ਬਾਦਲ ਦਲ ਨੂੰ ਸੰਕਟ ਵਿਚੋਂ ਨਿਕਲਣ ਲਈ ਢਾਂਚਾਗਤ ਤਬਦੀਲੀਆਂ ਕਰਨ ਦੀ ਲੋੜ

ਬਾਦਲ ਦਲ ਨੂੰ ਸੰਕਟ ਵਿਚੋਂ ਨਿਕਲਣ ਲਈ ਢਾਂਚਾਗਤ ਤਬਦੀਲੀਆਂ ਕਰਨ ਦੀ ਲੋੜ

ਛੱਬੀ ਵਰ੍ਹਿਆਂ ਬਾਅਦ ਅਕਾਲੀ ਦਲ ਦੀ ਰਾਜਨੀਤੀ ਪੁਰਾਣੇ ਏਜੰਡਿਆਂ ਵੱਲ ਮੁੜਨ ਲੱਗੀ ਹੈ

ਮੌਜੂਦਾ ਸਮੇਂ ਵਿਚ ਸਿੱਖ ਭਾਈਚਾਰਾ ਇਕ ਸਦੀ ਪੁਰਾਣੀ ਰਾਜਨੀਤਿਕ ਪਾਰਟੀ ਅਕਾਲੀ ਦਲ ਨੂੰ ਖੋ ਦੇਣ ਦੀ ਬੇਮਿਸਾਲ ਸਥਿਤੀ ਦਾ ਸਾਹਮਣਾ ਕਰ ਰਹੀ ਹੈ।ਅਸਲ ਵਿਚ ਸਿੱਖ ਭਾਈਚਾਰਾ, ਜਿਸ ਵਿਚ ਬਾਦਲ ਖੇਮੇ ਦੇ ਵਿਰੋਧੀ ਵੀ ਸ਼ਾਮਿਲ ਹਨ, ਸੋਸ਼ਲ ਮੀਡੀਆ ਉੱਪਰ ਪਾਰਟੀ ਦੇ ਭਵਿੱਖ ਨੂੰ ਲੈ ਕੇ ਆਪਣੇ ਸਰੋਕਾਰ ਜ਼ਾਹਿਰ ਕਰ ਰਿਹਾ ਹੈ।ਅਕਾਲ ਤਖਤ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਪੰਥਕ ਪਾਰਟੀ ਦੀ ਮੌਜੂਦਾ ਸਥਿਤੀ ਨੂੰ ਲੈ ਕੇ ਗਹਿਰੀ ਚਿੰਤਾ ਵਿਅਕਤ ਕੀਤੀ ਹੈ।ਵਿਧਾਨ ਸਭਾ ਚੋਣਾਂ ਵਿਚ ਹੋਈ ਹਾਰ ਇਸ ਸੰਕਟ ਨੂੰ ਹੋਰ ਵੀ ਗਹਿਰੇ ਰੂਪ ਵਿਚ ਦਿਖਾਉਂਦੀ ਹੈ।ਹੁਣ ਤੱਕ ਸਿੱਖ ਭਾਈਚਾਰਾ ਆਪਣੀ ਰਾਜਨੀਤੀ ਅਕਾਲੀ ਦਲ ਰਾਹੀ ਹੀ ਕਰਦਾ ਰਿਹਾ ਹੈ।ਪਿਛਲੇ ਸੌ ਵਰ੍ਹਿਆਂ ਵਿਚ ਇਕ ਅਕਾਲੀ ਧੜੇ ਨੇ ਦੂਜੇ ਦੀ ਥਾਂ ਲਈ ਹੈ, ਪਰ ਇਸ ਤਰਾਂ ਹੌਂਦ ਦੇ ਸੰਕਟ ਦਾ ਸਾਹਮਣਾ ਨਹੀਂ ਸੀ ਕੀਤਾ ਜਿਸ ਦਾ ਸਾਹਮਣਾ ਪਾਰਟੀ ਹੁਣ ਕਰ ਰਹੀ ਹੈ ਜਿਸ ਨੇ ਆਪਣੀ ਜ਼ਮੀਨ ਦਿੱਲੀ ਅਧਾਰਿਤ ਪਾਰਟੀ ਦੇ ਹੱਥੋਂ ਗੁਆ ਲਈ ਹੈ।ਬੀਤੇ ਵਿਚ ਵੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੇ ਉਸ ਸਮੇਂ ਦਖਲ ਦਿੱਤਾ ਸੀ ਜਦੋਂ ਸਿੱਖ ਰਾਜਨੀਤੀ ਏਕਤਾ ਬਣਾਈ ਰੱਖਣ ਲਈ ਢਾਂਚਾਗਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਸੀ। ਇਸ ਤੋਂ ਪਹਿਲਾਂ ੧੯੯੪ ਅਤੇ ੧੯੯੯ ਵਿਚ ਅਜਿਹੀ ਸਥਿਤੀ ਪੈਦਾ ਹੋਈ ਸੀ ਪਰ ਜਿਸ ਨੂੰ ਪ੍ਰਕਾਸ਼ ਸਿੰਘ ਬਾਦਲ ਅਤੇ ਉਸ ਦੇ ਪਰਿਵਾਰ ਦੁਆਰਾ ਸਵੀਕਾਰ ਨਹੀਂ ਕੀਤਾ ਗਿਆ ਅਤੇ ਸਿੱਖ ਰਾਜਨੀਤੀ ਸਾਹਮਣੇ ਆਉਂਦੀਆਂ ਚੁਣੌਤੀਆਂ ਨੂੰ ਅਕਾਲ ਤਖਤ ਦੇ ਜੱਥੇਦਾਰ ਦੀ ਮਦਦ ਨਾਲ ਦਬਾ ਦਿੱਤਾ ਗਿਆ। ਸਿਮਰਨਜੀਤ ਸਿੰਘ ਮਾਨ ਅਤੇ ਗੁਰਚਰਨ ਸਿੰਘ ਟੌਹੜਾ ਦੁਆਰਾ ਪੇਸ਼ ਕੀਤੀ ਗਈ ਚੁਣੌਤੀ ਨੂੰ ਪ੍ਰਕਾਸ਼ ਸਿੰਘ ਬਾਦਲ ਦੁਆਰਾ ਦਬਾ ਦਿੱਤਾ ਗਿਆ ਅਤੇ ਉਸ ਨੇ ਆਪਣੀ ਮਕਾਇਵਲੀ ਰਾਜਨੀਤਿਕ ਚਾਲਾਂ ਰਾਹੀ ਸਿੱਖ ਰਾਜਨੀਤੀ ਅਤੇ ਧਾਰਮਿਕ ਖੇਤਰ ਉੱਪਰ ਆਪਣਾ ਦਬਦਬਾ ਕਾਇਮ ਕੀਤਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖਤ ਦੇ ਜੱਥੇਦਾਰ ਦੀ ਪਕੜ ਨੂੰ ਕਮਜ਼ੋਰ ਕਰ ਦਿੱਤਾ।

ਅਕਾਲੀ ਦਲ ਦਾ ਸੰਵਿਧਾਨ ਕਹਿੰਦਾ ਹੈ, “ਖਾਲਸਾ ਪੰਥ ਦੇ ਸਮੂਹਿਕ ਰਾਜਨੀਤਿਕ ਹਿੱਤਾਂ ਦੀ ਤਰਜਮਾਨੀ ਕਰਨ ਵਾਲੀ ਇਕੋ ਇਕ ਪਾਰਟੀ ਅਕਾਲੀ ਦਲ ਹੈ।” ਪਰ ੧੯੯੬ ਵਿਚ ਇਸ ਦੀ ੭੫ਵੀਂ ਵਰ੍ਹੇਗੰਢ ਮੌਕੇ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਮੋਗਾ ਕਾਨਫਰੰਸ ਵਿਚ ਇਸ ਦੀ ਪਛਾਣ ਪੰਥਕ ਤੋਂ ਬਦਲ ਕੇ ਪੰਜਾਬੀ ਕਰ ਦਿੱਤੀ ਗਈ।ਹਾਲਾਂਕਿ ਦਸੰਬਰ ੧੯੯੮ ਦੇ ਆਖਰੀ ਹਫਤੇ ਫਤਿਹਗੜ੍ਹ ਸਾਹਿਬ ਵਿਚ ਬੋਲਦੇ ਹੋਏ ਸੀਨੀਅਰ ਬਾਦਲ ਨੇ ਦਾਅਵਾ ਕੀਤਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਲ ਦਾ ਹੀ ਇਕ ਵਿੰਗ ਹੈ।ਉਸ ਦਾ ਬਿਆਨ ਇਤਿਹਾਸਿਕ ਅਤੇ ਵਿਚਾਰਿਕ ਰੂਪ ਵਿਚ ਸਹੀ ਨਹੀਂ ਸੀ, ਪਰ ਇਸ ਨੇ ਸਮੇਂ ਦੀ ਅਸਲੀਅਤ ਨੂੰ ਸਾਹਮਣੇ ਲਿਆਂਦਾ ਕਿਉਂ ਕਿ ਉਦੋਂ ਤੱਕ ਸੀਨੀਅਰ ਬਾਦਲ ਨੇ ਪੂਰੀ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਉੱਪਰ ਆਪਣਾ ਨਿਯੰਤ੍ਰਣ ਕਰ ਲਿਆ ਸੀ ਅਤੇ ਉਹ ਸ਼੍ਰੋਮਣੀ ਕਮੇਟੀ ਉੱਪਰ ਆਪਣਾ ਪ੍ਰਭਾਵ ਸਥਾਪਿਤ ਕਰਨ ਵੱਲ ਵਧ ਰਿਹਾ ਸੀ।

ਅਕਾਲੀ ਦਲ ੧੯੨੦ ਵਿਚ ਗੁਰਦੁਆਰਾ ਸੁਧਾਰ ਅੰਦੋਲਨ ਅਤੇ ਸ਼੍ਰੋਮਣੀ  ਕਮੇਟੀ ਦੀ ਕਾਰਗੁਜਾਰੀ ਉੱਪਰ ਕਰਕੇ ਹੌਂਦ ਵਿਚ ਆਇਆ ਸੀ।ਸਮੇਂ ਨੇ ਹੀ ਇਸ ਨੂੰ ਸਰਗਰਮ ਰਾਜਨੀਤੀ ਵਿਚ ਧੱਕ ਦਿੱਤਾ।ਉਸ ਸਮੇਂ ਤੱਕ ਅਕਾਲੀਆਂ ਨੇ ੧੯੨੦ ਦੇ ਅੰਦੋਲਨਾਂ ਸਮੇਂ ਆਪਣਾ ਬੇਮਿਸਾਲ ਇਤਿਹਾਸ ਸਿਰਜ ਲਿਆ ਸੀ ਅਤੇ ਉਨ੍ਹਾਂ ਨੇ ਸਿੱਖਾਂ ਦੀਆਂ ਰਾਜਨੀਤਿਕ ਅਭਿਲਾਸ਼ਾਵਾਂ ਨੂੰ ਵੀ ਇਸ ਵਿਚ ਜਗ੍ਹਾ ਦਿੱਤੀ।੧੯੩੦ ਤੋਂ ਲੈ ਕੇ ੧੯੩੦ ਤੱਕ ਅਕਾਲੀ ਨੇਤਾਵਾਂ ਨੇ ਆਪਣੇ ਧਾਰਮਿਕ ਅਤੇ ਰਾਜਨੀਤਿਕ ਖੇਤਰ ਆਪਣੇ ਰੋਲ ਨੂੰ ਲੈ ਕੇ ਬਹਿਸ ਕੀਤੀ।੧੯੩੭ ਵਿਚ ਉਨ੍ਹਾਂ ਨੇ ਚੋਣਾਂ ਲੜੀਆਂ।ਉਨ੍ਹਾਂ ਨੇ ਆਪਣੀਆਂ ਸ਼ਰਤਾਂ ਉੱਪਰ ਰਾਜਨੀਤੀ ਕੀਤੀ ਹਾਲਾਂਕਿ ਕਾਂਗਰਸ ਦੀ ਲੀਡਰਸ਼ਿਪ ਉਨ੍ਹਾਂ ਨੂੰ ਆਪਣੇ ਪਿੱਛੇ ਹੀ ਲਗਾ ਕੇ ਰੱਖਣਾ ਚਾਹੁੰਦੀ ਸੀ।ਵੰਡ ਦੌਰਾਨ ਹੋਈ ਗੱਲਬਾਤ ਦੇ ਗੇੜ ਵਿਚ ਵੀ ਅਕਾਲੀ ਦਲ ਨੇ ਅਹਿਮ ਭੂਮਿਕਾ ਅਦਾ ਕੀਤੀ।ਬੀਤੇ ਵਿਚ ਅਕਾਲੀ ਦਲ ਅਤੇ ਸਿੱਖਾਂ ਨੇ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਸੀ, ਪਰ ਇਸ ਸਮੇਂ ਸਥਿਤੀਆਂ ਨੇ ਉਨ੍ਹਾਂ ਉੱਪਰ ਇਕ ਵੱਡਾ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਹੈ ਕਿਉਂ ਕਿ ਪ੍ਰਮੁੱਖ ਰੂਪ ਵਿਚ ਬਾਦਲਾਂ ਦਾ ਪੂਰਣ ਨਿਯੰਤ੍ਰਣ ਹੀ ਪਾਰਟੀ ਦੇ ਇਸ ਵੱਡੇ ਸੰਕਟ ਦਾ ਕਾਰਣ ਬਣਿਆ ਹੈ।

ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ ਅਤੇ ਕਾਂਗਰਸ ਦੇ ਹੋਰ ਪ੍ਰਮੁੱਖ ਨੇਤਾਵਾਂ ਦਾ ਮਤ ਸੀ ਕਿ ਅਕਾਲੀ ਦਲ ਨੂੰ ਆਪਣੀ ਰਾਜਨੀਤੀ ਕਾਂਗਰਸ ਰਾਹੀ ਹੀ ਕਰਨੀ ਚਾਹੀਦੀ ਹੈ।ਉਹ ਸਿੱਖਾਂ ਦੀ ਅਲੱਗ ਰਾਜਨੀਤੀ ਨਹੀਂ ਸੀ ਚਾਹੁੰਦੇ ਜਿਸ ਦੀ ਤਰਜਨਮਾਨੀ ਅਕਾਲੀ ਦਲ ਕਰ ਰਿਹਾ ਸੀ।ਦੇਸ਼ ਦੀ ਵੰਡ ਹੋ ਜਾਣ ਤੋਂ ਬਾਅਦ, ਨਹਿਰੂ ਅਤੇ ਕਾਂਗਰਸ ਚਾਹੁੰਦੇ ਸਨ ਕਿ ਅਕਾਲੀ ਦਾ ਰੋਲ ਸਮਾਜਿਕ ਗਤੀਵਿਧੀਆਂ ਤੱਕ ਹੀ ਸੀਮਤ ਹੋਵੇ ਅਤੇ ਇਹ ਰਾਜਨੀਤੀ ਨਾ ਕਰੇ ਕਿਉਂ ਕਿ ਇਸ ਨੇ ਸਿੱਖਾਂ ਅਤੇ ਉਨ੍ਹਾਂ ਦੀ ਪਛਾਣ ਨੂੰ ਕੇਂਦਰ ਵਿਚ ਲੈ ਆਉਣਾ ਸੀ।ਉਸ ਸਮੇਂ ਅਕਾਲੀ ਦਲ ਅਤੇ ਕਾਂਗਰਸ ਵਿਚ ਦੂਹਰੀ ਮੈਂਬਰਸ਼ਿਪ ਵਾਲੀ ਸਥਿਤੀ ਚੱਲ ਰਹੀ ਸੀ ਅਤੇ ੧੯੫੦ਵਿਆਂ ਦੇ ਮੱਧ ਤੱਕ ਅਕਾਲੀ ਦਲ ਨੇ ਕਾਂਗਰਸ ਦਾ ਹੀ ਸਹਿਯੋਗ ਕੀਤਾ।ਮੌਜੂਦਾ ਸਮੇਂ ਵਿਚ ਸਿੱਖਾਂ ਹਲਕਿਆਂ ਵਿਚ ਇਹ ਚਿੰਤਾ ਜਤਾਈ ਜਾ ਰਹੀ ਹੈ ਕਿਉਂ ਕਿ ਸਿੱਖ ਰਾਜਨੀਤੀ ਢਾਂਚਾਗਤ ਚੁਣੌਤੀਆਂ ਦਾ ਹੀ ਸਾਹਮਣਾ ਕਰ ਰਹੀ ਹੈ।ਪੰਜਾਬ ਜਾਂ ਇਸ ਤੋਂ ਬਾਹਰ ਸਿੱਖਾਂ ਨਾਲ ਸੰਬੰਧਿਤ ਰਾਜਨੀਤਿਕ, ਸਮਾਜਿਕ ਜਾਂ ਧਾਰਮਿਕ ਮਸਲਿਆਂ ਉੱਪਰ ਅਕਾਲੀ ਦਲ ਤੋਂ ਤਵੱਕੋ ਕੀਤੀ ਜਾਂਦੀ ਹੈ ਕਿ ਉਹ ਆਪਣਾ ਪ੍ਰਤੀਕਰਮ ਜ਼ਾਹਿਰ ਕਰੇ।ਪਰ ਪਾਰਟੀ ਆਪਣੀ ਹੌਂਦ ਦੇ ਸੰਕਟ ਵਿਚੋਂ ਹੀ ਲੰਘ ਰਹੀ ਹੈ ਕਿਉਂ ਕਿ ਬਰਗਾੜੀ ਕੇਸ ਅਤੇ ਬਹਿਬਲ ਕਲਾਂ ਕੇਸ ਤੋਂ ਬਾਅਦ ਅਤੇ ਪੰਜਾਬ ਵਿਚ ਨਸ਼ਿਆਂ ਦੀ ਵਧਦੀ ਗਿਣਤੀ ਅਤੇ ਗੈਂਗਸਟਰਵਾਦ ਕਰਕੇ ਸਿੱਖਾਂ ਅਤੇ ਪੰਜਾਬੀਆਂ ਦਾ ਵੱਡਾ ਹਿੱਸਾ ਪਾਰਟੀ ਦੇ ਵਿਰੁੱਧ ਹੋ ਚੁੱਕਿਆ ਹੈ।ਸਿੱਖਾਂ ਦੁਆਰਾ ਅਕਾਲੀ ਦਲ ਦੀ ਹੌਂਦ ਨੂੰ ਲੈ ਕੇ ਹੀ ਚਿੰਤਾ ਜਤਾਈ ਜਾ ਰਹੀ ਹੈ।