ਅਮਰੀਕਾ ਜਾਂਦਿਆਂ ਪਿਆਸੀ ਮਰੀ 6 ਸਾਲਾ ਸਿੱਖ ਬੱਚੀ ਦੇ ਪਰਿਵਾਰ ਦੀ ਕਹਾਣੀ ਸਾਹਮਣੇ ਆਈ
ਨਿਊਯਾਰਕ: ਮੈਕਸੀਕੋ ਰਾਹੀਂ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਦੌਰਾਨ ਪਿਆਸ ਨਾਲ ਮਾਰੀ ਗਈ ਪੰਜਾਬ ਨਾਲ ਸਬੰਧਿਤ 6 ਸਾਲਾਂ ਦੀ ਸਿੱਖ ਬੱਚੀ ਗੁਰਪ੍ਰੀਤ ਕੌਰ ਦੇ ਪਰਿਵਾਰ ਵੱਲੋਂ ਆਪਣੀ ਬੱਚੀ ਦੀ ਮੌਤ ਸਬੰਧੀ ਬਿਆਨ ਜਾਰੀ ਕੀਤਾ ਗਿਆ ਹੈ। ਸਿੱਖ ਕੋਆਲੀਸ਼ਨ ਯੂਐੱਸ ਰਾਹੀਂ ਜਾਰੀ ਬਿਆਨ ਵਿੱਚ ਬੱਚੀ ਗੁਰਪ੍ਰੀਤ ਕੌਰ ਦੇ ਮਾਪਿਆਂ ਨੇ ਕਿਹਾ ਕਿ ਉਹਨਾਂ ਆਪਣੀ ਬੱਚੀ ਨੂੰ ਇੱਕ ਚੰਗਾ ਭਵਿੱਖ ਦੇਣ ਲਈ ਇਹ ਕਦਮ ਚੁੱਕਿਆ ਸੀ।
ਜ਼ਿਕਰਯੋਗ ਹੈ ਕਿ ਮੈਕਸੀਕੋ ਸਰਹੱਦ ਰਾਹੀਂ ਅਮਰੀਕਾ ਵਿੱਚ ਗੈਰਕਾਨੂੰਨੀ ਢੰਗ ਨਾਲ ਦਾਖਲ ਹੋ ਕੇ ਸ਼ਰਨ ਹਾਸਲ ਕਰਨ ਦੀ ਕੋਸ਼ਿਸ਼ ਦੌਰਾਨ ਐਰੀਜ਼ੋਨਾ ਦੇ ਰੇਗਿਸਤਾਨ ਵਿੱਚ ਬੱਚੀ ਗੁਰਪ੍ਰੀਤ ਕੌਰ ਉਸ ਸਮੇਂ ਪਿਆਸ ਨਾਲ ਦਮ ਤੋੜ ਗਈ ਸੀ ਜਦੋਂ ਉਸਦੀ ਮਾਂ ਉਸਨੂੰ ਨਾਲ ਦੇ ਸਾਥੀਆਂ ਕੋਲ ਛੱਡ ਉਸ ਲਈ ਰੇਗਿਸਤਾਨ ਵਿੱਚ ਪਾਣੀ ਲੱਭਣ ਗਈ ਸੀ।
ਜਾਰੀ ਬਿਆਨ ਵਿੱਚ ਗੁਰਪ੍ਰੀਤ ਕੌਰ ਦੇ ਮਾਪਿਆਂ ਨੇ ਕਿਹਾ, "ਅਸੀਂ ਆਪਣੀ ਬੱਚੀ ਲਈ ਸੁਰੱਖਿਅਤ ਅਤੇ ਵਧੀਆ ਭਵਿੱਖ ਚਾਹੁੰਦੇ ਸੀ ਅਤੇ ਇਸ ਲਈ ਅਸੀਂ ਅਮਰੀਕਾ ਵਿੱਚ ਪਨਾਹ ਲੈਣ ਦਾ ਔਖਾ ਫੈਂਸਲਾ ਕੀਤਾ।" ਉਹਨਾਂ ਕਿਹਾ, "ਸਾਨੂੰ ਵਿਸ਼ਵਾਸ ਹੈ ਕਿ ਹਰ ਮਾਂ-ਪਿਓ, ਭਾਵੇਂ ਉਹ ਕਿਸੇ ਵੀ ਰੰਗ, ਨਸਲ, ਕੌਮ ਦਾ ਹੋਵੇ, ਸਮਝ ਸਕਦਾ ਹੈ ਕਿ ਕਿ ਕੋਈ ਵੀ ਮਾਂ ਜਾ ਬਾਪ ਜਦੋਂ ਤੱਕ ਲਾਚਾਰ ਨਾ ਹੋਵੇ ਆਪਣੇ ਬੱਚਿਆਂ ਨੂੰ ਮੁਸੀਬਤ ਵਿੱਚ ਨਹੀਂ ਪਾਉਂਦਾ।"
ਬਿਆਨ ਵਿੱਚ ਕੁੜੀ ਦੇ ਪਿਓ ਦੀ ਪਛਾਣ ਏ.ਸਿੰਘ ਅਤੇ ਮਾਂ ਦੀ ਪਛਾਣ ਐੱਸ.ਕੌਰ ਦੱਸੀ ਗਈ ਹੈ।
ਕਿਉਂ ਚੁੱਕਿਆ ਇਹ ਮੁਸੀਬਤ ਭਰਿਆ ਕਦਮ?
