*ਮੈ ਹੋ ਪਰਮ ਪੁਰਖ ਕੋ ਦਾਸਾ ॥ ਦੇਖਨਿ ਆਯੋ ਜਗਤ ਤਮਾਸਾ*

*ਮੈ ਹੋ ਪਰਮ ਪੁਰਖ ਕੋ ਦਾਸਾ ॥ ਦੇਖਨਿ ਆਯੋ ਜਗਤ ਤਮਾਸਾ*

ਕਿਸੇ ਵੀ ਧਰਮ ਗ੍ਰੰਥ ਵਿੱਚ ਦੂਜੇ ਧਰਮ ਗ੍ਰੰਥ ਦੀ ਨਿੰਦਿਆ ਨਹੀਂ ਕੀਤੀ ਗਈ 

ਅਕਾਲ ਪੁਰਖ ਨਾਲ ਮਿਲਾਉਣ ਵਾਲੀ ਬਾਣੀ ਸਾਨੂੰ ਜ਼ਿੰਦਗੀ ਦੀ ਅਸਲ ਸੱਚਾਈ ਨਾਲ ਵੀ ਰੂਬਰੂ ਕਰਵਾ ਦਿੰਦੀ ਹੈ, ਪਰ ਅਡੰਬਰਾਂ ਵਿਚ ਪਿਆ ਹੋਇਆ ਮਨੁੱਖ ਇਸ ਚੀਜ਼ ਨਾਲ ਕਦੇ ਵੀ ਵਾਕਿਫ ਨਹੀਂ ਹੁੰਦਾ। ਜੇਕਰ ਇਨਸਾਨ  ਆਪਣੇ ਆਪ ਨੂੰ ਗੁਰਬਾਣੀ ਦੇ ਹਰਫ਼ਾਂ ਰਾਹੀਂ ਢਾਲ ਲੈਂਦਾ ਹੈ ਤਦ  ਉਸ ਦੇ ਜੀਵਨ ਦੀ  ਸੁਨਹਿਰੀ ਸ਼ੁਰੂਆਤ ਹੋ ਜਾਂਦੀ ਹੈ । ਪਰ ਅਫ਼ਸੋਸ  ਅਸੀਂ ਅੱਜ  ਐਨੇ ਮੂਰਖ ਇਨਸਾਨ ਹੋ ਗਏ ਹਾਂ ਕਿ  ਅਸੀਂ ਗੁਰੂ ਦੇ ਉਪਦੇਸ਼ ਨੂੰ ਸੁਣ ਤਾਂ ਲੈਂਦੇ ਹਾਂ ਪਰ ਮੰਨਣ ਦੀ ਧਾਰਨਾ  ਨੂੰ ਭੁੱਲ ਜਾਂਦੇ ਹਾਂ । ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਮਨੁੱਖ ਦੁੱਖਾਂ ਤੇ ਸੰਸਾਰ ਵਿੱਚ  ਆਪਣੇ ਆਪ ਨੂੰ ਕਦੇ ਵੀ ਨਹੀਂ ਕੱਢ ਸਕਦਾ । ਵਹਿਮਾਂ ਭਰਮਾਂ ਦਾ ਧਾਰਨੀ ਮਨੁੱਖ ਬੇਸ਼ੱਕ ਜਿੰਨਾ ਮਰਜ਼ੀ ਗੁਰਬਾਣੀ ਨੂੰ ਉਚਾਰਦਾ ਰਹੇ ਪਰ ਉਸ ਦੀ ਇਹ ਉਚਾਰਨ ਸ਼ਕਤੀ ਜਦੋਂ ਤਕ ਉਸ ਦੇ ਮਨ ਵਿੱਚ ਵਾਸ ਨਹੀਂ ਕਰਦੀ ਉਹ ਕਦੇ ਵੀ ਆਤਮਿਕ ਆਨੰਦ ਨੂੰ ਪ੍ਰਾਪਤ ਨਹੀਂ ਕਰ ਸਕਦਾ , ਤੇ ਜਦੋਂ ਅਜਿਹਾ ਵਿਅਕਤੀ ਆਤਮਿਕ ਆਨੰਦ ਦੀ ਪ੍ਰਾਪਤੀ ਨਹੀਂ ਕਰ ਪਾਉਂਦਾ ਤਾਂ ਉਹ ਇਸ ਸੰਸਾਰੀ ਲੋਕ ਵਿਚ ਅਨੇਕਾਂ ਖੇਡਾਂ ਖੇਡਦਾ ਹੋਇਆ  ਆਪਣੀ ਜੀਵਨ ਯਾਤਰਾ ਨੂੰ ਖ਼ਤਮ ਕਰ ਲੈਂਦਾ ਹੈ। ਸੋ ਅਜਿਹੇ ਅਡੰਬਰਾਂ ਅਤੇ ਪਖੰਡਾਂ ਨੂੰ ਵੇਖਦੇ ਹੋਏ ਸਾਹਿਬ  ਸ੍ਰੀ ਗੁਰੂ ਗੋਬਿੰਦ  ਸਿੰਘ  ਜੀ ਮਹਾਰਾਜ ਨੇ  ਬਚਿੱਤਰ ਨਾਟਕ ਵਿੱਚ  ਉਚਾਰਨ ਕੀਤਾ "ਮੈ ਹੋ ਪਰਮ ਪੁਰਖ ਕੋ ਦਾਸਾ ॥ ਦੇਖਨਿ ਆਯੋ ਜਗਤ ਤਮਾਸਾ ।।" ਭਾਵ ਉਸ ਅਕਾਲ ਪੁਰਖ ਨਿਰੰਕਾਰ, ਸਿਰਜਣਹਾਰ  ਦਾ ਨਿਮਾਣਾ ਜਿਹਾ ਦਾਸ ਹਾਂ, ਜੋ ਅਕਾਲਪੁਰਖ ਦੇ ਹੁਕਮ ਨਾਲ ਇਸ ਜਗਤ ਵਿਚ ਆਇਆ ਹਾਂ ਅਤੇ ਇਸ ਜਗਤ ਦੇ ਤਮਾਸ਼ਿਆਂ ਨੂੰ ਵੇਖ ਰਿਹਾਂ । ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਖਿਆ ਸੀ,

ਜੋਹਮਕੋਪਰਮੇਸੁਰਉਚਰਿਹੈ ॥

ਤੇਸਭਨਰਕਿਕੁੰਡਮਹਿਪਰਿਹੈ ॥

ਮੋਕੋਦਾਸੁਤਵਨਕਾਜਾਨੋ।।

ਯਾਮੈਭੇਦੁਨਰੰਚਪਛਾਨੋ ॥੩੨॥

ਮੈਹੋਪਰਮਪੁਰਖਕੋਦਾਸਾ ॥

ਦੇਖਨਿਆਯੋਜਗਤਤਮਾਸਾ।।

ਜੋਪ੍ਰਭਜਗਤਿਕਹਾਸੋਕਹਿਹੋ ॥

ਮ੍ਰਿਤਲੋਗਤੇਮੋਨਿਨਰਹਿਹੋ ॥੩੩॥ 

 *(ਸ੍ਰੀ ਦਸਮ ਗ੍ਰੰਥ ਸਾਹਿਬ, ਬਚਿਤ੍ਰ ਨਾਟਕ, ਅੰਗ - 123)*

 "ਤਮਾਸ਼ਾ"  ਜਿਸ ਦੇ ਸ਼ਬਦੀ ਅਰਥ ਹਨ ਮਨ ਪਰਚਾਵੇ ਲਈ ਕੀਤਾ ਜਾ ਰਿਹਾ ਕਰਤੱਵ । ਜੇਕਰ ਅਸੀਂ ਇਸ ਸੰਸਾਰ ਦੀ ਗੱਲ ਕਰੀਏ ਤਾਂ ਇਸ ਸੰਸਾਰ ਵਿਚ ਵੀ ਲੋਕ ਜੋ ਕੁਝ ਵੀ ਕਰ ਰਹੇ ਹਨ ਉਨ੍ਹਾਂ ਦਾ ਸਿਰਫ ਇਕ ਮਕਸਦ ਹੁੰਦਾ ਹੈ ਮਨ ਦੀ ਸੰਤੁਸ਼ਟੀ ਪਰ ਉਨ੍ਹਾਂ ਨੂੰ ਇਸ ਮਨ ਦੀ ਸੰਤੁਸ਼ਟੀ ਲਈ ਅਨੇਕਾਂ ਦੁਨਿਆਵੀ ਖੇਡਾਂ ਖੇਡਣੀਆਂ ਪੈਂਦੀਆਂ ਹਨ । ਇਸ ਦੁਨਿਆਵੀ ਖੇਡਾਂ ਨੂੰ ਖੇਡਦੇ ਹੋਏ ਜੋ ਮਨੁੱਖ ਨੂੰ ਮਨ ਦੀ ਸੰਤੁਸ਼ਟੀ ਪ੍ਰਾਪਤ ਹੁੰਦੀ ਹੈ ਉਸ ਦਾ ਟਿਕਾਅ ਕੇਵਲ ਤੇ ਕੇਵਲ ਕੁਝ ਸਮੇਂ ਦੇ ਲਈ ਹੁੰਦਾ ਹੈ । ਇਸ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਨ੍ਹਾਂ ਦੁਨੀਆ ਵੀ ਖੇਡਾਂ ਨੂੰ ਇਕ ਤਮਾਸ਼ੇ ਵਜੋਂ ਵੇਖਿਆ ਹੈ ਜਿਸ ਨੂੰ ਖੇਡ ਕੇ ਮਨੁੱਖ ਵਾਰ ਵਾਰ ਜਨਮ ਮਰਨ ਦੇ ਚੱਕਰਾਂ ਵਿੱਚ ਪੈ ਜਾਂਦਾ ਹੈ । ਪਰ ਜੇਕਰ  ਸਦੈਵ ਲਈ ਇਨਸਾਨ ਨੂੰ ਮਨ ਦੀ ਸੰਤੁਸ਼ਟੀ ਚਾਹੀਦੀ ਹੈ ਤਾਂ ਉਸ ਨੂੰ ਕੇਵਲ ਤੇ ਕੇਵਲ  ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਜਾਣ ਕੇ ਉਨ੍ਹਾਂ ਨੂੰ ਸਮਝ ਕੇ ਅਤੇ ਉਸ ਸਮਝ ਨੂੰ ਆਪਣੇ ਅੰਦਰ ਢਾਲ ਕੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ  ।

ਵਰਤਮਾਨ ਸਮੇਂ ਵਿਚ ਜੇਕਰ ਅਸੀਂ ਆਪਣੇ ਆਲੇ ਦੁਆਲੇ ਝਾਤ ਮਾਰੀਏ ਤਾਂ  ਸਾਨੂੰ ਸਾਰੀ ਹੀ ਲੋਕਾਈ ਦੁੱਖਾਂ ਵਿੱਚ ਪਈ ਹੋਈ ਨਜ਼ਰ ਆਉਂਦੀ ਹੈ  ।ਅਸੀਂ ਜੇਕਰ ਕਿਸੇ ਨਾਲ ਆਮ ਸ਼ਬਦਾਂ ਵਿੱਚ ਵੀ ਗੱਲ ਕਰੀਏ ਤਾਂ ਉਸ ਦਾ ਦੁੱਖ ਸਭ ਤੋਂ ਪਹਿਲਾਂ ਉੱਭਰ ਕੇ ਸਾਹਮਣੇ ਆਉਂਦਾ ਹੈ, ਪਰ ਉਹ ਇਨਸਾਨ ਕਦੇ ਇਹ ਨਹੀਂ ਸੋਚਦਾ ਕਿ ਜਿਸ ਕੋਲ ਉਹ ਗੱਲ ਕਰ ਰਿਹਾ ਹੈ ਉਹ ਵੀ ਇਨ੍ਹਾਂ ਦੁੱਖਾਂ ਵਿੱਚ ਹੀ ਜੀਵਨ ਬਤੀਤ ਕਰ ਰਿਹਾ ਹੈ । ਇਸ ਤਰ੍ਹਾਂ ਮਨੁੱਖ ਦਾ ਮਨੁੱਖ ਨਾਲ ਸਾਂਝਾ ਕੀਤਾ ਹੋਇਆ ਦੁੱਖ ਕੁਝ ਸਮੇਂ ਲਈ ਭੁੱਲ ਸਕਦਾ ਹੈ ਪਰ ਕਦੇ ਵੀ  ਸਦੈਵ ਸਮੇਂ  ਲਈ ਮਨੁੱਖ ਆਪਣਾ ਦੁੱਖ ਲੁਕਾ ਕੇ ਨਹੀਂ ਰੱਖ ਸਕਦਾ। ਅਜਿਹੀਆਂ ਵਿਚਾਰਧਾਰਾਵਾਂ ਮਨੁੱਖ ਨੂੰ  ਅਕਾਲ  ਪੁਰਖ ਤੋਂ ਦੂਰ ਲੈ ਕੇ ਜਾਂਦੀਆਂ ਹਨ । ਜੇਕਰ ਗੱਲ ਧਾਰਮਿਕ ਗ੍ਰੰਥਾਂ ਦੀ ਕੀਤੀ ਜਾਵੇ ਤਾਂ ਸਾਰੇ ਧਰਮ ਗ੍ਰੰਥ ਪੂਜਣ ਯੋਗ ਹਨ । ਕਿਸੇ ਵੀ ਧਰਮ ਗ੍ਰੰਥ ਵਿੱਚ ਦੂਜੇ ਧਰਮ ਗ੍ਰੰਥ ਦੀ ਨਿੰਦਿਆ ਨਹੀਂ ਕੀਤੀ ਗਈ  ਅਤੇ ਨਾ ਹੀ ਕਿਤੇ ਇਹ ਲਿਖਿਆ ਗਿਆ ਹੈ ਕਿ  ਲੋਕਾਂ ਨੂੰ ਧਰਮ ਦੇ ਨਾਮ ਤੇ  ਭੜਕਾਇਆ ਜਾਵੇ । ਜੋ ਵੀ ਅਜੋਕੇ ਦੌਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਬੇਅਦਬੀਆਂ  ਕਰਵਾ ਕੇ ਰਾਜਨੈਤਿਕ ਖੇਡਾਂ ਖੇਡੀਆਂ ਜਾ ਰਹੀਆਂ ਹਨ ਇਨ੍ਹਾਂ ਖੇਡਾਂ ਨੂੰ ਖੇਡਣ ਦੇ ਲਈ ਕਿਸੇ ਵੀ ਧਰਮ ਗ੍ਰੰਥ ਵਿੱਚ  ਨਹੀਂ ਕਿਹਾ ਗਿਆ ਹੈ  ।ਸਗੋਂ ਸਾਰੇ ਹੀ ਧਰਮ ਗ੍ਰੰਥ ਮਨੁੱਖ ਨੂੰ ਉਸ ਅਕਾਲ ਪੁਰਖ ਨਾਲ ਜੁੜਨ ਦੀ ਸੇਧ ਬਖ਼ਸ਼ਦੇ ਹਨ । ਦੁਨੀਆਂ ਦੇ ਸਾਰੇ ਧਾਰਮਿਕ ਗ੍ਰੰਥ ਇਕ ਰਸਤਾ ਹਨ ਜੋ ਕੇਵਲ ਇਕ ਤੇ ਜਾ ਕੇ ਖ਼ਤਮ ਹੁੰਦਾ ਹੈ, ਪਰ ਅਫ਼ਸੋਸ   ਧਰਮ ਦੇ ਨਾਂ ਤੇ ਵੰਡੀਆਂ ਪਵਾ ਕੇ, ਧਰਮ ਦੇ ਠੇਕੇਦਾਰਾਂ ਨੇ  ਆਪਣੇ ਹੁਕਮਾਂ ਨੂੰ ਲਾਗੂ ਕਰ ਦਿੱਤਾ ਹੈ । ਪੁਰਾਤਨ ਸਮਿਆਂ ਤੋਂ ਚੱਲੀਆਂ ਆ ਰਹੀਆਂ ਅਨੇਕਾਂ  ਰਵਾਇਤਾਂ ਨੂੰ  ਧਰਮ ਦੇ ਠੇਕੇਦਾਰਾਂ ਨੇ ਖ਼ਤਮ ਕਰ ਕੇ ਨਵੀਆਂ ਰਵਾਇਤਾਂ ਨੂੰ ਚਲਾ ਦਿੱਤਾ ਹੈ । ਜਿੱਥੇ ਕਿਤੇ ਇਨ੍ਹਾਂ ਨੂੰ ਲੱਗਦਾ ਹੈ ਕਿ ਇਹ ਸਾਡੀ ਸ਼ਾਨ ਦੇ ਖ਼ਿਲਾਫ ਸ਼ਬਦ ਹਨ , ਉਨ੍ਹਾਂ ਸ਼ਬਦਾਂ ਨੂੰ ਦਰ ਕਿਨਾਰ ਕਰ ਕੇ ਪਵਿੱਤਰ ਬਾਣੀਆਂ ਦਾ ਅਪਮਾਨ  ਕੀਤਾ ਹੈ । ਜੇਕਰ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਬਾਰੇ ਕੀਤੀ ਜਾਵੇ ਤਾਂ  ਇਨ੍ਹਾਂ ਧਰਮ ਦੇ ਠੇਕੇਦਾਰਾਂ ਨੂੰ ਅਤੇ ਸਿਆਸਤੀ ਲੋਕਾਂ ਨੂੰ ਇਸ ਨਾਲ ਕੋਈ ਵੀ ਵਾਹ ਵਾਸਤਾ ਨਹੀਂ ਹੈ ਕਿਉਂ ਕੀ ਇਹ ਲੋਕ ਗੁਰੂ ਤੋਂ ਬੇਮੁਖ ਹੋ ਕੇ ਮਨਮੁਖ ਜੀਵਨ ਬਤੀਤ ਕਰ ਰਹੇ ਹਨ । ਪਰ ਸੱਚ ਜਾਣਿਓ ਜਿਸ ਦਿਨ ਵੀ ਇਨ੍ਹਾਂ ਲੋਕਾਂ ਦਾ ਸੱਚ ਨਾਲ ਵਾਹ ਪੈ ਗਿਆ ਉਸ ਦਿਨ ਬੇਅਦਬੀਆਂ ਕਰਨ ਵਾਲੇ ਅਤੇ ਕਰਾਉਣ ਸਿਆਸਤੀ ਦਿਮਾਗ ਦਾ ਨਸ਼ਰ ਹੋਣਾ ਤੈਅ ਹੈ  ।

ਸਰਬਜੀਤ ਕੌਰ *ਸਰਬ*