ਇੰਝ ਨਹੀਂ ਕਰੀਂਦੈ : ਹਰਫ਼ਾਂ ਦਾ ਨੂਰ

ਇੰਝ ਨਹੀਂ ਕਰੀਂਦੈ : ਹਰਫ਼ਾਂ ਦਾ ਨੂਰ

ਮਾਂ ਬਾਪ ਦਾ ਇਕਲੌਤਾ ਪੁੱਤਰ

 ਇਕ ਤਾਂ ਅੰਗਰੇਜ਼ ਲੋਕਾਂ ਦੇ ਰੰਗ ਹੀ ਇੰਨੇ ਗੋਰੇ ਨੇ ਤੇ ਜੇ ਦੂਜਾ ਉਹਦੇ ਤੇ ਲਾਲੀ ਚਮਕਣ ਲੱਗ ਜਾਵੇ ਤਾਂ ਇਉਂ ਲੱਗਦੇ ਨੇ ਜਿਵੇਂ ਸੋਨਾ ਅੱਗ ਚ ਪਿਆ ਲਾਲ ਹੋਵੇ । ਕੁਝ ਇਸ ਤਰਾਂ ਦਾ ਹੀ ਸੋਹਣਾ ਸੁਨੱਖਾ ਆਪਣੇ ਮਾਂ ਬਾਪ ਦਾ ਇਕਲੌਤਾ ਪੁੱਤਰ ਮਾਈਕ ਜੋ ਮੇਰੇ ਨਾਲ ਬੱਸ ਚਲਾਉਂਦਾ ਹੁੰਦਾ ਸੀ । ਉਹਨੇ ਜਦੋਂ ਵੀ ਮਿਲਣਾ ਤਾਂ ਉਹਨੇ ਪੰਜਾਬੀ ਦਾ ਇਕ ਲਫ਼ਜ਼ ਜ਼ਰੂਰ ਸਿੱਖ ਕੇ ਜਾਣਾ । ਉਹਦਾ ਹਾਸਾ ਤੇ ਉਹਦੇ ਚਿਹਰੇ ਦੀ ਮੁਸਕਾਨ ਇੱਕੋ  ਜਹੀ ਸੀ ਤੇ ਤੁਸੀਂ ਦੱਸ ਨਹੀਂ ਸੀ ਸਕਦੇ ਕਿ ਉਹ ਹੱਸ ਰਿਹਾ ਕਿ ਮੁਸਕਰਾ ਰਿਹਾ । ਮੈਂ ਉਹਨੂੰ ਇਕ ਦਿਨ ਪੁੱਛ ਹੀ ਲਿਆ ਕਿ ਤੂੰ ਪੰਜਾਬੀ ਸਿੱਖਣ ਲਈ ਬੜਾ ਉਤਾਵਲਾ ਹੈਂ ? ਤਾਂ ਉਹਨੇ ਮੈਨੂੰ ਦੱਸਿਆ ਕਿ ਉਹ ਹੁਣ ਪੰਜਾਬੀ ਪਰਿਵਾਰ ਨਾਲ ਹੀ ਉਂਨਾਂ ਦੀ ਬੇਸਮਿੰਟ ਵਿੱਚ ਪੰਜਾਬੀ ਕੁੜੀ ਨਾਲ ਰਹਿੰਦਾ ਹੈ । ਉਹਦਾ ਇਸ਼ਕ ਉਹਦੀ ਮੁਹੱਬਤ ਪੰਜਾਬੀ ਕੁੜੀ ਨਾਲ ਸੀ ਜੋ ਉਸ ਪਰਿਵਾਰ ਦੀ ਹੀ ਕੋਈ ਰਿਸ਼ਤੇਦਾਰ ਸੀ ਤੇ ਉਹ ਆਪਣੇ ਵਿਆਹ ਲਈ ਪੈਸੇ ਜੋੜ ਰਿਹਾ ਸੀ । ਮੈਂ ਪੁੱਛਿਆ ਕਿ ਵਿਆਹ ਕਦੋਂ ਕਰਾਉਣਾ ਤਾਂ ਉਹਨੇ ਕਿਹਾ ਕਿ ਉਹਦੀ ਮੰਗੇਤਰ ਨੂੰ ਜਦੋਂ ਪੀ ਆਰ ਮਿਲ ਗਈ । 

   ਸਾਡੇ ਕੰਮ ਤੇ ਬਹੁਤ ਅੱਡ ਅੱਡ ਸ਼ਿਫ਼ਟਾਂ ਨੇ ਤੇ ਅਸੀਂ ਬਹੁਤ ਵਾਰੀ  ਇਕ ਦੂਜੇ ਨੂੰ ਬਹੁਤ ਚਿਰ ਨਹੀਂ ਮਿਲਦੇ । ਮੈਂ ਇਕ ਦਿਨ ਕੰਮ ਤੋਂ ਬਾਅਦ ਆਪਣੀ ਕਾਰ ਲੈਣ ਲਈ ਕੰਮ ਸ਼ੁਰੂ ਕਰਨ ਵਾਲੀ ਥਾਂ ਬੱਸ ਡੀਪੋ ਤੇ ਗਿਆ ਤਾਂ ਉਹ ਮੈਨੂੰ ਮੋਹਰਿਉ ਆਉਂਦਾ ਮਿਲਿਆ ਉਹਦਾ ਰੰਗ ਪੀਲ਼ਾ ਤੇ ਭਾਰ ਸੁੱਕ ਕੇ ਪਤਲਾ ਜਿਹਾ ਬਣ ਗਿਆ ਸੀ  ।ਉਹਦੇ ਵਾਲ ਖਿੱਲਰੇ ਹੋਏ  ਉਹਦੀਆਂ ਜਬਾੜਾਂ ਅੰਦਰ ਨੂੰ ਧੱਸੀਆ ਹੋਈਆਂ । ਮੈਂ ਉਹਨੂੰ ਕੁਝ ਨ ਪੁੱਛ ਸਕਿਆ । ਸਿਰਫ ਇੰਨਾਂ ਹੀ ਕਿਹਾ ਕਿ ਬਹੁਤ ਦੇਰ ਤੋਂ ਤੂੰ ਕਦੀ ਦਿਸਿਆ ਨਹੀਂ ਤਾਂ ਉਹ ਕਹਿੰਦਾ ਕਿ ਮੈਂ ਕੰਮ ਤੋਂ ਕਾਫ਼ੀ ਸਮੇ ਤੋਂ ਆਫ ਹਾਂ । ਉਦੋਂ ਉਹਦੇ ਨਾਲ ਕਈ ਜਣੇ ਸੀ । ਕੁਦਰਤੀ ਉਹ ਫੇਰ ਇਕ ਦਿਨ ਮੇਰੀ ਬੱਸ ਚ ਆ ਗਿਆ । ਤੇ ਉਹ ਮੇਰੇ  ਕੋਲ ਬੱਚਿਆਂ ਵਾਂਗ ਬੜਾ ਰੋਇਆ । ਉਹਨੇ ਦੱਸਿਆ ਕਿ ਕਿਵੇਂ ਉਹਦੀ ਮੰਗੇਤਰ ਉਹਨੂੰ ਛੱਡ ਕੇ ਤੁਰ ਗਈ ਸੀ ਤੇ ਉਹਨੂੰ ਘਰੋਂ ਕੱਢ ਦਿੱਤਾ ਗਿਆ । ਉਹਨੇ ਉਸ ਕੁੜੀ ਦਾ ਇੰਨਾਂ ਦਰਦ ਮੰਨਿਆ ਕਿ ਉਹ ਪਹਿਲਾਂ Stress leave ਤੇ ਗਿਆ ਤੇ ਫੇਰ ਉਹ Depression ਦਾ ਸ਼ਿਕਾਰ ਹੋ ਗਿਆ । ਤੇ ਮੁੜ ਮੈਨੂੰ ਪਤਾ ਲੱਗਾ ਕਿ ਉਹਨੂੰ Parkinson ਦੀ ਬੀਮਾਰੀ ਲੱਗ ਗਈ ਸੀ  ਇਕ ਵਾਰੀ ਫੇਰ ਦੇਖਿਆ ਤਾਂ ਉਹ ਮੁੱਠ ਕੁ ਹੱਡੀਆਂ ਚ ਫਸਿਆ ਸਾਰਾ ਸਰੀਰ ਕੰਬਦਾ ਸੀ । ਉਹਦਾ ਕੀ ਬਣਿਆ ? ਕਦੋਂ ਉਹ ਸਾਡੀ ਕੌਮ ਦੀ ਪੰਜਾਬੀ ਕੁੜੀ ਨੂੰ ਇੰਮੀਗਰੇਸ਼ਨ ਦੁਆਉਂਦਾ ਆਪ ਦੀ ਜਾਨ ਵਾਰ ਗਿਆ ਪਤਾ ਹੀ ਨਹੀਂ ਲੱਗਾ , ਮਾਂ ਬਾਪ ਦਾ ਇਕਲੌਤਾ ਪੁੱਤਰ ਇੰਮੀਗਰੇਸ਼ਨ ਦੀ ਭੇਟ ਚੜ੍ਹ ਗਿਆ ਜੋ ਉਹਦੇ ਵਿਸ਼ਵਾਸ ਨੂੰ ਠੋਕਰ ਮਾਰ ਗਈ ਸੀ । 

ਮਾਇ ਨੀ ਮਾਇ ਮੈਂ ਇਕ ਸ਼ਿਕਰਾ ਯਾਰ ਬਣਾਇਆ

ਚੂਰੀ ਕੁੱਟਾਂ ਤਾਂ ਉਹ ਖਾਂਦਾ ਨਹੀਂ ਅਸਾਂ ਦਿਲ ਦਾ ਮਾਸ ਖੁਆਇਆ

ਸੁਰਜੀਤ ਸਿੰਘ ਵਿਰਕ

ਸਰੀ ਕਨੈਡਾ