ਜਿਸ ਦਿਨ ਗੁਰਪ੍ਰੀਤ ਕੌਰ ਦੀ ਮੌਤ ਹੋਈ ਉਸ ਤੋਂ ਕੁੱਝ ਦਿਨਾਂ ਬਾਅਦ ਹੀ ਉਸਦਾ ਜਨਮ ਦਿਨ ਸੀ ਜਦੋਂ ਉਸਨੇ 7 ਵਰ੍ਹਿਆਂ ਦੀ ਹੋ ਜਾਣਾ ਸੀ। ਗੁਰਪ੍ਰੀਤ ਕੌਰ ਦੇ ਜਨਮ ਤੋਂ 6 ਮਹੀਨੇ ਬਾਅਦ ਹੀ 2013 ਵਿੱਚ ਉਸਦਾ ਪਿਓ ਵਧੀਆ ਅਤੇ ਸੁਰੱਖਿਅਤ ਭਵਿੱਖ ਦੀ ਭਾਲ ਵਿੱਚ ਅਮਰੀਕਾ ਆ ਗਿਆ ਸੀ ਤੇ ਉਸਦੀ ਪਨਾਹ ਲਈ ਅਰਜ਼ੀ ਨਿਊ ਯਾਰਕ ਇਮੀਗਰੇਸ਼ਨ ਅਦਾਲਤ ਵਿੱਚ ਲੱਗੀ ਹੋਈ ਹੈ।
ਸਬੰਧਿਤ ਖ਼ਬਰ: ਉੱਜੜਦੇ ਪੰਜਾਬ ਦੀ ਹੋਣੀ: ਅਮਰੀਕਾ ਜਾਂਦਿਆਂ ਮਾਰੂਥਲਾਂ 'ਚ ਪਿਆਸ ਨਾਲ ਤੜਫਦੀ 6 ਸਾਲਾ ਬੱਚੀ ਗੁਰਪ੍ਰੀਤ ਕੌਰ ਦੀ ਮੌਤ
2013 ਤੋਂ ਹੁਣ ਤੱਕ ਗੁਰਪ੍ਰੀਤ ਕੌਰ ਦੇ ਮਾਂ-ਬਾਪ ਆਪਸ ਵਿੱਚ ਨਹੀਂ ਮਿਲੇ ਸੀ। ਇਸ ਮਹੀਨੇ ਵਿੱਚ ਹੀ ਗੁਰਪ੍ਰੀਤ ਕੌਰ ਨੂੰ ਨਾਲ ਲੈ ਕੇ ਉਸਦੀ ਮਾਂ ਉਸਦੇ ਪਿਤਾ ਕੋਲ ਅਮਰੀਕਾ ਪਹੁੰਚਣ ਲਈ ਘਰੋਂ ਤੁਰੇ। ਹੁਣ ਗੁਰਪ੍ਰੀਤ ਕੌਰ ਦੇ ਮਾਤਾ-ਪਿਤਾ ਤਾਂ ਮਿਲ ਗਏ ਹਨ ਪਰ ਗੁਰਪ੍ਰੀਤ ਕੌਰ ਨਹੀਂ ਰਹੀ।
ਸ਼ੁਕਰਵਾਰ ਨੂੰ ਹੋਵੇਗਾ ਗੁਰਪ੍ਰੀਤ ਕੌਰ ਦਾ ਅੰਤਿਮ ਸੰਸਕਾਰ
ਗੁਰਪ੍ਰੀਤ ਕੌਰ ਦੇ ਅੰਤਿਮ ਸੰਸਕਾਰ ਲਈ ਸ਼ੁਰਕਵਾਰ ਦਾ ਦਿਨ ਨਿਯਕਤ ਕੀਤਾ ਗਿਆ ਹੈ। ਗੁਰਪ੍ਰੀਤ ਕੌਰ ਦਾ ਅੰਤਿਮ ਸੰਸਕਾਰ ਨਿਊ ਯਾਰਕ ਸ਼ਹਿਰ ਵਿੱਚ ਕੀਤਾ ਜਾਵੇਗਾ।
