ਬਰਗਾੜੀ ਬੇਅਦਬੀ ਮਾਮਲਾ: ਪੰਜਾਬ ਸਰਕਾਰ ਨੂੰ ਨਹੀਂ ਮਿਲੀ ਸੀਬੀਆਈ ਦੀ ਕਲੋਜ਼ਰ ਰਿਪੋਰਟ

ਬਰਗਾੜੀ ਬੇਅਦਬੀ ਮਾਮਲਾ: ਪੰਜਾਬ ਸਰਕਾਰ ਨੂੰ ਨਹੀਂ ਮਿਲੀ ਸੀਬੀਆਈ ਦੀ ਕਲੋਜ਼ਰ ਰਿਪੋਰਟ

ਮੋਹਾਲੀ: ਬਰਗਾੜੀ ਵਿਖੇ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ 'ਚ ਅੱਜ ਸੀਬੀਆਈ ਦੀ ਵਿਸ਼ੇਸ਼ ਅਦਾਲਤ 'ਚ ਸੁਣਵਾਈ ਹੋਈ। ਇਸ ਸੁਣਵਾਈ ਦੌਰਾਨ ਪੰਜਾਬ ਸਰਕਾਰ ਵੱਲੋਂ ਦੋ ਅਰਜ਼ੀਆਂ ਅਦਾਲਤ ਵਿੱਚ ਦਰਜ ਕਰਕੇ ਕਿਹਾ ਗਿਆ ਕਿ ਭਾਵੇਂ ਅਦਾਲਤ ਨੇ ਹੇਠਲੀ ਅਦਾਲਤ ਨੂੰ ਸੀਬੀਆਈ ਦੀ ਕਲੋਜ਼ਰ ਰਿਪੋਰਟ ਦੀ ਨਕਲ ਸਰਕਾਰ ਨੂੰ ਦੇਣ ਦੇ ਹੁਕਮ ਕਰ ਦਿੱਤੇ ਸਨ ਪਰ ਅਜੇ ਤੱਕ ਪੰਜਾਬ ਸਰਕਾਰ ਨੂੰ ਉਹ ਨਕਲ ਨਹੀਂ ਮਿਲੀ ਹੈ। ਦੂਜੀ ਅਰਜ਼ੀ ਵਿੱਚ ਕਿਹਾ ਗਿਆ ਹੈ ਕਿ ਇਸ ਮਾਮਲੇ ਨਾਲ ਸਬੰਧਤ ਕਾਗਜ਼ਾਤ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਫਰੀਦਕੋਟ ਦੀ ਅਦਾਲਤ ਵਿੱਚ ਭੇਜੇ ਜਾਣ। 

ਸੀਬੀਆਈ ਵੱਲੋਂ ਪੇਸ਼ ਹੋਏ ਜਾਂਚ ਅਫਸਰ ਅਨਿਲ ਕੁਮਾਰ ਯਾਦਵ ਨੇ ਪਿਛਲੀਆਂ ਪੇਸ਼ੀਆਂ ਉੱਤੇ ਸੀਬੀਆਈ ਦੀ ਕਾਰਗੁਜ਼ਾਰੀ ਬਾਰੇ ਇਤਰਾਜ਼ਾਂ ਸਬੰਧੀ ਲਿਖਤੀ ਰੂਪ ਵਿੱਚ ਆਪਣਾ ਪੱਖ ਪੇਸ਼ ਕਰਦੇ ਹੋਏ ਕਿਹਾ ਕਿ ਉੱਚ ਅਦਾਲਤ ਨੇ ਏਜੰਸੀ ਨੂੰ ਜਾਂਚ ਦੇ ਹੁਕਮ ਨਹੀਂ ਦਿੱਤੇ ਸਨ ਬਲਕਿ ਪੰਜਾਬ ਸਰਕਾਰ ਦੀ ਅਪੀਲ 'ਤੇ ਹੀ ਜਾਂਚ ਸ਼ੁਰੂ ਕੀਤੀ ਗਈ ਸੀ।

ਦੂਜੇ ਪਾਸੇ ਰਾਮਪੁਰਾ ਫੂਲ ਤੋਂ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਨੇ ਅਦਾਲਤ ਵਿੱਚ ਪੇਸ਼ ਹੋ ਕੇ 2 ਵੱਖ-ਵੱਖ ਅਰਜ਼ੀਆਂ ਦਿੰਦਿਆਂ ਕਿਹਾ ਕਿ ਇਹਨਾਂ ਦੀ ਨਕਲ ਭਾਵੇਂ ਪੰਜਾਬ ਸਰਕਾਰ ਅਤੇ ਸੀਬੀਆਈ ਨੂੰ ਦੇ ਦਿੱਤੀ ਜਾਵੇ ਪਰ ਇਹ ਸ਼ਿਕਾਇਤਕਰਤਾ ਧਿਰ ਦੇ ਵਕੀਲ ਗਗਨਪ੍ਰੀਤ ਸਿੰਘ ਬੱਲ ਨੂੰ ਨਾ ਦਿੱਤੀਆਂ ਜਾਣ। 

ਮਾਮਲੇ 'ਚ ਸ਼ਿਕਾਇਤਕਰਤਾ ਰਣਜੀਤ ਸਿੰਘ ਬੁਰਜ ਸਿੰਘ ਵਾਲਾ ਅਤੇ ਗ੍ਰੰਥੀ ਗੋਰਾ ਸਿੰਘ ਦੇ ਵਕੀਲ ਗਗਨਪ੍ਰੀਤ ਸਿੰਘ ਬੱਲ ਨੇ ਫੇਰ ਕਿਹਾ ਕਿ ਸਾਬਕਾ ਵਿਧਾਇਕ ਜਲਾਲ ਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਉਹ ਸਿਰਫ ਰਾਜਨੀਤਕ ਲਾਭ ਲੈਣ ਲਈ ਮਾਮਲੇ ਨੂੰ ਉਲਝਾ ਰਹੇ ਹਨ ਤੇ ਪੰਜਾਬ ਸਰਕਾਰ ਵੀ ਜਾਣ-ਬੁੱਝ ਕੇ ਕੇਸ ਨੂੰ ਲੰਮਾ ਕਰ ਰਹੀ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।