ਪੰਜਾਬੀ ਗੀਤਾਂ ਵਿੱਚ ਵਸਿਆ ਸ਼ਹਿਰ ਲਾਹੌਰ

ਪੰਜਾਬੀ ਗੀਤਾਂ ਵਿੱਚ ਵਸਿਆ ਸ਼ਹਿਰ ਲਾਹੌਰ

ਸ਼ਵਿੰਦਰ ਕੌਰ

ਵਿਆਹ ਸ਼ਾਦੀਆਂ ਸਮੇਂ ਗਾਏ ਜਾਂਦੇ ਲੰਬੀ ਹੇਕ ਵਾਲੇ ਗੀਤ ਅਤੇ ਗਿੱਧੇ ਦੀ ਧਮਾਲ ਵਿੱਚ ਪੈਂਦੀਆਂ ਬੋਲੀਆਂ ਸਮੇਂ ਅੱਜ ਵੀ ਅਣਵੰਡੇ ਪੰਜਾਬ ਦਾ ਸ਼ਹਿਰ ਲਾਹੌਰ ਮਲਕੜੇ ਜਿਹੇ ਆਣ ਦਸਤਕ ਦਿੰਦਾ ਹੈ।ਸ਼ਹਿਰ ਲਾਹੌਰ ਜੋ ਆਪਣੇ ਵਿੱਚ ਸਾਂਝੇ ਪੰਜਾਬ ਦਾ ਇਤਿਹਾਸ ਸਾਂਭੀ ਬੈਠਾ ਹੈ, ਕਦੇ ਪੰਜਾਬ ਦੇ ਤਾਜ ’ਤੇ ਜੜਿਆ ਹੀਰੇ ਦਾ ਨਗ ਸੀ। ਲਾਹੌਰ ਜਿਸ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਸ਼ਾਨ ਤੱਕੀ ਹੈ। ਸਿਰਲੱਥ ਯੋਧਿਆਂ ਨੂੰ ਅੰਗਰੇਜ਼ਾਂ ਦੀ ਗ਼ੁਲਾਮੀ ਤੋਂ ਦੇਸ਼ ਨੂੰ ਮੁਕਤੀ ਦਿਵਾਉਣ ਲਈ ਫਾਂਸੀ ਦੇ ਰੱਸੇ ਚੁੰਮਦਿਆਂ ਦੇਖਿਆ ਹੈ। ਅੰਤ ਵਿੱਚ ਆਜ਼ਾਦੀ ਦੀ ਕੀਮਤ ਚਕਾਉਂਦਿਆਂ ਪੰਜਾਬ ਨੂੰ ਵੰਡਦੀ ਲਕੀਰ ਦੇ ਆਰ ਪਾਰ ਜਾਂਦਿਆਂ, ਸਦੀਆਂ ਪੁਰਾਣੀਆਂ ਸਾਂਝੀਆਂ ਮੁਹੱਬਤਾਂ ਦੇ ਪੀਡੇ ਰਿਸ਼ਤਿਆਂ ਨੂੰ ਟੁੱਟਦਿਆਂ ਅਤੇ ਇੱਕ ਦੂਜੇ ਦੇ ਗਲ਼ ਰੇਤਦਿਆਂ ਤੱਕਿਆ ਹੈ।ਬੇਸ਼ੱਕ ਪੰਜਾਬੀਆਂ ਦੀਆਂ ਸਦੀਆਂ ਪੁਰਾਣੀਆਂ ਸਾਝਾਂ ਨੂੰ ਤੋੜ ਕੇ ਇੱਕ ਤੋਂ ਦੋ ਪੰਜਾਬ ਬਣਾ ਦਿੱਤੇ ਗਏ, ਪਰ ਵਿਆਹ ਸ਼ਾਦੀਆਂ ਵਿੱਚ ਗਾਏ ਜਾਂਦੇ ਗੀਤਾਂ ਅਤੇ ਗਿੱਧੇ ਵਿੱਚ ਪੈਂਦੀਆਂ ਬੋਲੀਆਂ ਵਿੱਚ ਰਚੇ ਸ਼ਹਿਰ ਲਾਹੌਰ ਨੂੰ ਕੋਈ ਨਾ ਤਾਂ ਮਿਟਾ ਸਕਿਆ ਹੈ ਤੇ ਨਾ ਹੀ ਜਦੋਂ ਤੱਕ ਸਾਡਾ ਸੱਭਿਆਚਾਰ ਜਿਊਂਦਾ ਹੈ, ਕੋਈ ਮਿਟਾ ਸਕੇਗਾ।

ਵਿਆਹ ਤੋਂ ਪੰਜ ਜਾਂ ਸੱਤ ਦਿਨ ਪਹਿਲਾਂ ਚੱਕੀਆਂ ਲਾਉਣ ਦੀ ਰਸਮ ਕੀਤੀ ਜਾਂਦੀ ਹੈ। ਭਾਵੇਂ ਹੁਣ ਇਹ ਰਸਮ ਖ਼ਤਮ ਹੋਣ ਦੇ ਕਿਨਾਰੇ ਹੈ, ਪਰ ਅਜੇ ਕਈ ਘਰਾਂ ਵਿੱਚ ਇਹ ਰਸਮ ਕੀਤੀ ਜਾਂਦੀ ਹੈ। ਇਹ ਰਸਮ ਇੱਕ ਤਰ੍ਹਾਂ ਵਿਆਹ ਦਾ ਆਰੰਭਿਕ ਮਹੂਰਤ ਹੁੰਦੀ ਹੈ। ਇਸ ਨੂੰ ਸ਼ੁਰੂ ਕਰਨ ਸਮੇਂ ਔਰਤਾਂ ਇਹ ਗੀਤ ਗਾਉਂਦੀਆਂ ਹਨ:

ਕਿੱਥੋਂ ਲਿਆਂਦੀ ਚੱਕੀ ਨੀਂ ਰਾਣੀਏਂ,

ਕਿੱਥੋਂ ਲਿਆਂਦਾ ਹੱਥਾ।

ਧੁਰ ਲਹੌਰੋਂ ਚੱਕੀ ਲਿਆਂਦੀ,

ਪਟਿਆਲਿਓਂ ਲਿਆਂਦਾ ਹੱਥਾ।

ਇਸੇ ਤਰ੍ਹਾਂ ਵਿਆਹ ਤੋਂ ਪੰਜ ਜਾਂ ਸੱਤ ਦਿਨ ਪਹਿਲਾਂ ਸ਼ਰੀਕੇ ਅਤੇ ਭਾਈਚਾਰੇ ਦੀਆਂ ਔਰਤਾਂ ਰਾਤ ਦੇ ਰੋਟੀ ਟੁੱਕ ਤੋਂ ਵਿਹਲੀਆਂ ਹੋ ਕੇ ਵਿਆਹ ਵਾਲੇ ਘਰ ਵਿੱਚ ਇਕੱਠੀਆਂ ਹੋ ਕੇ ਸੁਹਾਗ, ਘੋੜੀਆਂ ਅਤੇ ਲੰਬੀ ਹੇਕ ਦੇ ਗੀਤ ਗਾਉਂਦੀਆਂ ਹਨ। ਇਨ੍ਹਾਂ ਗੀਤਾਂ ਵਿੱਚ ਵਸਿਆ ਲਾਹੌਰ ਕਿਸੇ ਤਰ੍ਹਾਂ ਮਨਫ਼ੀ ਨਹੀਂ ਕੀਤਾ ਜਾ ਸਕਦਾ:

ਦੂਰੋਂ ਤਾਂ ਲਹੌਰੋਂ ਮੈਂ ਸੁਨਿਆਰ ਮੰਗਾਉਨੀਆਂ

ਸੱਚ ਨੀਂ ਸਹੇਲੀਓ ਮੈਂ ਗਹਿਣੇ ਬਣਾ ਲੈਨੀਆਂ।

ਆ ਵੇ ਵੀਰਾ ਬਾਗੀਂ ਸੈਰ ਕਰੇਂਦਿਆਂ

ਆ ਵੇ ਵੀਰਾ ਭਾਈਆਂ ਨਾਲ ਖਡੇਂਦਿਆਂ

ਸੁਣੋਂ ਨੀਂ ਸਹੇਲੀਓ ਮੈਂ ਵੀਰੇ ਦੇ ਸ਼ਗਨ ਮਨਾ ਲੈਨੀਆਂ।

ਇਸ ਤਰ੍ਹਾਂ ਇੱਕ ਗੀਤ ਮੁੱਕਦਾ ਹੈ ਤਾਂ ਅਗਲਾ ਸ਼ੁਰੂ ਹੋ ਜਾਂਦਾ ਹੈ:

ਲੰਮੀ ਲੰਮੀ ਸੜਕ ਲਹੌਰ ਦੀ ਨੀਂ ਵੀਰਨ ਤੁਰਿਆ ਜਾਵੇ

ਨੀਂ ਵੀਰ ਚੌਧਰੀ ਮਾਏ ਨੀਂ ਸਰਕਾਰੀ ਹੁਕਮ ਚਲਾਵੇ

ਵੀਰ ਦੇ ਵਿਆਹ ਸਮੇਂ ਜਦੋਂ ਬਰਾਤ ਤੁਰਦੀ ਹੈ

ਤਾਂ ਭੈਣਾਂ ਉਸ ਉੱਪਰ ਫੁਲਕਾਰੀ ਤਾਣਦੀਆਂ ਹਨ

ਜੋ ਚਾਰੇ ਕੰਨੀਆਂ ਤੋਂ ਫੜੀ ਹੁੰਦੀ ਹੈ, ਉਦੋਂ ਭੈਣਾਂ

ਇਹ ਗੀਤ ਗਾਉਂਦੀਆਂ ਹਨ:

ਲਹੌਰੋਂ ਮਾਲਣ ਆਈ ਵੀਰਾ

ਤੇਰੇ ਸਿਹਰੇ ਗੁੰਦ ਲਿਆਈ ਵੀਰਾ।

ਤੇਰੇ ਸਿਹਰਿਆਂ ਦਾ ਕੀ ਮੁੱਲ ਵੀਰਾ

ਇੱਕ ਲੱਖ ਤੇ ਡੇਢ ਹਜ਼ਾਰ ਭੈਣੇ।

ਇਸੇ ਤਰ੍ਹਾਂ ਗਿੱਧੇ ਵਿੱਚ ਨੱਚਦੀ ਜਵਾਨੀ ਦੇ ਪੈਰਾਂ ਦੀ ਧਮਕ ਸਮੇਂ ਜਦੋਂ ਕੋਈ ਮੁਟਿਆਰ ਦਿਲਾਂ ਦੇ ਜਜ਼ਬੇ ਪ੍ਰਗਟ ਕਰਦੀ ਬੋਲੀ ਪਾਉਂਦੀ ਹੈ:

ਊਠਾਂ ਵਾਲਿਓ ਉੱਠ ਲੱਦੇ ਵੇ ਲਹੌਰ ਨੂੰ

ਕੱਲੀ ਕਤਾਂ ਵੇ ਘਰ ਘੱਲਿਓ ਮੇਰੇ ਭੌਰ ਨੂੰ

ਨੀਂ ਲਹੌਰੀ ਜਿੰਦਾ ਖੋਲ੍ਹੂਗਾ ਮੇਰਾ ਜੇਠ ਨੀਂ।

ਤਾਂ ਗਿੱਧੇ ਵਿੱਚ ਨੱਚਦੀਆਂ ਮੁਟਿਆਰਾਂ ਧਰਤੀ ਨੂੰ ਨੀਵਾਂ ਕਰ ਦਿੰਦੀਆਂ ਹਨ। ਇਸੇ ਤਰ੍ਹਾਂ ਸਾਡੇ ਗਾਇਕਾਂ ਵੱਲੋਂ ਗਾਏ ਗੀਤ ਸਾਂਝੇ ਪੰਜਾਬ ਪ੍ਰਤੀ ਆਪਣੀ ਮੁਹੱਬਤ ਪ੍ਰਗਟ ਕਰਦੇ ਹਨ ਤੇ ਕਦੇ ਮੁੜ ਪੰਜਾਬ ਨੂੰ ਇੱਕ ਹੋਣ ਦੀਆਂ ਦੁਆਵਾਂ ਕਰਦੇ ਹਨ:

ਮਿਟ ਜਾਣ ਹੱਦਾਂ ਬੰਨੇ ਗੱਡੀ ਜਾਵੇ ਸ਼ੂਕਦੀ

ਵੇਚ ਦੇਈਏ ਤੋਪਾਂ ਲੋੜ ਪਵੇ ਨਾ ਬੰਦੂਕ ਦੀ

ਬੜਾ ਮੁੱਲ ਤਾਰਿਆ ਏ ਲੀਡਰਾਂ ਦੀ ਟੌਹਰ ਦਾ

ਕਰੀਂ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ।

ਪੈਂਡਾ ਦੂਰ ਪਿਛੌਰ ਦਾ ਉਏ ਪੈਂਡਾ ਦੂਰ ਪਿਛੌਰ ਦਾ

ਵਾਹਗੇ ਦੇ ਬਾਡਰ ’ਤੇ ਉਏ ਰਾਹ ਪੁੱਛਦੀ ਲਾਹੌਰ ਦਾ।

ਕਾਸ਼! ਮੁੜ ਹੱਦਾਂ, ਸਰਹੱਦਾਂ ਤੇ ਪਿਆਰ ਮੁਹੱਬਤ ਦੀ ਠੰਢੀ ਹਵਾ ਰੁਮਕਣ ਲੱਗ ਪਵੇ। ਸਰਹੱਦ ਦੇ ਦੋਵੇਂ ਪਾਸੇ ਵੱਸਦੇ ਪੰਜਾਬੀ ਆਪਣੇ ਪਿਆਰਿਆਂ, ਸੱਜਣਾਂ ਤੇ ਸੁਨੇਹੀਆਂ ਨੂੰ ਮਿਲ ਸਕਣ। ਸਾਂਝੇ ਸੱਭਿਆਚਾਰ ਦੇ ਦੀਵੇ ਬਾਲਦੇ ਇੱਕ ਦੂਜੇ ਦੀਆਂ ਸੁੱਖਾਂ ਮੰਗਦੇ ਰਹਿਣ। ਆਰ ਅਤੇ ਪਾਰ ਵੱਸਦੇ ਲੋਕ ਆਪਣੀ ਆਪਣੀ ਜਨਮ ਭੋਇੰ ਦੀ ਮਿੱਟੀ ਮਸਤਕ ਨਾਲ ਲਾ ਸਕਣ।