ਅਕਾਲ ਤਖਤ ਸਾਹਿਬ ਦੇ ਜੱਥੇਦਾਰ ਦੁਆਰਾ ਇਹ ਕਹਿਣਾ ਕਿ ਇਹ ਬਾਦਲ ਲੀਡਰਸ਼ਿਪ ਨੂੰ ਬਚਾਉਣ ਦੀ ਹੀ ਕੋਸ਼ਿਸ਼ ਹੈ, ਇਸ ਦੀ ਸੋਸ਼ਲ ਮੀਡੀਆ ਉੱਪਰ ਕਾਫੀ ਨਿੰਦਾ ਕੀਤੀ ਗਈ।ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀਆਂ ਗਲਤੀਆਂ ਕਰਕੇ ਹੁਣ ਲਗਾਤਾਰ ਨਿਘਾਰ ਦੀ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ ਜੋ ਅਜੇ ਵੀ ਗਲਤ ਬਿਰਤਾਤਾਂ ਉੱਪਰ ਆਧਾਰਿਤ ਪੰਥਕ ਛਵੀ ਦਾ ਮੁਖੌਟਾ ਪਾਈ ਰੱਖਣ ਦਾ ਵਹਿਮ ਪਾਲੀ ਬੈਠਾ ਹੈ।

ਛੱਬੀ ਵਰ੍ਹਿਆਂ ਬਾਅਦ ਅਕਾਲੀ ਦਲ ਦੀ ਰਾਜਨੀਤੀ ਪੁਰਾਣੇ ਏਜੰਡਿਆਂ ਵੱਲ ਮੁੜਨ ਲੱਗੀ ਹੈ।ਹਾਲੀਆਂ ਮੀਟਿੰਗਾਂ ਵਿਚ ਸੁਖਬੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਦਲ ਦੇ ਨੇਤਾਵਾਂ ਦੇ ਭਾਸ਼ਣਾਂ ਤੋਂ ਪਤਾ ਲੱਗਦਾ ਹੈ ਕਿ ਪਾਰਟੀ ਸਿੱਖ ਪੰਥ ਦੇ ਏਜੰਡੇ ਵੱਲ ਮੁੜਨਾ ਚਾਹੁੰਦੀ ਹੈ।ਬਹੁਤ ਸਾਰੇ ਲੋਕਾਂ ਨੂੰ ਇਹ ਵੀ ਲੱਗਦਾ ਹੈ ਕਿ ਇਹ ਸਹੂਲਤ ਦੀ ਰਾਜਨੀਤੀ ਹੈ।ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜ ਵਾਰ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਹਾਲ ਹੀ ਵਿਚ ਕਿਹਾ ਸੀ, “ਖਾਲਸਾ ਪੰਥ ਨੂੰ ਕਮਜੋਰ ਕਰਨ ਦੀਆਂ ਕੋਝੀਆਂ ਚਾਲਾਂ ਖੇਡੀਆਂ ਜਾ ਰਹੀਆਂ ਹਨ ਅਤੇ ਇਸ ਦੀ ਅਲੱਗ ਧਾਰਮਿਕ ਪਛਾਣ ਨੂੰ ਖਤਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ।” ਉਸ ਨੇ ਅੱਗੇ ਕਿਹਾ, “ਸਾਡੇ ਪਵਿੱਤਰ ਧਾਰਮਿਕ ਅਸਥਾਨਾਂ ਅਤੇ ਉਨ੍ਹਾਂ ਦੀ ਅਲੱਗ ਧਾਰਮਿਕ ਪਛਾਣ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਸਿੱਖ ਕੌਮ ਨੂੰ ਸ਼ਕਤੀਸ਼ਾਲੀ ਏਜੰਸੀਆਂ ਦੀਆਂ ਚਾਲਾਂ ਅਤੇ ਫੁੱਟ ਵਿਰੁੱਧ ਖੜੇ ਹੋਣਾ ਚਾਹੀਦਾ ਹੈ।” ਮੋਗਾ ਕਾਨਫਰੰਸ ਵਿਚ ਪੰਜਾਬੀ ਪਛਾਣ ਵੱਲ ਮੁੜਨ ਤੋਂ ਬਾਅਦ ਅਕਾਲੀ ਦਲ ਮੁੜ ਤੋਂ ਪੰਥਕ ਰਾਜਨੀਤੀ ਵੱਲ ਮੁੜਨ ਲੱਗਿਆ ਹੈ।