ਉਦਾਸੀਨ ਸੰਪਰਦਾਇ ਦੇ ਬਾਨੀ ਬਾਬਾ ਸ੍ਰੀਚੰਦ

ਉਦਾਸੀਨ ਸੰਪਰਦਾਇ ਦੇ ਬਾਨੀ ਬਾਬਾ ਸ੍ਰੀਚੰਦ

                                           ਵਿਸ਼ੇਸ਼                                   

 

 ਸਵਾਮੀ ਸ਼ਾਂਤਾਨੰਦ

-ਪ੍ਰੀਤਮ ਭਵਨ, ਉਦਾਸੀਨ ਆਸ਼ਰਮ,

ਉਦਾਸੀਨ ਸੰਪਰਦਾਇ ਦੇ ਬਾਨੀ ਬਾਬਾ ਸ੍ਰੀਚੰਦ ਜੀ ਦਾ ਜਨਮ 8 ਸਤੰਬਰ, 1494 ਈਸਵੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਦੇ ਗ੍ਰਹਿ ਵਿਖੇ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਪੰਜਾਬ ਵਿਚ ਹੋਇਆ। ਉਨ੍ਹਾਂ ਨੇ ਸ਼ੁਰੂਆਤੀ ਸਿੱਖਿਆ ਆਪਣੇ ਦਾਦਾ ਦੇ ਕੋੋਲ ਰਹਿੰਦੇ ਹੋਏ ਉਥੋਂ ਦੇ ਵਿਦਵਾਨ ਪੰਡਿਤ ਹਰਦਿਆਲ ਤੋਂ ਪ੍ਰਾਪਤ ਕੀਤੀ ਤੇ ਫਿਰ ਉੱਚ ਸਿੱਖਿਆ ਦੀ ਪ੍ਰਾਪਤੀ ਲਈ ਕਸ਼ਮੀਰ ਚਲੇ ਗਏ। ਉਥੇ ਉਨ੍ਹਾਂ ਸੱਤ ਸਾਲ ਤੱਕ ਪੰਡਿਤ ਪੁਰਸ਼ੋਤਮ ਕੌਲ ਦੇ ਗੁਰੂਕੁਲ ਵਿਚ ਰਹਿ ਕੇ ਵੈਦਿਕ ਸਿੱਖਿਆ ਪ੍ਰਾਪਤ ਕੀਤੀ। ਇਥੇ ਹੀ ਉਨ੍ਹਾਂ ਕਾਸ਼ੀ ਦੇ ਉਸ ਸਮੇਂ ਦੇ ਮਹਾਨ ਵਿਦਵਾਨ ਪੰਡਿਤ ਸੋਮਨਾਥ ਤ੍ਰਿਪਾਠੀ ਦਾ ਹੰਕਾਰ ਤੋੜਿਆ। ਕਸ਼ਮੀਰ ਵਿਚ ਹੀ ਸੰਨ 1575 ਈਸਵੀ ਵਿਚ ਬਾਬਾ ਸ੍ਰੀਚੰਦ ਜੀ ਦੀ ਮੁਲਾਕਾਤ ਮਾਊਂਟ ਆਬੂ ਤੋਂ ਅਮਰਨਾਥ ਦੀ ਯਾਤਰਾ ਲਈ ਨਿਕਲੇ ਉਸ ਵੇਲੇ ਦੇ ਮਹਾਨ ਉਦਾਸੀਨ ਸੰਤ ਗੁਰੂ ਅਵਿਨਾਸ਼ੀ ਮੁਨੀ ਨਾਲ ਹੋਈ। ਮੁਨੀ ਰੋਜ਼ਾਨਾ ਸਵੇਰੇ ਸ਼ਾਮ ਆਪਣੀ ਸੰਧਿਆ ਪੂਜਾ ਤੋਂ ਬਾਅਦ ਸਤਿਸੰਗ ਕਰਦੇ ਸਨ।

