ਬਾਦਲ ਦਲ ਦੀ ਰਣਨੀਤੀ ਤੇ ਬਗਾਵਤ ਵਾਲੀ ਸਥਿਤੀ

ਬਾਦਲ ਦਲ ਦੀ ਰਣਨੀਤੀ ਤੇ ਬਗਾਵਤ ਵਾਲੀ ਸਥਿਤੀ

ਸ਼ੋ੍ਮਣੀ ਅਕਾਲੀ ਦਲ ਵਿਚ ਅਨੁਸ਼ਾਸਨੀ ਕਮੇਟੀ ਕਾਇਮ

 ਸ਼ੋ੍ਮਣੀ ਅਕਾਲੀ ਦਲ ਵਿਚ ਅਨੁਸ਼ਾਸਨੀ ਕਮੇਟੀ ਕਾਇਮ ਹੋ ਜਾਣ ਪਿੱਛੋਂ ਬੇਸ਼ੱਕ ਕੁਝ ਅਕਾਲੀ ਆਗੂ ਹੁਣ ਪਹਿਲਾਂ ਵਾਂਗ ਖੁੱਲ੍ਹ ਕੇ ਨਹੀਂ ਬੋਲ ਰਹੇ ਪਰ ਝੂੰਦਾਂ ਕਮੇਟੀ ਦੀ ਰਿਪੋਰਟ ਲਾਗੂ ਕਰਵਾਉਣ ਲਈ ਅੰਦਰੋ ਅੰਦਰੀ ਯਤਨ ਤੇਜ਼ ਕੀਤੇ ਜਾ ਰਹੇ ਹਨ । ਬਗਾਵਤ ਦੀ ਅੱਗ ਵੀ ਸੁਲਗ ਰਹੀ ਹੈ।ਸੁਖਬੀਰ ਬਾਦਲ ਵਲੋਂ ਪ੍ਰਧਾਨਗੀ ਨਾ ਛਡਣ ਕਾਰਣ ਅਕਾਲੀ ਕੇਡਰ ਵਿਚ ਨਿਰਾਸ਼ਤਾ ਪਾਈ ਜਾ ਰਹੀ ਹੈ। ਸੀਨੀਅਰ ਅਕਾਲੀ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਸੀ ਕਿ ਝੂੰਦਾਂ ਕਮੇਟੀ ਦੀ ਰਿਪੋਰਟ ਵਿਚ ਸਾਫ ਹੈ ਕਿ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਬਦਲੀ ਜਾਵੇ ਅਤੇ ਸੀਨੀਅਰ ਲੀਡਰਸ਼ਿਪ ਵਿਚ ਪ੍ਰਧਾਨ ਸਮੇਤ ਸਾਰੇ ਸੀਨੀਅਰ ਆਗੂ ਆ ਜਾਂਦੇ ਹਨ ।ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਆਪਣੀਆਂ ਗਲਤੀਆਂ ਲਈ ਪਸ਼ਚਾਤਾਪ ਕਰੇ ।ਉਨ੍ਹਾਂ ਕਿਹਾ ਸੀ ਕਿ ਇਹ ਗੱਲਾਂ ਲਾਗੂ ਕਰਨੀਆਂ ਪੈਣਗੀਆਂ, ਨਹੀਂ ਤਾਂ ਪਾਰਟੀ ਦਾ ਹੇਠਲਾ ਕੇਡਰ ਹੋਰ ਨਿਰਾਸ਼  ਹੋਵੇਗਾ ।ਪਤਾ ਲਗਾ ਹੈ ਕਿ ਸੁਖਬੀਰ ਸਿੰਘ ਬਾਦਲ ਜਲਦ ਵਿਦੇਸ਼ ਤੋਂ ਵਾਪਸ ਆ ਜਾਣਗੇ ।ਉਸ ਤੋਂ ਬਾਅਦ ਕੀ ਵਾਪਰੇਗਾ ਇਹ ਆਉਣ ਵਾਲਾ ਸਮਾਂ ਦਸੇਗਾ।ਪਰ ਬਾਦਲ ਪਰਿਵਾਰ ਕਾਰਣ ਅਕਾਲੀ ਦਲ ਦੀਆਂ ਮੁਸ਼ਕਲਾਂ ਵਧ ਰਹੀਆ ਹਨ ਤੇ ਧੜੇਬੰਦੀ ਵੀ ਪੈਦਾ ਹੋ ਰਹੀ ਹੈ।ਦੂਜੇ ਪਾਸੇ ਬਿਕਰਮਜੀਤ ਸਿੰਘ ਮਜੀਠੀਆ ਸੁਖਬੀਰ ਬਾਦਲ ਦੇ ਵਿਰੋਧੀ ਮਨਪ੍ਰੀਤ ਸਿੰਘ ਇਆਲੀ ਦੇ ਹੱਕ ਵਿਚ ਖੜ ਗਏ ਹਨ ਤੇ ਉਹ ਵਡੀਆਂ ਰੈਲੀਆਂ ਕਰ ਰਹੇ ਹਨ।ਅਕਾਲੀ ਆਗੂ ਇਕਬਾਲ ਸਿੰਘ ਝੂੰਦਾਂ ਵੀ ਤਿੱਖੇ ਤੇਵਰ ਵਿਖਾ ਰਹੇ ਹਨ। ਉਨ੍ਹਾਂੜਦਾ ਕਹਿਣਾ  ਹੈ ਕਿ 'ਅਸੀਂ ਅਕਾਲੀ ਦਲ ਨੂੰ ਉਨ੍ਹਾਂ ਹੱਥਾਂ ਵਿੱਚ ਦੇ ਦਿੱਤਾ ਹੈ ਜਿਨ੍ਹਾਂ ਦਾ ਸੇਵਾ, ਪੰਥ ਤੇ ਪੰਜਾਬ ਨਾਲ ਕੋਈ ਲੈਣਾ-ਦੇਣਾ ਹੀ ਨਹੀਂ ਸੀ।" ਉਨ੍ਹਾਂ ਨੇ ਠੱਗਾਂ, ਚੋਰਾਂ ਤੇ ਲੁਟੇਰਿਆਂ ਦੀਆਂ ਟੀਮਾਂ ਭਰਤੀ ਕਰ ਲਈਆਂ, ਜਿਸ ਕਾਰਨ ਅਕਾਲੀ ਦਲ ਦੀ ਇਹ ਹਾਲਤ ਹੋਈ ਹੈ।

