ਪੰਜਾਬ ਦੇ ਖੇਤ ਮਜ਼ਦੂਰ ਦੀ ਮੰਦਹਾਲੀ ਹਾਲਤ, ਜੱਟ ਤੇ ਸੀਰੀ ਦੀ ਸਾਂਝ ਟੁੱਟੀ

ਪੰਜਾਬ ਦੇ ਖੇਤ ਮਜ਼ਦੂਰ ਦੀ ਮੰਦਹਾਲੀ ਹਾਲਤ, ਜੱਟ ਤੇ ਸੀਰੀ ਦੀ ਸਾਂਝ ਟੁੱਟੀ

*ਅਸੀਂ ਤਿੰਨ ਪੀੜ੍ਹੀਆਂ ਤੋਂ ਗੁਲਾਮ ਹਾਂ: ਮਾਲਕ ਕਹਿੰਦਾ ਸੀ ਤੂੰ ਭਰਾ ਵਰਗਾ, ਉਹਦੇ ਬੱਚੇ ਵਪਾਰੀ ਬਣ ਗਏ ਪਰ ਸਾਡੇ ਬੱਚੇ ਦਿਹਾੜੀਦਾਰ ਮਜ਼ਦੂਰ ਨੇ

*ਪ੍ਰਵਾਸੀ ਮਜ਼ਦੂਰਾਂ ਦੇ ਆਉਣ ਕਾਰਨ ਅਪਰਾਧ ਦੀਆਂ ਕਈ ਘਟਨਾਵਾਂ ਵਾਪਰ ਰਹੀਆਂ ਨੇ-ਜਿੰਮੀਦਾਰ  ਭਾਈ ਬੀਰ ਸਿੰਘ 

*ਪੇਂਡੂ ਮਜ਼ਦੂਰਾਂ ਨੂੰ ਪਿੰਡਾਂ ਵਿਚ  ਰੁਜ਼ਗਾਰ,  ਸਿੱਖਿਆ, ਸਿਹਤ ਸਹੂਲਤਾ ਦੀ ਤੁਰੰਤ ਲੋੜ- ਖੇਤ ਮਜ਼ਦੂਰ ਯੂਨੀਅਨ

