ਅਮਰੀਕਾ ਵਿਚ ਬੇਰੁਜ਼ਗਾਰੀ ਪਿਛਲੇ 50 ਸਾਲ ਦੇ ਹੇਠਲੇ ਪੱਧਰ 'ਤੇ ਪੁੱਜੀ

ਅਮਰੀਕਾ ਵਿਚ ਬੇਰੁਜ਼ਗਾਰੀ ਪਿਛਲੇ 50 ਸਾਲ ਦੇ ਹੇਠਲੇ ਪੱਧਰ 'ਤੇ ਪੁੱਜੀ

ਬਾਈਡਨ ਨੇ ਪ੍ਰਗਟਾਈ ਖੁਸ਼ੀ ਤੇ ਕਿਹਾ ਅਸੀਂ ਠੀਕ ਦਿਸ਼ਾ ਵੱਲ ਵਧ ਰਹੇ ਹਾਂ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-2022 ਦੇ ਆਖਰੀ ਦਸੰਬਰ ਮਹੀਨੇ ਵਿਚ ਅਮਰੀਕਾ ਵਿੱਚ ਬੇਰੁਜ਼ਗਾਰੀ ਪਿਛਲੇ 50 ਸਾਲ ਦੇ ਹੇਠਲੇ ਪੱਧਰ 'ਤੇ ਪੁੱਜ ਗਈ ਹੈ ਜਿਸ ਤੋਂ ਕੋਵਿਡ 19 ਮਹਾਮਾਰੀ ਦੇ ਮਾੜੇ ਸਮੇ ਵਿਚੋਂ ਅਰਥ ਵਿਵਸਥਾ ਦੇ ਉਭਰਨ ਦਾ ਸਪੱਸ਼ਟ ਸੰਕੇਤ ਮਿਲਦਾ ਹੈ ਹਾਲਾਂ ਕਿ ਮਹਿੰਗਾਈ ਦੀ ਮਾਰ ਅਮਰੀਕੀਆਂ ਨੂੰ ਅਜੇ ਵੀ ਸਹਿਣੀ ਪੈ ਰਹੀ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਨਵੀਂ ਰੁਜ਼ਗਾਰ ਰਿਪੋਰਟ ਉਪਰ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਮੈ ਇਸ ਰਿਪੋਰਟ ਦਾ ਆਨੰਦ ਲੈ ਰਿਹਾ ਹਾਂ । ਉਨਾਂ ਕਿਹਾ '' ਅੱਜ ਦੀ ਰਿਪੋਰਟ ਸਾਡੀ ਅਰਥਵਿਵਸਥਾ ਵਾਸਤੇ ਬਹੁਤ ਵੱਡੀ ਖਬਰ ਹੈ ਤੇ ਇਹ ਇਕ ਹੋਰ ਸਬੂਤ ਹੈ ਜਿਸ ਤੋਂ ਸਾਬਤ ਹੁੰਦਾ ਹੈ ਕਿ ਸਾਡੀ ਆਰਥਕ ਯੋਜਨਾ ਕੰਮ ਕਰ ਰਹੀ ਹੈ। ਅਸੀਂ ਹਾਲ ਹੀ ਵਿਚ ਰੁਜ਼ਗਾਰ ਵਿਕਾਸ ਦੇ ਦੋ ਮਜਬੂਤ ਸਾਲ ਪੂਰੇ ਕੀਤੇ ਹਨ। ਅਸੀਂ ਇਕ ਨਿਗਰ ਤੇ ਸਥਿੱਰ ਵਿਕਾਸ ਨੂੰ ਵੇਖ ਰਹੇ ਹਾਂ ਜਿਸ ਦੀ ਗੱਲ ਮੈ ਕਈ ਮਹੀਨਿਆਂ ਤੋਂ ਕਰਦਾ ਆ ਰਿਹਾ ਹਾਂ।'' ਰਾਸ਼ਟਰਪਤੀ ਨੇ ਸੁਚੇਤ ਕਰਦਿਆਂ ਕਿਹਾ ਅਜੇ ਅਸੀਂ ਮਹਿੰਗਾਈ ਨੂੰ ਘੱਟ ਕਰਨ ਲਈ ਕੰਮ ਕਰਨਾ ਹੈ ਤੇ ਵਧੀਆਂ ਲਾਗਤਾਂ ਝਲ ਰਹੇ ਅਮਰੀਕੀਆਂ ਦੀ ਮੱਦਦ ਕਰਨੀ ਹੈ। ਨਾਲ ਹੀ ਉਨਾਂ ਨੇ ਐਲਾਨ ਕੀਤਾ ਕਿ ਅਸੀਂ  ਠੀਕ ਦਿਸ਼ਾ ਵੱਲ ਵਧ ਰਹੇ ਹਾਂ। ਕਿਰਤ ਵਿਭਾਗ ਦੇ ਅੰਕਿੜਆਂ ਅਨੁਸਾਰ ਪਿਛਲੇ ਸਾਲ ਨਵੰਬਰ ਵਿਚ ਖਤਮ ਹੋਏ 12 ਮਹੀਨਿਆਂ ਦੌਰਾਨ ਮੁਦਰਾ ਪਸਾਰ ਦੀ ਦਰ 7.1%  ਰਹੀ। ਮੁਦਾਰ ਪਸਾਰ ਦੀ ਨਵੀਂ ਦਰ ਜਨਵਰੀ ਦੇ ਆਖਿਰ ਵਿਚ ਆਉਣ ਦੀ ਉਮੀਦ ਹੈ।