ਅਕਾਲੀ ਦਲ ਨੂੰ ਬਚਾਉਣ ਲਈ ਸਾਨੂੰ ਲੋਕਾਂ ਦੀ ਪਸੰਦ ਦੇ ਚਿਹਰਿਆਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ। ਜ਼ਬਰੀ ਲੀਡਰਸ਼ਿਪ ਨਾ ਥੋਪੀ ਜਾਵੇ।" ਇਸ ਨਾਲ ਲੋਕ ਦੁਖੀ ਹੁੰਦੇ ਹਨ। ਭਾਵੇਂ ਬਾਦਲ ਦਲ ਨੇ ਐਲਾਨ ਕੀਤਾ ਹੈ ਕਿ ਬਾਗੀਆਂ ਉਪਰ ਕਰੜੀ ਕਾਰਵਾਈ ਕੀਤੀ ਜਾਵੇਗੀ।ਪਰ ਇਹਨਾਂ ਸੰਕਟਾਂ ਦੇ ਦੌਰਾਨ ਅਜਿਹਾ ਕਰਨਾ ਸੁਖਬੀਰ ਬਾਦਲ ਲਈ ਬਾਦਲ ਲਈ ਸੌਖਾ ਨਹੀਂ।

ਸ਼੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦਾ ਕਹਿਣਾ ਹੈ  ਕਿ ਲਗਾਤਾਰ ਦੋ ਵਿਧਾਨ ਸਭਾ ਚੋਣਾਂ ਬੁਰੀ ਤਰ੍ਹਾਂ ਹਾਰਨ ਮਗਰੋਂ ਪਾਰਟੀ ਨੂੰ ਮੁੜ ਲੀਹ ’ਤੇ ਲਿਆਉਣ ਲਈ ਵਰਕਰਾਂ ਵੱਲੋਂ ਦਿੱਤੇ ਜਾਣ ਵਾਲੇ ਸੁਝਾਵਾਂ ਨੂੰ ਬਗਾਵਤ ਨਹੀਂ ਸਮਝਣਾ ਚਾਹੀਦਾ ਸਗੋਂ ਉਸ ਦਾ ਸਵਾਗਤ ਕਰਨਾ ਚਾਹੀਦਾ ਹੈ।

ਹੁਣ ਜਿਹੇ ਸੁਖਬੀਰ ਬਾਦਲ ਵਿਰੁੱਧ ਹਰਿਆਣਾ ਵਿਚ ਬਗਾਵਤ ਹੋ ਚੁਕੀ ਹੈ ਤੇ ਵੱਖਰਾ ਅਕਾਲੀ ਦਲ ਬਣਾ ਲਿਆ ਹੈ।ਹਰਿਆਣਾ ਸੂਬੇ ਨਾਲ ਸਬੰਧਤ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਕੌਮੀ ਕਾਰਜਕਾਰਨੀ, ਸੂਬਾਈ ਅਹੁਦੇਦਾਰਾਂ ਤੇ ਜ਼ਿਲ੍ਹਾ ਪ੍ਰਧਾਨਾਂ ਸਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ ਹਨ। ਇਸ ਦੇ ਨਾਲ ਹੀ ਉਕਤ ਆਗੂਆਂ ਵੱਲੋਂ ਨਵੇਂ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਸਟੇਟ ਦੇ ਗਠਨ ਦਾ ਐਲਾਨ ਵੀ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਸਿੰਘ ਅਸੰਧ, ਸਿਰਸਾ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਗੁਰਮੀਤ ਸਿੰਘ ਤਿਲੋਕੇਵਾਲਾ, ਪਾਰਟੀ ਮਹਿਲਾ ਵਿੰਗ ਦੀ ਹਰਿਆਣਾ ਸੂਬਾ ਪ੍ਰਧਾਨ ਤੇ ਕੁਰੂਕਸ਼ੇਤਰ ਤੋਂ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਰਵਿੰਦਰ ਕੌਰ, ਪਾਰਟੀ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਤੇ ਅੰਬਾਲਾ ਤੋਂ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਸੁਖਦੇਵ ਸਿੰਘ ਗੋਬਿੰਦਗੜ੍ਹ ਅਤੇ ਪਾਰਟੀ ਦੇ ਪੀਏਸੀ ਮੈਂਬਰ ਤੇ ਹਰਿਆਣਾ ਦੇ ਸੂਬਾਈ ਬੁਲਾਰੇ ਕੰਵਲਜੀਤ ਸਿੰਘ ਅਜਰਾਣਾ ਸਣੇ ਹਰਿਆਣਾ ਦੇ ਕਰੀਬ 10 ਜ਼ਿਲ੍ਹਿਆਂ ਦੇ ਪ੍ਰਧਾਨ, ਮੀਤ ਪ੍ਰਧਾਨ, ਹਲਕਾ ਪ੍ਰਧਾਨ ਅਤੇ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦੱਲ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਸਟੇਟ ਵਿੱਚ ਸ਼ਾਮਲ ਹੋ ਗਏ ਹਨ।ਸ਼੍ਰੋਮਣੀ ਕਮੇਟੀ ਮੈਂਬਰ ਗੁਰਮੀਤ ਸਿੰਘ ਤਿਲੋਕੇਵਾਲਾ ਨੇ ਕਿਹਾ ਕਿ ਅੱਜ ਹਰਿਆਣਾ ਦੇ ਸਿੱਖਾਂ ਨੇ ਹਰਿਆਣਾ ਦੇ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲ ਪਰਿਵਾਰ ਦੇ ਕਬਜ਼ੇ ਤੋਂ ਵੱਖ ਕਰ ਲਿਆ ਹੈ। ਹੁਣ ਉਨ੍ਹਾਂ ਦਾ ਮਕਸਦ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲ ਪਰਿਵਾਰ ਤੋਂ ਆਜ਼ਾਦ ਕਰਵਾਉਣਾ ਹੈ।ਉਨ੍ਹਾਂ  ਅਕਾਲੀ ਦਲ ਦੀ ਬਰਬਾਦੀ ਦਾ ਪਾਰਟੀ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਤੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਪਾਰਟੀ ਦੇ ਹਿੱਤ ਵਿੱਚ ਸੁਖਬੀਰ ਬਾਦਲ ਨੂੰ ਅਸਤੀਫਾ ਦੇ ਕੇ ਘਰ ਬੈਠਣਾ ਚਾਹੀਦਾ ਤਾਂ ਜੋ ਕੁਰਬਾਨੀਆਂ ਦੇਣ ਮਗਰੋਂ 1920 ਵਿੱਚ ਬਣੇ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਇਆ ਜਾ ਸਕੇ।

ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਸ਼ਰਧਾਂਜਲੀ ਭੇਟ ਕਰਦਿਆਂ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਦਾ ਕਹਿਣਾ ਸੀ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਦੀਆਂ ਗਲਤ ਪਿਰਤਾਂ ਕਾਰਨ ਅਕਾਲੀ ਦਲ ਕੁੱਝ ਵਿਅਕਤੀਆਂ ਦੀ ਪਾਰਟੀ ਬਣ ਕੇ ਰਹਿ ਗਈ। ਜੇ ਅਜਿਹਾ ਨਾ ਹੁੰਦਾ ਤਾਂ ਅਕਾਲੀ ਦਲ ਦੇ ਅੱਜ ਅਜਿਹੇ ਹਾਲਾਤ ਨਾ ਹੁੰਦੇ।  ਢੀਂਡਸਾ ਦਾ ਕਹਿਣਾ ਸੀ ਕਿ ਉਹਅਕਾਲੀ ਏਕਤਾ ਦਾ ਹਾਮੀ ਹੈ। ਬਸ਼ਰਤੇ ਬਾਦਲ ਪਰਿਵਾਰ ਆਪਣੇ ਅਹੁਦੇ ਤਿਆਗੇ ਅਤੇ ਸਿੱਖ ਪੰਥ ਉਪਰ ਇਹ ਜ਼ਿੰਮੇਵਾਰੀ ਛੱਡ ਦੇਵੇ। 

ਸੋ ਦਿਨੋ ਦਿਨ ਧੜੇਬੰਦੀ ਸ੍ਰੋਮਣੀ ਅਕਾਲੀ ਦਲ ਵਿਚ ਵਧ ਰਹੀ ਹੈ।ਜਿਥੇ ਲੀਡਰਸ਼ਿਪ ਤਬਦੀਲ ਕਰਨ ਦੀ ਲੋੜ ਹੈ ਉਥੇ ਪੰਜਾਬ ਦੇ ਵਧ ਅਧਿਕਾਰਾਂ ਤੇ ਪੰਥਕ ਮਸਲਿਆਂ ਉਪਰ ਪਹਿਰਾ ਦੇਣ ਦੀ ਲੋੜ ਹੈ।ਇਸ ਤੋਂ ਬਿਨਾਂ ਅਕਾਲੀ ਦਲ ਕੋਲ ਕੋਈ ਰਾਹ ਨਹੀਂ।

 

ਰਜਿੰਦਰ ਸਿੰਘ ਪੁਰੇਵਾਲ