ਉਨ੍ਹਾਂ ਦੇ ਸਤਿਸੰਗ ਤੋਂ ਪ੍ਰਭਾਵਿਤ ਹੋ ਕੇ ਇਕ ਦਿਨ ਬਾਬਾ ਜੀ ਨੇ ਉਨ੍ਹਾਂ ਕੋਲੋਂ ਗੁਰੂ-ਦੀਖਿਆ ਲੈਣ ਦੀ ਇੱਛਾ ਪ੍ਰਗਟ ਕੀਤੀ। ਗੁਰੂ-ਦੀਖਿਆ ਦੇ ਕੇ ਗੁਰੂ ਅਵਿਨਾਸ਼ੀ ਮੁਨੀ ਨੇ ਉਨ੍ਹਾਂ ਨੂੰ ਮਨੁੱਖਤਾ ਦੇ ਉਧਾਰ ਦੇ ਉਦੇਸ਼ ਨਾਲ ਸਾਰੇ ਵਿਸ਼ਵ ਦਾ ਚੱਕਰ ਲਗਾਉਣ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਦੀ ਆਗਿਆ ਨੂੰ ਮੰਨਦਿਆਂ ਬਾਬਾ ਸ੍ਰੀਚੰਦ ਜੀ ਨੇ ਜਨਤਾ ਦੇ ਕਲਿਆਣ ਦੇ ਉਦੇਸ਼ ਨਾਲ ਦੂਰ-ਦੂਰ ਤਕ ਪੈਦਲ ਯਾਤਰਾ ਕੀਤੀ।

ਆਪਣੀਆਂ ਯਾਤਰਾਵਾਂ ਦੌਰਾਨ ਉਨ੍ਹਾਂ ਨੇ ਉਸ ਸਮੇਂ ਦੇ ਜ਼ਾਲਮ ਹਾਕਮਾਂ ਨੂੰ ਆਪਣੇ ਉਪਦੇਸ਼ਾਂ ਨਾਲ ਪ੍ਰੇਰਤ ਕਰਕੇ 'ਰਾਜ ਧਰਮ ਕੀ ਹੁੰਦਾ ਹੈ', ਬਾਰੇ ਸਮਝਾਇਆ। ਕਸ਼ਮੀਰ ਦੇ ਸ੍ਰੀਨਗਰ ਵਿਚ ਉਸ ਸਮੇਂ ਯਾਕੂਬ ਖਾਂ ਦਾ ਰਾਜ ਸੀ। ਦੂਜੇ ਧਰਮ ਦੇ ਲੋਕ ਆਪਣੀ ਪਰੰਪਰਾ ਅਨੁਸਾਰ ਪੂਜਾ ਅਰਚਨਾ ਨਹੀਂ ਕਰ ਸਕਦੇ ਸਨ। ਬਾਬਾ ਸ੍ਰੀਚੰਦ ਨੂੰ ਇਸ ਅਸਥਾਨ 'ਤੇ ਪਹੁੰਚਣ 'ਤੇ ਜਦੋਂ ਇਨ੍ਹਾਂ ਪਾਬੰਦੀਆਂ ਬਾਰੇ ਪਤਾ ਲੱਗਿਆ ਤਾਂ ਉਹ ਯਾਕੂਬ ਖਾਂ ਨੂੰ ਮਿਲੇ। ਉਹ ਬਾਬਾ ਸ੍ਰੀਚੰਦ ਜੀ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਹ ਉਨ੍ਹਾਂ ਦੇ ਚਰਨਾਂ ਵਿਚ ਨਤਮਸਤਕ ਹੋਇਆ। ਬਾਬਾ ਸ੍ਰੀਚੰਦ ਜੀ ਨੇ ਉਪਦੇਸ਼ ਦਿੱਤਾ-ਯਾਕੂਬ! ...ਰਾਜਾ ਜਨਤਾ ਦਾ ਪਿਤਾ ਹੁੰਦਾ ਹੈ। ਰਾਜੇ ਨੂੰ ਜਨਤਾ ਦੇ ਹਰ ਵਰਗ ਦੇ ਲੋਕਾਂ ਨਾਲ ਇਕੋ ਜਿਹਾ ਸੰਬੰਧ ਰੱਖਣਾ ਚਾਹੀਦਾ ਹੈ। ਧਾਰਮਿਕ ਆਜ਼ਾਦੀ ਹਰ ਮਨੁੱਖ ਦਾ ਅਧਿਕਾਰ ਹੈ। ਅੱਜ ਤੋਂ ਹਰ ਤਰ੍ਹਾਂ ਦੀਆਂ ਪਾਬੰਦੀਆਂ ਨੂੰ ਹਟਾ ਦੇਵੋ। ਯਾਕੂਬ ਖਾਂ ਨੇ ਬਾਬਾ ਸ੍ਰੀਚੰਦ ਜੀ ਨੂੰ ਨਤਮਸਤਕ ਹੋ ਕੇ ਭਵਿੱਖ ਵਿਚ ਸਾਰਿਆਂ ਨੂੰ ਧਾਰਮਿਕ ਆਜ਼ਾਦੀ ਦੇਣ ਦਾ ਵਚਨ ਦਿੱਤਾ। ਜਿਸ ਸਥਾਨ 'ਤੇ ਇਹ ਵਾਰਤਾਲਾਪ ਹੋਈ, ਅੱਜ ਵੀ ਉਹ ਅਸਥਾਨ 'ਸ੍ਰੀਚੰਦ ਚਿਨਾਰ' ਦੇ ਨਾਂਅ ਨਾਲ ਪ੍ਰਸਿੱਧ ਹੈ।

