ਭਾਈ ਗਜਿੰਦਰ ਸਿੰਘ ਦੇ ਅਕਾਲ ਚਲਾਣੇ ਤੇ ਦੁੱਖ  ਦਾ ਪ੍ਰਗਟਾਵਾ - ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼

ਭਾਈ ਗਜਿੰਦਰ ਸਿੰਘ ਦੇ ਅਕਾਲ ਚਲਾਣੇ ਤੇ ਦੁੱਖ  ਦਾ ਪ੍ਰਗਟਾਵਾ - ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼

ਅੰਮ੍ਰਿਤਸਰ ਟਾਈਮਜ਼ ਬਿਊਰੋ 

ਲੰਡਨ  - ਬਰਤਾਨੀਆ  ਦੀਆਂ ਖਾਲਿਸਤਾਨ ਪੱਖੀ ਸਿੱਖ ਜਥੇਬੰਦੀਆਂ ਵਲੋਂ ਭਾਈ  ਗਜਿੰਦਰ ਸਿੰਘ ਹਾਈਜੈਕਰ ਦਾ ਅਕਾਲ ਚਲਾਣਾ ਸੰਘਰਸ਼ਮਈ ਕਾਫਲੇ ਲਈ ਵੱਡਾ ਘਾਟਾ ਕਰਾਰ ਦਿੱਤਾ ਗਿਆ।  ਭਾਈ ਗਜਿੰਦਰ ਸਿੰਘ ਨੇ ਭਾਰਤ ਸਰਕਾਰ ਮੂਹਰੇ ਗੋਡੇ ਟੇਕਦਿਆਂ ਆਤਮ ਸਮਰਪਣ ਨਹੀਂ ਕੀਤਾ । ਜੋ ਕਿ ਖਾਲਿਸਤਾਨੀ ਕਾਫਲੇ ਵਾਸਤੇ ਮਾਣ ਵਾਲੀ ਗੱਲ ਹੈ । ਬਰਤਾਨੀਆ ਵਿੱਚ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਿਤ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ  ਸਾਂਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਅਤੇ  ਸਿੱਖ ਫੈਡਰੇਸ਼ਨ ਯੂ,ਕੇ ਦੇ ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ, ਬ੍ਰਿਟਿਸ਼ ਸਿੱਖ ਕੌਂਸਲ ਦੇ ਪ੍ਰਧਾਨ ਭਾਈ ਤਰਸੇਮ ਸਿੰਘ ਦਿਓਲ, ਸ੍ਰੋਮਣੀ ਅਕਾਲੀ ਦਲ ਯੂ,ਕੇ ਦੇ ਪ੍ਰਧਾਨ ਭਾਈ ਗੁਰਦੇਵ ਸਿੰਘ ਚੋਹਾਨ, ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਭਾਈ ਨਿਰਮਲ ਸਿੰਘ ਸੰਧੂ,   ਧਰਮਯੁੱਧ ਜਥਾ ਦਮਦਮੀ ਟਕਸਾਲ ਯੂ,ਕੇ ਦੇ ਮੁੱਖੀ  ਭਾਈ ਬਲਵਿੰਦਰ ਸਿੰਘ ਵੁਲਵਰਹੈਂਪਟਨ,  ਖਾਲਿਸਤਾਨ ਜਲਾਵਤਨ ਸਰਕਾਰ ਦੇ ਪ੍ਰਧਾਨ ਮੰਤਰੀ ਭਾਈ ਗੁਰਮੇਜ ਸਿੰਘ ਗਿੱਲ,  ਧਰਮਯੁੱਧ ਜਥਾ ਦਮਦਮੀ ਟਕਸਾਲ ਯੂ,ਕੇ ( ਟਿਵੀਡੇਲ) ਦੇ ਜਥੇਦਾਰ ਚਰਨ ਸਿੰਘ, ਬੱਬਰ ਅਕਾਲੀ ਆਰਗੇਨਾਈਜ਼ੇਸ਼ਨ ਯੂ,ਕੇ ਦੇ ਭਾਈ ਹਰਵਿੰਦਰ ਸਿੰਘ ਖਾਲਸਾ , ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ,ਕੇ ਦੇ ਪ੍ਰਧਾਨ ਭਾਈ ਜਸਪਾਲ ਸਿੰਘ ਬੈਂਸ ਨੇ  ਆਖਿਆ ਹੈ ਕਿ ਭਾਈ ਗਜਿੰਦਰ ਸਿੰਘ ਦੀ ਪੰਥ ਪ੍ਰਤੀ ਕੀਤੀ ਕੁਰਬਾਨੀ ਮਹਾਨ ਹੈ। ਜਿਕਰਯੋਗ ਹੈ ਕਿ  ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ  ਜਥੇਦਾਰ ਦਮਦਮੀ ਦੀ ਗਿ੍ਫਤਾਰੀ ਦੇ ਰੋਸ ਵਜੋਂ ਜਹਾਜ ਅਗਵਾ ਕਰਨ ਵਾਲੇ  ਦਲ ਖਾਲਸਾ ਦੇ ਇਸ  ਬਾਨੀ ਭਾਈ ਗਜਿੰਦਰ ਸਿੰਘ  ਹਾਹਾਈਜੈਕਰ ਪਾਕਿਸਤਾਨ  ਵਿੱਚ  ਤੇਰਾਂ   ਸਾਲ ਦੇ ਕਰੀਬ  ਜੇਲ੍ਹ  ਵਿੱਚ  ਬਤੀਤ ਕੀਤੇ  ਅਤੇ  ਤੀਹ ਜਲਾਵਤਨੀ ਹੰਢਾਈ ਹੈ । ਭਾਈ ਗਜਿੰਦਰ ਸਿੰਘ ਨੇ ਕੁੱਲ  42 ਸਾਲ 10  ਮਹੀਨੇ ਪਾਕਿਸਤਾਨ ਦੀ ਧਰਤੀ ਤੇ ਬਤੀਤ ਕੀਤੇ ਅਤੇ ਹਮੇਸ਼ਾਂ ਹੀ ਆਪਣੀ ਕੌਮੀ ਆਜ਼ਾਦੀ ਦਾ ਸੰਕਲਪ ਮੱਦੇ ਨਜ਼ਰ ਰੱਖਿਆ। ਖਾਲਿਸਤਾਨ ਦੇ ਨਿਸ਼ਾਨੇ ਪ੍ਰਤੀ ਅਡੋਲ ਰਹਿੰਦਿਆਂ 73 ਸਾਲ ਦੀ ਉਮਰ ਭੋਗ ਕੇ ਸੰਸਾਰ ਤੋਂ ਰੁਖਸਤ ਹੋ ਗਏ। 

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ  ਅਰਦਾਸ  ਕੀਤੀ ਗਈ ਹੈ ਕਿ ਅਕਾਲ ਪੁਰਖ ਵਾਹਿਗੁਰੂ ਭਾਈ ਗਜਿੰਦਰ  ਸਿੰਘ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ  ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ ।