ਕਸ਼ਮੀਰ ਤੇ ਅਸਾਮ ਦੀ ਸਮੱਸਿਆ ਦਾ ਜ਼ਿੰਮੇਵਾਰ ਕੌਣ? (ਅਰੁੰਧਤੀ ਰਾਇ)

ਕਸ਼ਮੀਰ ਤੇ ਅਸਾਮ ਦੀ ਸਮੱਸਿਆ ਦਾ ਜ਼ਿੰਮੇਵਾਰ ਕੌਣ? (ਅਰੁੰਧਤੀ ਰਾਇ)

ਅਰੁੰਧਤੀ ਰਾਇ

ਪਿਛਲੇ ਕੁਝ ਮਹੀਨਿਆਂ ਵਿਚ ਕਸ਼ਮੀਰੀਆਂ ਨੇ ਸਰਕਾਰੀ ਦਹਿਸ਼ਤ ਭੁਗਤੀ ਹੈ। ਹੁਣ ਤੱਕ 70 ਹਜ਼ਾਰ ਕਸ਼ਮੀਰੀ ਜਾਨਾਂ ਗੁਆ ਚੁੱਕੇ ਹਨ। ਕਸ਼ਮੀਰ ਵਿਚ 30 ਸਾਲ ਤੋਂ ਹਥਿਆਰਬੰਦ ਖਾੜਕੂ ਸੰਘਰਸ਼ ਜਾਰੀ ਹੈ। ਇਨ੍ਹਾਂ ਸਾਰੀਆਂ ਘਟਨਾਵਾਂ ਨੇ ਕਸ਼ਮੀਰ ਘਾਟੀ ਨੂੰ ਕਬਰਾਂ ਨਾਲ ਢੱਕ ਦਿੱਤਾ ਹੈ। ਇਨ੍ਹਾਂ ਕਸ਼ਮੀਰੀਆਂ ਨੇ ਸਭ ਕੁਝ ਝੱਲਿਆ ਹੈ-ਜੰਗ, ਪੈਸਾ, ਤਸ਼ੱਦਦ, ਕਸ਼ਮੀਰੀਆਂ ਦੀ ਲਾਵਾਰਸ ਲਾਸ਼ਾਂ, ਗੁੰਮਸ਼ੁਦਗੀ, ਪੰਜ ਲੱਖ ਤੋਂ ਜ਼ਿਆਦਾ ਫੌਜੀਆਂ ਦੀ ਤੈਨਾਤੀ ਤੇ ਕਸ਼ਮੀਰੀਆਂ ਦੇ ਖਿਲਾਫ਼ ਘਟੀਆ ਪ੍ਰਚਾਰ ਜੋ ਪੂਰੀ ਆਬਾਦੀ ਨੂੰ 'ਅੱਤਵਾਦੀ' ਦੱਸਦਾ ਹੈ।

ਕਸ਼ਮੀਰ ਦੀ ਘੇਰਾਬੰਦੀ ਨੂੰ ਹੁਣ ਤਿੰਨ ਮਹੀਨਿਆਂ ਤੋਂ ਵੀ ਜ਼ਿਆਦਾ ਚਿਰ ਹੋ ਗਿਆ ਹੈ। ਕਸ਼ਮੀਰੀ ਨੇਤਾ ਜੇਲ੍ਹਾਂ ਵਿਚ ਕੈਦ ਹਨ ਤੇ ਕੁਝ ਘਰਾਂ ਵਿਚ ਨਜ਼ਰਬੰਦ ਹਨ। ਉਨ੍ਹਾਂ ਨੂੰ ਸਿਰਫ ਇਸ ਸ਼ਰਤ ’ਤੇ ਰਿਹਾਅ ਕਰਨ ਦੀ ਪੇਸ਼ਕਸ਼ ਕੀਤੀ ਗਈ ਹੈ ਕਿ ਉਹ ਲਿਖਤੀ ਰੂਪ ਵਿਚ ਮੰਨਣ ਕਿ ਉਹ ਲੋਕ ਪੂਰਾ ਸਾਲ ਕੋਈ ਬਿਆਨ ਜਾਰੀ ਨਹੀਂ ਕਰਨਗੇ। ਜ਼ਿਆਦਾਤਰ ਕਸ਼ਮੀਰੀ ਨੇਤਾਵਾਂ ਨੇ ਇਸ ਸਰਕਾਰੀ ਸ਼ਰਤ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਹਾਲ ਦੀ ਘੜੀ ਕਰਫਿਊ ਢਿੱਲਾ ਕਰ ਦਿੱਤਾ ਗਿਆ ਹੈ। ਕਬਰਾਂ ਵਰਗੀ ਸ਼ਾਂਤੀ ਹੈ। ਸਕੂਲ ਦੁਬਾਰਾ ਖੁੱਲ੍ਹ ਗਏ ਹਨ। ਕੁਝ ਫੋਨ ਲਾਈਨਾਂ ਚਾਲੂ ਹੋ ਗਈਆਂ ਹਨ। ਸਰਕਾਰ ਵਲੋਂ ਕਿਹਾ ਜਾ ਰਿਹਾ ਹੈ ਕਿ ਸਥਿਤੀ ਆਮ ਵਰਗੀ ਹੋ ਗਈ ਹੈ ਤੇ ਕਸ਼ਮੀਰ ਦੇ ਹਾਲਾਤ ਸ਼ਾਂਤ ਹਨ। ਆਮ ਕਰਕੇ ਸਰਕਾਰਾਂ ਲੋਕਾਂ ਨੂੰ ਦਬਾਅ ਕੇ ਅਜਿਹਾ ਹੀ ਫੁਰਮਾਨ ਜਾਰੀ ਕਰਦੀਆਂ ਹਨ ਕਿ ਸ਼ਾਂਤੀ ਹੋ ਚੁੱਕੀ ਹੈ।

ਅਜਿਹੀ ਸ਼ਾਂਤੀ ਤਾਂ ਸਰਕਾਰ ਦੀ ਫੌਜ ਹੀ ਕਰਦੀ ਹੈ। ਕਸ਼ਮੀਰੀਆਂ ਨੇ ਇਸ ਕਬਰਾਂ ਵਰਗੀ ਸ਼ਾਂਤੀ ਨੂੰ ਮਨਜ਼ੂਰ ਕਰਨ ਤੋਂ ਇਨਕਾਰ ਕੀਤਾ ਹੋਇਆ ਹੈ। ਸਕੂਲ ਖਾਲੀ ਪਏ ਹਨ। ਸੇਬਾਂ ਦੀ ਬੰਪਰ ਪੈਦਾਵਾਦ ਬਗੀਚਿਆਂ ਵਿਚ ਸੜ ਰਹੀ ਹੈ। ਮਾਂ-ਬਾਪ ਤੇ ਕਿਸਾਨਾਂ ਦੇ ਲਈ ਇਸ ਤੋਂ ਜ਼ਿਆਦਾ ਖਤਰਨਾਕ ਹਾਲਾਤ ਕੀ ਹੋ ਸਕਦੇ ਹਨ? ਇਹ ਤਾਂ ਉਨ੍ਹਾਂ ਦਾ ਵਜ਼ੂਦ ਮਿਟਾਉਣ ਵਾਲੀ ਗੱਲ ਹੈ। ਕਸ਼ਮੀਰ ਵਿਚ ਸੰਘਰਸ਼ ਦਾ ਨਵਾਂ ਦੌਰ ਸ਼ੁਰੂ ਹੋ ਚੁੱਕਾ ਹੈ। ਕਸ਼ਮੀਰੀ ਜਿਹਾਦੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਹੁਣ ਉਹ ਸਾਰੇ ਭਾਰਤੀਆਂ ਨੂੰ ਜਾਇਜ਼ ਨਿਸ਼ਾਨਾ ਸਮਝਣਗੇ। ਹੁਣ ਤੱਕ ਦਸ ਤੋਂ ਜ਼ਿਆਦਾ ਗਰੀਬ, ਗ਼ੈਰ ਕਸ਼ਮੀਰੀ ਮਜ਼ਦੂਰ ਮਾਰੇ ਜਾ ਚੁੱਕੇ ਹਨ। ਮੈਨੂੰ ਜਾਪਦਾ ਹੈ ਕਿ ਇਸ ਤੋਂ ਵੀ ਜ਼ਿਆਦਾ ਘਿਨੌਣਾ ਵਾਪਰੇਗਾ।

ਜਲਦ ਹੀ ਹੁਣੇ ਜਿਹੇ ਵਾਪਰੀਆਂ ਘਟਨਾਵਾਂ ਨੂੰ ਭੁਲਾ ਦਿੱਤਾ ਜਾਵੇਗਾ ਤੇ ਇਕ ਵਾਰ ਫਿਰ ਟੀਵੀ ਸਟੂਡੀਓ ਵਿਚ ਭਾਰਤੀ ਸੁਰੱਖਿਆ ਬਲਾਂ ਤੇ ਕਸ਼ਮੀਰੀ ਜਿਹਾਦੀਆਂ ਦੀਆਂ ਜ਼ਿਆਦਤੀਆਂ ਬਾਰੇ ਤੁਲਨਾਤਮਕ ਬਹਿਸਾਂ ਹੋਣਗੀਆਂ। ਕਸ਼ਮੀਰ ਦੀ ਗੱਲ ਕਰਨ ’ਤੇ ਭਾਰਤੀ ਸਰਕਾਰ ਤੇ ਇਸ ਦਾ ਮੀਡੀਆ ਤੁਰੰਤ ਹੀ ਤੁਹਾਨੂੰ ਪਾਕਿਸਤਾਨ ਦੇ ਬਾਰੇ ਦੱਸੇਗਾ। ਅਜਿਹਾ ਜਾਣ ਬੁੱਝ ਕੇ ਕੀਤਾ ਜਾਵੇਗਾ ਤਾਂ ਕਿ ਫੌਜ ਦੇ ਕਬਜ਼ੇ ਵਿਚ ਜੀ ਰਹੇ ਕਸ਼ਮੀਰੀਆਂ ਦੀਆਂ ਲੋਕਤੰਤਰਕ ਮੰਗਾਂ ਨੂੰ ਵਿਦੇਸ਼ੀ ਰਾਜ ਦੇ ਪ੍ਰਭਾਵ ਦਾ ਕਾਰਨ ਦਰਸਾਇਆ ਜਾ ਸਕੇ। ਭਾਰਤ ਸਰਕਾਰ ਨੇ ਸਾਫ ਕਰ ਦਿੱਤਾ ਹੈ ਕਿ ਕਸ਼ਮੀਰੀਆਂ ਦੇ ਸਾਹਮਣੇ ਬਸ ਇਕ ਹੀ ਰਾਹ ਬਚਿਆ ਹੈ ਤੇ ਉਹ ਹੈ ਪੂਰੀ ਤਰ੍ਹਾਂ ਗੋਡੇ ਟੇਕ ਦੇਣਾ। ਸਰਕਾਰ ਨੂੰ ਕਿਸੇ ਵੀ ਤਰ੍ਹਾਂ ਦਾ ਵਿਰੋਧ ਮਨਜ਼ੂਰ ਨਹੀਂ। ਭਾਵੇਂ ਉਹ ਵਿਰੋਧ ਹਿੰਸਕ ਹੋਵੇ ਜਾਂ ਅਹਿੰਸਕ। ਬੋਲ ਕੇ ਕੀਤਾ ਜਾਵੇ ਜਾਂ ਲਿਖ ਕੇ ਜਾਂ
ਗੀਤ ਗਾ ਕੇ। ਫਿਰ ਵੀ ਕਸ਼ਮੀਰੀ ਜਾਣਦੇ ਹਨ ਕਿ ਜੇਕਰ ਜ਼ਿੰਦਾ ਰਹਿਣਾ ਹੈ ਤਾਂ ਜਵਾਬ ਦੇਣਾ ਹੀ ਪਵੇਗਾ। 

ਸੁਆਲ ਇਹ ਉਠਦਾ ਹੈ ਕਿ ਇਹ ਕਸ਼ਮੀਰੀ ਲੋਕ ਭਾਰਤ ਦਾ ਹਿੱਸਾ ਕਿਉਂ ਬਣਨਾ ਚਾਹੁਣਗੇ? ਦੁਨੀਆ ਵਿਚ ਇਸ ਦੀ ਕੋਈ ਵਜ੍ਹਾ ਹੋਵੇ ਤਾਂ ਦੱਸੋ? ਜੇਕਰ ਉਹ ਲੋਕ ਆਜ਼ਾਦੀ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਆਜ਼ਾਦੀ ਮਿਲਣੀ ਚਾਹੀਦੀ ਹੈ? ਇਹੀ ਤਾਂ ਭਾਰਤੀਆਂ ਦੀ ਵੀ ਇੱਛਾ ਹੋਣੀ ਚਾਹੀਦੀ ਹੈ। ਕਸ਼ਮੀਰੀਆਂ ਦੇ ਲਈ ਨਹੀਂ, ਬਲਕਿ ਖੁਦ ਆਪਣੇ ਲਈ। ਕਸ਼ਮੀਰੀਆਂ ਦੇ ਨਾਮ ’ਤੇ ਜੋ ਜ਼ੁਲਮ ਕੀਤੇ ਜਾ ਰਹੇ ਹਨ, ਉਹ ਅਜਿਹੇ ਪਲ ਹਨ, ਜਿਸ ਨੂੰ ਭਾਰਤ ਝਲ ਨਹੀਂ ਸਕੇਗਾ। ਹੋ ਸਕਦਾ ਹੈ ਕਸ਼ਮੀਰ ਭਾਰਤ ਨੂੰ ਹਰਾ ਨਾ ਸਕੇ। ਪਰ ਉਹ ਭਾਰਤ ਨੂੰ ਨਿਗਲ ਜ਼ਰੂਰ ਜਾਵੇਗਾ। ਅਜਿਹਾ ਕਈ ਵਾਰ ਇਤਿਹਾਸ ਵਿਚ ਵਾਪਰ ਚੁੱਕਾ ਹੈ।

