ਜੇਲ੍ਹ ਬਣੇ ਕਸ਼ਮੀਰ ਵਿੱਚ ਪਈਆਂ ਬੀਡੀਸੀ ਵੋਟਾਂ ਦੇ 98.3 ਫੀਸਦੀ ਵੋਟਿੰਗ ਅੰਕੜੇ ਦਾ ਸੱਚ

ਜੇਲ੍ਹ ਬਣੇ ਕਸ਼ਮੀਰ ਵਿੱਚ ਪਈਆਂ ਬੀਡੀਸੀ ਵੋਟਾਂ ਦੇ 98.3 ਫੀਸਦੀ ਵੋਟਿੰਗ ਅੰਕੜੇ ਦਾ ਸੱਚ

ਸ਼੍ਰੀਨਗਰ: ਜੰਮੂ ਕਸ਼ਮੀਰ ਵਿੱਚ ਜਿੱਥੇ ਹਾਲਾਤ ਆਮ ਵਰਗੇ ਨਹੀਂ ਹਨ ਅਤੇ ਖਾਸ ਕਰਕੇ ਕਸ਼ਮੀਰ ਘਾਟੀ ਵਿੱਚ ਲੋਕਾਂ ਨੂੰ ਫੌਜ ਦੀਆਂ ਬੰਦੂਕਾਂ ਦੇ ਸਾਏ ਹੇਠ ਬੰਨ੍ਹ ਕੇ ਰੱਖਿਆ ਜਾ ਰਿਹਾ ਹੈ ਉੱਥੇ ਭਾਰਤ ਸਰਕਾਰ "ਸਭ ਕੁੱਝ ਠੀਕ ਹੈ" ਦੀ ਧਾਰਨਾ ਨੂੰ ਪੱਕਾ ਕਰਨ ਲਈ ਸਿਰਤੋੜ ਯਤਨ ਕਰ ਰਹੀ ਹੈ, ਜਿਸ ਲਈ ਅਖਬਾਰਾਂ ਅਤੇ ਟੀਵੀ ਮੀਡੀਆ ਦਾ ਵੱਡਾ ਯੋਗਦਾਨ ਲਿਆ ਜਾ ਰਿਹਾ ਹੈ। ਇਸੇ ਨੀਤੀ ਤਹਿਤ ਜੇਲ੍ਹ ਬਣੇ ਕਸ਼ਮੀਰ ਵਿੱਚ ਬਲਾਕ ਵਿਕਾਸ ਕਾਉਂਸਲ (ਬੀਡੀਸੀ) ਦੀਆਂ ਚੋਣਾਂ ਕਰਵਾਈਆਂ ਗਈਆਂ ਤੇ ਇਹਨਾਂ ਚੋਣਾਂ ਦੀ ਵੋਟ ਫੀਸਦ (98.3 ਫੀਸਦੀ) ਨੂੰ "ਸਭ ਕੁੱਝ ਠੀਕ ਹੈ" ਦੀ ਧਾਰਨਾ ਬਤੌਰ ਪੇਸ਼ ਕੀਤਾ ਜਾ ਰਿਹਾ ਹੈ। ਇਸ ਰਿਪੋਰਟ ਵਿੱਚ ਅਸੀਂ ਇਹਨਾਂ ਚੋਣਾਂ ਦਾ ਸੱਚ ਪਾਠਕਾਂ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।

ਕੀ ਹਨ ਬੀਡੀਸੀ ਦੀਆਂ ਚੋਣਾਂ?
ਬਲਾਕ ਵਿਕਾਸ ਕਾਉਂਸਲ (ਬੀਡੀਸੀ) ਅਧੀਨ ਇਕ ਬਲਾਕ 20 ਪੰਚਾਇਤ ਹਲਕਿਆਂ ਨਾਲ ਮਿਲ ਕੇ ਬਣਦਾ ਹੈ ਜਿਸ ਵਿੱਚ 158 ਪੰਚ ਅਤੇ 20 ਸਰਪੰਚ ਆਉਂਦੇ ਹਨ। ਇਹਨਾਂ ਚੋਣਾਂ ਵਿੱਚ ਸਿਰਫ ਪੰਚ ਅਤੇ ਸਰਪੰਚ ਹੀ ਵੋਟਾਂ ਪਾਉਂਦੇ ਹਨ। ਇਸ ਲਈ ਇਹ ਫੀਸਦੀ ਕਸ਼ਮੀਰ ਦੇ ਆਮ ਲੋਕਾਂ ਦੀ ਸ਼ਮੂਲੀਅਤ ਨੂੰ ਪੇਸ਼ ਨਹੀਂ ਕਰਦਾ। 

