ਹੁਣ ਦੇ ਹਲਾਤਾਂ ਵਿੱਚ ਵੱਡੇ ਘੱਲੂਘਾਰੇ ਤੋਂ ਕੀ ਸਿੱਖਿਆ ਲਈਏ...

ਹੁਣ ਦੇ ਹਲਾਤਾਂ ਵਿੱਚ ਵੱਡੇ ਘੱਲੂਘਾਰੇ ਤੋਂ ਕੀ ਸਿੱਖਿਆ ਲਈਏ...

ਇਤਿਹਾਸ ਵਿੱਚ 'ਵੱਡਾ ਘੱਲੂਘਾਰਾ

ਅਹਿਮਦ ਸ਼ਾਹ ਅਬਦਾਲੀ ਨਾਦਰ ਸ਼ਾਹ ਦੇ ਕਤਲ ਤੋਂ ਬਾਅਦ 1747 ਵਿੱਚ ਅਫਗਾਨਿਸਤਾਨ ਦਾ ਬਾਦਸ਼ਾਹ ਬਣਿਆ। ਉਸ ਨੇ 1748 ਤੋਂ 1771 ਦੇ ਦਰਮਿਆਨ ਹਿੰਦੁਸਤਾਨ ਉੱਪਰ 12 ਹਮਲੇ ਕੀਤੇ ਤੇ ਇੱਥੋਂ ਦੀ ਮਾਲ-ਅਸਬਾਬ ਨੂੰ ਖੂਬ ਲੁੱਟਿਆ। ਅਬਦਾਲੀ ਨੇ ਹਿੰਦੁਸਤਾਨ ਨੂੰ ਰਾਜਨੀਤਕ ਤੌਰ 'ਤੇ ਆਪਣੇ ਦਾਬੇ ਹੇਠ ਲਿਆਉਣ ਦਾ ਸਿਰਤੋੜ ਯਤਨ ਕੀਤਾ ਪਰ ਸਿੰਘਾਂ ਨੇ ਉਸ ਦਾ ਇਹ ਮਨਸੂਬਾ ਕਾਮਯਾਬ ਨਹੀਂ ਹੋਣ ਦਿੱਤਾ। ਉਹ ਜਦੋਂ ਵੀ ਆਪਣੇ ਲਾਮ-ਲਸ਼ਕਰ ਨਾਲ ਹਿੰਦੁਸਤਾਨ ਨੂੰ ਲੁੱਟ ਕੇ ਵਾਪਸ ਪਰਤਦਾ ਤਾਂ ਸਿੰਘ ਗੁਰੀਲਾ ਯੁੱਧ ਨੀਤੀ ਤਹਿਤ ਅੱਧੀ ਰਾਤ ਨੂੰ ਉਸ ਦੇ ਮੁਕਾਮੀ ਕੈਂਪਾਂ 'ਤੇ ਹਮਲਾ ਕਰ ਕੇ ਧਨ-ਪਦਾਰਥ, ਮਾਲ-ਅਸਬਾਬ, ਅਸਤ੍ਰ-ਸ਼ਸਤ੍ਰ ਤੇ ਘੋੜੇ ਆਦਿ ਲੁੱਟ ਲੈ ਜਾਂਦੇ। ਇਸ ਵਿਰੋਧ ਤੋਂ ਖਫਾ ਹੋ ਕੇ ਉਸ ਨੇ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਨੂੰ ਬਾਰੂਦ ਦੇ ਕੁੱਪਿਆਂ ਨਾਲ ਉਡਾਇਆ ਤੇ ਪਵਿੱਤਰ ਅੰਮ੍ਰਿਤ ਸਰੋਵਰ ਦੀ ਬੇਹੁਰਮਤੀ ਕੀਤੀ। ਫਿਰ ਛੇਵੇਂ ਹੱਲੇ ਦੌਰਾਨ 1762 ਵਿੱਚ ਉਸ ਨੇ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਲਈ ਸਿੱਖ ਦਲਾਂ ਨੂੰ ਪਰਿਵਾਰ ਸਮੇਤ ਕੁੱਪ ਰਹੀੜੇ ਦੇ ਮੈਦਾਨ ਵਿੱਚ ਘੇਰ ਕੇ ਤਕਰੀਬਨ 25 ਹਜਾਰ ਸਿੰਘ ਸ਼ਹੀਦ ਕਰ ਦਿੱਤੇ। ਇਸ ਸਾਕੇ ਨੂੰ ਇਤਿਹਾਸ ਵਿੱਚ 'ਵੱਡਾ ਘੱਲੂਘਾਰਾ' ਕਿਹਾ ਜਾਂਦਾ ਹੈ।

ਇਹ ਇੱਕ ਅਜਿਹਾ ਹਮਲਾ ਸੀ, ਜਿਸ ਵਿੱਚ ਸਿੱਖਾਂ ਦਾ ਹੱਦੋਂ ਵੱਧ ਕੇ ਨੁਕਸਾਨ ਹੋਇਆ ਸੀ। ਹਕੂਮਤ ਦੇ ਜੁਲਮਾਂ ਦੇ ਸਤਾਏ ਸਿੱਖ ਉਸ ਸਮੇਂ ਘਰ ਬਾਰ ਛੱਡ ਕੇ ਦਲ ਵਿੱਚ ਇਕੱਠੇ ਰਹਿਣ ਲੱਗ ਪਏ ਸਨ। ਇਸ ਘੱਲੂਘਾਰੇ ਵਿਚ ਉਸ ਸਮੇਂ ਤਕਰੀਬਨ ਅੱਧਾ ਦਲ ਮੌਕੇ 'ਤੇ ਹੀ ਸ਼ਹੀਦੀ ਪਾ ਗਿਆ ਸੀ। ਕੋਈ ਅਜਿਹਾ ਜਰਨੈਲ, ਸਿੱਖ ਜਾਂ ਬੱਚਾ ਨਹੀਂ ਸੀ ਜਿਸਨੂੰ ਫੱਟ ਨਾ ਲੱਗੇ ਹੋਣ। ਕੁੱਪ ਰੋਹੀੜੇ ਤੋਂ ਲੈ ਕੇ ਬਰਨਾਲੇ ਤੱਕ ਦਲ ਦੇ ਸ਼ਹੀਦ ਸਿੱਖਾਂ ਦੇ ਸਰੀਰ ਪਏ ਸਨ। ਫੂਲਕੀਆ ਮਿਸਲ ਦੇ ਇਲਾਕੇ ਵਿਚ ਦਾਖ਼ਲ ਹੋਣ 'ਤੇ ਵੀ ਅਬਦਾਲੀ ਦੀਆਂ ਫੌਜਾਂ ਨਾਲ ਟੱਕਰ ਲੈ ਕੇ ਦਲ ਦੇ ਸਿੱਖਾਂ ਦੀ ਮਦਦ ਕਰਨ ਦਾ ਕਿਸੇ ਨੂੰ ਹੀਆ ਨਹੀਂ ਪਿਆ। ਆਖਰਕਾਰ ਜਦੋਂ ਦਲ ਬੱਚਿਆਂ, ਬੀਬੀਆਂ ਅਤੇ ਬਜ਼ੁਰਗਾਂ ਨੂੰ ਬਚਾਉਂਦਾ ਬੜੀ ਦੂਰ ਨਿਕਲ ਗਿਆ ਅਤੇ ਅਬਦਾਲੀ ਨੂੰ ਭਰੋਸਾ ਹੋ ਗਿਆ ਕਿ ਹੁਣ ਬੜਾ ਤਸੱਲੀਬਖ਼ਸ ਸਬਕ ਸਿੱਖਾਂ ਨੂੰ ਸਿਖਾਇਆ ਜਾ ਚੁੱਕਿਆ ਹੈ ਅਤੇ ਦੁਬਾਰਾ ਉਸ ਨਾਲ ਟੱਕਰ ਲੈਣ ਵੇਲੇ ਸਿੱਖ ਸੌ ਵਾਰ ਸੋਚਣਗੇ ਤਾਂ ਉਹ ਸ਼ਾਮ ਹੋਣ ਤੋਂ ਪਹਿਲਾਂ ਵਾਪਸ ਪਰਤ ਗਿਆ। ਪਰ ਅਬਦਾਲੀ ਦੀ ਸੋਚ ਦੇ ਉਲਟ ਬਚੇ ਹੋਏ ਸਿੱਖਾਂ ਨੇ ਰਹਿਰਾਸ ਸਾਹਿਬ ਦਾ ਪਾਠ ਕੀਤਾ, ਅਰਦਾਸਾ ਸੋਧਿਆ, ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਇੱਕ ਨਿਹੰਗ ਸਿੰਘ ਨੇ ਉੱਚੀ ਅਵਾਜ਼ ਵਿੱਚ ਕਿਹਾ ਕਿ