ਹੁਸਟਨ ਸਟੇਡੀਅਮ ਵਿਚ ਤਾੜੀਆਂ ਵਜਾਉਣ ਵਾਲੇ ਉਨ੍ਹਾਂ 60 ਹਜ਼ਾਰ ਭਾਰਤੀ ਲੋਕਾਂ ਦੇ ਲਈ ਇਸ ਦਾ ਸ਼ਾਇਦ ਕੋਈ ਮਹੱਤਵ ਨਾ ਹੋਵੇ, ਜੋ ਅਮਰੀਕਾ ਵਸ ਚੁੱਕੇ ਹਨ ਤੇ ਸਭ ਤੋਂ ਵੱਡੇ ਭਾਰਤੀ ਹੋਣ ਦੇ ਸੁਪਨੇ ਨੂੰ ਪੂਰਾ ਕਰ ਚੁੱਕੇ ਹਨ। ਉਨ੍ਹਾਂ ਦੇ ਲਈ ਕਸ਼ਮੀਰ ਥੱਕੀ ਹੋਈ ਪੁਰਾਣੀ ਸਮੱਸਿਆ ਹੈ। ਉਹ ਇਸ ਨੂੰ ਕਸ਼ਮੀਰੀਆਂ ਦੀ ਵੱਡੀ ਮੂਰਖਤਾ ਸਮਝਦੇ ਹਨ। ਉਹ ਸਮਝਦੇ ਹਨ ਕਿ ਮੋਦੀ ਸਰਕਾਰ ਨੇ ਕਸ਼ਮੀਰ ’ਤੇ ਕਾਰਵਾਈ ਕਰਕੇ ਇਸ ਦਾ ਵੱਡਾ ਹੱਲ ਕਰ ਦਿੱਤਾ ਹੈ। ਇਹ ਲੋਕ ਪ੍ਰਵਾਸੀ ਭਾਰਤੀ ਹਨ। ਇਸ ਲਈ ਇਹਨਾਂ ਤੋਂ ਉਮੀਦ ਤਾਂ ਕੀਤੀ ਜਾ ਸਕਦੀ ਹੈ ਕਿ ਅਸਾਮ ਵਿਚ ਜੋ ਹੋ ਰਿਹਾ ਹੈ, ਉਸ ਨੂੰ ਸ਼ਾਇਦ ਜ਼ਿਆਦਾ ਸਮਝਣਗੇ। ਇਹ ਉਹੀ ਲੋਕ ਹਨ ਜੋ ਸ਼ਰਨਾਰਥੀ ਸੰਕਟ ਦਾ ਸਾਹਮਣਾ ਕਰ ਰਹੀ ਦੁਨੀਆਂ ਦੇ ਸਭ ਤੋਂ ਕਿਸਮਤ ਵਾਲੇ ਸ਼ਰਨਾਰਥੀ ਹਨ। ਹੁਸਟਨ ਵਿਚ ਆਏ ਜ਼ਿਆਦਾਤਰ ਲੋਕ ਅਜਿਹੇ ਲੋਕਾਂ ਦੀ ਤਰ੍ਹਾਂ ਹਨ, ਜਿਨ੍ਹਾਂ ਦੇ ਕੋਲ ਹੋਲੀਡੇ ਹੋਮ ਹੁੰਦੇ ਹਨ। ਇਨ੍ਹਾਂ ਦੇ ਕੋਲ ਸ਼ਾਇਦ ਅਮਰੀਕਾ ਦੀ ਨਾਗਰਿਕਤਾ ਤੇ ਸਮੁੰਦਰ ਪਾਰ ਭਾਰਤੀ ਨਾਗਰਿਕ ਦਾ ਪ੍ਰਮਾਣ ਪੱਤਰ ਵੀ ਹੋਵੇ, ਪਰ ‘ਹਾਊਡੀ ਮੋਦੀ’ ਅਸਾਮ ਦੇ 20 ਲੱਖ ਲੋਕਾਂ ਦੁਆਰਾ ਰਾਸ਼ਟਰੀ ਨਾਗਰਿਕਤਾ ਕਾਨੂੰਨ ਦਾ ਦਰਦ ਭੋਗ ਰਹੇ ਲੋਕਾਂ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।

ਅਸਾਮ ਵਿਚ ਐਨ ਆਰ ਸੀ ਹੋਇਆ ਇਸ ਦਾ ਕਾਰਨ ਵਿਸ਼ੇਸ਼ ਸਭਿਆਚਾਰਕ ਇਤਿਹਾਸ ਹੈ। 1826 ਦੌਰਾਨ ਏਂਗਲੋ ਬਰਮਾ ਯੁਧ ਦੇ ਬਾਅਦ ਅੰਗਰੇਜ਼ਾਂ ਦੇ ਨਾਲ ਸ਼ਾਂਤੀ ਸਮਝੌਤੇ ਦੇ ਤਹਿਤ ਇਸ ਖੇਤਰ ਨੂੰ ਬਰਮਾ ਨੇ ਅੰਗਰੇਜ਼ਾਂ ਦੇ ਹਵਾਲੇ ਕਰ ਦਿੱਤਾ ਸੀ। ਉਸ ਵਕਤ ਇੱਥੇ ਸੰਘਣੇ ਜੰਗਲ ਹੋਇਆ ਕਰਦੇ ਸਨ ਤੇ ਇੱਥੇ ਬਹੁਤ ਘੱਟ ਆਬਾਦੀ ਸੀ। ਇੱਥੇ ਬੋਡੋ, ਸੰਥਾਲ, ਕਚਾਰ, ਮਿਸ਼ਿੰਗ, ਲਾਲੂੰਗ, ਆਹੋਮੀ ਹਿੰਦੂ, ਆਹੋਮੀ ਮੁਸਲਮਾਨ ਵਰਗੇ ਸੈਂਕੜੇ ਭਾਈਚਾਰੇ ਰਹਿੰਦੇ ਸਨ। ਹਰ ਭਾਈਚਾਰੇ ਦੀ ਆਪਣੀ ਭਾਸ਼ਾ ਸੀ। ਜ਼ਮੀਨ ਦੇ ਨਾਲ ਪ੍ਰਕਿਰਤਕ ਤੌਰ ’ਤੇ ਵਿਕਸਤ ਰਿਸ਼ਤੇ ਸਨ। ਹਾਲਾਂ ਕਿ ਇਸ ਸੰਬੰਧ ਨੂੰ ਦਸਤਾਵੇਜ਼ਾਂ ਨਾਲ ਸਾਬਤ ਨਹੀਂ ਕੀਤਾ ਜਾ ਸਕਦਾ। ਅਸਾਮ ਹਮੇਸ਼ਾ ਹੀ ਘੱਟ ਗਿਣਤੀਆਂ ਦਾ ਗੁਲਦਸਤਾ ਸੀ, ਜੋ ਨਸਲੀ ਤੇ ਭਾਸ਼ਾਈ ਗਠਜੋੜ ਬਣਾ ਕੇ ਬਹੁਗਿਣਤੀ ਬਣ ਜਾਂਦੇ ਸਨ। ਕੋਈ ਵੀ ਵਸਤੂ ਜੋ ਇਸ ਸੰਤੁਲਿਨ ਨੂੰ ਵਿਗਾੜਦੀ ਜਾਂ ਇਸ ਦੇ ਲਈ ਖਤਰਾ ਬਣਦੀ ਸੀ, ਉਹ ਸੰਭਾਵਿਤ ਹਿੰਸਾ ਦਾ ਕਾਰਨ ਬਣ ਜਾਂਦੀ ਸੀ। 1826 ਦੌਰਾਨ ਇਸ ਸੰਤੁਲਿਨ ਨੂੰ ਵਿਗਾੜਨ ਦੇ ਲਈ ਬੀਜ ਬੀਜੇ ਗਏ। ਅਸਾਮ ਦੇ ਨਵੇਂ ਮਾਲਕ ਅੰਗਰੇਜ਼ਾਂ ਨੇ ਬੰਗਾਲੀ ਭਾਸ਼ਾ ਨੂੰ ਇੱਥੋਂ ਦੀ ਅਧਿਕਾਰਤ ਭਾਸ਼ਾ ਬਣਾ ਦਿੱਤਾ ਗਿਆ। ਇਸ ਦਾ ਮਤਲਬ ਸੀ ਕਿ ਲਗਭਗ ਸਾਰੇ ਪ੍ਰਸ਼ਾਸ਼ਨਿਕ ਤੇ ਸਰਕਾਰੀ ਨੌਕਰੀਆਂ, ਸਿੱਖਿਅਤ, ਹਿੰਦੂ, ਬੰਗਾਲੀ ਭਾਸ਼ੀ ਮੂਲ ਦੇ ਲੋਕਾਂ ਨੇ ਲੈ ਲਈਆਂ। ਹਾਲਾਂ ਕਿ ਇਸ ਨੀਤੀ ਨੂੰ 1877 ਈਸਵੀ ਦੌਰਾਨ ਬਦਲ ਦਿੱਤਾ ਗਿਆ ਤੇ ਬੰਗਾਲੀ ਦੇ ਨਾਲ ਅਸਾਮੀ ਨੂੰ ਵੀ ਅਧਿਕਾਰਿਤ ਤੌਰ ’ਤੇ ਮਾਨਤਾ ਦੇ ਦਿੱਤੀ ਗਈ, ਜਿਸ ਨੇ ਸ਼ਕਤੀ ਸੰਤੁਲਿਨ ਨੂੰ ਗੰਭੀਰ ਰੂਪ ਵਿਚ ਬਦਲ ਦਿੱਤਾ। ਇਸ ਦੇ ਨਾਲ ਹੀ ਅਸਾਮੀ ਤੇ ਬੰਗਾਲੀ ਭਾਸ਼ਾ ਬੋਲਣ ਵਾਲਿਆਂ ਦੀ ਦੁਸ਼ਮਣੀ ਦੀ ਸ਼ੁਰੂਆਤ ਹੋ ਗਈ, ਜੋ ਦੋ ਸਦੀਆਂ ਪੁਰਾਣੀ ਹੋ ਚੁੱਕੀ ਹੈ।