ਕਿਸੇ ਸਮੇਂ ਜਦੋਂ ਖੇਤੀ ਦਾ ਜ਼ਿਕਰ ਹੁੰਦਾ ਸੀ ਤਾਂ ਨਾਲ ਹੀ ਜੱਟ ਤੇ ਸੀਰੀ ਦਾ ਜ਼ਿਕਰ ਵੀ ਹੁੰਦਾ ਸੀ। ਇਕ ਕਹਾਵਤ ਹੈ, ਜਦੋਂ ਜੱਟ ਤੇ ਸੀਰੀ, ਸਿਰ ਜੋੜਦੇ ਹਨ, ਉਦੋਂ ਹੀ ਪੰਡ ਦੀ ਗੰਢ ਬੱਝਦੀ ਹੈ। ਹੁਣ ਸਮੇਂ ਦੀ ਤੇਜ਼ ਰਫ਼ਤਾਰ ਤੇ ਉਦਯੋਗੀਕਰਨ ਨੇ ਇਸ ਰਿਸ਼ਤੇ ਨੂੰ ਖ਼ਤਮ ਕਰ ਦਿੱਤਾ ਹੈ, ਜਿਸ ਕਰਕੇ ਜੱਟ ਤਾਂ ਭਾਵੇਂ ਆਪਣੀ ਮਾੜੀ ਮੋਟੀ ਹੋਂਦ ਬਚਾਈ ਬੈਠਾ ਹੈ ਪਰ ਸੀਰੀ ਭਾਵ ਖੇਤ ਮਜ਼ਦੂਰ ਅਸਲੋਂ ਹੀ ਕੱਖੋਂ ਹੌਲਾ ਹੋ ਗਿਆ ਹੈ। 60ਵਿਆਂ ਤੱਕ ਸੀਰੀ ਪ੍ਰਥਾ ਪ੍ਰਚੱਲਤ ਸੀ। ਸੀਰ ਦਾ 11ਵਾਂ ਜਾਂ ਵੱਧ-ਘੱਟ ਹਿੱਸਾ ਹੁੰਦਾ ਸੀ।  ਜ਼ਮੀਨ ਸਾਂਭਣ ਲਈ ਖੇਤ ਮਜ਼ਦੂਰ ਤੇ ਉਨ੍ਹਾਂ ਦੇ ਸਾਰੇ ਪਰਿਵਾਰ ਕੋਲ ਰੁਜ਼ਗਾਰ ਹੁੰਦਾ ਸੀ। ਖਾਣ ਲਈ ਦਾਣੇ, ਪਸ਼ੂਆਂ ਲਈ ਪੱਠਾ-ਨੀਰਾ ਵੀ ਮਿਲ ਜਾਂਦਾ ਸੀ। ਫਿਰ ਖੇਤ ਮਜ਼ਦੂਰ ਨੂੰ ਠੇਕੇ ’ਤੇ ਰੱਖਿਆ ਜਾਣ ਲੱਗ ਪਿਆ। ਸੀਰੀ ਨੂੰ 50 ਤੋਂ 80 ਹਜ਼ਾਰ ਰੁਪਏ ਤੱਕ ਸਾਲ ਦਾ ਉੱਕਾ-ਪੁੱਕਾ ਠੇਕਾ ਦੇਣ ਲੱਗੇ ਪਰ ਹੁਣ ਸੀਰ ਵੀ ਖ਼ਤਮ ਹੋ ਗਿਆ ਤੇ ਠੇਕਾ ਵੀ। ਹੁਣ ਮਸ਼ੀਨੀਕਰਨ ਦੇ ਵਧੇ ਪ੍ਰਭਾਵ ਨੇ ਹੱਥੀਂ ਖੇਤੀ ਦਾ ਰੁਝਾਨ ਖ਼ਤਮ ਕਰ ਦਿੱਤਾ। ਹੁਣ ਬਹੁਤੇ ਜ਼ਿਮੀਦਾਰ ਜ਼ਮੀਨਾਂ ਠੇਕੇ ’ਤੇ ਦਿੰਦੇ ਹਨ। ਲੋੜ ਵੇਲੇ ਦਿਹਾੜੀਦਾਰ ਭਈਏ ਰੱਖੇ ਜਾਂਦੇ ਹਨ। ਹੁਣ ਸਪਰੇਅ ਵਾਲਾ ਜਹਾਜ਼ ਆ ਗਿਆ। ਸੌ ਰੁਪਏ ਕਿੱਲੇ ਦਾ ਲੈਂਦੇ ਹਨ। ਕਣਕ ਤੇ ਝੋਨੇ ਦੀ ਵਾਢੀ ਲਈ ਕੰਬਾਈਨਾਂ ਆ ਗਈਆਂ ਹਨ। ਮਹਿਜ਼ ਝੋਨੇ ਦੀ ਲੁਆਈ ਦਾ ਕੰਮ ਹੱਥੀਂ ਰਹਿ ਗਿਆ। ਉਹ ਵੀ ਦਸ ਕੁ ਦਿਨ ਦਾ ਚੱਲਦਾ ਹੈ। ਖੇਤੀ ਪ੍ਰਧਾਨ ਸੂਬੇ ਵਿੱਚ ਖੇਤੀ, ਮਜ਼ਦੂਰਾਂ ਨੂੰ ਰੁਜ਼ਗਾਰ ਦੇਣ ਵਿਚ ਫੇਲ੍ਹ ਹੋ ਗਈ ਹੈ।

