ਸਿੱਖਾਂ ਨੂੰ ਸਖਸ਼ੀ ਪੂਜਾ ਤੋਂ ਮੁਕਤ ਹੋਣ ਦੀ ਲੋੜ

ਸਿੱਖਾਂ ਨੂੰ ਸਖਸ਼ੀ ਪੂਜਾ ਤੋਂ ਮੁਕਤ ਹੋਣ ਦੀ ਲੋੜ

ਇਕ ਗ਼ੈਰ ਗੁਰਮਤਿ ਅਨੁਸਾਰੀ ਖਿਆਲ

ਜੋ ਸਿੱਖਾਂ ਦੇ ਇਕ ਵੱਡੇ ਹਿੱਸੇ ਵਿਚ ਪਿਛਲੇ ਲੰਮੇ ਸਮੇਂ ਤੋਂ ਘਰ ਕਰ ਚੁੱਕਾ ਹੈ, ਉਹ ਮੈਂ ਸਮਝਦਾ ਹਾਂ ਕਿ ਸਖ਼ਸ਼ੀਅਤ ਪ੍ਰਸਤੀ ਜਾਂ ਪੂਜਾ ਹੈ। ਸਿੱਖ ਇਸ ਕੁਹਜ ਦਾ ਹੁਣ ਇਸ ਹੱਦ ਤਕ ਸ਼ਿਕਾਰ ਹੋ ਚੁੱਕੇ ਹਨ ਕਿ ਤੁਸੀਂ ਯਕੀਨ ਨਹੀਂ ਮੰਨਣਾ ਬੰਦੇ ਨੂੰ ਵੇਖਣ ਦਾ ਗੁਰਮਤਿ ਦਾ ਨਜ਼ਰੀਆ ਤੁਸੀਂ ਸ਼ਾਇਦ ਹੀ ਹੁਣ ਤਕ ਕਦੀ ਸੁਣਿਆ, ਪੜ੍ਹਿਆ ਜਾਂ ਵੇਖਿਆ ਹੋਏ. ਬਹੁਤ ਸਾਰੇ ਲੋਕਾਂ ਲਈ ਤਾਂ ਇਹ ਕਦੀ ਸਵਾਲ ਦਾ ਕਾਰਨ ਹੀ ਨਹੀਂ ਬਣਿਆ ਕਿ ਗੁਰਮਤਿ ਆਖ਼ਰ ਬੰਦੇ ਨੂੰ ਦੇਖਦੀ ਕਿਵੇਂ ਹੈ? ਅਤੇ ਨਾ ਹੀ ਅਸੀਂ ਇਸ ਬਾਰੇ ਕਦੀ ਸਿੱਖ ਦਰਸ਼ਨ ਤੇ ਇਤਿਹਾਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ।

ਅਸਲ ਵਿਚ ਸਖ਼ਸ਼ੀ ਪੂਜਾ ਸਿੱਖ ਸਭਿਅਤਾ ਦਾ ਗੁਰੂ ਨਾਨਕ ਕਾਲ ਤੋਂ ਹੀ ਹਿੱਸਾ ਬਣਨ ਦੀ ਕੋਸ਼ਿਸ਼ ਵਿਚ ਜੁੱਟ ਗਈ ਸੀ. ਗੁਰੂ ਪਰਿਵਾਰਾਂ ਤੋਂ ਬਾਅਦ ਇਹ ਬੰਦਾ ਸਿੰਘ ਬਹਾਦੁਰ ਦੇ ਕਾਲ ਰਾਹੀਂ ਹੁੰਦੀ ਹੋਈ, ਜਦੋਂ ਮਿਸਲ ਕਾਲ ਵਿਚ ਦਾਖ਼ਲ ਹੁੰਦੀ ਹੈ ਤਾਂ ਉਸ ਦਾ ਸਰੂਪ ਏਨਾ ਘ੍ਰਿਣਿਤ ਹੋ ਚੁੱਕਾ ਸੀ ਕਿ ਸਿੱਖ ਹਲਕਿਆਂ ਤਾਂ ਕੀ ਸਿੱਖ ਇਤਿਹਾਸ ਨੇ ਵੀ ਇਸ ਪਾਸੇ ਧਿਆਨ ਨਾ ਦੇਣ ਵਿਚ ਹੀ ਆਪਣੀ ਭਲਾਈ ਸਮਝੀ. ਵੀਹਵੀਂ ਸਦੀ ਦੇ ਵਿਚ ਸਖ਼ਸ਼ੀ ਪੂਜਾ ਦਾ ਜੋ ਰੁਝਾਨ ਸਾਡੇ ਸਾਹਮਣੇ ਆਇਆ, ਮੈਂ ਸਮਝਦਾ ਹਾਂ ਉਹ ਮਿਸਲ ਕਾਲ ਦਾ ਹੀ ਅੰਸ਼ ਮਾਤਰ ਸੀ, ਜੋ ਵਰਤਮਾਨ ਕਾਲ ਤਕ ਜਾਰੀ ਹੈ.