'ਤੱਤ ਖਾਲਸੋ ਸੋ ਰਹਯੋ,

ਗਯੋ ਸੁ ਖੋਟ ਗਵਾਇ।'

ਆਪਣੇ ਪਰਿਵਾਰਾਂ, ਦੋਸਤਾਂ ਦੇ ਕਤਲ ਹੋ ਜਾਣ ਅਤੇ ਗੁੰਮ ਹੋ ਜਾਣ ਦੀ ਸੂਰਤ ਵਿੱਚ ਵੀ ਸਿੰਘਾਂ ਨੇ ਪੂਰੀ ਚੜਦੀਕਲਾ ਵਿੱਚ ਜੈਕਾਰੇ ਛੱਡੇ। 5 ਫਰਵਰੀ 1762 ਨੂੰ ਇੱਕੋ ਦਿਨ ਵਿੱਚ ਐਸੇ ਮਾਰੂ ਹੱਲੇ ਉਪਰੰਤ ਸਿੰਘਾਂ ਦਾ ਦੂਜੇ ਦਿਨ ਪਿੱਛਾ ਕਰਕੇ ਕਤਲ ਕਰਨ ਦੀ ਹਿੰਮਤ ਅਬਦਾਲੀ ਨਾ ਕਰ ਸਕਿਆ। ਪੂਰੇ ਦੋ ਮਹੀਨੇ ਬਾਅਦ ਹੀ ਅਪ੍ਰੈਲ ਮਹੀਨੇ ਵੈਸਾਖੀ ਵਿੱਚ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਇਕੱਠੇ ਹੋ ਗਏ, ਜਦੋਂ ਅਬਦਾਲੀ ਅਜੇ ਲਾਹੌਰ ਬੈਠਾ ਸਿੰਘਾਂ ਦੇ ਤੇਵਰ ਹੀ ਵੇਖਣਾ ਚਾਹੁੰਦਾ ਸੀ, ਸਿੰਘਾਂ ਦੇ ਉਸਦੇ ਹਾਈ ਕਮਾਂਡ ਸਰਹਿੰਦ ਅਤੇ ਮਲੇਰਕੋਟਲੇ ਦੇ ਅਫਸਰਾਂ ਨੂੰ ਘੇਰ ਕੇ ਸੋਧਾ ਲਾ ਦਿੱਤਾ। ਉਸੇ ਸਾਲ ਦੀਵਾਲੀ ਉਪਰ ਸਿੰਘਾਂ ਨੇ ਅਬਦਾਲੀ ਨਾਲ ਸਿੱਧੇ ਮੱਥੇ ਜਾ ਟੱਕਰ ਲਈ ਅਤੇ ਉਸਦਾ ਪੰਜਾਬ ਨੂੰ ਅਫਗ਼ਾਨਿਸਤਾਨ ਨਾਲ ਜੋੜਨ ਦਾ ਸੁਪਨਾ ਚਕਨਾਚੂਰ ਕਰ ਦਿੱਤਾ।

ਅਬਦਾਲੀ ਜਿਸਤੋਂ ਸਾਰਾ ਹਿੰਦੁਸਤਾਨ ਡਰਦਾ ਸੀ, ਸਿੰਘਾਂ ਨੇ ਉਸਨੂੰ ਸੌ ਵਾਰ ਘੇਰ ਕੇ ਉਸਦੀਆਂ ਫੌਜਾਂ ਨੂੰ ਲੁੱਟਿਆ ਅਤੇ ਹਾਰਾਂ ਦਿੱਤੀਆਂ। ਅਬਦਾਲੀ ਦਾ ਡਰ ਪੰਜਾਬ ਦੇ ਲੋਕਾਂ ਦੇ ਦਿਲਾਂ ਵਿਚੋਂ ਕੱਢ ਦਿੱਤਾ। ਘੱਲੂਘਾਰੇ ਤੋਂ ਉਪਰੰਤ ਸਿੰਘ ਨਿਡਰ ਹੋ ਗਏ, ਦੁਰਾਨੀ ਅਤੇ ਮੁਗਲ ਹਕੂਮਤ ਦੇ ਸਾਰੇ ਪ੍ਰਸ਼ਾਸਨਿਕ ਪ੍ਰਬੰਧ ਮੁਕੰਮਲ ਨਕਾਰਾ ਕਰ ਦਿੱਤੇ, ਲਾਹੌਰ ਤੋਂ ਦਿੱਲੀ ਦੀਆਂ ਜੂਹਾਂ ਤੱਕ ਸਿੱਖ ਰਾਜ ਸਥਾਪਿਤ ਕਰ ਲਿਆ।  

