ਸਰਹੱਦ 'ਤੇ ਹਾਰ ਮਗਰੋਂ ਭਾਜਪਾ ਕਾਂਗਰਸ ਦਰਮਿਆਨ ਇਕ ਦੂਜੇ ਨੂੰ ਵੱਧ ਕਮਜ਼ੋਰ ਸਾਬਤ ਕਰਨ ਦੀ ਹੋੜ ਲੱਗੀ

ਸਰਹੱਦ 'ਤੇ ਹਾਰ ਮਗਰੋਂ ਭਾਜਪਾ ਕਾਂਗਰਸ ਦਰਮਿਆਨ ਇਕ ਦੂਜੇ ਨੂੰ ਵੱਧ ਕਮਜ਼ੋਰ ਸਾਬਤ ਕਰਨ ਦੀ ਹੋੜ ਲੱਗੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੀਨ ਅਤੇ ਭਾਰਤ ਦਰਮਿਆਨ ਬੀਤੇ ਸੋਮਵਾਰ ਰਾਤ ਨੂੰ ਹੋਈ ਹਿੰਸਕ ਝੜਪ ਤੋਂ ਬਾਅਦ ਪੈਦਾ ਹੋਏ ਤਲਖ ਹਾਲਾਤਾਂ ਨੂੰ ਸ਼ਾਂਤ ਕਰਨ ਲਈ ਅੱਜ ਭਾਰਤ ਦੇ ਫੌਜੀ ਕਮਾਂਡਰਾਂ ਦਰਮਿਆਨ ਚੁਸ਼ੂਲ-ਮੋਲਡੋ ਸਰਹੱਦ 'ਤੇ ਗੱਲਬਾਤ ਚੱਲ ਰਹੀ ਹੈ। ਇਸ ਤੋਂ ਪਹਿਲਾਂ 6 ਜੂਨ ਨੂੰ ਇਸੇ ਥਾਂ ਦੋਵਾਂ ਦੇਸ਼ਾਂ ਦੇ ਉੱਚ ਫੌਜੀ ਅਫਸਰਾਂ ਦੀ ਬੈਠਕ ਹੋਈ ਸੀ। 

ਚੀਨ ਵੱਲੋਂ ਬੀਤੇ ਦਿਨੀਂ ਝੜਪ ਵਿਚ ਭਾਰਤ ਦੇ 20 ਫੌਜੀ ਮਾਰ ਦਿੱਤੇ ਗਏ ਸਨ। ਇਸ ਸਬੰਧੀ ਭਾਰਤ ਸਰਕਾਰ ਦੇ ਕਮਜ਼ੋਰ ਰਵੱਈਏ 'ਤੇ ਭਾਰਤ ਦੀ ਸਿਆਸਤ ਵਿਚ ਭੂਚਾਲ ਆਇਆ ਹੋਇਆ ਹੈ। ਜਿੱਥੇ ਕਾਂਗਰਸ ਨਰਿੰਦਰ ਮੋਦੀ ਨੂੰ ਕਮਜ਼ੋਰ ਦੱਸ ਰਹੀ ਹੈ ਅਤੇ ਭਾਰਤੀ ਜ਼ਮੀਨ ਚੀਨ ਹਵਾਲੇ ਕਰਨ ਦਾ ਦੋਸ਼ ਲਾ ਰਹੀ ਹੈ ਉੱਥੇ ਭਾਜਪਾ ਨੇ ਮੁੜ ਕਾਂਗਰਸ 'ਤੇ ਮੋੜਵਾਂ ਸ਼ਬਦੀ ਵਾਰ ਕਰਦਿਆਂ ਕਿਹਾ ਹੈ ਕਿ ਕਾਂਗਰਸ ਨੇ ਇਸ ਤੋਂ ਵੱਧ ਜ਼ਮੀਨ ਚੀਨ ਹਵਾਲੇ ਕੀਤੀ ਹੈ। 

ਮੁੱਕਦੀ ਗੱਲ ਕਿ ਭਾਰਤ ਸਰਹੱਦ 'ਤੇ ਵੀ ਚੀਨ ਤੋਂ ਹਾਰਿਆ ਨਜ਼ਰ ਆ ਰਿਹਾ ਹੈ ਅਤੇ ਘਰੇਲੂ ਰਾਜਨੀਤੀ ਵਿਚ ਦੋਵੇਂ ਮੁੱਖ ਪਾਰਟੀਆਂ ਇਹ ਸਾਬਤ ਕਰ ਰਹੀਆਂ ਹਨ ਕਿ ਦੋਵਾਂ ਵਿਚੋਂ ਵੱਧ ਕਮਜ਼ੋਰ ਅਤੇ ਡਰਪੋਕ ਕੌਣ ਹੈ। ਦੱਸ ਦਈਏ ਕਿ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਦਾ ਨਾਂ ਬਦਲ ਕੇ ਆਪਣੇ ਟਵਿੱਟਰ 'ਤੇ 'ਸਰੇਂਡਰ ਮੋਦੀ' ਰੱਖ ਦਿੱਤਾ ਸੀ। 