ਮੂਲ ਰੂਪ ਵਿਚ ਬੇਸ਼ੱਕ ਗੁਰਮਤਿ ਸਖ਼ਸ਼ੀ ਪੂਜਾ ਦੀ ਤਸਦੀਕ ਨਹੀਂ ਕਰਦੀ, ਪਰ ਇਸ ਗੱਲ ਤੋਂ ਮੁਨਕਰ ਹੋਣਾ ਕਦੀ ਵੀ ਸੰਭਵ ਨਹੀਂ ਕਿ ਸਿੱਖ ਸਖ਼ਸ਼ੀ ਪੂਜਾ ਤੋਂ ਮੁਕਤ ਹਨ. ਅਜੋਕੇ ਦੌਰ ਤਕ ਸਾਡੇ ਕੋਲ ਸਖ਼ਸ਼ੀ ਪੂਜਾ ਇਸ ਕਦਰ ਤਕ ਭਾਰੂ ਹੋਈ ਮਿਲਦੀ ਹੈ ਕਿ ਹੁਣ ਗੁਰਮਤਿ ਤੇ ਸਿੱਖ ਭਾਵਨਾ ਨੂੰ ਪਰਖਣ ਦਾ ਵੀ ਇਹ ਇਕ ਪੈਮਾਨਾ ਬਣ ਗਈ ਹੈ. ਮਸਲਨ ਜੇਕਰ ਤੁਸੀਂ ਕਿਸੇ ਵਿਅਕਤੀ ਖ਼ਾਸ ਦੇ ਪੱਖ ਵਿਚ ਨਹੀਂ ਹੋ ਤਾਂ ਤੁਹਾਡੀ “ਸਿੱਖੀ” ਸਵਾਲਾਂ ਦੇ ਘੇਰੇ ਵਿਚ ਆ ਜਾਂਦੀ ਹੈ. ਇਸੇ ਤਰ੍ਹਾਂ ਕਿਸੇ ਵਿਅਕਤੀ ਵਿਸ਼ੇਸ਼ ਦਾ ਵਿਰੋਧੀ ਤੁਹਾਨੂੰ ਸਿੱਖ ਵਿਰੋਧੀਆਂ ਦੀ ਕਤਾਰ ਵਿਚ ਲਿਆ ਖੜ੍ਹਾ ਕਰ ਦਿੰਦਾ ਹੈ. ਤ੍ਰਾਸਦੀ ਇਹ ਵੀ ਹੈ ਕਿ ਵਰਤਮਾਨ ਦੌਰ ਵਿੱਚ ਇਹ ਸਥਿਤੀ ਬੇਹੱਦ ਨਾਜ਼ੁਕ ਮੋੜ ਤੇ ਪਹੁੰਚ ਚੁੱਕੀ ਹੈ. 

ਹੁਣ ਹਲਾਤ ਇਹ ਹਨ ਕਿ ਸਖ਼ਸ਼ੀ ਪੂਜਾ ਵੀ ਸਿੱਖ ਸਮੁੱਚ ਦੇ ਰੂਪ ਵਿਚ ਕਰ ਰਹੇ ਹਨ. ਉਦਾਹਰਨ ਦੇ ਤੌਰ ’ਤੇ ਉਹ ਜਿਸ ਵਿਅਕਤੀ ਵਿਸ਼ੇਸ਼ ਨੂੰ ਇਕ ਵਾਰ ਸਹੀ ਮੰਨ ਲੈਂਦੇ ਹਨ, ਫਿਰ ਆਮ ਕਰਕੇ ਉਸ ਦੀਆਂ ਸਾਰੀਆਂ ਗ਼ਲਤੀਆਂ ਉਨ੍ਹਾਂ ਲਈ ਅਸਵੀਕਾਰਨ ਯੋਗ ਬਣ ਜਾਂਦੀਆਂ ਹਨ. ਬਹੁਤ ਘੱਟ ਮੌਕੇ ਹੁੰਦੇ ਹਨ ਜਦੋਂ ਉਹ ਸਹੀ ਨੂੰ ਸਹੀ ਤੇ ਗ਼ਲਤ ਨੂੰ ਗ਼ਲਤ ਕਹਿਣ ਦੇ ਨੁਕਤੇ ਅਨੁਸਾਰੀ ਹੁੰਦੇ ਹਨ, ਜੋ ਕਿ ਮੂਲ ਰੂਪ ਵਿਚ ਸਿੱਖੀ ਦਾ ਬੁਨਿਆਦੀ ਨੁਕਤਾ ਹੈ. ਸ਼ਾਇਦ ਇਹੀ ਕਾਰਨ ਹੈ ਕਿ ਸਭ ਕੁਝ ਹੋਣ ਦੇ ਬਾਵਜੂਦ ਵੀ ਸਿੱਖ ਲਗਾਤਾਰ ਖੁਆਰੀ ਦੇ ਰਾਹ ਤੁਰੇ ਹੋਏ ਹਨ।

ਮੈਨੂੰ ਇਹ ਕਹਿਣ ਵਿਚ ਕੋਈ ਝਿਜਕ ਨਹੀਂ ਕਿ ਇਸ ਸਖ਼ਸ਼ੀ ਪੂਜਾ ਵਿਚ ਭਿੱਜੇ ਹੋਏ ਸਿੱਖਾਂ ਨੇ ਨਾ ਸਿਰਫ਼ ਗੁਰਬਾਣੀ ਅਤੇ ਇਤਿਹਾਸ ਨੂੰ ਤਿਲਾਂਜਲੀ ਦੇ ਛੱਡੀ ਹੈ, ਬਲਕਿ ਉਹ ਅਜਿਹਾ ਕਰਨ ਲਈ ਹੋਰਨਾਂ ਪਾਸੋਂ ਉਮੀਦ ਵੀ ਕਰਦੇ ਹਨ।. …ਕਾਰਨ ਬੇਸ਼ੱਕ ਕੋਈ ਵੀ ਹੋਏ, ਸਿੱਖ ਸਚਮੁੱਚ ਹੁਣ ਸਿੱਖ ਹੋਣ ਦਾ ਅਰਥ ਭੁਲਾ ਬੈਠੇ ਹਨ।

 

ਡਾਕਟਰ ਪਰਮਿੰਦਰ ਸਿੰਘ ਸ਼ੌਂਕੀ