ਸੀਰੀ ਗੁਰਮੇਲ ਸਿੰਘ ਪੰਜਾਬ ਦੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਚਹੇੜੀ ਦਾ ਵਸਨੀਕ ਹੈ।ਉਹ ਭਾਵੁਕ ਹੋਕੇ ਆਖਦਾ ਹੈ ਕਿ ਅਸੀਂ ਤਿੰਨ ਪੀੜ੍ਹੀਆਂ ਤੋਂ ਗੁਲਾਮ ਹਾਂ, ਪਰ ਮਜ਼ਬੂਰੀ ਅਜਿਹੀ ਹੈ ਕਿ ਅਸੀਂ ਮਾਲਕ ਦਾ ਘਰ ਨਹੀਂ ਛੱਡ ਸਕਦੇ। ਮਾਲਕ ਕਹਿੰਦਾ ਸੀ ਕਿ ਤੁਸੀਂ ਘਰ ਦੇ ਮੈਂਬਰ ਹੋ, ਤੁਸੀਂ ਪਰਿਵਾਰ ਹੋ, ਤੁਹਾਡਾ ਵੀ ਹਿੱਸਾ ਹੈ। ਮਾਲਕਾਂ ਦੇ ਬੱਚੇ ਵਪਾਰੀ ਬਣ ਗਏ, ਵਿਦੇਸ਼ ਚਲੇ ਗਏ ਪਰ ਸਾਡੇ ਬੱਚਿਆਂ ਨੂੰ ਦਿਹਾੜੀ ਵੀ ਨਹੀਂ ਮਿਲ ਰਹੀ।ਉਹ ਕਹਿੰਦਾ ਹੈ ਕਿ ਤਿੰਨ ਪੀੜ੍ਹੀਆਂ ਤੋਂ ਸਾਡਾ ਹਾਲ ਕਿਸੇ ਨੇ ਨਹੀਂ ਪੁੱਛਿਆ। ਸਾਡੀ ਹਾਲਤ ਭੁੱਖੇ ਮਰਨ ਵਰਗੀ ਹੈ।ਉਹ ਆਖਦਾ ਹੈ ਕਿ ਕਿਸੇ ਵੇਲੇ ਉਨ੍ਹਾਂ ਨੂੰ ਗੁਜ਼ਾਰਾ ਕਰਨ ਲਈ ਉਤਪਾਦਨ  ਵਿਚੋਂ ਹਿੱਸਾ ਮਿਲਦਾ ਸੀ, ਪਰ ਅੱਜ ਉਨ੍ਹਾਂ ਨੂੰ ਨਾ ਤਾਂ ਪੈਦਾਵਾਰ ਦਾ ਹਿੱਸਾ ਮਿਲਦਾ ਹੈ ਅਤੇ ਨਾ ਹੀ ਰਹਿਣ ਲਈ ਛੱਤ ਮਿਲਦੀ ਹੈ।ਗੁਰਮੇਲ ਸਿੰਘ ਆਪਣੇ ਸਰਦਾਰ ਬਖਸ਼ੀਸ਼ ਸਿੰਘ ਨਾਲ ਤੀਜੀ ਪੀੜ੍ਹੀ ਦੀ ਸਿਰੀ-ਸਾਂਝ ਹੈ। ਉਸ ਦੇ ਬੱਚੇ ਦਿਹਾੜੀਦਾਰ ਮਜ਼ਦੂਰ ਹਨ। ਜਦੋਂ ਕਿ ਗੁਰਮੇਲ ਸਿੰਘ ਦੇ ਸਰਦਾਰ ਕੋਲ ਵੱਡੀਆਂ ਕੋਠੀਆਂ ਹਨ। ਲਗਜ਼ਰੀ ਕਾਰਾਂ ਹਨ।

