ਕੀ ਭਾਜਪਾ ਨੂੰ ਉੱਤਰ ਪ੍ਰਦੇਸ਼ ਵਿਚ ਸਫਲ ਹੋ  ਸਕੇਗੀ?

ਕੀ ਭਾਜਪਾ ਨੂੰ ਉੱਤਰ ਪ੍ਰਦੇਸ਼ ਵਿਚ ਸਫਲ ਹੋ  ਸਕੇਗੀ?

ਵਿਸ਼ੇਸ਼ ਚਰਚਾ

ਮੋਦੀ ਸਰਕਾਰ ਤੋਂ 12 ਮੰਤਰੀਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਅਤੇ 34 ਨਵੇਂ ਮੰਤਰੀਆਂ ਨੂੰ ਸ਼ਾਮਿਲ ਕਰ ਲਿਆ ਗਿਆ ਹੈ। 2019 ਦੀ ਚੁਣਾਵੀਂ ਜਿੱਤ ਤੋਂ ਬਾਅਦ ਮੰਤਰੀ ਮੰਡਲ 'ਚ ਕੀਤਾ ਗਿਆ ਇਹ ਪਹਿਲਾ ਫੇਰਬਦਲ ਅਤੇ ਵਿਸਥਾਰ ਹੈ। ਇਹ ਵਿਸਥਾਰ ਬੰਗਾਲ ਚੋਣਾਂ ਦੀ ਹਾਰ ਤੋਂ ਬਾਅਦ ਉੱਤਰ ਪ੍ਰਦੇਸ਼ ਚੋਣਾਂ 'ਚ ਹਾਰ ਦੀ ਸ਼ੰਕਾ ਵਿਚਾਲੇ ਕੀਤਾ ਗਿਆ ਹੈ। ਜ਼ਾਹਿਰ ਹੈ ਕਿ ਇਸ ਦਾ ਸਭ ਤੋਂ ਮੁੱਖ ਰਾਜਨੀਤਕ ਉਦੇਸ਼ ਉੱਤਰ ਪ੍ਰਦੇਸ਼ 'ਚ ਭਾਜਪਾ ਦੀ ਜਿੱਤ ਯਕੀਨੀ ਬਣਾਉਣਾ ਹੀ ਹੈ। ਕੁਝ ਲੋਕਾਂ ਨੂੰ ਬਾਹਰ ਕਰਨ ਪਿੱਛੇ ਮੋਦੀ ਦਾ ਆਪਣੀ ਦਿੱਖ ਚਮਕਾਉਣ ਦਾ ਉਦੇਸ਼ ਵੀ ਹੈ ਅਤੇ ਦਿੱਖ ਵੀ ਅਖੀਰ ਚੋਣਾਂ ਜਿੱਤਣ ਦੇ ਹੀ ਕੰਮ ਆਉਂਦੀ ਹੈ। ਇਸ ਲਈ ਰਵੀਸ਼ੰਕਰ ਪ੍ਰਸਾਦ, ਸਦਾਨੰਦ ਗੌੜਾ, ਹਰਸ਼ਵਰਧਨ ਅਤੇ ਜਾਵੜੇਕਰ ਵਰਗੇ ਮੰਤਰੀਆਂ ਨੂੰ ਵੀ ਹਟਾ ਦਿੱਤਾ ਗਿਆ।ਰਵੀਸ਼ੰਕਰ ਪ੍ਰਸਾਦ ਟਵਿੱਟਰ ਦੇ ਨਾਲ ਲੜਾਈ 'ਚ ਲੱਗੇ ਹੋਏ ਸਨ। ਟਵਿੱਟਰ ਦਾ ਤਾਂ ਕੁਝ ਵਿਗੜ ਨਹੀਂ ਰਿਹਾ ਸੀ, ਪਰ ਮੋਦੀ ਸਰਕਾਰ ਦੀ ਅੰਤਰਰਾਸ਼ਟਰੀ ਦਿੱਖ ਨੂੰ ਧੱਕਾ ਪਹੁੰਚ ਰਿਹਾ ਸੀ। ਖ਼ੁਦ ਰਵੀ ਸ਼ੰਕਰ ਪ੍ਰਸਾਦ ਨੂੰ ਟਵਿੱਟਰ ਨੇ ਇਕ ਵਾਰ ਕੁਝ ਘੰਟਿਆਂ ਲਈ ਬਲਾਕ ਕਰਕੇ ਦੱਸ ਦਿੱਤਾ ਸੀ, ਕਿ ਉਹ ਕੀ-ਕੀ ਕਰ ਸਕਦਾ ਹੈ। ਉਸ ਤੋਂ ਜ਼ਿਆਦਾ ਪ੍ਰੇਸ਼ਾਨੀ ਦੀ ਗੱਲ ਇਹ ਸੀ ਕਿ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੂੰ ਇਹ ਕਹਿੰਦੇ ਹੋਏ ਬਲਾਕ ਕੀਤਾ ਗਿਆ ਸੀ ਕਿ ਕਿਸੇ ਦੇ ਕਾਨੂੰਨੀ ਅਧਿਕਾਰ ਦਾ ਟਵਿੱਟਰ 'ਤੇ ਉਹ ਉਲੰਘਣ ਕਰ ਰਹੇ ਸਨ। ਪ੍ਰਕਾਸ਼ ਜਾਵੜੇਕਰ ਸੂਚਨਾ ਪ੍ਰਸਾਰਨ ਮੰਤਰੀ ਹਨ। ਡਿਜੀਟਲ ਮੀਡੀਆ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਉਨ੍ਹਾਂ ਦਾ ਮੰਤਰਾਲਾ ਵੀ ਕਰ ਰਿਹਾ ਸੀ, ਹਾਲਾਂਕਿ ਡਿਜੀਟਲ ਮੀਡੀਆ ਉਨ੍ਹਾਂ ਤੋਂ ਕੰਟਰੋਲ ਨਹੀਂ ਹੋ ਰਿਹਾ ਸੀ। ਮੰਤਰਾਲੇ ਨੂੰ ਕੁਝ ਲੋਕਾਂ ਨੇ ਕੋਰਟ 'ਚ ਵੀ ਘਸੀਟ ਰੱਖਿਆ ਹੈ ਅਤੇ ਇੱਧਰ ਅਦਾਲਤਾਂ ਦੇ ਕੁਝ ਫ਼ੈਸਲੇ ਮੋਦੀ ਸਰਕਾਰ ਦੇ ਲਈ ਪ੍ਰੇਸ਼ਾਨੀ ਦਾ ਸਬਬ ਬਣ ਰਹੇ ਹਨ। ਇਸ ਲਈ ਆਪਣੀ ਅੰਤਰਰਾਸ਼ਟਰੀ ਦਿੱਖ ਬਚਾਉਣ ਲਈ ਮੋਦੀ ਨੇ ਇਨ੍ਹਾਂ ਦੋਵਾਂ ਮੰਤਰੀਆਂ ਨੂੰ ਬਲੀ ਦੇ ਬਕਰੇ ਬਣਾ ਦਿੱਤਾ, ਹਾਲਾਂਕਿ ਇਹ ਸਾਫ਼ ਦੇਖਿਆ ਜਾ ਸਕਦਾ ਹੈ ਕਿ ਉਹ ਦੋਵੇਂ ਮੰਤਰੀ ਸਰਕਾਰ ਦੀਆਂ ਨੀਤੀਆਂ ਅਨੁਸਾਰ ਹੀ ਵਿਚਰ ਰਹੇ ਸਨ।