ਅਕਾਲੀ ਦਲ ੧੫ ਦਸੰਬਰ ੨੦੨੧ ਨੂੰ ਦਰਬਾਰ ਸਾਹਿਬ ਵਿਚ ਹੋਈ ਬੇਅਦਬੀ ਦੀ ਘਟਨਾ ਨੂੰ ਪੰਥ ਉੱਪਰ ਹਮਲੇ ਦੇ ਬਿਰਤਾਂਤ ਵਜੋਂ ਵਰਤਣਾ ਚਾਹੁੰਦੀ ਹੈ।ਪਰ ਪਹਿਲਾਂ ਉਨ੍ਹਾਂ ਨੂੰ ਬਰਗਾੜੀ ਵਿਚ ਹੋਈ ਬੇਅਦਬੀ ਦੀ ਘਟਨਾ ਲਈ ਮਾਫੀ ਮੰਗਣੀ ਚਾਹੀਦੀ ਹੈ।ਅਗਰ ਬੀਜੇਪੀ-ਅਕਾਲੀ ਦਲ ਸਮੇਂ ਪੰਥ ਖਤਰੇ ਵਿਚ ਨਹੀਂ ਸੀ ਤਾਂ ਇਸ ਸਮੇਂ ਕਿਸ ਤਰਾਂ ਹੋ ਸਕਦਾ ਹੈ?ਅਕਾਲੀ ਦਲ ਦੇ ਸਰਪ੍ਰਸਤ ਸੀਨੀਅਰ ਬਾਦਲ ਇਸ ਗੱਲ ਪ੍ਰਤੀ ਚਿੰਤਤ ਹਨ ਕਿ ਉਨ੍ਹਾਂ ਨੇ ਆਪਣੀ ਰਾਜਨੀਤਿਕ ਜ਼ਮੀਨ ਗੁਆ ਲਈ ਹੈ।ਪਰ ਅਸਲੀ ਵਿਚ ਉਹ ਆਪਣੇ ਬਾਰੇ ਆਪਣੇ ਪੱੁਤਰ ਸੁਖਬੀਰ ਸਿੰਘ ਬਾਦਲ ਦੇ ਰਾਜਨੀਤਿਕ ਭਵਿੱਖ ਨੂੰ ਲੈ ਕੇ ਚਿੰਤਤ ਹਨ।

ਬਾਦਲ ਨੇ ਪੰਥ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਅਤੇ ਹੁਣ ਉਹ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖ ਅਤੇ ਪੰਜਾਬ ਰਾਜਨੀਤੀ ਵਿਚ ਕੁਝ ਜਗ੍ਹਾ ਬਣਾਉਣ ਲਈ ਵਰਤ ਰਿਹਾ ਹੈ।ਸ਼੍ਰੋਮਣੀ ਅਕਾਲੀ ਦਲ ਨੇ ਇਜ਼ਹਾਰ ਆਲਮ ਅਤੇ ਸੁਮੇਧ ਸਿੰਘ ਸੈਣੀ ਜਿਹੇ ਅਫਸਰਾਂ ਨੂੰ ਪਨਾਹ ਦਿੱਤੀ ਜੋ ਕਿ ਝੂਠੇ ਪੁਲਿਸ ਮੁਕਾਬਲਿਆਂ ਦੇ ਦੋਸ਼ੀ ਹਨ।ਸੈਣੀ ਨੂੰ ਪੰਜਾਬ ਦਾ ਡੀਜੀਪੀ ਬਣਾਇਆ ਗਿਆ ਜਦੋਂ ਕਿ ਇਜ਼ਹਾਰ ਆਲਮ ਨੇ ਆਲਮ ਸੈਨਾ ਦੀ ਅਗਵਾਈ ਕਰਦੇ ਹੋਏ ਪੰਜਾਬ ਦੇ ਨੌਜਵਾਨਾਂ ਨੂੰ ਮਾਰਿਆ।ਅੱਜ ਦੇ ਸਮੇਂ ਵਿਚ ਅਕਾਲੀ ਪੰਥਕ ਵਿਚਾਰਧਾਰਾ ਨੂੰ ਇਸ ਲਈ ਯਾਦ ਕਰ ਰਹੇ ਹਨ ਤਾਂ ਜੋ ਉਹ ਆਪਣੀ ਗੁਆਚੀ ਹੋਈ ਰਾਜਨੀਤਿਕ ਜ਼ਮੀਨ ਦੁਬਾਰਾ ਪ੍ਰਾਪਤ ਕਰ ਸਕਣ।