ਗੁਰਮੇਲ ਸਿੰਘ ਕਹਿੰਦਾ, 'ਮੇਰੇ ਕੋਲ ਕਹਿਣ ਨੂੰ ਦੋ ਏਕੜ ਜ਼ਮੀਨ ਹੈ, ਪਰ ਜ਼ਮੀਨ ਬੰਜਰ ਹੈ। ਦੋ ਪੁੱਤਰ ਹਨ, ਜੋ ਮਜ਼ਦੂਰੀ ਕਰਦੇ ਹਨ, ਪਰ ਹੁਣ ਦੂਜੇ ਰਾਜਾਂ ਤੋਂ ਮਜ਼ਦੂਰ ਆਉਣ ਕਾਰਨ ਉਨ੍ਹਾਂ ਨੂੰ ਕੰਮ ਵੀ ਨਹੀਂ ਮਿਲਦਾ। ਅਸੀਂ ਬੜੀ ਮੁਸ਼ਕਲ ਨਾਲ ਗੁਜ਼ਾਰਾ ਕਰ ਰਹੇ ਹਾਂ।ਉਹ ਆਖਦਾ ਹੈ ਕਿ ਅਸੀਂ ਸਰਦਾਰਾਂ ਦੇ ਖੇਤ ਵਾਹੇ, ਪਸੀਨਾ ਵਹਾਇਆ। ਹਰ ਸਾਲ ਫ਼ਸਲ ਦਾ ਸੱਤਵਾਂ ਜਾਂ ਅੱਠਵਾਂ ਹਿੱਸਾ ਪ੍ਰਾਪਤ ਹੁੰਦਾ ਸੀ। ਪਹਿਲਾਂ ਤਾਂ ਉਹ ਬਹੁਤ ਖੁਸ਼ ਰਹਿੰਦਾ ਸੀ, ਪਰ ਹੁਣ ਸਰੀਰ ਉਸ ਦਾ ਸਾਥ ਨਹੀਂ ਦਿੰਦਾ।

ਦੂਸਰੇ ਪਾਸੇ ਸਰਦਾਰ ਬਖਸ਼ੀਸ਼ ਸਿੰਘ  ਕਹਿੰਦਾ ਹੈ, 'ਇਹ ਸੱਚ ਹੈ ਕਿ ਸੀਰੀ ਨੇ ਜ਼ਿਮੀਂਦਾਰ ਵਾਂਗ ਤਰੱਕੀ ਨਹੀਂ ਕੀਤੀ। ਉਨ੍ਹਾਂ ਦੀ ਹਾਲਤ ਦਿਹਾੜੀਦਾਰ ਮਜ਼ਦੂਰਾਂ ਨਾਲੋਂ ਵੀ ਮਾੜੀ ਹੋ ਗਈ ਹੈ ਪਰ ਇਸ ਲਈ ਸਰਕਾਰ ਜ਼ਿੰਮੇਵਾਰ ਹੈ। ਸਰਕਾਰ ਦੀਆਂ ਨੀਤੀਆਂ ਕਾਰਨ ਖੇਤੀ ਤੋਂ ਹੋਣ ਵਾਲੀ ਆਮਦਨ ਘਟ ਗਈ ਹੈ। ਇਸ ਨਾਲ ਸੀਰੀ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋਈ ਹੈ।ਸਰਕਾਰ ਨੇ ਪੰਜ ਲੱਖ ਰੁਪਏ ਤੱਕ ਦਾ ਬੀਮਾ ਬੰਦ ਕਰ ਦਿੱਤਾ ਹੈ। ਸਹਿਕਾਰੀ ਸਭਾਵਾਂ ਨੇ ਸੀਰੀਆਂ ਨੂੰ ਕਰਜ਼ਾ ਦੇਣਾ ਬੰਦ ਕਰ ਦਿੱਤਾ ਹੈ। ਅਸੀਂ ਕੀ ਕਰ ਸਕਦੇ ਹਾਂ?

