ਚੰਡੀਗੜ੍ਹ ਧਰਨਿਆਂ ਨੇ ਬਾਦਲ ਦਲ ਦੇ ਅਕਾਲੀ ਦਲ ਬਣਨ ਦੀਆਂ ਕਿਆਸਅਰਾਈਆਂ ਨੂੰ ਬਿਲਕੁਲ ਖਤਮ ਕੀਤਾ

ਚੰਡੀਗੜ੍ਹ ਧਰਨਿਆਂ ਨੇ ਬਾਦਲ ਦਲ ਦੇ ਅਕਾਲੀ ਦਲ ਬਣਨ ਦੀਆਂ ਕਿਆਸਅਰਾਈਆਂ ਨੂੰ ਬਿਲਕੁਲ ਖਤਮ ਕੀਤਾ

ਅੰਮ੍ਰਿਤਸਰ ਟਾਈਮਜ਼ ਬਿਊਰੋ
ਬੀਤੇ ਕੱਲ੍ਹ ਚੰਡੀਗੜ੍ਹ ਵਿਚ ਰਾਜਪਾਲ ਨੂੰ ਮੰਗ ਪੱਤਰ ਦੇਣ ਲਈ ਜਿਸ ਜੋਸ਼ ਨਾਲ ਸੁਖਬੀਰ ਬਾਦਲ ਦੀ ਅਗਵਾਈ ਵਿਚ ਬਾਦਲ ਦਲ ਨੇ ਤਿੰਨ ਤਖਤ ਸਾਹਿਬਾਨਾਂ ਵਿਖੇ ਅਰਦਾਸ ਕਰਕੇ ਚੜ੍ਹਾਈ ਕੀਤੀ ਸੀ, ਉਸ ਤੋਂ ਇਕ ਵਾਰ ਇਹ ਚਰਚਾ ਸ਼ੁਰੂ ਹੋ ਗਈ ਸੀ ਕਿ ਸ਼ਾਇਦ ਅਕਾਲੀ ਦਲ ਦੀ ਪੰਥਕ ਰਵਾਇਤਾਂ ਵਾਲੀ ਸਿਆਸਤ ਨੂੰ ਮੁੜ ਖੜ੍ਹੀ ਕਰਨ ਲਈ ਅੱਜ ਬਾਦਲ ਦਲ ਕੋਈ ਇਤਿਹਾਸਕ ਮੋਰਚਾ ਸ਼ੁਰੂ ਕਰ ਸਕਦਾ ਹੈ। ਪਰ ਦੇਰ ਰਾਤ ਜੋ ਚੰਡੀਗੜ੍ਹ ਵਿਚ ਹੋਇਆ, ਉਸ ਨੇ ਇਹ ਤੈਅ ਕਰ ਦਿੱਤਾ ਹੈ ਕਿ ਬਾਦਲ ਦਲ ਵਿਚ ਮੁੜ ਸ਼੍ਰੋਮਣੀ ਅਕਾਲੀ ਦਲ ਬਣਨ ਦੀ ਸਮਰੱਥਾ ਨਹੀਂ ਰਹੀ। 

