ਬਾਬਰੀ ਮਸਜਿਦ ਮਾਮਲੇ ਵਿਚ ਸੁਪਰੀਮ ਕੋਰਟ ਨੇ ਬਣਾਈ ਤਿੰਨ ਮੈਂਬਰੀ ਵਿਚੋਲਗੀ ਕਮੇਟੀ
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਬਾਬਰੀ ਮਸਜਿਦ ਮਾਮਲੇ ਵਿਚ ਅਹਿਮ ਫੈਂਸਲਾ ਸੁਣਾਉਂਦਿਆਂ ਮਾਮਲੇ ਨੂੰ ਨਜਿੱਠਣ ਲਈ ਤਿੰਨ ਮੈਂਬਰੀ ਵਿਚੋਲਗੀ ਕਮੇਟੀ ਬਣਾਈ ਹੈ। ਇਸ ਕਮੇਟੀ ਵਿਚ ਭਾਰਤ ਦੀ ਸੁਪਰੀਮ ਕੋਰਟ ਦੇ ਸਾਬਕਾ ਜੱਜ ਫਕੀਰ ਮੋਹਮਦ ਇਬਰਾਹਿਮ ਕਲੀਫੁੱਲਾ, ਹਿੰਦੂ ਧਾਰਮਿਕ ਆਗੂ ਸ੍ਰੀ ਸ੍ਰੀ ਰਵੀ ਸ਼ੰਕਰ ਅਤੇ ਚੇਨੱਈ ਦੇ ਇਕ ਵਕੀਲ ਸ਼੍ਰੀਰਾਮ ਪੰਚੂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਕਮੇਟੀ ਨੂੰ ਵਿਚੋਲਗੀ ਕਰਕੇ ਇਸ ਮਾਮਲੇ ਵਿਚ ਸਹਿਮਤੀ ਨਾਲ ਕੋਈ ਹੱਲ ਕੱਢਣ ਲਈ ਹੁਕਮ ਦਿੱਤੇ ਗਏ ਹਨ।
ਭਾਰਤ ਦੀ ਸੁਪਰੀਮ ਕੋਰਟ ਦੇ ਮੁੱਖ ਜੱਜ ਰੰਜਨ ਗੋਗੋਈ ਦੀ ਅਗਵਾਈ ਵਾਲੇ ਪੰਜ ਜੱਜਾਂ ਦੇ ਬੈਂਚ ਨੇ ਫੈਂਸਲਾ ਕਰਦਿਆਂ ਕਿਹਾ ਕਿ ਇਹ ਸਾਰੀ ਕਾਰਵਾਈ ਫੈਜ਼ਾਬਾਦ ਵਿਖੇ ਹੋਵੇਗੀ।
ਅਦਾਲਤ ਨੇ ਹੁਕਮ ਕੀਤਾ ਹੈ ਕਿ ਵਿਚੋਲਗੀ ਕਮੇਟੀ ਇਕ ਹਫਤੇ ਦੇ ਅੰਦਰ ਆਪਣਾ ਕੰਮ ਸ਼ੁਰੂ ਕਰੇ ਅਤੇ 8 ਹਫਤਿਆਂ ਦੇ ਵਿਚ-ਵਿਚ ਇਸ ਕੰਮ ਨੂੰ ਪੂਰਾ ਕਰੇ।
ਅਦਾਲਤ ਨੇ ਇਸ ਤੋਂ ਇਲਾਵਾ ਹੁਕਮ ਜਾਰੀ ਕੀਤੇ ਹਨ ਕਿ ਵਿਚੋਲਗੀ ਕਮੇਟੀ ਵਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਦੀ ਮੀਡੀਆ ਰਿਪੋਰਟਿੰਗ ਨਹੀਂ ਕਰੇਗਾ।
ਵਿਚੋਲਗੀ ਕਾਰਵਾਈ ਨੂੰ ਕੈਮਰੇ ਵਿਚ ਕੈਦ ਕੀਤਾ ਜਾਵੇਗਾ। ਅਦਾਲਤ ਨੇ ਉਤਰ ਪ੍ਰਦੇਸ਼ ਸਰਕਾਰ ਨੂੰ ਹੁਕਮ ਜਾਰੀ ਕੀਤੇ ਹਨ ਕਿ ਫੈਜ਼ਾਬਾਦ ਵਿਖੇ ਇਸ ਕਾਰਵਾਈ ਲਈ ਸਾਰੇ ਇੰਤਜ਼ਾਮ ਕਰਕੇ ਦਿੱਤੇ ਜਾਣ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)