ਅੱਜ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਕਾਂਗਰਸੀ ਆਗੂ ਡਾ. ਮਨਮੋਹਨ ਸਿੰਘ ਨੇ ਭਾਰਤ ਚੀਨ ਝੜਪ ਸਬੰਧੀ ਬਿਆਨ ਜਾਰੀ ਕਰਦਿਆਂ ਮੋਦੀ 'ਤੇ ਤਿੱਖਾ ਹਮਲਾ ਕੀਤਾ। ਮਨਮੋਹਨ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਆਪਣੇ ਸ਼ਬਦਾਂ ਰਾਹੀਂ ਦੇਸ਼ ਦੇ ਹਿੱਤਾਂ 'ਤੇ ਪੈਣ ਵਾਲੇ ਪ੍ਰਭਾਵ ਬਾਰੇ ਬਹੁਤ ਸੁਚੇਤ ਹੋਣਾ ਚਾਹੀਦਾ ਹੈ। 

ਦੱਸ ਦਈਏ ਕਿ ਝੜਪ ਬਾਰੇ ਪਹਿਲਾ ਬਿਆਨ ਦਿੰਦਿਆਂ ਮੋਦੀ ਨੇ ਕਹਿ ਦਿੱਤਾ ਸੀ ਕਿ ਚੀਨ ਭਾਰਤ ਦੀ ਸਰਹੱਦ ਵਿਚ ਦਾਖਲ ਨਹੀਂ ਹੋਇਆ ਤੇ ਨਾ ਹੀ ਕਿਸੇ ਭਾਰਤੀ ਚੌਂਕੀ 'ਤੇ ਕਬਜ਼ਾ ਕੀਤਾ। ਇਸ ਬਿਆਨ ਨੇ ਚੀਨ ਦੇ ਦਾਅਵੇ ਨੂੰ ਮਜ਼ਬੂਤ ਕਰ ਦਿੱਤਾ ਸੀ ਕਿ ਭਾਰਤੀ ਫੌਜੀ ਚੀਨ ਦੇ ਇਲਾਕੇ ਵਿਚ ਗਏ ਜਿਸ ਤੋਂ ਬਾਅਦ ਝੜਪ ਹੋਈ। ਜਦਕਿ ਪ੍ਰਾਪਤ ਵੇਰਵਿਆਂ ਮੁਤਾਬਕ ਭਾਰਤ ਵੱਲੋਂ ਆਪਣਾ ਖਿੱਤਾ ਐਲਾਨੀ ਜਾਂਦੀ ਗਲਵਾਨ ਵੈਲੀ ਵਿਚ ਕਈ ਕਿਲੋਮੀਟਰ ਜ਼ਮੀਨ 'ਤੇ ਚੀਨ ਨੇ ਕਬਜ਼ਾ ਕਰ ਲਿਆ ਹੈ। 

ਮਨਮੋਹਨ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਆਪਣੇ ਬਿਆਨ ਨਾਲ ਚੀਨ ਦੇ ਚਲਾਕ ਵਤੀਰੇ ਨੂੰ ਮਜ਼ਬੂਤੀ ਨਹੀਂ ਦੇਣੀ ਚਾਹੀਦੀ। ਮਨਮੋਹਨ ਸਿੰਘ ਨੇ ਮੋਦੀ ਨੂੰ ਲੋਕਾਂ ਨੂੰ ਗੁਮਰਾਹ ਕਰਨ ਤੋਂ ਪ੍ਰਹੇਜ਼ ਕਰਨ ਲਈ ਕਿਹਾ ਤੇ ਦੱਸਿਆ ਕਿ ਇਸ ਸਮੇਂ ਚੰਗੀ ਕੂਟਨੀਤੀ ਅਤੇ ਮਜ਼ਬੂਤ ਆਗੂ ਦੀ ਲੋੜ ਹੈ। ਮਨਮੋਹਨ ਸਿੰਘ ਨੇ ਝੜਪ ਵਿਚ ਮਾਰੇ ਗਏ ਭਾਰਤੀ ਫੌਜੀਆਂ ਨੂੰ ਸ਼ਰਧਾਂਜਲੀ ਦਿੱਤੀ।

ਮਨਮੋਹਨ ਸਿੰਘ ਦੇ ਇਸ ਬਿਆਨ ਤੋਂ ਤੈਸ਼ ਵਿਚ ਆਈ ਭਾਜਪਾ ਨੇ ਕਿਹਾ ਕਿ ਭਾਰਤ ਦਾ ਸਭ ਤੋਂ ਵੱਧ ਇਲਾਕਾ ਚੀਨ ਨੇ ਕਾਂਗਰਸ ਦੀਆਂ ਸਰਕਾਰਾਂ ਵੇਲੇ ਦੱਬਿਆ। ਭਾਜਪਾ ਦੇ ਪ੍ਰਧਾਨ ਜੇਪੀ ਨੱਡਾ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਦੀ ਸਰਕਾਰ ਮੌਕੇ 2010 ਅਤੇ 2013 ਦਰਮਿਆਨ 600 ਤੋਂ ਵੱਧ ਵਾਰ ਚੀਨ ਨੇ ਘੁਸਪੈਠ ਕੀਤੀ ਅਤੇ ਕਈ ਸੈਂਕੜੇ ਕਿਲੋਮੀਟਰ ਇਲਾਕਾ ਦੱਬ ਲਿਆ ਸੀ। 

ਭਾਜਪਾ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਉਸੇ ਪਾਰਟੀ ਨਾਲ ਸਬੰਧਿਤ ਹਨ ਜਿਸਨੇ ਚੀਨੀਆਂ ਨੂੰ ਭਾਰਤ ਦੀ 43,000 ਕਿਲੋਮੀਟਰ ਧਰਤੀ ਦਾ ਕਬਜ਼ਾ ਦੇ ਦਿੱਤਾ ਸੀ।