ਵੱਡੇ ਘੱਲੂਘਾਰੇ ਨੂੰ ਯਾਦ ਕਰਦਿਆਂ ਸਾਨੂੰ ਆਪਣੇ ਬਜ਼ੁਰਗਾਂ ਵੱਲ, ਮੁੜਕੇ ਆਪਣੇ ਵੱਲ ਵੇਖਣਾ ਚਾਹੀਦਾ ਹੈ। ਜਿਹਨਾਂ ਨੇ ਕਦੇ ਢਹਿੰਦੀਕਲਾ ਵਾਲੀ ਗੱਲ ਨਹੀਂ ਕੀਤੀ, ਵੱਡੇ ਘੱਲੂਘਾਰੇ ਦੇ ਨੁਕਸਾਨ ਨੂੰ ਮਾਮੂਲੀ ਜਾਣ ਕੇ ਫੇਰ ਤੋਂ ਪੂਰੀ ਤਾਕਤ ਨਾਲ ਉਠ ਖੜੇ ਹੋਏ। ਵੈਰੀਆਂ ਨੇ ਕਿੰਨੀ ਵਾਰ ਪੰਜਾਬ ਵਿੱਚ ਢੋਲ ਪਿੱਟਵਾ ਕੇ ਬਿਰਤਾਂਤ ਪੱਕਾ ਕਰਨ ਦੀ ਕੋਸ਼ਿਸ ਕੀਤੀ ਕਿ ਸਿੱਖ ਮਾਰੇ ਗਏ, ਸਿੱਖ ਲੁੱਟੇ ਗਏ, ਸਿੱਖ ਬੇਚਾਰੇ, ਸਿੱਖ ਹੁਣ ਖ਼ਤਮ, ਪਰ ਸਿੰਘਾਂ ਨੇ ਵੈਰੀਆਂ ਦਾ ਲਚਾਰਗੀ ਵਾਲਾ ਬਿਰਤਾਂਤ ਆਪਣੇ ਦਿਲ ਵਿੱਚ ਤਾਂ ਕੀ ਵਸਾਉਣਾ ਸੀ, ਸਗੋਂ ਆਮ ਜਨਤਾ ਦੇ ਦਿਲ ਵਿੱਚ ਵੀ ਹਕੂਮਤ ਦਾ ਬਿਰਤਾਂਤ ਟਿਕਣ ਨਹੀਂ ਦਿੱਤਾ। ਇਕੱਲੇ ਇਕੱਲੇ ਸਿੰਘ ਨੇ ਦੱਸਿਆ ਕਿ ਇੱਥੇ ਸਿੱਖਾਂ ਦਾ ਰਾਜ ਹੈ ਅਤੇ ਸਿੱਖਾਂ ਦਾ ਹੀ ਰਾਜ ਰਹੇਗਾ। 

