ਭਾਈ ਦਲਜੀਤ ਸਿੰਘ ਜੀ ਦੀ ਕਿਤਾਬ “ਖਾੜਕੂ ਸੰਘਰਸ਼ ਦੀ ਸਾਖੀ” 9 ਜੂਨ ਨੂੰ ਹੋਵੇਗੀ ਜਾਰੀ

ਭਾਈ ਦਲਜੀਤ ਸਿੰਘ ਜੀ ਦੀ ਕਿਤਾਬ “ਖਾੜਕੂ ਸੰਘਰਸ਼ ਦੀ ਸਾਖੀ” 9 ਜੂਨ ਨੂੰ ਹੋਵੇਗੀ ਜਾਰੀ

ਖਾੜਕੂ ਸੰਘਰਸ਼ ਦੇ ਅਣਜਾਣੇ, ਅਣਗੌਲੇ ਸਿਦਕੀਆਂ ਤੇ ਯੌਧਿਆਂ ਦੀ ਦਾਸਤਾਨ ਬਿਆਨ ਕਰਦੀ ਲਿਖਤ

ਅੰਮ੍ਰਿਤਸਰ ਟਾਈਮਜ਼


ਚੰਡੀਗੜ੍ਹ: ਖਾੜਕੂ ਸੰਘਰਸ਼ ਦੌਰਾਨ ਮੂਹਰਲੀਆਂ ਸਫਾਂ ਵਿਚ ਰਹੇ ਭਾਈ ਦਲਜੀਤ ਸਿੰਘ ਵਲੋਂ ਲਿਖੀ ਇਹ ਕਿਤਾਬ 9 ਜੂਨ ਨੂੰ ਲੁਧਿਆਣੇ ਨੇੜਲੇ ਪਿੰਡ ਇਆਲੀ ਕਲਾਂ ਸਥਿਤ ਗੁਰਦੁਆਰਾ ਥੜ੍ਹਾ ਸਾਹਿਬ, ਪਾਤਿਸ਼ਾਹੀ 6ਵੀਂ ਵਿਖੇ ਜਾਰੀ ਕੀਤੀ ਜਾਵੇਗੀ।  “ਖਾੜਕੂ ਸੰਘਰਸ਼ ਦੀ ਸਾਖੀ: ਅਣਜਾਣੇ, ਅਣਗੌਲੇ ਸਿਦਕੀ ਅਤੇ ਯੋਧੇ” ਸਿਰਲੇਖ ਵਾਲੀ ਇਹ ਕਿਤਾਬ ਬਿਬੇਕਗੜ੍ਹ ਪ੍ਰਕਾਸ਼ਨ ਵਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਭਾਈ ਦਲਜੀਤ ਸਿੰਘ ਜੀ ਜਿਨ੍ਹਾਂ ਨੇ  ਸਿੱਖ ਕੌਮ ਦੇ ਸੰਘਰਸ਼ ਵਿੱਚ ਬਹੁਮੁੱਲਾ ਯੋਗਦਾਨ ਪਾਇਆ ਹੈ । ਖਾੜਕੂ ਸੰਘਰਸ਼ ਨੂੰ ਉਨ੍ਹਾਂ ਨੇ ਆਪਣੇ ਜੀਵਨ ਵਿੱਚ ਹੰਢਾਇਆ ਹੈ । ਉਸ ਸਮੇਂ ਦੀ ਹਕੂਮਤ ਦੇ ਤਸ਼ੱਦਦ ਨੂੰ ਆਪਣੀ ਭਰ ਜਵਾਨੀ ਵਿੱਚ ਮਹਿਸੂਸ ਕੀਤਾ ਹੈ । ਕਿਸੇ ਸੰਘਰਸ਼ੀ ਜੁਝਾਰੂ ਵੱਲੋਂ  ਲਿਖੀ ਗਈ ਇਹ ਪਹਿਲੀ ਕਿਤਾਬ ਹੈ  ਜਿਸ ਵਿਚ ਬਹਾਦਰੀ ਜਾਂ ਸਿਦਕ ਦੇ ਕਿੱਸੇ ਦਰਸਾਏ ਗਏ ਹਨ । ਇਸ ਕਿਤਾਬ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਕਿਤਾਬ ਵਿਚ ਅਣਜਾਣੇ  ਅਤੇ  ਅਣਗੌਲੇ ਸਿੰਘ ਸਿੰਘਣੀਆਂ ਦੇ ਕਿੱਸੇ ਦਰਸਾਏ ਗਏ ਹਨ ਜੋ ਸਿੱਖ ਕੌਮ ਦੇ ਅੱਖੋਂ ਓਹਲੇ ਸਨ।