ਸੀਰੀ ਗੁਰਮੇਲ ਸਿੰਘ  ਕਹਿੰਦਾ ਹੈ, 'ਅਸੀਂ ਆਪਣੀ ਸਾਰੀ ਜ਼ਿੰਦਗੀ ਸਰਦਾਰ ਨੂੰ ਦੇ ਦਿੱਤੀ ਹੈ।  ਉਨ੍ਹਾਂ ਨੇ ਸਾਨੂੰ ਮਾੜੀ ਹਾਲਤ ਵਿੱਚ ਰੱਖਿਆ ਹੈ ਕਿ ਜੇਕਰ ਅਸੀਂ ਚੁੱਪ ਰਹੇ ਤਾਂ ਸਾਡਾ ਸ਼ੋਸ਼ਣ ਹੋਵੇਗਾ ਅਤੇ ਜੇਕਰ ਅਸੀਂ ਬੋਲੇ ​​ਤਾਂ ਸਾਨੂੰ ਕੋਈ ਕੰਮ ਨਹੀਂ ਮਿਲੇਗਾ। ਇਸ ਲਈ ਚੁੱਪ ਰਹਿਣਾ ਹੀ ਬਿਹਤਰ ਹੈ।

ਇਸੇ ਤਰ੍ਹਾਂ ਨਾਥ ਸਿੰਘ ਪੁਰਾਣਾ ਸੀਰੀ ਹੈ। ਉਸ ਦੇ ਘਰ ਵਿਚ ਸੱਤ ਮੈਂਬਰ ਹਨ। ਹਰ ਕੋਈ ਮਜ਼ਦੂਰ ਵਜੋਂ ਕੰਮ ਕਰਦਾ ਹੈ।ਨਾਥ ਸਿੰਘ ਦਾ ਕਹਿਣਾ ਹੈ, “ਪੰਜਾਬ ਦੇ ਹਰ ਪਿੰਡ ਵਿੱਚ ਤਿੰਨ ਤਰ੍ਹਾਂ ਦੀਆਂ ਜ਼ਮੀਨਾਂ ਹਨ। ਸ਼ਾਮਲਾਟ, ਨਿੱਜੀ ਜ਼ਮੀਨ ਅਤੇ ਜੁਮਲਾ-ਮੁਸਤਰਕਾ-ਮਾਲਕੀਅਤ ਜ਼ਮੀਨ। ਤੀਜੀ ਕਿਸਮ ਦੀ ਜ਼ਮੀਨ ਪਿੰਡ ਦੇ ਸਾਰੇ ਲੋਕਾਂ ਵਿੱਚ ਵੰਡੀ ਹੋਈ ਹੈ। ਇਸ ਵਿੱਚ ਸੀਰੀ ਦਾ ਵੀ ਹਿੱਸਾ ਹੈ ਪਰ ਹੁਣ ਕੇਂਦਰ ਸਰਕਾਰ ਨੇ ਪੰਚਾਇਤਾਂ ਨੂੰ ਇਸ ਜ਼ਮੀਨ ’ਤੇ ਕਬਜ਼ਾ ਕਰਨ ਦਾ ਨੋਟਿਸ ਦਿੱਤਾ ਹੈ। ਇਸ ਨਾਲ ਸਾਡੀ ਆਖ਼ਰੀ ਉਮੀਦ ਵੀ ਖ਼ਤਮ ਹੋ ਜਾਵੇਗੀ।