ਗੁਰਪ੍ਰੀਤ ਕੌਰ ਦੀ ਮੌਤ ਨਾਲ ੳਸਦੇ 33 ਸਾਲਾ ਪਿਤਾ ਅਤੇ 27 ਸਾਲਾ ਮਾਤਾ ਟੁੱਟ ਚੁੱਕੇ ਹਨ। ਉਹਨਾਂ ਬਿਆਨ ਵਿੱਚ ਕਿਹਾ ਕਿ ਉਹ ਆਪਣੀ ਬੇਟੀ ਦੀ ਮੌਤ ਦਾ ਭਾਰ ਸਾਰੀ ਉਮਰ ਚੁੱਕ ਕੇ ਜਿਊਣਗੇ। ਉਹਨਾਂ ਨਾਲ ਹੀ ਆਸ ਪ੍ਰਗਟ ਕੀਤੀ ਕਿ ਅਮਰੀਕਾ ਧੱਕੇ ਅਤੇ ਉਜਾੜੇ ਦੇ ਸ਼ਿਕਾਰ ਲੋਕਾਂ ਨੂੰ ਤਰਸ ਦੇ ਅਧਾਰ 'ਤੇ ਪਨਾਹ ਦਿੰਦਾ ਰਹੇਗਾ।
ਪੰਜਾਬ ਵਿੱਚ ਲੋਕਾਂ ਨੂੰ ਨਹੀਂ ਦਿੱਖ ਰਿਹਾ ਸੁਰੱਖਿਅਤ ਭਵਿੱਖ
ਬੱਚੀ ਗੁਰਪ੍ਰੀਤ ਕੌਰ ਦੀ ਮੌਤ ਨੇ ਪੰਜਾਬ ਦੇ ਭਵਿੱਖ 'ਤੇ ਮੰਡਰਾ ਰਹੇ ਉਜਾੜੇ ਅਤੇ ਤਬਾਹੀ ਦੇ ਬੱਦਲਾਂ ਨੂੰ ਇੱਕ ਵਾਰ ਫੇਰ ਜੱਗ ਜਾਹਰ ਕੀਤਾ ਹੈ। ਪੰਜਾਬ ਵਿੱਚੋਂ ਲਗਾਤਾਰ ਸਿੱਖ ਪ੍ਰਵਾਸ ਕਰ ਰਹੇ ਹਨ ਤੇ ਉਹਨਾਂ ਵਿੱਚ ਭਾਰਤੀ ਰਾਜ ਪ੍ਰਬੰਧ ਦੇ ਢਾਂਚੇ ਪ੍ਰਤੀ ਅਸਹਿਜ ਫੈਲ ਰਿਹਾ ਹੈ ਜਿਸ ਕਾਰਨ ਉਹ ਪੰਜਾਬ ਨੂੰ ਛੱਡ ਸੁਰੱਖਿਅਤ ਭਵਿੱਖ ਲਈ ਹਰ ਖਤਰਾ ਚੁੱਕ ਕੇ ਬਾਹਰ ਜਾਣਾ ਚਾਹੁੰਦੇ ਹਨ। ਅਜਿਹਾ ਹੀ ਮਾਮਲਾ ਗੁਰਪ੍ਰੀਤ ਕੌਰ ਦੇ ਪਰਿਵਾਰ ਦਾ ਹੈ। ਪੰਜਾਬ ਦੀ ਧੀ ਗੁਰਪ੍ਰੀਤ ਕੌਰ ਦੀ ਰੇਗਿਸਤਾਨ 'ਚ ਪਿਆਸ ਨਾਲ ਹੋਈ ਮੌਤ ਵੀ ਇਸ ਸਬੰਧੀ ਪੰਜਾਬ ਵਿੱਚ ਕੋਈ ਡੂੰਘੀ ਵਿਚਾਰ ਸ਼ੁਰੂ ਨਹੀਂ ਕਰਵਾ ਸਕੀ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)