ਭਾਵੇਂ ਕਿ ਜ਼ੀਰਕਪੁਰ ਅਤੇ ਮੁੱਲਾਂਪੁਰ ਹੱਦਾਂ 'ਤੇ ਚੰਡੀਗੜ੍ਹ ਪੁਲਸ ਨਾਲ ਬਾਦਲ ਦਲ ਦੇ ਵਰਕਰਾਂ ਦਾ ਕੁੱਝ ਹਲਕਾ ਜਿਹਾ ਟਕਰਾਅ ਹੋਇਆ, ਪਰ ਹਰ ਦੇਖਣ ਵਾਲੀ ਅੱਖ ਨੂੰ ਸਾਫ ਭਾਸ ਰਿਹਾ ਸੀ ਕਿ ਇਹ ਟਕਰਾਅ ਨਾਟਕੀ ਸੀ। ਜਿੱਥੇ ਜ਼ੀਰਕਪੁਰ ਵਾਲੇ ਪਾਸੇ ਹਰਸਿਮਰਤ ਕੌਰ ਬਾਦਲ ਅਤੇ ਕੁੱਝ ਆਗੂਆਂ ਨੂੰ ਪਹਿਲਾਂ ਪੁਲਸ ਕੁੱਝ ਮਿੰਟ ਬੈਠਣ ਮਗਰੋਂ ਹੀ ਉਠਾਉਂਦੀ ਹੈ ਅਤੇ ਉਹਨਾਂ ਨੂੰ ਬਿਨ੍ਹਾਂ ਕਿਸੇ ਖਿੱਚ ਧੂਹ ਤੋਂ ਪੁਲਿਸ ਨਾਲ ਜਾਣ ਦਿੱਤਾ ਜਾਂਦਾ ਹੈ, ਉਸ ਤੋਂ ਬਾਅਦ ਕੁੱਝ ਵਰਕਰ ਬੈਰੀਕੇਡ ਹਿਲਾਉਂਦੇ ਹਨ ਤੇ ਕੁੱਝ ਪੁਲਸ ਦੀ ਲਾਠੀਆਂ ਚਲਦੀਆਂ ਨੇ ਤੇ ਸਾਰਾ ਕੁੱਝ ਚੰਦ ਸਕਿੰਟਾਂ ਵਿਚ ਖਿੰਡ-ਪੁੰਡ ਜਾਂਦਾ ਹੈ। ਹਲਾਂਕਿ ਬਾਦਲ ਦਲ ਦੇ ਕਰੀਬੀ ਟੀਵੀ ਚੈਨਲਾਂ ਦੇ ਐਂਕਰ ਵਾਰ-ਵਾਰ ਵਰਕਰਾਂ ਨੂੰ ਇਹ ਸਵਾਲ ਪੁੱਛਦੇ ਹਨ ਕਿ 'ਤੁਹਾਡੇ ਕਿੰਨੀਆਂ ਡਾਂਗਾਂ ਵੱਜੀਆਂ'। ਇਸ ਤਰ੍ਹਾਂ ਉਹ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰਦੇ ਹਨ ਕਿ ਜਿਵੇਂ ਇਸ ਧਰਨੇ 'ਤੇ ਬਾਦਲ ਦਲ ਦੇ ਵਰਕਰਾਂ ਅਤੇ ਪੁਲਸ ਦਰਮਿਆਨ ਵੱਡਾ ਟਕਰਾਅ ਹੋਇਆ ਹੋਵੇ।


