ਅਸਟ੍ਰੇਲੀਆ ਵਿਚ ਸਿੱਖਾਂ 'ਤੇ ਹਮਲੇ ਕਰਨ ਵਾਲੇ ਮੋਦੀ ਹਮਾਇਤੀ ਭਾਰਤੀਆਂ 'ਤੇ ਸਖਤ ਕਾਰਵਾਈ ਦੇ ਸੰਕੇਤ

ਅਸਟ੍ਰੇਲੀਆ ਵਿਚ ਸਿੱਖਾਂ 'ਤੇ ਹਮਲੇ ਕਰਨ ਵਾਲੇ ਮੋਦੀ ਹਮਾਇਤੀ ਭਾਰਤੀਆਂ 'ਤੇ ਸਖਤ ਕਾਰਵਾਈ ਦੇ ਸੰਕੇਤ
ਖੇਤੀ ਕਾਨੂੰਨਾਂ ਦੇ ਸਮਰਥਨ ਵਿਚ ਤਿਰੰਗਾ ਯਾਤਰਾ ਕੱਢਣ ਵਾਲੇ ਮੋਦੀ ਭਗਤ ਭਾਰਤੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਭਾਰਤ ਦੀ ਰਾਜਧਾਨੀ ਦਿੱਲੀ ਵਿਚ ਭਾਰਤ ਦੇ ਖੇਤੀ ਕਾਨੂੰਨਾਂ ਖਿਲਾਫ ਸ਼ਾਂਤਮਈ ਸੰਘਰਸ਼ ਕਰ ਰਹੇ ਕਿਸਾਨਾਂ ਦਾ ਵੱਡੇ ਪੱਧਰ 'ਤੇ ਸਮਰਥਨ ਕਰ ਰਹੇ ਵਿਦੇਸ਼ੀ ਵਸਦੇ ਸਿੱਖਾਂ 'ਤੇ ਹੁਣ ਭਾਰਤ ਦੇ ਰਾਸ਼ਟਰਵਾਦੀ ਅਤੇ ਮੋਦੀ ਹਮਾਇਤੀਆਂ ਨੇ ਜਾਨਲੇਵਾ ਹਮਲੇ ਕਰਨੇ ਸ਼ੁਰੂ ਕੀਤੇ ਹੋਏ ਹਨ। ਬੀਤੇ ਕੁੱਝ ਦਿਨਾਂ ਦੌਰਾਨ ਅਸਟ੍ਰੇਲੀਆ ਵਿਚ ਅਜਿਹੀਆਂ ਚਾਰ ਘਟਨਾਵਾਂ ਵਾਪਰ ਗਈਆਂ ਹਨ ਜਿਹਨਾਂ ਵਿਚ ਸਿੱਖਾਂ ਨਾਲ ਭਾਰਤੀ ਰਾਸ਼ਟਰਵਾਦੀਆਂ ਦਾ ਟਕਰਾਅ ਹੋਇਆ ਹੈ। ਅਸਟ੍ਰੇਲੀਆ ਸਰਕਾਰ ਨੇ ਧਮਕੀ ਦਿੱਤੀ ਹੈ ਕਿ ਸਿੱਖਾਂ 'ਤੇ ਹਮਲੇ ਕਰਨ ਵਾਲੇ ਇਹਨਾਂ ਲੋਕਾਂ ਨੂੰ ਅਸਟ੍ਰੇਲੀਆ ਤੋਂ ਵਾਪਸ ਉਹਨਾਂ ਦੇ ਦੇਸ਼ ਭੇਜਿਆ ਜਾਵੇਗਾ।

ਦੱਸ ਦਈਏ ਕਿ ਸਿੱਖਾਂ ਵੱਲੋਂ ਕਿਸਾਨਾਂ ਦੇ ਹੱਕਾਂ ਲਈ ਵਿਦੇਸ਼ਾਂ ਵਿਚ ਅਵਾਜ਼ ਬੁਲੰਦ ਕਰਨ ਦੇ ਸਿੱਟੇ ਵਜੋਂ ਦੁਨੀਆ ਦੇ ਕਈ ਮੁਲਕਾਂ ਦੇ ਸਿਆਸੀ ਅਦਾਰਿਆਂ ਵਿਚੋਂ ਭਾਰਤ ਸਰਕਾਰ ਦੇ ਰਵੱਈਏ ਦੀ ਨਿਖੇਧੀ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਸਮਰਥਨ ਮਿਲ ਰਿਹਾ ਹੈ। ਅਸਟ੍ਰੇਲੀਆ ਦੀ ਪਾਰਲੀਮੈਂਟ ਵਿਚ 15 ਮਾਰਚ ਨੂੰ ਕਿਸਾਨੀ ਸੰਘਰਸ਼ ਸਬੰਧੀ ਅਤੇ ਸ਼ਾਂਤਮਈ ਸੰਘਰਸ਼ ਨੂੰ ਦਬਾਉਣ ਲਈ ਭਾਰਤ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਸਬੰਧੀ ਗੋਲਮੇਜ ਬੈਠਕ ਹੋਣ ਜਾ ਰਹੀ ਹੈ। 