ਕਸ਼ਮੀਰ ਵਿੱਚ ਚੁਣੀਆਂ ਗਈਆਂ ਪੰਚਾਇਤਾਂ ਦੀ ਅਸਲ ਸਥਿਤੀ
ਪਿਛਲੇ ਸਾਲ ਕਸ਼ਮੀਰ ਵਿੱਚ ਹੋਈਆਂ ਪੰਚਾਇਤੀ ਵੋਟਾਂ ਦਾ ਆਮ ਕਸ਼ਮੀਰੀਆਂ ਵੱਲੋਂ ਪ੍ਰਭਾਵਸ਼ਾਲੀ ਬਾਈਕਾਟ ਕੀਤਾ ਗਿਆ ਸੀ ਤੇ ਕਸ਼ਮੀਰ ਵਿਚ 30 ਫੀਸਦੀ ਤੋਂ ਘੱਟ ਵੋਟਾਂ ਪਈਆਂ ਸਨ। 

ਜ਼ਿਆਦਾਤਰ ਪੰਚਾਂ ਅਤੇ ਸਰਪੰਚਾਂ ਦੀਆਂ ਸੀਟਾਂ ਖਾਲੀ ਹੀ ਰਹੀਆਂ ਸਨ। ਪੰਚਾਂ ਦੀਆਂ ਕੁੱਲ ਸੀਟਾਂ ਵਿੱਚੋਂ 60 ਫੀਸਦੀ (11,264 ਸੀਟਾਂ) ਖਾਲੀ ਸਨ ਕਿਉਂਕਿ ਇਹਨਾਂ ਸੀਟਾਂ 'ਤੇ ਕੋਈ ਉਮੀਦਵਾਰ ਚੋਣ ਹੀ ਨਹੀਂ ਲੜਿਆ ਸੀ। ਚੁਣੇ ਗਏ 7,569 ਪੰਚਾਂ ਵਿੱਚੋਂ ਵੀ 3500 ਤੋਂ ਵੱਧ ਪੰਚ ਬਿਨ੍ਹਾਂ ਕਿਸੇ ਮੁਕਾਬਲੇ ਦੇ ਚੋਣ ਜਿੱਤ ਕੇ ਪੰਚ ਬਣ ਗਏ ਸਨ।

ਜੇ ਸਰਪੰਚਾਂ ਦੀ ਗੱਲ ਕਰੀਏ ਤਾਂ ਕੁੱਲ 2375 ਸਰਪੰਚ ਸੀਟਾਂ ਵਿੱਚੋਂ 817 ਸੀਟਾਂ ਖਾਲੀ ਹੀ ਰਹੀਆਂ ਸਨ। ਚੁਣੇ ਗਏ 1558 ਸਰਪੰਚਾਂ ਵਿੱਚੋਂ ਵੀ 550 ਸਰਪੰਚ ਬਿਨ੍ਹਾਂ ਕਿਸੇ ਮੁਕਾਬਲੇ ਦੇ ਜਿੱਤੇ ਸਨ। 

ਵੀਰਵਾਰ ਨੂੰ ਕਸ਼ਮੀਰ ਦੇ 137 ਬਲੋਕਾਂ ਵਿੱਚ ਪਈਆਂ ਵੋਟਾਂ ਵਿੱਚੋਂ 9 ਬਲੋਕਾਂ ਵਿੱਚ ਕੋਈ ਉਮੀਦਵਾਰ ਹੀ ਨਹੀਂ ਸੀ, ਜਦਕਿ 24 ਬਲੋਕਾਂ ਵਿੱਚ ਬਿਨ੍ਹਾਂ ਕਿਸੇ ਮੁਕਾਬਲੇ ਦੇ ਉਮੀਦਵਾਰ ਜਿੱਤ ਗਏ।

ਜਿੱਥੇ ਚੋਣਾਂ 'ਚ ਭਾਗ ਲੈਣ ਵਾਲੇ ਕਸ਼ਮੀਰ ਵਾਦੀ ਵਿਚਲੇ ਪੰਚਾਂ-ਸਰਪੰਚਾਂ ਨੂੰ ਫੌਜ ਦੀ ਸੁਰੱਖਿਆ ਹੇਠ ਸ਼੍ਰੀਨਗਰ ਦੇ ਹੋਟਲਾਂ ਵਿੱਚ ਰੱਖਿਆ ਗਿਆ ਹੈ ਉਥੇ ਕਈ ਪੰਚ-ਸਰਪੰਚ ਕਸ਼ਮੀਰੀ ਪੰਡਿਤ ਹਨ ਜੋ ਜੰਮੂ ਹੀ ਰਹਿੰਦੇ ਹਨ।

ਜੰਮੂ ਕਸ਼ਮੀਰ ਸਰਕਾਰ ਨੇ ਇਹਨਾਂ ਪੰਚਾਂ-ਸਰਪੰਚਾਂ ਨੂੰ ਰੱਖਣ ਲਈ 7 ਤੋਂ ਵੱਧ ਹੋਟਲ ਬੁੱਕ ਕੀਤੇ ਹੋਏ ਹਨ। ਭਾਜਪਾ ਨਾਲ ਜੁੜੇ ਪੁਲਵਾਮਾ ਜ਼ਿਲ੍ਹੇ ਦੇ ਪਿੰਡ ਖਿਗਾਮ ਦੇ ਪੰਚ ਨਿਸਾਰ ਅਹਿਮਦ ਭੱਟ ਨੇ ਦੱਸਿਆ ਕਿ ਪੰਚ ਬਣਨ ਤੋਂ ਬਾਅਦ ਹੁਣ ਤੱਕ ਉਸਨੇ ਇੱਕ ਵੀ ਰਾਤ ਆਪਣੇ ਪਿੰਡ ਨਹੀਂ ਗੁਜ਼ਾਰੀ ਹੈ। ਉਹ ਜੇ ਕਦੇ ਪਿੰਡ ਗਿਆ ਵੀ ਤਾਂ ਫੌਜ ਦੀ ਸੁਰੱਖਿਆ ਹੇਠ ਦਿਨ ਵੇਲੇ ਹੀ ਕੁੱਝ ਸਮੇਂ ਲਈ ਗਿਆ। 

ਜ਼ਿਕਰਯੋਗ ਹੈ ਕਿ ਜਦੋਂ ਕਸ਼ਮੀਰੀ ਦੀਆਂ ਸਥਾਨਕ ਪਾਰਟੀਆਂ ਦੇ ਸਾਰੇ ਆਗੂਆਂ ਨੂੰ ਭਾਰਤ ਸਰਕਾਰ ਨੇ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ ਅਤੇ ਜਦੋਂ ਸਾਰੀਆਂ ਬਾਕੀ ਪਾਰਟੀਆਂ ਨੇ ਚੋਣਾਂ ਵਿੱਚ ਭਾਗ ਨਾ ਲੈਣ ਦਾ ਐਲਾਨ ਕੀਤਾ ਹੋਇਆ ਸੀ ਤਾਂ ਅਜਿਹੇ ਵਿੱਚ ਇਹਨਾਂ ਚੋਣਾਂ ਦੀ ਕੋਈ ਲੋਕਤੰਤਰਿਕ ਸਾਰਥਿਕਤਾ ਨਹੀਂ ਰਹਿੰਦੀ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।