ਕੋਰੋਨਾ ਕਾਲ ਨੇ ਵੀ ਨਰਿੰਦਰ ਮੋਦੀ ਦੀ ਦਿੱਖ ਨੂੰ ਤਾਰ-ਤਾਰ ਕਰ ਦਿੱਤਾ ਹੈ। ਪਹਿਲੀ ਲਹਿਰ 'ਚ ਮਜ਼ਦੂਰਾਂ ਦੀ ਦੁਰਗਤੀ ਅਤੇ ਦੂਜੀ ਲਹਿਰ 'ਚ ਕੋਰੋਨਾ ਪੀੜਤਾਂ ਦੀਆਂ ਦਰਦਨਾਕ ਕਹਾਣੀਆਂ ਨੇ ਮੋਦੀ ਦੇ ਉੱਪਰ ਚੜ੍ਹਾਈ ਗਈ ਮਹਾਨਤਾ ਦੀ ਚਾਦਰ ਨੂੰ ਪਾੜ ਕੇ ਰੱਖ ਦਿੱਤਾ ਹੈ। ਉਨ੍ਹਾਂ ਨੂੰ ਰੱਬ ਦਾ ਅਵਤਾਰ ਦੱਸਿਆ ਜਾ ਰਿਹਾ ਸੀ ਅਤੇ ਇਕ ਔਸਤ ਵਿਅਕਤੀ ਨੂੰ ਵਿਸ਼ਵਾਸ ਦਿਵਾਇਆ ਜਾ ਰਿਹਾ ਸੀ ਕਿ ਮੋਦੀ ਹੈ, ਤਾਂ ਉਹ ਸੁਰੱਖਿਅਤ ਹੈ। ਮੋਦੀ ਨੂੰ ਬਹੁਤ ਹੀ ਸਖ਼ਤ ਫ਼ੈਸਲੇ ਲੈਣ ਵਾਲੇ ਨੇਤਾ ਦੇ ਰੂਪ 'ਚ ਵੀ ਪੇਸ਼ ਕੀਤਾ ਜਾ ਰਿਹਾ ਸੀ, ਹਾਲਾਂਕਿ ਉਨ੍ਹਾਂ ਦੇ ਸਖ਼ਤ ਫ਼ੈਸਲੇ ਆਮ ਤੌਰ 'ਤੇ ਜਨਤਾ ਦੇ ਖ਼ਿਲਾਫ਼ ਹੀ ਜਾਂਦੇ ਸਨ, ਪਰ ਅਸਫਲਤਾ ਦਾ ਠੀਕਰਾ ਪ੍ਰਬੰਧ 'ਤੇ ਥੋਪ ਦਿੱਤਾ ਜਾਂਦਾ ਸੀ। ਗੋਦੀ ਮੀਡੀਆ ਇਹ ਕੰਮ ਸਫਲਤਾ ਪੂਰਵਕ ਕਰ ਰਿਹਾ ਸੀ। ਪਰ ਕੋਰੋਨਾ ਦੀ ਦੂਜੀ ਲਹਿਰ ਨੇ ਗੋਦੀ ਮੀਡੀਆ ਨੂੰ ਵੀ ਇਕ ਔਸਤ ਵਿਅਕਤੀ ਦੀ ਨਜ਼ਰ 'ਚ ਸ਼ੱਕੀ ਬਣਾ ਦਿੱਤਾ ਅਤੇ ਹੁਣ ਇਹ ਮੰਨਣ ਲਈ ਸ਼ਾਇਦ ਹੀ ਕੋਈ ਤਿਆਰ ਹੋਵੇਗਾ ਕਿ ਮੋਦੀ ਨੇ ਹਿਮਾਲਿਆ 'ਤੇ ਜਾ ਕੇ ਸਿੱਧੀ ਪ੍ਰਾਪਤ ਕਰ ਰੱਖੀ ਹੈ। ਪਿਛਲੇ ਸਮੇਂ ਵਿਚ ਆਜ਼ਾਦੀ ਤੋਂ ਬਾਅਦ ਦੇ ਸਭ ਤੋਂ ਬੁਰੇ ਦਿਨਾਂ ਤੋਂ ਭਾਰਤ ਗੁਜ਼ਰਿਆ ਹੈ ਅਤੇ ਸੰਕਟ ਸਮੇਂ ਲੋਕਾਂ ਦਾ ਸਾਥ ਦੇਣ ਵਾਲਾ ਕੋਈ ਨਹੀਂ ਸੀ। ਗ਼ਰੀਬ ਤਾਂ ਗਰੀਬ ਅਮੀਰ ਲੋਕ ਵੀ ਬੇਵੱਸ ਸਨ। ਉਨ੍ਹਾਂ ਦੇ ਬੈਂਕ ਖਾਤਿਆਂ 'ਚ ਜਮ੍ਹਾ ਉਨ੍ਹਾਂ ਦੇ ਕਰੋੜਾਂ ਰੁਪਏ ਵੀ ਉਨ੍ਹਾਂ ਦੇ ਕੰਮ ਨਹੀਂ ਆ ਰਹੇ ਸਨ। ਪਿਛਲੇ ਅਪ੍ਰੈਲ ਤੇ ਮਈ ਮਹੀਨਿਆਂ 'ਚ ਦੇਸ਼ 'ਚ ਇਹੀ ਨਜ਼ਾਰਾ ਹੀ ਸੀ। ਕਈ ਮੋਦੀ ਭਗਤ ਟਵਿੱਟਰ ਤੇ ਫੇਸਬੁੱਕ 'ਤੇ ਆਪਣੇ ਭਗਵਾਨ ਮੋਦੀ ਤੋਂ ਰੱਖਿਆ ਦੀ ਗੁਹਾਰ ਲਗਾਉਂਦੇ-ਲੁਗਾਉਂਦੇ ਮੌਤ ਨੂੰ ਗਲੇ ਲਗਾ ਰਹੇ ਸਨ। ਭਾਜਪਾ ਤੇ ਆਰ.ਐਸ.ਐਸ. ਦੇ ਵੱਡੇ-ਵੱਡੇ ਨੇਤਾ ਫੋਨ ਦੀ ਘੰਟੀ ਸੁਣ ਕੇ ਤਣਾਅ 'ਚ ਆ ਜਾਂਦੇ ਸਨ ਕਿ ਪਤਾ ਨਹੀਂ ਕੌਣ ਆਪਣਾ ਬੰਦਾ ਸਹਾਇਤਾ ਦੀ ਪੁਕਾਰ ਲੈ ਕੇ ਫ਼ੋਨ ਕਰ ਰਿਹਾ ਹੈ, ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਉਹ ਸਹਾਇਤਾ ਨਹੀਂ ਕਰ ਸਕਣਗੇ।

ਉਂਜ ਆਉਣ ਵਾਲੇ ਸਮੇਂ 'ਚ ਉੱਤਰ ਪ੍ਰਦੇਸ਼ 'ਚ ਚੋਣਾਂ ਹੋਣਗੀਆਂ। ਉੱਥੇ ਤਾਂ ਨਦੀਆਂ 'ਚ ਤੈਰਦੇ ਮ੍ਰਿਤਕ ਲੋਕਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਸੀ। ਉੱਤਰ ਪ੍ਰਦੇਸ਼ 'ਚ ਤ੍ਰਾਸਦੀ ਭਾਵੇ ਹੋਰ ਰਾਜਾਂ ਤੋਂ ਕੁਝ ਜ਼ਿਆਦਾ ਹੀ ਸੀ ਅਤੇ ਉਸ ਤ੍ਰਾਸਦੀ ਲਈ ਕੁੰਭ ਦਾ ਆਯੋਜਨ ਤੇ ਪੰਚਾਇਤੀ ਚੋਣਾਂ ਦਾ ਹੋਣਾ ਦੋ ਵੱਡੇ ਕਾਰਨ ਸਨ ਅਤੇ ਉਨ੍ਹਾਂ ਲਈ ਭਾਜਪਾ ਦੀ ਕੇਂਦਰ ਤੇ ਰਾਜ ਸਰਕਾਰ ਸਿੱਧੇ ਰੂਪ 'ਚ ਜ਼ਿੰਮੇਵਾਰ ਸੀ। ਜ਼ਾਹਿਰ ਹੈ ਲੋਕਾਂ ਦਾ ਵਿਸ਼ਵਾਸ ਜਿੱਤਣਾ ਭਾਜਪਾ ਦੇ ਲਈ ਬਹੁਤ ਹੀ ਕਠਿਨ ਹੈ। ਰਾਮ ਮੰਦਰ ਦਾ ਅਯੁੱਧਿਆ 'ਚ ਨਿਰਮਾਣ ਹੋ ਰਿਹਾ ਹੈ। ਭਾਜਪਾ ਲਈ ਇਹ ਇਕ ਵੱਡਾ ਚੋਣਾਵੀ ਦਾਅ ਹੋ ਸਕਦਾ ਸੀ, ਪਰ ਮੰਦਰ ਨਿਰਮਾਣ ਟਰੱਸਟ 'ਚ ਹੋਏ ਘੁਟਾਲੇ ਰਾਮ ਮੰਦਰ ਨਿਰਮਾਣ ਤੋਂ ਹੋਣ ਵਾਲੇ ਫਾਇਦਿਆਂ ਦੇ ਰਸਤੇ 'ਚ ਆ ਰਹੇ ਹਨ।ਮੋਦੀ ਸਰਕਾਰ ਵਿਚ ਸ਼ਾਮਿਲ ਸਿਹਤ ਮੰਤਰੀ ਤੇ ਰਸਾਇਣ ਮੰਤਰੀ ਨੂੰ ਸਰਕਾਰ ਤੋਂ ਬਾਹਰ ਕਰਦੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਿਨ੍ਹਾਂ ਲੋਕਾਂ ਦੇ ਕਾਰਨ ਕੋਰੋਨਾ ਸੰਕਟ ਨੇ ਗੰਭੀਰ ਰੂਪ ਲੈ ਲਿਆ ਸੀ, ਉਨ੍ਹਾਂ ਨੂੰ ਹਟਾ ਦਿੱਤਾ ਗਿਆ ਹੈ। ਸਿਹਤ ਮੰਤਰੀ ਦੇ ਰੂਪ 'ਚ ਹਰਸ਼ਵਰਧਨ ਦੀ ਜ਼ਿੰਮੇਵਾਰੀ ਕੋਰੋਨਾ ਦੀਆਂ ਦਵਾਈਆਂ ਅਤੇ ਟੀਕਿਆਂ ਦੇ ਸਮੁੱਚੇ ਉਤਪਾਦਨ ਨੂੰ ਯਕੀਨੀ ਬਣਾਉਣਾ ਸੀ। ਉਂਜ ਸਾਰੀਆਂ ਸ਼ਕਤੀਆਂ ਤਾਂ ਖ਼ੁਦ ਮੋਦੀ ਨੇ ਆਪਣੇ ਹੱਥਾਂ 'ਚ ਕੇਂਦਰਤ ਕਰ ਰੱਖੀਆਂ ਸਨ, ਪਰ ਜਨਤਾ ਨੂੰ ਦਿਖਾਉਣ ਲਈ ਇਹ ਜ਼ਰੂਰੀ ਸੀ ਕਿ ਉਹ ਖ਼ੁਦ ਜ਼ਿੰਮੇਦਾਰ ਨਹੀਂ ਹਨ, ਬਲਕਿ ਜਿਨ੍ਹਾਂ ਦੀ ਜ਼ਿੰਮੇਵਾਰੀ ਸੀ, ਉਹ ਬਾਹਰ ਕਰ ਦਿੱਤੇ ਗਏ ਹਨ। ਕੁਝ ਮੰਤਰੀਆਂ ਨੂੰ ਬਾਹਰ ਕੱਢਣ ਤੋਂ ਇਲਾਵਾ ਮੋਦੀ ਨੇ ਜਾਤੀ ਕਾਰਡ ਵੀ ਜੰਮ ਕੇ ਖੇਡਿਆ ਹੈ। ਹੋਰ ਪਛੜੇ ਵਰਗਾਂ ਦੇ ਸੰਸਦ ਮੈਂਬਰਾਂ ਨੂੰ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਏਨੀ ਵੱਡੀ ਗਿਣਤੀ 'ਚ ਮੰਤਰੀ ਬਣਾਇਆ ਗਿਆ ਹੈ। 78 ਮੰਤਰੀਆਂ ਵਿਚੋਂ 27 ਹੋਰ ਪਛੜੇ ਵਰਗਾਂ ਦੇ ਹਨ। ਖ਼ੁਦ ਮੋਦੀ ਨੂੰ ਜੋੜ ਦਿਓ ਤਾਂ ਇਹ ਗਿਣਤੀ 28 ਹੋ ਜਾਂਦੀ ਹੈ, ਜੋ ਕਰੀਬ 35 ਫ਼ੀਸਦੀ ਹੈ। ਦਲਿਤ ਮੰਤਰੀਆਂ ਦੀ ਗਿਣਤੀ 12 ਤੱਕ ਪਹੁੰਚਾ ਦਿੱਤੀ ਗਈ ਹੈ।

ਚੋਣਾਂ 'ਚ ਜਾਤੀ ਦੀ ਖੇਡ ਜੰਮ ਕੇ ਚਲਦੀ ਹੈ ਅਤੇ ਇਸ ਖੇਡ 'ਚ ਭਾਰਤੀ ਜਨਤਾ ਪਾਰਟੀ ਹੋਰ ਪਾਰਟੀਆਂ ਤੋਂ ਬਿਹਤਰ ਦਾਅ ਚਲਦੀ ਰਹੀ ਹੈ। ਉਸ ਦੀ ਜਿੱਤ ਦਾ ਰਾਜ ਵੀ ਇਹੀ ਹੈ। ਪਰ ਅਗਵਾਈ ਦੇ ਨਾਂਅ 'ਤੇ ਹੋਰ ਪਛੜੇ ਵਰਗਾਂ ਦੇ ਲੋਕਾਂ ਲਈ ਕੁਝ ਖ਼ਾਸ ਨਹੀਂ ਕੀਤਾ ਜਾ ਰਿਹਾ ਸੀ ਅਤੇ ਅਜਿਹੇ 'ਚ ਲੱਗ ਰਿਹਾ ਸੀ ਕਿ ਮੋਦੀ ਸਿਰਫ਼ ਉਨ੍ਹਾਂ ਦੀਆਂ ਵੋਟ ਲੈਂਦੇ ਹਨ ਅਤੇ ਕਰਦੇ ਕੁਝ ਨਹੀਂ। ਇਸ ਲਈ ਮੋਦੀ ਨੇ ਚੰਗੀ ਗਿਣਤੀ 'ਚ ਹੋਰ ਪਛੜੇ ਵਰਗਾਂ ਵਿਚੋਂ ਮੰਤਰੀ ਬਣਾ ਦਿੱਤੇ ਹਨ ਹੁਣ। ਪਰ ਕੀ ਇਸ ਨਾਲ ਭਾਜਪਾ ਨੂੰ ਉੱਤਰ ਪ੍ਰਦੇਸ਼ 'ਚ ਚੋਣਾਵੀ ਫਾਇਦਾ ਹੋ ਸਕੇਗਾ? ਇਸ ਦਾ ਜਵਾਬ ਦੇਣਾ ਬਹੁਤ ਹੀ ਕਠਿਨ ਹੈ। ਚੋਣਾਂ ਤੋਂ ਬਾਅਦ ਹੀ ਇਸ ਸਵਾਲ ਦਾ ਜਵਾਬ ਮਿਲ ਸਕੇਗਾ।

ਉਪੇਂਦਰ ਪ੍ਰਸਾਦ