ਪਿੰਡ ਖੁੰਡੇ ਹਲਾਲ ਮੁਕਤਸਰ ਦੇ ਸੀਰੀ ਗੁਰਦਾਸ ਸਿੰਘ (60) ਦੇ ਦੋ ਮੁੰਡੇ ਸਨ। ਦੋਨੋ ਵਿਆਹੇ ਹੋਏ ਸਨ। ਛੋਟਾ ਮੁੰਡਾ ਹਰਜਿੰਦਰ ਸਿੰਘ ਉਨ੍ਹਾਂ ਦੇ ਨਾਲ ਸੀ। ਉਸ ਕੋਲ ਤਿੰਨ ਧੀਆਂ ਸਨ। ਉਸ ਨੇ ਸੋਚਿਆ ਖੇਤਾਂ ਵਿੱਚ ਰੁਜ਼ਗਾਰ ਘੱਟ ਗਿਆ। ਇਸ ਕਰਕੇ ਮੁੰਡੇ ਨੂੰ ਟਰੈਕਟਰ ਕਿਸ਼ਤਾਂ ’ਤੇ ਲੈ ਦਿੱਤਾ, ਜਿਸ ਦਾ ਲੱਖ ਰੁਪਏ ਪਹਿਲਾਂ ਭਰਿਆ। ਟਰੈਕਟਰ ਦਾ ਕੰਮ ਵੀ ਬਹੁਤਾ ਨਾ ਚੱਲਿਆ। ਗੁਰਦਾਸ ਸਿੰਘ ਵੀ ਬਿਮਾਰ ਪੈ ਗਿਆ। ਆਪਣੇ ਇਲਾਜ ਕਰਾਉਣ ਦੀ ਥਾਂ ਕਿਸ਼ਤ ਭਰਨ ਲਈ ਕਹਿੰਦਾ ਰਿਹਾ। ਇਲਾਜ ਨਾ ਹੋਣ ਕਾਰਨ ਮੌਤ ਹੋ ਗਈ। ਬਾਅਦ ਵਿਚ ਟਰੈਕਟਰ ਨੂੰ ਕੰਪਨੀ ਵਾਲੇ ਲੈ ਗਏ। 4 ਲੱਖ ਭਰ ਚੁੱਕੇ ਸਨ, ਰਹਿੰਦੇ 4 ਲੱਖ ਦਾ ਵਿਆਜ ਤੇ ਟੁੱਟੀਆਂ ਕਿਸ਼ਤਾਂ ਸਮੇਤ 7 ਲੱਖ ਰੁਪਏ ਬਣ ਗਏ। ਮਾਲਕੀ ਛੱਡ ਕੇ ਡਰਾਇਵਰੀ ਕਰਨ ਲੱਗ ਪਿਆ। ਇਹੀ ਹਾਲ ਸੈਂਕੜੇ ਖੇਤ ਮਜ਼ਦੂਰਾਂ ਦਾ ਹੈ। ਲੱਖੇਵਾਲੀ ਦੇ ਖੇਤ ਮਜ਼ਦੂਰ ਇੰਦਰਜੀਤ ਸਿੰਘ ਨੇ ਖੇਤੀ ਵਿੱਚ ਰੁਜ਼ਗਾਰ ਘਟਣ ਕਾਰਨ ਸਾਈਕਲ ਫੇਰੀ ’ਤੇ ਕਬਾੜ ਖਰੀਦਣ ਦਾ ਕੰਮ ਕਰ ਲਿਆ। ਮਗਰੋਂ ਕਬਾੜ ਖਰੀਦਣ ਦਾ ਕੰਮ ਛੱਡ ਕੇ ਘੋੜਾ ਰੇਹੜਾ ਬਣਾ ਕੇ ਭਾਰ ਢੋਣ ਲੱਗ ਪਿਆ। ਜਦੋਂ ਇਸ ਨਾਲ ਵੀ ਗੁਜ਼ਾਰਾ ਨਾ ਹੋਇਆ ਤਾਂ ਇਹ ਕੰਮ ਵੀ ਬਦਲਣਾ ਪਿਆ। ਰੇਹੜੀ 25 ਹਜ਼ਾਰ ਦਾ ਕਰਜ਼ਾ ਚੁੱਕ ਕੇ ਲਈ ਸੀ। ਕਰਜ਼ੇ ਦੀਆਂ ਕਿਸ਼ਤਾਂ ਵੀ ਨਹੀਂ ਮੁੜੀਆਂ। ਰੇਹੜੀ ਤੋਂ ਖਹਿੜਾ ਛੁਡਾ ਕੇ ਰਿਕਸ਼ਾ ਬਣਾ ਲਿਆ। ਪੰਜ ਸਾਲ ਤੱਕ ਰਿਕਸ਼ਾ ਚਲਾਇਆ। ਅਖੀਰ ਉਹ ਵੀ ਛੱਡ ਦਿੱਤਾ ਤੇ ਹੁਣ ਢਾਬੇ ’ਤੇ ਭਾਂਡੇ ਮਾਂਜਦਾ ਹੈ। 

