ਪੱਤਰਕਾਰ ਰਾਜੂ ਸੰਥਾਨਮ ਦੀ ਭਾਈ ਰੱਛਪਾਲ ਸਿੰਘ ਦੀ ਡਾਇਰੀ ਬਾਰੇ ਇੱਕ ਰਿਪੋਰਟ

ਪੱਤਰਕਾਰ ਰਾਜੂ ਸੰਥਾਨਮ ਦੀ ਭਾਈ ਰੱਛਪਾਲ ਸਿੰਘ ਦੀ ਡਾਇਰੀ ਬਾਰੇ ਇੱਕ ਰਿਪੋਰਟ

ਰਾਜੂ ਸੰਥਾਨਮ ਨੇ 15 ਸਤੰਬਰ 1985 ਨੂੰ ਇੱਕ ਆਰਟੀਕਲ ਵਿੱਚ ਕਿਹਾ ਕਿ ਫੌਜ ਤੇ ਖੁਫੀਆ ਏਜੰਸੀ ਦੋ ਟਰੱਕ ਕਾਗ਼ਜ਼ਾਂ, ਫ਼ਾਈਲਾਂ ਅਤੇ ਹੋਰ ਦਸਤਾਵੇਜ਼ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਉੱਥੋਂ ਲੈ ਕੇ ਆਏ ਅਤੇ ਉਹਨਾਂ ਵਿੱਚੋਂ ਇੱਕ ਭਾਈ ਰਛਪਾਲ ਸਿੰਘ ਦੀ ਡਾਇਰੀ ਹੈ ਜੋ ਗੁਰਮੁਖੀ ਵਿੱਚ ਹੈ ਤੇ ਹੁਣ ਸੀ ਬੀ ਆਈ ਕੋਲ ਹੈ। ਸ਼ਾਇਦ ਡਾਇਰੀ ਵਿੱਚਲੇ ਤੱਥਾਂ ਨੂੰ ਕਦੇ ਵੀ ਬਾਹਰ ਨਾਂ ਕੱਢਿਆ ਜਾਵੇ ਪਰ ਰਾਜੂ ਨੂੰ ਡਾਇਰੀ ਪੜ੍ਹਣ ਦਾ ਮੌਕਾ ਮਿਲ ਗਿਆ ਅਤੇ ਉਹ ਲਿਖਦਾ ਹੈ ਕਿ:

“ ਡਾਇਰੀ ਵਿੱਚ 7 ਉੱਚੇ ਅਹੁਦਿਆਂ ਤੇ ਲੱਗੇ ਅਫਸਰਾਂ ਦੇ ਨਾਮ ਹਨ ਜਿਹੜੇ ਸੰਤ ਭਿੰਡਰਾਵਾਲੇ ਨੂੰ ਸਰਕਾਰ ਦੀਆਂ ਮੀਟਿੰਗਾਂ ਵਿੱਚਲੀ ਗੁਪਤ ਜਾਣਕਾਰੀ ਦਿੰਦੇ ਸਨ”।

“ਸੰਤ ਨਾਲ ਅਨੇਕਾਂ ਸਰਕਾਰ ਏਲਚੀ ਗੱਲ-ਬਾਤ ਕਰ ਰਹੇ ਸਨ ਜਿਹੜੇ ਸੰਤ ਨੂੰ ਸ਼ਾਂਤੀ ਵਾਰਤਾ ਨਾਲ ਹੱਲ ਲੱਭਣ ਦੀ ਗੱਲ ਕਰਦੇ ਸਨ ਪਰ ਸਰਕਾਰੀ ਅਫਸਰਾਂ ਵਲੋਂ ਉਹਨੂੰ ਕਰੜੀ ਕਾਰਵਾਈ ਹੋਣ ਦੀ ਸੂਹ ਵੀ ਨਾਲ-ਨਾਲ ਮਿਲ ਰਹੀ ਸੀ”

“ਉਦਾਹਰਣ ਦੇ ਤੌਰ ਤੇ 12 ਫ਼ਰਵਰੀ ਨੂੰ ਸੀ ਆਰ ਪੀ ਅਤੇ ਸੰਤ ਦੇ ਬੰਦਿਆਂ ਵਿੱਚਕਾਰ ਫਾਈਰਿੰਗ ਹੋਈ। 14 ਫ਼ਰਵਰੀ ਨੂੰ ਡੀਸੀ ਨੇ ਸੰਤ ਨੂੰ ਫ਼ੋਨ ਕਰਕੇ ਮੁਆਫੀ ਮੰਗੀ ਅਤੇ ਦੱਸਿਆ ਕਿ ਸਰਕਾਰ ਨੇ (ਦਰਬਾਰ ਸਾਹਿਬ) ਹਮਲਾ ਕਰਨ ਦੀ ਯੋਜਨਾ ਬਣਾਈ ਹੋਈ ਹੈ”।

