ਹਿੰਦੀ ਭਾਸ਼ੀ ਬਿਹਾਰ ਨੇ ਮੋਦੀ ਦੇ ਗਲ ਜਿੱਤ ਦੇ ਹਾਰ ਪਾਏ

ਹਿੰਦੀ ਭਾਸ਼ੀ ਬਿਹਾਰ ਨੇ ਮੋਦੀ ਦੇ ਗਲ ਜਿੱਤ ਦੇ ਹਾਰ ਪਾਏ

ਅੰਮ੍ਰਿਤਸਰ ਟਾਈਮਜ਼ ਬਿਊਰੋ

ਬਿਹਾਰ ਵਿਧਾਨ ਸਭਾ ਚੋਣਾਂ ਵਿਚ ਭਾਜਪਾ-ਜੇਡੀਯੂ ਗਠਜੋੜ ਨੇ 125 ਸੀਟਾਂ ਜਿੱਤ ਕੇ ਮੁੜ ਸਰਕਾਰ ਬਣਾ ਲਈ ਹੈ। ਦੇਰ ਰਾਤ ਆਏ ਆਖਰੀ ਨਤੀਜਿਆਂ ਵਿਚ ਆਰਜੇਡੀ-ਕਾਂਗਰਸ ਵਾਲੇ ਗਠਜੋੜ ਨੂੰ 110 ਸੀਟਾਂ ਮਿਲੀਆਂ। ਬਿਹਾਰ ਵਿਚ ਸਰਕਾਰ ਬਣਾਉਣ ਲਈ 122 ਸੀਟਾਂ ਲੋੜੀਂਦੀਆਂ ਸਨ।

ਲਾਲੂ ਪ੍ਰਸਾਦ ਯਾਦਵ ਦੇ ਪੁੱਤਰ ਤੇਜਸਵੀ ਯਾਦਵ ਦੇ ਚਿਹਰੇ ਨਾਲ ਚੋਣ ਲੜ ਰਹੇ ਆਰਜੇਡੀ-ਕਾਂਗਰਸ ਗਠਜੋੜ ਦੀ ਗੱਲ ਕਰੀਏ ਤਾਂ ਕਾਂਗਰਸ ਸਿਰਫ 19 ਸੀਟਾਂ ਹੀ ਜਿੱਤ ਸਕੀ ਜਦਕਿ ਆਰਜੇਡੀ ਇਕੱਲੀ ਸਭ ਤੋਂ ਵੱਧ ਸੀਟਾਂ ਜਿੱਤਣ ਵਾਲੀ ਪਾਰਟੀ ਬਣੀ। ਆਰਜੇਡੀ ਨੇ ਕੁੱਲ 23.1 ਫੀਸਦੀ ਵੋਟਾਂ ਹਾਸਲ ਕਰਕੇ 75 ਸੀਟਾਂ ਜਿੱਤੀਆਂ। ਪਰ ਕਾਂਗਰਸ ਦਾ ਮਾੜਾ ਪ੍ਰਦਰਸ਼ਨ ਤੇਜਸਵੀ ਦੇ ਮੁੱਖ ਮੰਤਰੀ ਬਣਨ ਦੇ ਸੁਪਨੇ 'ਤੇ ਪਾਣੀ ਫੇਰ ਗਿਆ। 

ਜੇ ਭਾਜਪਾ-ਜੇਡੀਯੂ ਗਠਜੋੜ ਦੀ ਗੱਲ ਕਰੀਏ ਤਾਂ ਬਿਹਾਰ ਵਿਚ ਵੱਡਾ ਭਾਈ ਮੰਨੀ ਜਾਂਦੀ ਜੇਡੀਯੂ ਇਸ ਵਾਰ ਭਾਜਪਾ ਦੇ ਥੱਲੇ ਆ ਗਈ ਹੈ। ਭਾਜਪਾ ਨੇ ਰਿਕਾਰਡ ਤੋੜ ਪ੍ਰਦਰਸ਼ਨ ਕਰਦਿਆਂ ਬਿਹਾਰ ਵਿਚ 74 ਸੀਟਾਂ ਜਿੱਤੀਆਂ ਹਨ ਜਦਕਿ ਜੇਡੀਯੂ ਮਹਿਜ਼ 43 ਸੀਟਾਂ ਹੀ ਜਿੱਤ ਸਕੀ। ਭਾਜਪਾ ਨੂੰ 19.5 ਫੀਸਦੀ ਵੋਟਾਂ ਪਈਆਂ ਜਦਕਿ ਜੇਡੀਯੂ ਨੂੰ 15.4 ਫੀਸਦੀ ਵੋਟਾਂ ਮਿਲੀਆਂ। ਇਹਨਾਂ ਅੰਕੜਿਆਂ ਤੋਂ ਬਾਅਦ ਹੁਣ ਇਹ ਚਰਚਾ ਜ਼ੋਰ ਫੜ੍ਹ ਗਈ ਹੈ ਕਿ ਭਾਜਪਾ ਮੁੱਖ ਮੰਤਰੀ ਕੁਰਸੀ 'ਤੇ ਆਪਣਾ ਦਾਅਵਾ ਕਰਦੀ ਹੈ ਜਾਂ ਭਾਈਵਾਲ ਨਿਤਿਸ਼ ਕੁਮਾਰ ਨੂੰ ਹੀ ਕੁਰਸੀ ਦਿੰਦੀ ਹੈ।