ਬਾਬਾ ਸ੍ਰੀਚੰਦ ਮਹਾਰਾਜ ਕਾਬੁਲ, ਕੰਧਾਰ ਅਫ਼ਗਾਨਿਸਤਾਨ, ਭੁਟਾਨ ਆਦਿ ਸਥਾਨਾਂ 'ਤੇ ਵੀ ਗਏ। ਕਹਿੰਦੇ ਨੇ ਕਿ ਬਾਬਾ ਜੀ ਨੇ ਪਿਸ਼ਾਵਰ ਵਿਖੇ ਜਾ ਕੇ ਪੰਜ ਜੋਤਾਂ ਜਗਾਈਆਂ। ਇਸੇ ਤਰ੍ਹਾਂ ਬਾਬਾ ਸ੍ਰੀਚੰਦ ਪਾਕਿਸਤਾਨ ਦੇ ਸਿੰਧ ਦੇ ਨਗਰ ਠੱਠਾ ਵਿਚ ਵੀ ਉਥੋਂ ਦੇ ਲੋਕਾਂ ਦੀ ਪੁਕਾਰ ਸੁਣ ਕੇ ਗਏ ਤੇ ਉਥੋਂ ਦੇ ਹਾਕਮਾਂ ਨੂੰ ਵੀ ਕਿਸੇ ਵੀ ਤਰ੍ਹਾਂ ਦਾ ਲੋਕਾਂ ਨੂੰ ਕਸ਼ਟ ਨਾ ਦੇਣ ਦਾ ਆਦੇਸ਼ ਦਿੱਤਾ। ਉਂਝ ਤਾਂ ਬਾਬਾ ਸ੍ਰੀਚੰਦ ਜੀ ਨਿਰਤੰਰ ਯਾਤਰਾਵਾਂ 'ਤੇ ਹੀ ਰਹੇ ਪ੍ਰੰਤੂ ਉਨ੍ਹਾਂ ਦੇ ਕੁਝ ਸਥਾਨ ਇਸ ਤਰ੍ਹਾਂ ਦੇ ਹਨ ਜਿਥੇ ਉਨ੍ਹਾਂ ਨੇ ਕੁਝ ਸਮਾਂ ਰਹਿ ਕੇ ਤਪੱਸਿਆ ਕੀਤੀ। ਜਿਸ ਤਰ੍ਹਾਂ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿਚ ਬਾਰਠ ਨਾਂਅ ਦਾ ਪਿੰਡ ਹੈ। ਬਾਰਠ ਪਿੰਡ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਨਕਾ ਪਿੰਡ ਹੈ। ਬਚਪਨ ਵਿਚ ਇਸ ਸਥਾਨ 'ਤੇ ਤਪੱਸਿਆ ਦੇ ਕਾਰਨ ਆਪ ਦਾ ਇਸ ਪਿੰਡ ਨਾਲ ਪ੍ਰੇਮ ਹੋ ਗਿਆ ਅਤੇ ਆਪ ਜੀ ਜਦੋਂ ਵੀ ਕਿਸੇ ਯਾਤਰਾ 'ਤੇ ਜਾਂਦੇ ਤਾਂ ਵਾਪਸ ਆ ਕੇ ਇਸ ਸਥਾਨ 'ਤੇ ਅਰਾਮ ਕਰਦੇ। ਇਤਿਹਾਸਕਾਰਾਂ ਦੇ ਮਤ ਅਨੁਸਾਰ ਜੀਵਨ ਦੇ ਲਗਭਗ 36 ਸਾਲ ਬਾਬਾ ਜੀ ਇਸ ਪਿੰਡ ਵਿਚ ਰਹੇ। ਬਾਬਾ ਜੀ ਦਾ ਇਹ ਤੱਪ ਅਸਥਾਨ ਅੱਜ ਵੀ ਬਿਰਾਜਮਾਨ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਹੈ। ਹਰ ਮੱਸਿਆ 'ਤੇ ਭਾਰੀ ਮੇਲਾ ਲਗਦਾ ਹੈ। ਸ੍ਰੀਚੰਦ ਨੌਮੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਤਿਹਾਸਕ ਮਾਨਤਾ ਅਨੁਸਾਰ ਤੀਸਰੇ, ਚੌਥੇ, ਪੰਜਵੇਂ ਅਤੇ ਛੇਵੇਂ ਗੁਰੂ ਸਾਹਿਬਾਨ ਇਸ ਅਸਥਾਨ 'ਤੇ ਆਪ ਜੀ ਨੂੰ ਮਿਲਣ ਆਏ ਸਨ।