19ਵੀਂ ਸ਼ਤਾਬਦੀ ਦੇ ਅੰਤ ਵਿਚ ਬ੍ਰਿਟਿਸ਼ ਲੋਕਾਂ ਨੂੰ ਪਤਾ ਚੱਲਿਆ ਕਿ ਇਸ ਖੇਤਰ ਦੀ ਮਿੱਟੀ ਤੇ ਵਾਤਾਵਰਨ ਚਾਹ ਦੀ ਖੇਤੀ ਲਈ ਚੰਗੇ ਹਨ। ਸਥਾਨਕ ਲੋਕ ਚਾਹ ਦੇ ਬਾਗਾਂ ਵਿਚ ਗੁਲਾਮਾਂ ਦੀ ਤਰ੍ਹਾਂ ਕੰਮ ਕਰਨਾ ਨਹੀਂ ਚਾਹੁੰਦੇ ਸਨ। ਇਸ ਲਈ ਮੱਧ ਭਾਰਤ ਤੋਂ ਮੂਲ ਨਿਵਾਸੀਆਂ ਨੂੰ ਇੱਥੇ ਲਿਆ ਕੇ ਵੱਡੀ ਪੱਧਰ ’ਤੇ ਵਸਾਇਆ ਗਿਆ। ਇਹ ਉਨ੍ਹਾਂ ਗਿਰਮਿਟੀਆ ਮਜ਼ਦੂਰਾਂ ਤੋਂ ਅਲੱਗ ਨਹੀਂ ਸਨ, ਜਿਨ੍ਹਾਂ ਨੂੰ ਅੰਗਰੇਜ਼ ਜਹਾਜ਼ਾਂ ਵਿਚ ਭਰ ਭਰ ਕੇ ਦੁਨੀਆਂ ਭਰ ਦੇ ਆਪਣੇ ਕਬਜ਼ੇ ਵਾਲੇ ਦੇਸਾਂ ਵਿਚ ਲਿਜਾਇਆ ਕਰਦੇ ਸਨ। ਅੱਜ ਚਾਹ ਦੇ ਬਾਗ ਵਿਚ ਕੰਮ ਕਰਨ ਵਾਲੇ ਲੋਕ ਅਸਾਮ ਦੀ ਆਬਾਦੀ ਦਾ 15 ਤੋਂ 20 ਫੀਸਦੀ ਹਨ। ਪਰ ਅਫਰੀਕਾ ਦੇ ਭਾਰਤੀ ਮੂਲ ਦੇ ਲੋਕਾਂ ਤੋਂ ਉਲਟ ਇਨ੍ਹਾਂ ਲੋਕਾਂ ਨੂੰ ਸ਼ਰਮਨਾਕ ਤਰੀਕੇ ਨਾਲ ਨੀਚ ਸਮਝਿਆ ਜਾਂਦਾ ਹੈ ਤੇ ਇਹ ਅੱਜ ਵੀ ਚਾਹ ਬਾਗਾਂ ਵਿਚ ਰਹਿੰਦੇ ਹਨ। ਗੁਲਾਮਾਂ ਨੂੰ ਮਿਲਣ ਵਾਲਾ ਭੱਤਾ ਪ੍ਰਾਪਤ ਕਰਦੇ ਹਨ ਤੇ ਬਾਗਾਂ ਦੇ ਮਾਲਕਾਂ ਦੀ ਦਿਆ ਉ¤ਪਰ ਜ਼ਿੰਦਾ ਹਨ।

1890 ਦੇ ਦਹਾਕੇ ਦੇ ਅੰਤ ਤੱਕ ਗੁਆਂਢੀ ਪੂਰਵੀ ਬੰਗਾਲ ਦੀ ਤਰਾਈ ਵਿਚ ਚਾਹ ਬਾਗਾਂ ਦਾ ਵਿਕਾਸ ਏਨਾ ਹੋ ਚੁੱਕਾ ਸੀ ਕਿ ਹੋਰ ਜ਼ਿਆਦਾ ਚਾਹ ਦੇ ਬਾਗ ਨਹੀਂ ਲਗਾਏ ਜਾ ਸਕਦੇ ਸਨ। ਇਸ ਲਈ ਅੰਗਰੇਜ਼ ਮਾਲਕਾਂ ਨੇ ਧਾਨ ਦੀ ਖੇਤੀ ਕਰਨ ਵਿਚ ਮਾਹਿਰ ਬੰਗਾਲੀ ਮੁਸਲਮਾਨ ਕਿਸਾਨਾਂ ਨੂੰ ਬ੍ਰਹਮਪੁੱਤਰ ਨਦੀ ਦੇ ਉਪਜਾਊ ਮੈਦਾਨੀ ਕਿਨਾਰਿਆਂ ਤੇ ਡੁੱਬਦੇ, ਉਭਰਦੇ ਟਾਪੂਆਂ ਵਿਚ ਜਿਨ੍ਹਾਂ ਨੂੰ ਚਾਰ ਕਿਹਾ ਜਾਂਦਾ ਹੈ, ਅਸਾਮ ਆਉਣ ਦੇ ਲਈ ਉਤਸ਼ਾਹਿਤ ਕੀਤਾ। ਅੰਗਰੇਜ਼ਾਂ ਦੇ ਲਈ ਅਸਾਮ ਦੇ ਜੰਗਲ ਤੇ ਤਰਾਈ ਵਾਲਾ