ਨਵੰਬਰ ੨੦੨੦ ਵਿਚ ਵੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਆਪਣਾ ਰਸਤਾ ‘ਪੰਜਾਬ ਤੋਂ ਪੰਥ’ ਵੱਲ ਮੋੜਨ ਲਈ ਕਿਹਾ ਸੀ।ਆਪਣੀ ਸ਼ੁਰੂਆਤ ਤੋਂ ਹੀ ਭਾਰਤੀ ਜਨਤਾ ਪਾਰਟੀ ਆਪਣੀ ਹਿੰਦੂ ਰਾਸ਼ਟਰ ਦੀ ਵਿਚਾਰਧਾਰਾ ਪ੍ਰਤੀ ਪ੍ਰਤੀਬੱਧ ਰਹੀ ਹੈ, ਪਰ ਅਕਾਲੀ ਦਲ ਨੇ ਆਨੰਦਪੁਰ ਸਾਹਿਬ ਦੇ ਸੰਕਲਪ ਨੂੰ ਤਿਆਗ ਦਿੱਤਾ।ਆਨੰਦਪੁਰ ਸਾਹਿਬ ਦਾ ਮਤਾ ਸਿੱਖ ਧਰਮ, ਪੰਥ ਅਤੇ ਰਹਿਣ ਸਹਿਣ ਦੀ ਗੱਲ ਵੀ ਕਰਦਾ ਸੀ ਜਿਸ ਨੂੰ ਮੋਗਾ ਕਾਨਫਰੰਸ ਸਮੇਂ ਤਿਆਗ ਦਿੱਤਾ ਗਿਆ।

੨੦੦੮ ਵਿਚ ਸੁਖਬੀਰ ਸਿੰਘ ਬਾਦਲ ਪਾਰਟੀ ਦਾ ਪ੍ਰਧਾਨ ਬਣਿਆ ਜਿਸ ਨੇ ਪਾਰਟੀ ਦਾ ਦਫਤਰ ਚੰਡੀਗੜ੍ਹ ਤਬਦੀਲ ਕਰ ਦਿੱਤਾ ਜੋ ਨਾ ਸਿੱਖਾਂ ਲਈ ਸਹੀ ਸੀ ਅਤੇ ਨਾ ਹੀ ਪੰਜਾਬ ਲਈ।ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ੯੯ਵਾਂ ਸਥਾਪਨਾ ਦਿਵਸ ਮਨਾਇਆ ਤਾਂ ਸੁਖਬੀਰ ਨੇ ਇਹ ਘੋਸ਼ਣਾ ਕੀਤੀ ਸੀ ਕਿ ਉਹ ਪਾਰਟੀ ਦਫਤਰ ਅੰਮ੍ਰਿਤਸਰ ਬਣਾਉਂਣਗੇ ਜੋ ਕਿ ਕਦੇ ਨਹੀਂ ਵਾਪਰਿਆ।ਬਾਦਲਾਂ ਦੀ ਸਰਪ੍ਰਸਤੀ ਹੇਠ ਅਕਾਲੀ ਦਲ ਨੇ ਪੰਥਕ ਮੁੱਦਿਆਂ ਨੂੰ ਮਹਿਜ਼ ਹਰਮੰਦਿਰ ਸਾਹਿਬ ਜਾਣ ਤੱਕ ਹੀ ਸੀਮਿਤ ਕਰ ਦਿੱਤਾ।ਸ਼੍ਰੋਮਣੀ ਅਕਾਲੀ ਦਲ ਦੇ ਪੰਥਕ ਏਜੰਡੇ ਨੂੰ ਉਦੋਂ ਵੀ ਢਾਹ ਲੱਗੀ ਜਦੋਂ ੧੯੯੯ ਵਿਚ ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣਨ ਲਈ ਲਿਫਾਫਾ ਕਲਚਰ ਦੀ ਸ਼ੁਰੂਆਤ ਕੀਤੀ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰੰਮਕਾਜ ਵਿਚ ਬਾਦਲਾਂ ਦੀ ਦਖਲ਼ਅੰਦਾਜ਼ੀ ਨੇ ਸਿੱਖ ਮੁੱਦਿਆਂ ਨੂੰ ਇਸ ਹੱਦ ਤੱਕ ਢਾਹ ਲਗਾਈ ਕਿ ਅਕਾਲੀ ਦਲ ਦੇ ਬਹੁਤ ਸਾਰੇ ਮੈਂਬਰ ਅਤੇ ਬਹੁ-ਗਿਣਤੀ ਸਿੱਖ ਬਾਦਲ ਅਕਾਲੀ ਦਲ ਤੋਂ ਦੂਰ ਹੋਣਾ ਸ਼ੁਰੂ ਹੋ ਗਏ।

