ਕਲਕੱਤਾ ਵਿੱਚ "ਜੈ ਸ੍ਰੀ ਰਾਮ" ਨਾ ਬੋਲਣ 'ਤੇ ਮੁਸਲਮਾਨ ਨੂੰ ਕੁੱਟਮਾਰ ਮਗਰੋਂ ਰੇਲ ਵਿੱਚੋਂ ਬਾਹਰ ਸੁੱਟਿਆ

ਕਲਕੱਤਾ ਵਿੱਚ

ਚੰਡੀਗੜ੍ਹ: ਭਾਰਤ ਵਿੱਚ ਮੁਸਲਮਾਨਾਂ ਖਿਲਾਫ ਨਿੱਤ ਦਿਨ ਹਮਲੇ ਹੋ ਰਹੇ ਹਨ ਤੇ ਬੀਤੇ ਦਿਨੀਂ ਝਾਰਖੰਡ ਵਿੱਚ ਇੱਕ 24 ਸਾਲਾ ਮੁਸਲਿਮ ਨੌਜਵਾਨ ਨੂੰ ਹਿੰਦੂ ਭੀੜ ਵੱਲੋਂ ਕੁੱਟ-ਕੁੱਟ ਮਾਰ ਦੇਣ ਮਗਰੋਂ ਹੁਣ ਇੱਕ ਨਵਾਂ ਮਾਮਲਾ ਕਲਕੱਤਾ ਤੋਂ ਸਾਹਮਣੇ ਆਇਆ ਹੈ। ਕਲਕੱਤਾ ਸ਼ਹਿਰ ਵਿੱਚ ਇੱਕ ਮਦਰਸੇ ਦੇ ਅਧਿਆਪਕ ਨੂੰ ਇਸ ਕਾਰਨ ਕੁੱਟ ਕੇ ਰੇਲ ਗੱਡੀ ਤੋਂ ਹੇਠਾਂ ਸੁੱਟ ਦਿੱਤਾ ਗਿਆ ਕਿਉਂਕਿ ਉਸਨੇ ਜਬਰਦਸਤੀ ਕਹਾਏ ਜਾ ਰਹੇ "ਜੈ ਸ੍ਰੀ ਰਾਮ" ਕਹਿਣ ਤੋਂ ਇਨਕਾਰ ਕਰ ਦਿੱਤਾ ਸੀ।

26 ਸਾਲਾ ਹਾਰੀਫ ਮੋਹੱਮਦ ਸ਼ਾਹਰੁੱਖ ਹਲਦਰ ਨੇ ਦੱਸਿਆ ਕਿ ਉਹ ਕਨਿੰਗ ਤੋਂ ਹੂਗਲੀ ਜਾ ਰਿਹਾ ਸੀ ਜਦੋਂ ਉਸ ਉੱਤੇ ਹਮਲਾ ਹੋਇਆ। ਉਸਦੇ ਦੱਸਣ ਮੁਤਾਬਿਕ ਰੇਲ ਵਿੱਚ ਇੱਕ ਸਮੂਹ "ਜੈ ਸ੍ਰੀ ਰਾਮ" ਦਾ ਭਜਨ ਕਰ ਰਿਹਾ ਸੀ ਤੇ ਉਸ ਨੂੰ ਜ਼ਬਰਦਸਤੀ ਭਜਨ ਕਰਨ ਲਈ ਕਿਹਾ ਗਿਆ। ਜਦੋਂ ਉਸਨੇ ਇਨਕਾਰ ਕਰ ਦਿੱਤਾ ਤਾਂ ਉਸਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਹਾਫਿਜ਼ ਮੁਤਾਬਿਕ ਰੇਲ ਗੱਡੀ ਵਿੱਚ ਕੋਈ ਵੀ ਉਸਨੂੰ ਬਚਾਉਣ ਲਈ ਅੱਗੇ ਨਹੀਂ ਆਇਆ। ਇਸ ਤੋਂ ਬਾਅਦ ਉਸਨੂੰ ਪਾਰਕ ਸਰਕਸ ਸਟੇਸ਼ਨ 'ਤੇ ਜਬਰਨ ਰੇਲ ਵਿੱਚੋਂ ਹੇਠਾਂ ਸੁੱਟ ਦਿੱਤਾ ਗਿਆ ਜਿੱਥੇ ਕੁੱਝ ਸਥਾਨਕ ਲੋਕਾਂ ਨੇ ਉਸ ਨੂੰ ਸੰਭਾਲਿਆ।

ਪੁਲਿਸ ਅਫਸਰਾਂ ਨੇ ਹਾਫਿਜ਼ ਦੇ ਸੱਟਾਂ ਦੀ ਪੁਸ਼ਟੀ ਕੀਤੀ ਹੈ ਪਰ ਨਾਲ ਹੀ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਧਾਰਮਿਕ ਪਛਾਣ ਕਾਰਨ ਇਹ ਹਮਲਾ ਹੋਇਆ। ਪੁਲਿਸ ਨੇ ਕਿਹਾ ਕਿ ਸੀਟਾਂ ਪਿੱਛੇ ਹੋਏ ਝਗੜੇ ਵਿੱਚ ਇਹ ਸੱਟਾਂ ਲੱਗੀਆਂ ਹਨ। ਫਿਲਹਾਲ ਕਿਸੇ ਨੂੰ ਵੀ ਇਸ ਮਾਮਲੇ ਵਿੱਚ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਰੇਲਵੇ ਪੁਲਿਸ ਨੇ ਧਾਰਾ 341, 323, 325, 506, ਅਤੇ 34 ਅਧੀਨ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕੀਤਾ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