ਬਿਹਾਰ ਦੇ ੳੇੁੱਤਰ ਪੂਰਬੀ ਇਲਾਕੇ ਸੀਮਾਂਚਲ ਵਿਚ ਅਸਦੁਦਦੀਨ ਓਵੈਸੀ ਦੀ ਪਾਰਟੀ ਏਆਈਏਆਈਐਮ ਨੇ ਪੰਜ ਵਿਧਾਨ ਸਭਾ ਸੀਟਾਂ 'ਤੇ ਜਿੱਤ ਹਾਸਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਭਾਜਪਾ ਤੋਂ ਵੱਖ ਹੋਏ ਉਪੇਂਦਰ ਖੁਸ਼ਵਾਹਾ ਦੀ ਰਾਸ਼ਟਰੀ ਲੋਕ ਸਮਤਾ ਪਾਰਟੀ, ਓਵੈਸੀ ਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਨੇ ਗਠਜੋੜ ਬਣਾਇਆ ਸੀ। ਖੁਸ਼ਵਾਹਾ ਦੀ ਪਾਰਟੀ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ ਪਰ ਬਸਪਾ ਨੂੰ ਇਕ ਸੀਟ 'ਤੇ ਜਿੱਤ ਮਿਲੀ ਹੈ।

ਓਵੈਸੀ ਨੇ ਇਸ ਜਿੱਤ 'ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਆਉਂਦੇ ਸਮੇਂ ਵਿਚ ਬੰਗਾਲ, ਅਸਾਮ ਸਮੇਤ ਹੋਰ ਸੂਬਿਆਂ ਵਿਚ ਵੀ ਚੋਣ ਲੜਨਗੇ। ਜਿਹਨਾਂ ਇਲਾਕਿਆਂ ਵਿਚ ਓਵੈਸੀ ਦੀ ਪਾਰਟੀ ਜਿੱਤੀ ਹੈ ਇਹ ਮੁਸਲਿਮ ਬਹਗਿਣਤੀ ਇਲਾਕੇ ਹਨ।

ਭਾਜਪਾ ਨਾਲੋਂ ਗਠਜੋੜ ਤੋੜ ਕੇ ਅਲੱਗ ਚੋਣਾਂ ਲੜ ਰਹੇ ਰਾਮ ਵਿਲਾਸ ਪਾਸਵਾਨ ਦੇ ਪੁੱਤਰ ਚਿਰਾਗ ਪਾਸਵਾਨ ਦੀ ਲੋਕ ਜਨਸ਼ਕਤੀ ਪਾਰਟੀ ਨੂੰ ਇਕ ਸੀਟ 'ਤੇ ਜਿੱਤ ਮਿਲੀ ਹੈ। 

ਭਾਜਪਾ ਵੱਲੋਂ ਇਸ ਜਿੱਤ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰ ਬੰਨ੍ਹਿਆ ਜਾ ਰਿਹਾ ਹੈ। ਆਰਜੇਡੀ ਨੇ ਵੋਟਾਂ ਦੀ ਗਿਣਤੀ ਵਿਚ ਧੋਖਾਧੜੀ ਦਾ ਦੋਸ਼ ਲਾਇਆ ਹੈ ਤੇ ਭਾਰਤ ਦੇ ਚੋਣ ਕਮਿਸ਼ਨ ਨੂੰ ਇਸ ਸਬੰਧੀ ਸ਼ਿਕਾਇਤ ਵੀ ਕੀਤੀ। ਪਰ ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਉਹਨਾਂ ਦੇ ਅਫਸਰਾਂ ਵੱਲੋਂ ਬਿਲਕੁਲ ਸਹੀ ਤਰੀਕੇ ਗਿਣਤੀ ਦਾ ਕੰਮ ਮੁਕੰਮਲ ਕੀਤਾ ਗਿਆ ਹੈ।