ਹਿੱਸਾ ਜੇਕਰ ਟੈਰਾ ਨਾਲਿਸ (ਲਾਵਾਰਸ) ਵੀ ਨਹੀਂ ਸੀ ਤਾਂ ਉਹ ਜ਼ਮੀਨ ਲਗਭਗ ਲਾਵਾਰਸ ਹੀ ਸੀ। ਇਸ ਖੇਤਰ ਵਿਚ ਬਹੁਤ ਸਾਰੇ ਆਦਿਵਾਸੀ ਕਬੀਲਿਆਂ ਦੀ ਮੌਜੂਦਗੀ ਨੂੰ ਅਖੋਂ ਪਰੋਖੇ ਕਰਦੇ ਹੋਏ ਅੰਗਰੇਜ਼ਾਂ ਨੇ ਇਨ੍ਹਾਂ ਮਾਮੂਲੀ ਆਦਿਵਾਸੀਆਂ ਦੀਆਂ ਜ਼ਮੀਨਾਂ ਉਤਪਾਦਕ ਕਿਸਾਨਾਂ ਨੂੰ ਦੇਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਜੋ ਉਹ ਆਉਣ ਵਾਲੇ ਸਮੇਂ ਦੌਰਾਨ ਬ੍ਰਿਟਿਸ਼ ਰਾਜ ਦੀ ਆਰਥਿਕਤਾ ਵਿਚ ਯੋਗਦਾਨ ਪਾ ਸਕਣ। ਹਜ਼ਾਰਾਂ ਦੀ ਸੰਖਿਆ ਵਿਚ ਮੁਸਲਮਾਨ ਕਿਸਾਨ ਇੱਥੇ ਆ ਕੇ ਵਸੇ। ਇਨ੍ਹਾਂ ਲੋਕਾਂ ਨੇ ਜੰਗਲ ਸਾਫ ਕੀਤੇ ਤੇ ਇੱਥੋਂ ਦੀ ਦਲਦਲੀ ਜ਼ਮੀਨ ਨੂੰ ਖੇਤਾਂ ਵਿਚ ਤਬਦੀਲ ਕਰਕੇ ਖੁਰਾਕ ਅਤੇ ਜੂਟ ਦੀ ਖੇਤੀ ਦੇ ਲਈ ਉਪਜਾਊ ਬਣਾਇਆ। 1930 ਤੱਕ ਇਸ ਜਨਸੰਖਿਆ ਨੇ ਇੱਥੋਂ ਦੀ ਆਬਾਦੀ ਦੇ ਸੰਤੁਲਿਨ ਨੂੰ ਤੇ ਅਰਥ ਤੰਤਰ ਨੂੰ ਵੱਡੇ ਪੈਮਾਨੇ ’ਤੇ ਬਦਲ ਦਿੱਤਾ। ਸ਼ੁਰੂਆਤ ਵਿਚ ਅਸਾਮ ਦੇ ਰਾਸ਼ਟਰਵਾਦੀ ਭਾਈਚਾਰਿਆਂ ਨੇ ਮੁਸਲਮਾਨ ਕਿਸਾਨਾਂ ਦਾ ਸੁਆਗਤ ਕੀਤਾ ਪਰ ਜਲਦੀ ਹੀ ਜਾਤੀ, ਧਾਰਮਿਕ ਤੇ ਭਾਸ਼ਾਈ ਤਣਾਅ ਸ਼ੁਰੂ ਹੋ ਗਿਆ। ਇਹ ਤਣਾਅ ਉਸ ਵਕਤ ਥੋੜ੍ਹਾ ਘੱਟ ਹੋਇਆ ਜਦ 1937 ਦੀ ਜਨਗਣਤਾ ਦੌਰਾਨ ਬੰਗਾਲੀ ਭਾਸ਼ੀ ਮੁਸਲਮਾਨਾਂ ਨੇ ਅਸਾਮੀ ਨੂੰ ਆਪਣੀ ਮਾਤਰ ਭਾਸ਼ਾ ਐਲਾਨ ਦਿੱਤਾ।

ਬਾਅਦ ਦੇ ਸਾਲਾਂ ਦੌਰਾਨ ਅਸਾਮ ਦੀਆਂ ਹੱਦਾਂ ਵਾਰ ਵਾਰ ਬਣਦੀਆਂ ਤੇ ਵਿਗੜਦੀਆਂ ਗਈਆਂ। 1905 ਦੌਰਾਨ ਅੰਗਰੇਜ਼ਾਂ ਨੇ ਬੰਗਾਲ ਦੀ ਵੰਡ ਕਰ ਦਿੱਤੀ ਤੇ ਉਨ੍ਹਾਂ ਨੇ ਅਸਾਮ ਨੂੰ ਮੁਸਲਮ ਬਹੁਗਿਣਤੀ ਵਾਲੇ ਪੂਰਬੀ ਬੰਗਾਲ ਦੇ ਨਾਲ ਮਿਲਾ ਦਿੱਤਾ, ਜਿਸ ਦੀ ਰਾਜਧਾਨੀ ਢਾਕਾ ਸੀ। ਅਚਾਨਕ ਹੀ ਅਸਾਮ ਦੀ ਮਾਈਗ੍ਰੇਟ ਜਾਂ ਪ੍ਰਵਾਸੀ ਅਬਾਦੀ, ਪ੍ਰਵਾਸੀ ਨਹੀਂ ਰਹੀ ਬਲਕਿ ਬਹੁਗਿਣਤੀ ਅਬਾਦੀ ਦਾ ਹਿੱਸਾ ਬਣ ਗਈ। ਇਸ ਦੇ 7 ਸਾਲ ਬਾਅਦ ਜਦ ਬੰਗਾਲ ਦਾ ਦੁਬਾਰਾ ਏਕੀਕਰਨ ਹੋਇਆ ਤਾਂ ਅਸਾਮ ਖੁਦ ਇਕ ਪ੍ਰਾਂਤ ਬਣ ਗਿਆ ਤੇ ਇਸ ਦੀ ਬੰਗਾਲੀ ਆਬਾਦੀ ਇਕ ਵਾਰ ਫਿਰ ਪ੍ਰਵਾਸੀ ਹੋ ਗਈ। 1947 ਦੀ ਵੰਡ ਦੇ ਬਾਅਦ ਪੂਰਬੀ ਬੰਗਾਲ, ਪੂਰਬੀ ਪਾਕਿਸਤਾਨ ਬਣ ਗਿਆ ਤੇ ਅਸਾਮ ਵਿਚ ਵਸੇ ਬੰਗਾਲੀ ਮੁਸਲਮਾਨਾਂ ਨੇ ਅਸਾਮ ਵਿਚ ਹੀ ਰਹਿਣਾ ਸਵੀਕਾਰ ਕੀਤਾ। ਪਰ ਵੰਡ ਦੇ ਬਾਅਦ ਅਸਾਮ ਵਿਚ ਵੱਡੀ ਸੰਖਿਆ ਵਿਚ ਬੰਗਾਲੀ ਸ਼ਰਨਾਰਥੀ ਹਿੰਦੂ ਤੇ ਮੁਸਲਮਾਨ ਆਏ। ਇਸ ਦੇ ਬਾਅਦ 1971 ਦੌਰਾਨ ਜਦ ਪਾਕਿਸਤਾਨੀ ਫੌਜ ਨੇ ਪੂਰਬੀ ਪਾਕਿਸਤਾਨ ਵਿਚ ਨਸਲੀ ਨਸਲਕੁਸ਼ੀ ਕੀਤੀ ਤੇ ਲੱਖਾਂ ਲੋਕ ਮਾਰੇ ਗਏ ਸਨ। ਇਸ ਕਾਰਨ ਇਕ ਵਾਰ ਫਿਰ ਇਸ ਖੇਤਰ ਵਿਚ ਸ਼ਰਨਾਰਥੀ ਵੱਡੀ ਗਿਣਤੀ ਵਿਚ ਇਧਰ ਆਏ। ਮੁਕਤੀ ਯੁਧ ਦੇ ਬਾਅਦ ਨਵਾਂ ਰਾਸ਼ਟਰ ਬੰਗਲਾਦੇਸ ਵਜੂਦ ਵਿਚ ਆ ਗਿਆ। ਇਹ ਗੱਲ ਸਮਝਣ ਵਾਲੀ ਹੈ ਕਿ ਅਸਾਮ ਪਹਿਲਾਂ ਹੀ ਪੂਰਬੀ ਬੰਗਾਲ ਦਾ ਹਿੱਸਾ ਸੀ ਤੇ ਬਾਅਦ ਵਿਚ ਹਿੱਸਾ ਨਹੀਂ ਰਿਹਾ। ਪੂਰਬੀ ਬੰਗਾਲ, ਪੂਰਬੀ ਪਾਕਿਸਤਾਨ ਬਣਿਆ ਤੇ ਪੂਰਬੀ ਪਾਕਿਸਤਾਨ ਬੰਗਲਾਦੇਸ ਬਣ ਗਿਆ। ਦੇਸ ਬਦਲ ਗਏ, ਝੰਡੇ ਬਦਲ ਗਏ, ਰਾਸ਼ਟਰੀ ਗੀਤ ਬਦਲ ਗਿਆ। ਸ਼ਹਿਰ ਫੈਲ ਗਏ, ਜੰਗਲ ਸੁੰਗੜ ਗਏ। ਦਲਦਲੀ ਜ਼ਮੀਨ ਖੇਤੀ ਲਾਇਕ ਬਣਾ ਦਿੱਤੀ ਗਈ ਤੇ ਆਦਿਵਾਸੀਆਂ ਦੀ ਜ਼ਮੀਨ ਨੂੰ ਆਧੁਨਿਕ ਵਿਕਾਸ ਨੇ ਨਿਗਲ ਲਿਆ ਤੇ ਲੋਕਾਂ ਵਿਚਾਲੇ ਦਰਾੜਾਂ ਪੁਰਾਣੀਆਂ ਹੋ ਕੇ ਸਖ਼ਤ ਤੇ ਏਨੀਆਂ ਡੂੰਘੀਆਂ ਹੋ ਗਈਆਂ ਕਿ ਹੁਣ ਇਨ੍ਹਾਂ ਨੂੰ ਭਰਿਆ ਨਹੀਂ ਜਾ ਸਕਦਾ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।