ਜਲੰਧਰ ਦੇ ਪਿੰਡ ਮਿਠਾਪੁਰ ਦੇ ਜਿੰਮੀਦਾਰ ਜਥੇਦਾਰ ਭਾਈ ਬੀਰ ਸਿੰਘ ਜੋ ਸ੍ਰੋਮਣੀ ਕਮੇਟੀ ਦੇ ਜਰਨਲ਼ ਸਕੱਤਰ ਵੀ ਰਹਿ ਚੁਕੇ ਹਨ ,ਕਹਿੰਦੇ ਹਨ, 'ਇੱਥੋਂ ਦੇ ਜ਼ਿਮੀਂਦਾਰਾਂ ਨੇ ਯੂਪੀ ਅਤੇ ਬਿਹਾਰ ਦੇ ਮਜ਼ਦੂਰਾਂ ਨੂੰ ਫਾਇਦਾ ਪਹੁੰਚਾਇਆ ਹੈ।  ਉਹ ਆਸਾਨੀ ਨਾਲ ਘਟ ਮਜ਼ਦੂਰੀ  ਦੇ ਕੇ ਭਈਆਂ ਤੋਂ ਕੰਮ ਕਰਵਾਉਂਦੇ ਹਨ।

ਉਂਜ, ਇਸ ਵਿੱਚ ਇੱਕ ਸਮੱਸਿਆ ਇਹ ਵੀ ਹੈ ਕਿ ਪ੍ਰਵਾਸੀ ਮਜ਼ਦੂਰਾਂ ਦੇ ਆਉਣ ਕਾਰਨ ਅਪਰਾਧ ਦੀਆਂ ਕਈ ਘਟਨਾਵਾਂ ਵਾਪਰ ਰਹੀਆਂ ਹਨ। ਉਨ੍ਹਾਂ 'ਉਪਰ ਆਸਾਨੀ ਨਾਲ ਭਰੋਸਾ ਨਹੀਂ ਕੀਤਾ ਜਾ ਸਕਦਾ, ਜਦੋਂ ਕਿ ਅਸੀਂ ਸੀਰੀਆਂ  'ਤੇ ਅੰਨ੍ਹੇਵਾਹ ਭਰੋਸਾ ਕਰਦੇ ਰਹੇ ਹਾਂ।ਭਾਈ ਬੀਰ ਸਿੰਘ ਕਹਿੰਦੇ ਹਨ, 'ਸੀਰੀ-ਸਾਂਝ ਦਾ ਬਹੁਤ ਵਧੀਆ ਰਿਸ਼ਤਾ ਸੀ, ਜੋ ਆਪਣੇ ਆਖਰੀ ਸਾਹ ਗਿਣ ਰਿਹਾ ਹੈ। 

ਪੰਜਾਬ ਦੇ ਦਲਿਤ ਚਿੰਤਕ  ਐਡਵੋਕੇਟ ਐਸ.ਐਲ. ਵਿਰਦੀ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਸੀਰੀ-ਸਾਂਝ ਵਰਗ ਨਾਲੋਂ ਜਾਤ ਦਾ ਮੁੱਦਾ ਜ਼ਿਆਦਾ ਹੈ। ਸਦੀਆਂ ਤੋਂ ਸੀਰੀ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦਾ ਸਥਾਨ ਸਰਦਾਰ ਦੇ ਬਰਾਬਰ ਨਹੀਂ ਹੈ, ਉਨ੍ਹਾਂ ਨੂੰ ਸਰਦਾਰ ਦੇ ਅਧੀਨ ਰਹਿਣਾ ਪਵੇਗਾ।ਸਰਦਾਰਾਂ ਨੇ ਸੀਰੀਆਂ  ਨੂੰ ਅਜਿਹੀ ਮਾਨਸਿਕਤਾ ਵਿੱਚ ਪਾ ਦਿੱਤਾ ਹੈ ਕਿ ਉਨ੍ਹਾਂ ਨੂੰ ਇਹ ਮਹਿਸੂਸ ਨਹੀਂ ਹੁੰਦਾ ਕਿ ਉਨ੍ਹਾਂ ਦਾ ਸ਼ੋਸ਼ਣ ਹੋ ਰਿਹਾ ਹੈ। ਦਲਿਤ ਸਮਾਜ ਵਿੱਚ ਵਰਤੇ ਜਾਣ ਵਾਲੇ ਭਾਂਡੇ ਵੱਖਰੇ ਹਨ। 