ਇਹ ਅਨਾਮ ਸਿਦਕੀਆ ਦਾ ਸਦਾ ਹੀ ਸਿੱਖ ਸੰਘਰਸ਼ਾਂ ਅਤੇ ਜੰਗਾਂ ਵਿਚ ਵਡੇਰਾ ਯੋਗਦਾਨ ਰਿਹਾ ਹੈ। ਪਰ ਇਤਿਹਾਸ ਇਨਾ ਨੂੰ ਅਨਾਮ ਹੀ ਯਾਦ ਕਰਦਾ ਹੈ। ਸੋ ਇਸ ਕਿਤਾਬ "ਖਾੜਕੂ ਸੰਘਰਸ਼ ਦੀ ਸਾਖੀ: ਅਣਜਾਣੇ, ਅਣਗੋਲੇ ਸਿਦਕੀ ਅਤੇ ਯੋਧੇ" ਵਿਚ ਇਨ੍ਹਾਂ ਅਨਾਮ ਸਿਦਕੀ ਅਤੇ ਯੋਧਿਆਂ ਦੀ ਬਾਤ ਹੈ ਪਰ ਇਹ ਅਨਾਮ ਰੂਪ ਹੀ ਹਨ। ਇਤਿਹਾਸ ਦੇ ਇਸ ਵਰਤਾਰੇ ਬਾਰੇ ਭਾਈ ਦਲਜੀਤ ਸਿੰਘ ਲਿਖਦੇ ਹਨ ਕਿ "ਇਤਿਹਾਸ ਵਿਚ ਸਦਾ ਹੀ ਕੁਝ ਬੰਦਿਆਂ ਅਤੇ ਘਟਨਾਵਾਂ ਨੂੰ ਜਿਆਦਾ ਥਾਂ ਮਿਲ ਜਾਂਦੀ ਹੈ ਅਤੇ ਇਤਿਹਾਸਕਾਰੀ ਮੁੜ ਓਹਨਾਂ ਦੁਆਲੇ ਹੀ ਘੁੰਮਦੀ ਰਹਿੰਦੀ ਹੈ । ਆਮ ਬੰਦਿਆਂ ਨੂੰ ਇਤਿਹਾਸ ਅਹਿਮੀਅਤ ਨਹੀਂ ਦਿੰਦਾ ਹਾਲਾਂਕਿ ਆਮ ਬੰਦਿਆਂ ਵਲੋਂ ਕਿਸੇ ਖਾਸ ਹਾਲਾਤ ਵਿਚ ਵਿਖਾਏ ਅਸਧਾਰਨ ਅਤੇ ਸਿਫਤੀ ਕਿਰਦਾਰ ਕਿਸੇ ਵੀ ਵੱਡੇ ਨਾਇਕ ਨਾਲੋਂ ਘੱਟ ਨਹੀਂ ਹੁੰਦੇ । ਜਿਵੇਂ ਸਮੁੱਚੀ ਸਿੱਖ ਸੰਗਤ ਦੀ ਖਾਮੋਸ਼ ਅਰਦਾਸ ਜੰਗਾਂ ਵਿਚ ਫਤਹਿ ਅਤੇ ਸ਼ਹਾਦਤਾਂ ਸਿਰਜਦੀ ਹੈ ਉਸੇ ਤਰ੍ਹਾਂ ਆਮ ਬੰਦਿਆਂ ਦੇ ਉਚੇ ਕਿਰਦਾਰ ਅਤੇ ਅਮਲ ਵੱਡੇ ਨਾਇਕਾਂ ਨੂੰ ਸਿਰਜਦੇ ਹਨ ਅਤੇ ਓਹਨਾਂ ਲਈ ਜਮੀਨ ਤਿਆਰ ਕਰਦੇ ਹਨ। "


ਸੋ ਖਾੜਕੂ ਸੰਘਰਸ਼ ਦੀ ਸਾਖੀ ਪੁਸਤਕ ਉਨਾਂ ਅਨਾਮ ਸਿਦਕੀਆਂ ਅਤੇ ਯੋਧਿਆਂ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਅੱਡ-ਅੱਡ ਰੂਪ ਵਿਚ ਜਿਵੇਂ ਸਿੰਘਾਂ ਲਈ ਠਾਹਰਾ ਦਾ ਪ੍ਰਬੰਧ ਕਰਕੇ, ਸੰਘਰਸ਼ ਦੀ ਚੜਦੀਕਲਾ ਦੀ ਪ੍ਰਥਾਏ ਅਰਦਾਸਾ ਕਰਕੇ, ਦਸਵੰਧ ਭੇਟ ਕਰਕੇ, ਕੀਮਤੀ ਜਾਣਕਾਰੀ ਦੇ ਬਦਲੇ ਤਸ਼ੱਦਦ ਝੱਲਦਿਆ ਆਪਣੀ ਜਾਨ ਦਾ ਮੁੱਲ ਤਾਰਕੇ ਆਦਿ ਆਪਣੇ ਉੱਚੇ ਕਿਰਦਾਰਾਂ ਦੇ ਦਰਸ਼ਨ ਕਰਵਾਏ ।


