-ਗੁਣਾਉਣ ਵਾਲਾ ਵੀ ਕੋਈ ਨਾ ਬਚੇ: ਗੁਜ਼ਸ਼ਤਾ ਜੰਗ ਮੇਂ ਘਰ ਹੀ ਜਲੇ ਮਗਰ ਇਸ ਬਾਰ/ਅਜਬ ਨਹੀਂ ਕਿ ਯੇਹ ਤਨਹਾਈਆਂ ਭੀ ਜਲ ਜਾਏਂ। ਗੁਜ਼ਸ਼ਤਾ ਜੰਗ ਮੇਂ ਪੈਕਰ ਜਲੇ ਮਗਰ ਇਸ ਬਾਰ/ਅਜਬ ਨਹੀਂ ਕਿ ਯੇਹ ਪਰਛਾਈਆਂ ਭੀ ਜਲ ਜਾਏਂ।

 

ਬੀਰ ਦਵਿੰਦਰ ਸਿੰਘ