ਬਾਬਰੀ ਮਸਜਿਦ ਸੰਬੰਧੀ ਸੁਪਰੀਮ ਕੋਰਟ ਦਾ ਫੈਸਲਾ, ਧਾਰਾ ੩੭੦ ਨੂੰ ਮਨਸੂਖ ਕਰਨਾ, ਨਾਗਰਿਕ ਸੋਧ ਐਕਟ, ਅਤੇ ਕਿਸਾਨੀ ਬਿੱਲਾਂ ਨੂੰ ਲੈ ਕੇ ਸੁਖਬੀਰ ਬਾਦਲ ਨੇ ਚੁੱਪੀ ਧਾਰੀ ਰੱਖੀ।ਇਹ ਦਿਖਾਉਂਦਾ ਹੈ ਕਿ ਸੁਖਬੀਰ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਸੰਘੀ ਢਾਂਚੇ ਉੱਪਰ ਹੁੰਦੇ ਹਮਲੇ ਦਾ ਸਮਰਥਨ ਕੀਤਾ ਜਦੋਂ ਕਿ ਦੂਜੇ ਪਾਸੇ ਉਹ ਆਨੰਦਪੁਰ ਸਾਹਿਬ ਦੇ ਮਤੇ ਰਾਹੀ ਸਿੱਖਾਂ ਲਈ ਵੱਧ ਅਧਿਕਾਰਾਂ ਦੀ ਮੰਗ ਕਰ ਰਹੇ ਸਨ।੧੯੯੬ ਦੀਆਂ ਲੋਕ ਸਭਾ ਚੋਣਾਂ ਸਮੇਂ ਚੋਣ ਘੋਸ਼ਣਾ ਪੱਤਰ ਵਿਚ ਪ੍ਰਕਾਸ਼ ਸਿੰਘ ਬਾਦਲ ਨੇ ਸਿੱਖਾਂ ਦੇ ਕਤਲੇਆਮ ਦੀ ਜਾਂਚ ਕਰਾਉਣ ਦਾ ਮੁੱਦਾ ਰੱਖਿਆ ਸੀ, ਪਰ ਅਗਸਤ ੧੯੯੭ ਵਿਚ ਮੁੱਖ ਮੰਤਰੀ ਬਣਨ ਤੋਂ ਬਾਅਦ ਉਸ ਦਾ ਕਹਿਣਾ ਸੀ ਕਿ ਉਹ ਪੁਰਾਣੇ ਜ਼ਖਮਾਂ ਨੂੰ ਨਹੀਂ ਸੀ ਕੁਰੇਦਣਾ ਚਾਹੁੰਦਾ।ਅਕਾਲੀਆਂ ਨੂੰ ਕਾਂਗਰਸ ਦਾ ਚਿਹਰਾ ਨੰਗਾ ਕਰਕੇ ਇਸ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਸੀ, ਪਰ ਉਨ੍ਹਾਂ ਨੇ ਅਜਿਹਾ ਕੁਝ ਨਹੀ ਕੀਤਾ।ਅਕਾਲੀ ਦਲ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੇ ਪੁਲਿਸ ਅਫਸਰਾਂ ਖਿਲਾਫ ਵੀ ਕੋਈ ਕਾਰਵਾਈ ਨਹੀਂ ਕਰ ਪਾਇਆ।ਪੰਥਕ ਰਾਜਨੀਤੀ ਨੂੰ ਛੱਡ ਕੇ ਅਕਾਲੀ ਦਲ ਆਪਣੇ ਆਪ ਨੂੰ ਖਿੱਤੇ ਅਤੇ ਧਰਮ ਦੇ ਚੁਰਸਤੇ ਤੇ ਖੜ੍ਹਿਆ ਮਹਿਸੂਸ ਕਰਦਾ ਹੈ ਜਿਸ ਨੂੰ ਇਸ ਮੰਝਧਾਰ ਵਿਚੋਂ ਨਿਕਲਣ ਲਈ ਢਾਂਚਾਗਤ ਤਬਦੀਲੀਆਂ ਕਰਨ ਦੀ ਜਰੂਰਤ ਹੈ।

 

ਰਣਜੀਤ ਸਿੰਘ ਕੁਕੀ