ਹੁਣ ਹਕੂਮਤ ਬਦਲ ਗਈ ਹੈ, ਪਰ ਨਾਲੋਂ ਨਾਲ ਸਿੱਖਾਂ ਦਾ ਵੀ ਵੱਡਾ ਹਿੱਸਾ ਆਪਣੇ ਮੂਲ ਸੁਭਾਅ ਨੂੰ ਭੁੱਲ ਕੇ ਬਦਲ ਗਿਆ ਹੈ। ਹਕੂਮਤਾਂ ਦੇ ਬਿਰਤਾਂਤ ਨੂੰ ਸਿੱਖ ਇੰਨ ਬਿੰਨ ਕਈ ਦਹਾਕਿਆਂ ਤੋਂ ਮੰਨਦਾ ਆ ਰਿਹਾ ਹੈ ਕਿ ਸਿੱਖ ਹੁਣ ਪਹਿਲਾਂ ਵਰਗੇ ਨਹੀਂ ਰਹੇ। ਸਿੱਖ ਬੇਚਾਰੇ ਹਨ, ਲਾਚਾਰ ਹਨ, ਸਿੱਖ 1947 ਵਿੱਚ ਮਾਰੇ ਗਏ, ਉਸਤੋਂ ਬਾਅਦ ਲਗਾਤਾਰ ਮਾਰੇ ਗਏ, 1984 ਤੋਂ ਬਾਅਦ ਵਿੱਚ ਲਗਾਤਾਰ ਸਿੱਖਾਂ ਦਾ ਨੁਕਸਾਨ ਹੋਇਆ ਬਹੁਤੇ ਸਿੱਖ ਖੁਦ ਹੀ ਮੰਨਣ ਲੱਗ ਪਏ ਹਨ। ਪਹਿਲਾਂ ਸਿੱਖ ਆਪਣੇ ਆਪ ਨੂੰ ਪਾਤਿਸ਼ਾਹ ਅਤੇ ਸ਼ੇਰ ਮੰਨਦੇ ਸਨ ਅਤੇ ਪਾਤਸ਼ਾਹੀਆਂ ਤੱਕ ਪਹੁੰਚ ਗਏ। ਹੁਣ ਜਨਤਾ ਦਾ ਇੱਕ ਅੰਗ ਅਤੇ ਲਾਚਾਰ ਸਮਝਣ ਲੱਗ ਪਏ ਹਨ, ਤਾਂ ਨਿੱਤ ਦਿਨ ਉਥੇ ਅੱਪੜ ਰਹੇ ਹਨ। ਇੱਕ ਇਨਸਾਨ ਆਖਰ 'ਤੇ ਉਹੀ ਬਣ ਜਾਂਦਾ ਹੈ, ਜੋ ਉਹ ਆਪਣੇ ਆਪ ਨੂੰ ਸਮਝਦਾ ਹੈ। ਸਿੱਖਾਂ ਦੀ ਸਮਝ ਵਿੱਚ ਅੱਜ ਦੇ ਸਮੇਂ ਇਹੀ ਵੱਡਾ ਵਿਗਾੜ ਆ ਗਿਆ ਹੈ। ਹਰ ਸਮੇਂ 1984 ਦੇ ਜ਼ਖ਼ਮਾਂ ਦੀ ਨੁਮਾਇਸ਼ ਕਰਕੇ ਲੋਕਾਂ ਦੀ ਹਮਦਰਦੀ ਲੈਣੀ ਸਿੱਖ ਦਾ ਕਿਰਦਾਰ ਨਹੀਂ ਹੈ। ਚਾਹੀਦਾ ਇਹ ਸੀ ਕਿ ਤੀਜੇ ਘੱਲੂਘਾਰੇ, ਝੂਠੇ ਪੁਲਸ ਮੁਕਾਬਲੇ, ਸਿੰਘਾਂ ਨੂੰ ਜੇਲ੍ਹਾਂ ਵਿੱਚ ਕੈਦ ਕਰਨਾ, 2015 ਦੀਆਂ ਘਟਨਾਵਾਂ ਸਮੇਤ ਅਨੇਕਾਂ ਸੰਘਰਸ਼ਾਂ ਵਿਚੋਂ ਕੁਝ ਨਾ ਕੁਝ ਸਿੱਖਦਾ, ਆਪਣੀਆਂ ਗਲਤੀਆਂ ਦਰੁਸਤ ਕਰਦਾ, ਮੁੜ ਚੜ੍ਹਦੀਕਲਾ ਵਿੱਚ ਪਰਤਦਾ ਅਤੇ ਸਿੱਖੀ ਦੀ ਪਰਵਾਜ਼ ਦੁਨੀਆਂ ਨੂੰ ਦਿਖਾਉਂਦਾ, ਜਿਸ ਨੂੰ ਦੇਖਣ ਲਈ ਸੰਸਾਰ ਦੀ ਧਰਤ ਤਰਸੀ ਪਈ ਹੈ। 

 

ਸੰਪਾਦਕ