ਬਾਰਠ ਪਿੰਡ ਦੇ ਨੇੜੇ ਹੀ ਪਠਾਨਕੋਟ ਜ਼ਿਲ੍ਹੇ ਵਿਚ ਬਾਬਾ ਸ੍ਰੀਚੰਦ ਜੀ ਦਾ ਇਕ ਹੋਰ ਅਸਥਾਨ ਹੈ ਮਮੂਨ ਸਾਹਿਬ। ਆਪ ਜੀ ਨੇ ਇਥੇ ਆਪਣੀ ਬਾਣੀ 'ਮਾਤਰਾ ਬਾਣੀ' ਰਾਹੀਂ ਮਨੁੱਖ ਮਾਤਰ ਨੂੰ ਆਪਸੀ ਵਾਦ-ਵਿਵਾਦ ਤੋਂ ਉੱਪਰ ਉੱਠ ਕੇ ਮੇਲ-ਮਿਲਾਪ ਨਾਲ ਰਹਿਣ ਦਾ ਸੰਦੇਸ਼ ਦਿੱਤਾ।

ਸਮੁੱਚਾ ਜੀਵਨ ਜਨਤਾ ਦੇ ਕਲਿਆਣ ਲਈ ਬਤੀਤ ਕਰਕੇ ਚੰਬਾ ਵਿਚ ਰਾਵੀ ਨਦੀ ਦੇ ਕਿਨਾਰੇ ਆਪ ਪ੍ਰਲੋਕ ਸਿਧਾਰ ਗਏ।