ਸਭ ਤੋਂ ਪਹਿਲਾ ਟਕਰਾਅ ਉਸ ਸਮੇਂ ਹੋਇਆ ਸੀ ਜਦੋਂ ਮੋਦੀ ਦੇ ਹਮਾਇਤੀਆਂ ਵੱਲੋਂ ਖੇਤੀ ਕਾਨੂੰਨਾਂ ਦੇ ਸਮਰਥਨ ਵਿਚ "ਤਿਰੰਗਾ ਯਾਤਰਾ" ਕੱਢਦਿਆਂ ਗੁਰਦੁਆਰਾ ਸਾਹਿਬ ਵੱਲ ਝੜਾਈ ਕੀਤੀ ਗਈ ਸੀ ਜਿਸ ਦੀ ਖਬਰ ਮਿਲਦਿਆਂ ਹੀ ਸਿੱਖ ਸੰਗਤਾਂ ਵੱਡੀ ਗਿਣਤੀ 'ਚ ਗੁਰਦੁਆਰਾ ਸਾਹਿਬ ਦੇ ਬਾਹਰ ਇਕੱਤਰ ਹੋ ਗਈਆਂ ਸੀ ਤੇ ਟਕਰਾਅ ਵਰਗੇ ਹਾਲਾਤ ਬਣ ਗਏ ਸਨ।

ਸਿੱਖ ਨੌਜਵਾਨਾਂ ਦੀ ਕਾਰ 'ਤੇ ਹਮਲੇ ਦੀ ਤਸਵੀਰ

ਹੁਣ ਤਾਜੀਆਂ ਦੋ ਘਟਨਾਵਾਂ ਵਿਚ ਸਿੱਖ ਨੌਜਵਾਨਾਂ 'ਤੇ ਭਾਰਤੀ ਮੂਲ ਦੇ ਲੋਕਾਂ ਦੀ ਭੀੜ ਵੱਲੋਂ ਹਮਲਾ ਕੀਤਾ ਗਿਆ। ਇਕ ਹਮਲੇ ਵਿਚ ਸਿੱਖ ਨੌਜਵਾਨਾਂ ਦੀ ਕਾਰ ਨੂੰ ਮਾਰੂ ਹਥਿਆਰਾਂ ਨਾਲ ਭੰਨ ਦਿੱਤਾ ਗਿਆ ਤੇ ਕਾਰ ਵਿਚ ਬੈਠੇ ਸਿੱਖ ਨੌਜਵਾਨਾਂ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਦੋਵਾਂ ਹਮਲਿਆਂ ਵਿਚ ਸਿੱਖ ਨੌਜਵਾਨ ਬਚਾਅ ਕਰਨ ਵਿਚ ਕਾਮਯਾਬ ਰਹੇ। 

ਪੁਲਿਸ ਨੇ ਹਮਲਾਵਰਾਂ ਖਿਲਾਫ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਹੈ। ਟਰਬਨਸ ਫਾਰ ਅਸਟ੍ਰੇਲੀਆ ਦੇ ਅਮਰ ਸਿੰਘ ਨੇ ਕਿਹਾ ਕਿ ਇਹ ਲੋਕ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਅਸਟ੍ਰੇਲੀਅਨ ਅਲਾਇੰਸ ਅਗੇਂਸਟ ਹੇਟ ਐਂਡ ਵਾਇਲੈਂਸ ਨੇ ਹਿੰਦੁਤਵੀ ਭੀੜਾਂ ਵੱਲੋਂ ਵੱਧ ਰਹੇ ਹਮਲਿਆਂ ਸਬੰਧੀ ਫਿਕਰਮੰਦੀ ਜਾਹਰ ਕਰਦਿਆਂ ਪ੍ਰੈਸ ਕਾਨਫਰੰਸ ਕੀਤੀ।