ਇਸ ਪੁਸਤਕ ਵਿਚ ਮੁੱਖ ਰੂਪ ਵਿਚ ਛੇ ਪਾਠ ਹਨ ਜਿਨ੍ਹਾਂ ਦੇ ਨਾਮ ਇਸ ਵਰਗੀਕਰਨ ਵਿਚ ਹਨ ੧. ਅਣਜਾਣੇ ਸਿਦਕੀ ਅਤੇ ਯੋਧੇ, ੨.ਅਣਗੌਲੇ ਸਿਦਕੀ ਅਤੇ ਯੋਧੇ, ੩.ਠਾਹਰਾ ਵਾਲੇ ਪਰਿਵਾਰ,੪. ਟੁੱਟਦੇ ਤਾਰਿਆਂ ਦੀ ਚਮਕ,੫. ਜੰਗ ਦੀ ਲਪੇਟ ਵਿੱਚ ਆਮ ਲੋਕ ਅਤੇ ਜੰਗ ਅਤੇ ੬.ਬੰਦਿਆਂ ਦੇ ਕਿਰਦਾਰ। ਇਹ ਪੁਸਤਕ ਇਕ ਲੜੀ ਰੂਪ ਵਿਚ ਹੈ ਆਉਣ ਵਾਲੇ ਸਮੇਂ ਵਿੱਚ ਇਸ ਪੁਸਤਕ ਦੇ ਅਗਲੇ ਭਾਗ ਵੀ ਆਉਣਗੇ।ਸੋ ਭਾਈ ਦਲਜੀਤ ਸਿੰਘ ਦਾ ਇਹ ਬਹੁ-ਮੁੱਲਾ ਕਾਰਜ ਫਰਜ ਦੇ ਨਾਲ-ਨਾਲ ਇਕ ਡੂਘੇ ਫਿਕਰ ਵਿੱਚੋਂ ਪੈਦਾ ਹੋਇਆ ਹੈ ਜਿਵੇਂ ਕਿ ਇਸ ਬਾਰੇ ਉਹ ਆਖਦੇ ਹਨ "ਸਿੱਖ ਸੰਘਰਸ਼ ਨੇ ਅਜਿਹੇ ਅਨੇਕਾਂ ਨਾਇਕ ਸਿਰਜੇ ਹਨ ਜੋ ਹਰ ਇਲਾਕੇ ਵਿਚ ਹਾਲੇ ਵੀ ਟਾਂਵੇ ਟਾਂਵੇ ਲੋਕਾਂ ਦੀ ਯਾਦ ਵਿਚ ਵਸੇ ਹੋਏ ਹਨ । ਏਹਨਾਂ ਨੂੰ ਸਾਂਭੇ ਜਾਣ ਨਾਲ ਇਤਿਹਾਸ ਦਾ ਅਮੁਕ ਵਹਿਣ ਸਮੇਂ ਦੇ ਇਸ ਗੰਧਲੇ ਮੋੜ ਉਤੇ ਨਿਰਮਲ ਅਤੇ ਭਰਪੂਰ ਦਰਿਆ ਵਾਂਗ ਵਗਦਾ ਰਹਿ ਸਕਦਾ ਹੈ ਜੋ ਸਾਡੀ ਪ੍ਹੀੜੀ ਦੀ ਜਿੰਮੇਵਾਰੀ ਹੈ ।" ਇਸ ਕਾਰਜ ਪ੍ਰਤੀ ਭਾਈ ਸਾਹਿਬ ਆਪਣੇ ਫਰਜ ਦੀ ਦੱਸ ਪਾਉਦਿਆ ਲਿਖਦੇ ਹਨ "ਮੇਰੀ ਕੌਸ਼ਿਸ਼ ਹੋਵੇਗੀ ਕਿ ਘਟਨਾਵਾਂ, ਵਰਤਾਰਿਆਂ ਅਤੇ ਸ਼ਖਸ਼ੀਅਤਾਂ ਦੇ ਥੱਲੇ ਜੋ ਕੁਝ ਅਣਦਿਸਦਾ ਅਤੇ ਅਣਗੌਲਿਆ ਵਾਪਰ ਰਿਹਾ ਸੀ ਉਸਨੂੰ ਵੀ ਲਿਖਿਆ ਅਤੇ ਦੱਸਿਆ ਜਾਵੇ।