“19 ਫ਼ਰਵਰੀ ਨੂੰ ਅਜੈਬ ਸਿੰਘ ਮਚਾਕੀ ਸੰਤਾਂ ਕੋਲ ਬੂਟਾ ਸਿੰਘ ਦਾ ਸੁਨੇਹਾ ਲੈ ਕੇ ਆਇਆ ਕਿ ਸੰਤ ਹਿੰਸਾ ਦੀ ਨਿੰਦਾ ਕਰਨ ਅਤੇ ਫਿਰਕੂ ਸਦਭਾਵਨਾ ਦਾ ਸੁਨੇਹਾ ਦੇਣ। ਸੰਤਾ ਨੇ ਇਹ ਪ੍ਰਸਤਾਵ ਇੱਕ ਦਮ ਠੁਕਰਾ ਦਿੱਤਾ ਕਿਉਂ ਕਿ ਉਹਨੂੰ ਪਤਾ ਸੀ ਕਿ ਹਮਲਾ ਹੋਣਾ ਹੀ ਹੈ”।

“24 ਫ਼ਰਵਰੀ ਨੂੰ ਇੱਕ ਪੱਤਰਕਾਰ ਨੇ ਵੀ ਸੂਹ ਦਿੱਤੀ ਕਿ ਹਮਲਾ ਹੋ ਸਕਦਾ ਹੈ”।

“26 ਫ਼ਰਵਰੀ ਇੱਕ ਸਿੱਖ ਫ਼ੌਜੀ ਅਫਸਰ ਨੇ ਦੱਸਿਆ ਕਿ ਅਸਾਮ ਦੇ ਹਵਾਈ ਫ਼ੌਜੀ ਅਫਸਰ ਨੇ ਕਮਾਂਡੋਆਂ ਨੂੰ ਟ੍ਰੇਨਿੰਗ ਦਿੱਤੀ ਹੈ ਜਿਹੜੇ ਹੈਲੀਕਾਪਟਰਾਂ ਰਾਹੀਂ ਦਰਬਾਰ ਸਾਹਿਬ ਉਤਾਰੇ ਜਾਣਗੇ ਅਤੇ ਹਰੇਕ ਹੈਲੀਕਾਪਟਰ ਵਿੱਚ 25 ਬੂਲਟ ਪਰੂਫ ਜਾਕਟਾਂ ਵਾਲੇ ਕਮਾਂਡੋ ਹੋਣਗੇ।

“4 ਮਾਰਚ ਨੂੰ ਰਿਟਾਇਰ ਬ੍ਰਿਗੇਡੀਅਰ ਮਹਿੰਦਰ ਸਿੰਘ ਨੇ ਦੱਸਿਆ ਕਿ 5 ਕੰਪਨੀਆਂ ਹਲਵਾਰਾ ਕਮਾਂਡੋ ਟ੍ਰੇਨਿੰਗ ਲਈ ਭੇਜੀਆਂ ਗਈਆਂ ਹਨ।

“11 ਮਾਰਚ ਨੂੰ ਤਰਲੋਚਨ ਸਿੰਘ ਰਿਆਸਤੀ ਸੰਤਾ ਨੂੰ ਮਿਲ ਕੇ ਦੱਸਦਾ ਹੈ ਕਿ ਇੰਦਰਾ ਗਾਂਧੀ ਪੰਜਾਬ ਸਮੱਸਿਆ ਦਾ ਹੱਲ ਕੱਢਣ ਦੇ ਰੌਂਅ ਵਿੱਚ ਨਹੀਂ”।

“12 ਮਾਰਚ ਨੂੰ ਗਿਆਨੀ ਜ਼ੈਲ ਸਿੰਘ ਨੇ ਪਸਤੌਲ ਸਿੰਘ ਨੂੰ ਭੇਜਿਆ ਜਿਸਨੇ ਕਈ ਖੁਲਾਸੇ ਕੀਤੇ ਤੇ ਸੰਤ ਅਤੇ ਨਜ਼ਦੀਕੀ ਦੇਰ ਰਾਤ ਤੱਕ ਵਿਚਾਰਦੇ ਰਹੇ”

“ਮਾਰਚ 24 ਨੂੰ ਅਜੈਬ ਸਿੰਘ ਮਚਾਕੀ ਨੇ ਰੱਛਪਾਲ ਸਿੰਘ ਨੂੰ ਦੱਸਿਆ ਕਿ ਬੂਟਾ ਸਿੰਘ ਅੱਜ ਹੀ ਅੰਮ੍ਰਿਤਸਰ ਆ ਸਕਦਾ ਹੈ ਜੇ ਉਹ ਉਸਦੀ ਸੰਤਾਂ ਨਾਲ ਮੀਟਿੰਗ ਕਰਵਾ ਦਏ। ਸੰਤਾਂ ਨੇ ਮੀਟਿੰਗ ਤੋਂ ਇਨਕਾਰ ਕਰ ਦਿੱਤਾ।

“ਇੱਸੇ ਤਰਾਂ ਬੀਰਬਲ ਨਾਥ ਨੇ ਬਾਘਾ ਪੁਰਾਣਾ ਦੇ ਸਰਪੰਚ ਮੱਖਣ ਸਿੰਘ ਰਾਹੀਂ ਸੰਪਰਕ ਕੀਤਾ ਤੇ ਉਸਨੇ 31 ਮਾਰਚ ਨੂੰ ਸੰਤਾ ਨੂੰ ਮਿਲਿਆ। ਉਸਨੇ ਕਿਹਾ ਕਿ ਬੀਰਬਲ ਨਾਥ ਦੀ ਪ੍ਰਧਾਨ ਮੰਤਰੀ ਨਾਲ ਗੱਲ ਹੋਈ ਹੈ ਤੇ ਉਹ ਕਹਿੰਦੀ ਹੈ ਕਿ ਜੇ ਸੰਤ ਹਿੰਸਾ ਦਾ ਰਾਹ ਤਿਆਗ ਦਵੇ ਤਾਂ ਉਹ ਆਲ ਇੰਡੀਆ ਸਿੱਖ ਸੱਟੂਡੈਂਟ ਫੈਡਰੇਸ਼ਨ ਤੋਂ ਪਬੰਦੀ ਹਟਾ ਲਵੇਗੀ ਅਤੇ ਸੰਤ ਆਪਣੇ ਕੋਈ ਦੋ ਬੰਦੇ ਗੱਲ-ਬਾਤ ਲਈ ਦਿੱਲੀ ਭੇਜ ਦਵੇ। ਸੰਤਾਂ ਨੇ ਉਸਦਾ ਪ੍ਰਸਤਾਵ ਠੁਕਰਾ ਦਿੱਤਾ ਤੇ ਮੋੜਵਾਂ ਜੁਆਬ ਦਿੱਤਾ ਕਿ ਜੇ ਗੱਲ-ਬਾਤ ਕਰਨੀ ਹੈ ਤਾਂ ਰਾਜੀਵ ਗਾਂਧੀ ਅੰਮ੍ਰਿਤਸਰ ਆ ਕੇ ਇਸਦੀ ਸ਼ੁਰੂਆਤ ਕਰੇ”।

“4 ਅਪ੍ਰੈਲ ਨੂੰ ਸੰਤਾਂ ਨੇ ਮੱਖਣ ਸਿੰਘ ਰਾਹੀਂ ਦੁਬਾਰਾ ਪ੍ਰਧਾਨ ਮੰਤਰੀ ਦਾ ਪ੍ਰਸਤਾਵ ਠੁਕਰਾਇਆ।

ਇਹ ਕੁੱਝ ਘਟਨਾਵਾਂ ਦਾ ਜ਼ਿਕਰ ਭਾਈ ਰਛਪਾਲ ਸਿੰਘ ਆਪਣੀ ਡਾਇਰੀ ਵਿੱਚ ਕਰਦੇ ਹਨ ਜਿਸਤੋਂ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਦੂਰ ਅੰਦੇਸ਼ੀ ਅਤੇ ਪਰਪੱਕ ਹੋਣ ਦੀਆਂ ਮਿਸਾਲਾਂ ਮਿਲਦੀਆਂ ਹਨ।

ਪਰ ਭਾਈ ਹਰਮਿੰਦਰ ਸਿੰਘ ਸੰਧੂ ਬਾਰੇ ਇਹੀ ਪੱਤਰਕਾਰ, ਰਾਜੂ ਸੰਥਾਨਮ ਨੇ 31 ਅਗਸਤ 1984 ਨੂੰ ਇੰਡੀਆ ਟੂਡੇ ਵਿੱਚ ਇੱਕ ਰਿਪੋਰਟ ਛਾਪੀ ਸੀ ਜਿਸ ਵਿੱਚ ਲਿਖਿਆ ਸੀ ਕਿ ਪੁੱਛ-ਗਿੱਛ ਦੌਰਾਨ ਸੰਧੂ ਨੇ ਦੱਸਿਆ ਕਿ “ਭਿੰਡਰਾਵਾਲਿਆਂ ਨੇ ਕਦੇ ਵੱਖ ਰਾਜ ਦੀ ਮੰਗ ਨਹੀਂ ਕੀਤੀ ਅਤੇ ਹਮਲੇ ਵੇਲੇ ਫੌਜ ਵੱਲੋਂ ਆਤਮ ਸਮਰਪਣ ਦੀ ਅਪੀਲ ਉਹਨਾਂ ਨੇ ਨਹੀਂ ਸੁਣੀ, ਜੇ ਸੁਣੀ ਹੁੰਦੀ ਤਾਂ ਉਹਨਾਂ ਨੇ ਹਥਿਆਰ ਸੁੱਟ ਦੇਣੇ ਸਨ”