ਜ਼ੀਰਕਪੁਰ ਵਾਲਾ ਘਟਨਾਕ੍ਰਮ ਪੂਰਾ ਹੋਣ ਤੋਂ ਕੁੱਝ ਮਿੰਟਾਂ ਬਾਅਦ ਨਿਰਧਾਰਤ ਨੀਤੀ ਤਹਿਤ ਸੁਖਬੀਰ ਬਾਦਲ ਆਪਣੇ ਕਾਫਲੇ ਸਮੇਤ ਮੁੱਲਾਂਪੁਰ ਹੱਦ 'ਤੇ ਪਹੁੰਚੇ। ਇੱਥੇ ਸੁਖਬੀਰ ਦੇ ਸੰਬੋਧਨ ਦੌਰਾਨ ਨਜ਼ਰੀਂ ਪੈਂਦਾ ਹੈ ਕਿ ਸੋਈ ਦੇ ਕੁੱਝ ਨੌਜਵਾਨ ਬੈਰੀਕੇਡਾਂ 'ਤੇ ਚੜ੍ਹ ਕੇ ਨਾਅਰੇਬਾਜ਼ੀ ਕਰ ਰਹੇ ਸਨ ਜਿਹਨਾਂ ਵਿਚ ਉਹ ਬਾਦਲ ਪਰਿਵਾਰ ਜ਼ਿੰਦਾਬਾਦ ਦੇ ਨਾਅਰੇ ਮਾਰਨੇ ਨਹੀਂ ਭੁੱਲ ਰਹੇ ਸਨ। ਸੁਖਬੀਰ ਬਾਦਲ ਸੰਬੋਧਨ ਵਿਚ ਚੰਡੀਗੜ੍ਹ ਪੁਲਸ ਨੂੰ ਬੇਨਤੀ ਕਰਦੇ ਹਨ ਕਿ ਜਾ ਤਾਂ ਰਾਜਪਾਲ ਨੂੰ ਇੱਥੇ ਲਿਆਂਦੇ ਜਾਵੇ ਮੰਗ ਪੱਤਰ ਫੜ੍ਹਨ ਲਈ ਜਾਂ ਇਹਨਾਂ ਦੇ ਕਾਫਲੇ ਨੂੰ ਰਾਜਪਾਲ ਦੇ ਘਰ ਤਕ ਜਾਣ ਦਿੱਤਾ ਜਾਵੇ। ਸੁਖਬੀਰ ਬਾਦਲ, ਬਿਕਰਮ ਸਿੰਘ ਮਜੀਠੀਆ, ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ ਸਟੇਜ ਵਾਲੇ ਟਰੱਕ ਤੋਂ ਹੇਠ ਉਤਰ ਕੇ ਭੀੜ ਵਿਚ ਗੁੰਮ ਜਾਂਦੇ ਹਨ ਤੇ ਕੁੱਝ ਪਲਾਂ ਬਾਅਦ ਅਗਲੀ ਜਾਣਕਾਰੀ ਇਹੀ ਮਿਲਦੀ ਹੈ ਕਿ ਇਹਨਾਂ ਆਗੂਆਂ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਲਿਆ ਹੈ। ਇਹਨਾਂ ਦੇ ਸੁਰੱਖਿਅਤ ਚਲੇ ਜਾਣ ਮਗਰੋਂ ਪੁਲਸ ਜ਼ੀਰਕਪੁਰ ਧਰਨੇ ਵਾਂਗ ਹਲਕੀ ਜਿਹੀ ਕਾਰਵਾਈ ਕਰਦੀ ਹੈ ਤੇ ਕੁੱਝ ਪਲਾਂ ਲਈ ਪਾਣੀ ਦੀਆਂ ਬੁਛਾੜਾਂ ਮਾਰੀਆਂ ਜਾਂਦੀਆਂ ਹਨ ਜਿਹਨਾਂ ਨਾਲ ਕਈ ਬਜ਼ੁਰਗ ਸਿੱਖਾਂ ਦੀਆਂ ਦਸਤਾਰਾਂ ਵੀ ਉਤਰ ਗਈਆਂ। 

ਪੁਲਿਸ ਦੀਆਂ ਗੱਡੀਆਂ ਵਿਚ ਬਿਠਾ ਕੇ ਇਹਨਾਂ ਆਗੂਆਂ ਨੂੰ 17 ਸੈਕਟਰ ਲਿਜਾਇਆ ਗਿਆ ਜਿੱਥੇ ਕੁੱਝ ਸਮੇਂ ਬਾਅਦ ਇਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ, ਜਿੱਥੋਂ ਇਹ ਬਿਨ੍ਹਾਂ ਰਾਜਪਾਲ ਨੂੰ ਮਿਲੇ ਜਾਂ ਮੰਗ ਪੱਤਰ ਦਿੱਤੇ ਆਪੋ-ਆਪਣੇ ਟਿਕਾਣਿਆਂ ਨੂੰ ਪਰਤ ਗਏ। ਬੀਤੇ ਕੱਲ੍ਹ ਦੀ ਬਾਦਲ ਦਲ ਦੀ ਇਹ ਸਾਰੀ ਕਾਰਵਾਈ ਆਪਣੇ ਵਰਕਰਾਂ ਦੀ ਗਿਣਤੀ ਦਰਸਾਉਣ ਦੀ ਕਾਰਵਾਈ ਜ਼ਿਆਦਾ ਪ੍ਰਤੀਤ ਹੋਈ ਤੇ ਕਿਸਾਨਾਂ ਲਈ ਕੋਈ ਸੁਹਿਰਦ ਘੋਲ ਸ਼ੁਰੂ ਕਰਨ ਦੀ ਭਾਵਨਾ ਇਸ ਵਿਚੋਂ ਗਾਇਬ ਨਜ਼ਰ ਆਈ।