ਇੱਕ ਰਿਪੋਰਟ ਮੁਤਾਬਕ ਦੇਸ਼ ਵਿੱਚ ਅਜੇ ਵੀ ਇੱਕ ਲੱਖ ਤੋਂ ਵੱਧ ਬੰਧੂਆ ਮਜ਼ਦੂਰ ਹਨ। ਹਾਲ ਹੀ ਵਿੱਚ ਪਿਛਲੇ ਸਾਲ ਜੰਮੂ-ਕਸ਼ਮੀਰ ਤੋਂ 20 ਤੋਂ ਵੱਧ ਬੰਧੂਆ ਮਜ਼ਦੂਰਾਂ ਨੂੰ ਬਚਾਇਆ ਗਿਆ ਸੀ।

ਸੇਵੇਵਾਲਾ ‘ਪੰਜਾਬ ਖੇਤ ਮਜ਼ਦੂਰ ਯੂਨੀਅਨ’ ਦੇ ਸੂਬਾ ਸਕੱਤਰ ਲਸ਼ਮਣ ਸਿੰਘ ਸੇਵੇਵਾਲਾ ਨੇ ਦੱਸਿਆ ਕਿ ਖੇਤ ਮਜ਼ਦੂਰਾਂ ਦੀ ਹਾਲਤ ਬਹੁਤ ਤਰਸਯੋਗ ਹੈ। ਰਹਿਣ ਲਈ ਘਰ ਨਹੀਂ। ਖਾਣ ਵਾਸਤੇ ਅੰਨ ਨਹੀਂ। ਪੜ੍ਹਨ ਲਈ ਸਕੂਲ ਨਹੀਂ। ਸਰਕਾਰੀ ਕਾਗਜ਼ੀ ਕਾਰਵਾਈਆਂ ਕਰਕੇ ਡੰਗ ਟਪਾ ਰਹੀ ਹੈ। ਨਰੇਗਾ ਵਰਗੀਆਂ ਸਕੀਮਾਂ ਵੀ ਫੇਲ੍ਹ ਹਨ। ਮਜ਼ਦੂਰ ਨਿੱਤ ਧਰਨੇ ਦਿੰਦੇ ਹਨ। ਹੁਣ ਰਹਿੰਦੀ ਕਸਰ ਸ਼ਾਮਲਾਟਾਂ ਵੇਚ ਕੇ ਪੂਰੀ ਕੀਤੀ ਜਾ ਰਹੀ ਹੈ। ਰੁਜ਼ਗਾਰ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ। ਪੇਂਡੂ ਮਜ਼ਦੂਰਾਂ ਨੂੰ ਪਿੰਡਾਂ ਵਿਚ ਸਥਾਈ ਰੁਜ਼ਗਾਰ, ਉਨ੍ਹਾਂ ਦੇ ਬੱਚਿਆਂ ਲਈ ਸਿੱਖਿਆ, ਸਿਹਤ ਤੇ ਸਫਾਈ ਪ੍ਰਬੰਧਕਾਂ ਦੀ ਤੁਰੰਤ ਲੋੜ ਹੈ। ਇਸ ਵਾਸਤੇ ਸੰਘਰਸ਼ ਹੀ ਆਖ਼ਰੀ ਰਾਹ ਰਹਿ ਗਿਆ ਹੈ, ਜਿਸ ’ਤੇ ਖੇਤ ਮਜ਼ਦੂਰ ਲਗਾਤਾਰ ਚੱਲ ਰਹੇ ਹਨ।