ਧਰਮ ਤੇ ਕਿਸਾਨੀ ਨੂੰ ਬਚਾਉਣ ਲਈ ਖ਼ਾਲਸੇ ਨੇ ਸੰਭਾਲਿਆ ਮੋਰਚਾ
ਸਰਬਜੀਤ ਕੌਰ ਸਰਬ
ਅਕਾਲ ਪੁਰਖੁ ਤੱਕ ਪੁੱਜਣ ਲਈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝਣਾ ਪੈਣਾ ਹੈ
ਬੀਤੇ ਦਿਨੀਂ ਜਿੰਨੀਆਂ ਵੀ ਘਟਨਾਵਾਂ ਕਿਸਾਨੀ ਸੰਘਰਸ਼ ਵਿਚ ਵਾਪਰੀਆਂ ਹਨ , ਉਹ ਸਾਰੀਆਂ ਇਕ ਗੱਲ ਸਿੱਧ ਕਰਦੀਆਂ ਹਨ ਕਿ ਭਾਰਤੀ ਹਕੂਮਤ ਕਿਸਾਨੀ ਸੰਘਰਸ਼ ਨੂੰ ਖਤਮ ਕਰਨ ਦੇ ਲਈ ਕਿਸੇ ਵੀ ਹੱਦ ਤਕ ਜਾ ਸਕਦੀ ਹੈ । ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਵੀ ਹੁਕਮਰਾਨ ਤਾਨਾਸ਼ਾਹੀ ਦੀ ਗੱਲ ਕਰਦੇ ਹਨ ਤਾਂ ਸਭ ਤੋਂ ਪਹਿਲਾਂ ਆਮ ਲੋਕਾਂ ਵਿੱਚ ਆਪਸੀ ਫੁੱਟ ਪੈਦਾ ਕਰਵਾਉਂਦੇ ਹਨ । ਜੇਕਰ ਉਨ੍ਹਾਂ ਦੀ ਇਹ ਚਾਲ ਕਾਮਯਾਬ ਹੋ ਜਾਂਦੀ ਹੈ ਤਾਂ ਲੋਕ ਆਪਸ ਵਿੱਚ ਲੜ ਕੇ ਆਪਣੇ ਅਸਲ ਮੁੱਦਿਆਂ ਤੋਂ ਭਟਕ ਜਾਂਦੇ ਹਨ । ਇੱਥੇ ਕਲਗੀਧਰ ਪਾਤਸ਼ਾਹ ਦੀਆਂ ਲਾਡਲੀਆਂ ਫੌਜਾਂ ਦੇ ਅੱਗੇ ਉਨ੍ਹਾਂ ਦੀ ਇਹ ਫੁੱਟ ਪਾਓ ਦੀ ਨੀਤੀ ਨਾਕਾਮਯਾਬ ਹੋ ਗਈ ਸੀ । ਬੇਸ਼ੱਕ ਧਰਮ ਦੇ ਨਾਮ ਉਤੇ ਬਹੁਤ ਜ਼ਿਆਦਾ ਬਵਾਲ ਉੱਠਿਆ, ਨਿਹੰਗ ਸਿੰਘਾਂ ਵਿੱਚ ਆਪਸੀ ਮਨ ਮੁਟਾਵ ਸਾਹਮਣੇ ਆਏ ਪਰ ਇਹ ਸਭ ਕੁਝ ਵਾਪਰਨ ਦੇ ਬਾਵਜੂਦ ਵੀ ਕਿਸਾਨੀ ਸੰਘਰਸ਼ ਆਪਣਾ ਸਫ਼ਰ ਤੈਅ ਕਰਦਾ ਰਿਹਾ ਹੈ । ਭਾਰਤੀ ਹਕੂਮਤ ਦੀ ਅਸਲ ਨੀਤੀ ਇਹ ਹੀ ਸੀ ਕਿ ਜੇਕਰ ਨਿਹੰਗ ਸਿੰਘਾਂ ਦੀਆਂ ਫੌਜਾਂ ਨੂੰ ਵਾਪਸ ਭੇਜ ਦਿੱਤਾ ਜਾਵੇ ਤਦ ਕਿਸਾਨੀ ਸੰਘਰਸ਼ ਵਿੱਚ ਬੈਠੇ ਉਨ੍ਹਾਂ ਨਿਹੱਥਿਆਂ ਮਜ਼ਲੂਮਾਂ ਉੱਤੇ ਜਬਰ ਜ਼ੁਲਮ ਕਰ ਕੇ ਉਨ੍ਹਾਂ ਨੂੰ ਉੱਥੋਂ ਖਦੇੜ ਦਿੱਤਾ ਜਾਵੇਗਾ । ਖ਼ਾਲਸਾ ਫ਼ੌਜ ਇਸ ਸਮੇਂ ਭਾਰਤੀ ਹਕੂਮਤ ਅਤੇ ਕਿਸਾਨੀ ਅੰਦੋਲਨ ਦੇ ਵਿਚਕਾਰ ਇੱਕ ਮਜ਼ਬੂਤ ਢਾਲ ਬਣ ਕੇ ਖੜ੍ਹੀ ਹੋਈ ਹੈ ਤੇ ਇਸ ਢਾਲ ਨੂੰ ਪਾਰ ਕਰ ਕੇ ਹੀ ਸਰਕਾਰ ਕਿਸਾਨੀ ਅੰਦੋਲਨ ਨੂੰ ਢਾਹ ਲਾ ਸਕਦੀ ਹੈ । ਕਿਉਂਕਿ ਇੱਥੇ ਸਭ ਤੋਂ ਪਹਿਲਾਂ ਸਰਕਾਰ ਨੂੰ ਖ਼ਾਲਸਾ ਫੌਜ ਨਾਲ ਮੁਕਾਬਲਾ ਕਰਨਾ ਪਵੇਗਾ ਜੇਕਰ ਉਹ ਕਿਸਾਨੀ ਸੰਘਰਸ਼ ਨੂੰ ਜਬਰਨ ਉਠਾਉਣ ਦੀ ਕੋਸ਼ਿਸ਼ ਕਰਦੀ ਹੈ । ਸਰਕਾਰ ਦੀ ਇਹ ਰਣਨੀਤੀ ਬਿਲਕੁਲ ਫੇਲ੍ਹ ਹੋ ਗਈ ਹੈ । ਗੁਰੂ ਮਹਾਰਾਜ ਦੀਆਂ ਇਨ੍ਹਾਂ ਲਾਡਲੀਆਂ ਚੱਕਰਵਰਤੀ ਫੌਜਾਂ ਨੇ ਇਕ ਵਾਰ ਫਿਰ ਸਿੱਧ ਕਰ ਦਿੱਤਾ ਹੈ ਕਿ ਮਜ਼ਲੂਮਾਂ ਦੀ ਰੱਖਿਆ ਖ਼ਾਲਸਾ ਫ਼ੌਜ ਤੋਂ ਇਲਾਵਾ ਕੋਈ ਹੋਰ ਨਹੀਂ ਕਰ ਸਕਦਾ ਹੈ । ਜੇਕਰ ਦੇਸ਼ ਦੀ ਆਰਮੀ ਦੀ ਗੱਲ ਕਰੀਏ ਤਾਂ ਉਹ ਵੀ ਸਰਕਾਰ ਦੇ ਘੇਰੇ ਵਿੱਚ ਹੋਣ ਕਰਕੇ ਮਜ਼ਲੂਮਾਂ ਦੀ ਰੱਖਿਆ ਕੇਵਲ ਇਕ ਹੱਦ ਤੱਕ ਕਰ ਸਕਦੀ ਹੈ ਪਰ ਖ਼ਾਲਸਾ ਫ਼ੌਜ ਜੋ ਕੇਵਲ ਆਮ ਲੋਕਾਂ ਦੇ ਹੱਕਾਂ ਦੀ ਰਾਖੀ ਦੇ ਲਈ ਬਣੀ ਹੋਈ ਹੈ। ਮਜ਼ਬੂਰ ਲੋਕ ਕਿਸੇ ਵੀ ਧਰਮ ਜਾ ਜਾਤੀ ਨਾਲ ਸਬੰਧਤ ਹੋਣ , ਪਰ ਖ਼ਾਲਸੇ ਦੇ ਲਈ ਇਹ ਕੇਵਲ ਅਕਾਲ ਪੁਰਖ ਦੁਆਰਾ ਬਣਾਏ ਇਨਸਾਨ ਹਨ ।
ਅਕਾਲ ਪੁਰਖੁ ਤੱਕ ਪੁੱਜਣ ਲਈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝਣਾ ਪੈਣਾ ਹੈ। ਇਸ ਇਲਮ ਨੂੰ ਪਾਉਣ ਦੇ ਲਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਹੋ ਰਹੀਆਂ ਬੇਅਦਬੀਆਂ ਨੂੰ ਠੱਲ੍ਹ ਪਾਉਣ ਦੇ ਲਈ ਖ਼ਾਲਸਾ ਫ਼ੌਜ ਨੇ ਮੋਰਚਾ ਸੰਭਾਲ ਲਿਆ ਹੈ । ਪੰਜਾਬ ਵਿੱਚ ਲੰਬੇ ਸਮੇਂ ਤੋਂ ਹੋ ਰਹੀਆਂ ਇਨ੍ਹਾਂ ਬੇਅਦਬੀਆਂ ਨੇ ਗੁਰੂ ਨੂੰ ਪਿਆਰ ਕਰਨ ਵਾਲੀਆਂ ਰੂਹਾਂ ਵਿੱਚ ਰੋਸ ਦੀ ਲਹਿਰ ਨੂੰ ਉਜਾਗਰ ਕਰ ਦਿੱਤਾ ਸੀ । ਇਨ੍ਹਾਂ ਬੇਅਦਬੀਆਂ ਨੂੰ ਰੋਕਣ ਦੇ ਲਈ ਪੰਥ ਦੀਆਂ ਉੱਚ ਸ਼ਖ਼ਸੀਅਤਾਂ ਨੇ ਵੀ ਕੋਈ ਠੋਸ ਕਾਰਜ ਨਹੀਂ ਕੀਤਾ । ਦਿਨ ਪ੍ਰਤੀ ਦਿਨ ਹੋ ਰਹੀਆਂ ਇਨ੍ਹਾਂ ਬੇਅਦਬੀਆਂ ਦੀ ਚਿਣਗ ਖ਼ਾਲਸੇ ਦੀ ਜਨਮ ਭੂਮੀ ਉੱਤੇ ਵੀ ਪੈ ਗਈ ਸੀ ਪਰ ਜਦੋਂ ਉੱਥੇ ਵੀ ਇਨ੍ਹਾਂ ਪੰਥਕ ਅਤੇ ਧਰਮ ਪ੍ਰਚਾਰ ਕਮੇਟੀਆਂ ਨੇ ਆਪਣੀ ਬਣਦੀ ਭੂਮਿਕਾ ਨਹੀਂ ਨਿਭਾਈ ਤਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੁਆਰਾ ਸਾਜਿਆ ਖ਼ਾਲਸਾ ਅੱਗੇ ਆ ਗਿਆ ਤੇ ਐਲਾਨ ਕਰ ਦਿੱਤਾ ਕਿ ਬੇਅਦਬੀ ਕਰਨ ਵਾਲੇ ਨੂੰ ਉਸੇ ਸਮੇਂ ਸੋਧਾਂ ਲਾਇਆ ਜਾਵੇਗਾ । ਜਦੋਂ ਕੁਝ ਦਿਨਾਂ ਬਾਅਦ ਸਿੰਘੂ ਬਾਰਡਰ ਦੇ ਉੱਤੇ ਪਵਿੱਤਰ ਸ਼ਬਦ ਦੀ ਬੇਅਦਬੀ ਹੁੰਦੀ ਹੈ ਤਦ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਦੁਆਰਾ ਉਸੇ ਸਮੇਂ ਬੇਅਦਬੀ ਕਰਨ ਵਾਲੇ ਬੰਦੇ ਦਾ ਸੋਧਾਂ ਲਾਇਆ ਗਿਆ । ਜਦੋਂ ਨਿਹੰਗ ਸਿੰਘਾਂ ਨੇ ਇਹ ਸੌਧਾ ਲਾ ਦਿੱਤਾ ਫਿਰ ਇਸ ਉੱਤੇ ਵੀ ਰਾਜਨੈਤਿਕ ਸਿਆਸਤ ਵੱਧ ਚੜ੍ਹ ਕੇ ਹੋਈ । ਧਰਮ ਦੇ ਪ੍ਰਚਾਰਕਾਂ ਦੁਆਰਾ ਇਨਸਾਨੀਅਤ ਦੀ ਦੁਹਾਈ ਦੇ ਕੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਗਈਆਂ ਸਨ । ਜਿਨ੍ਹਾਂ ਲੋਕਾਂ ਨੇ ਇਸ ਸੌਧੇ ਨੂੰ ਕਤਲ ਦਾ ਨਾਮ ਦਿੱਤਾ, ਉਨ੍ਹਾਂ ਲੋਕਾਂ ਨੇ ਆਪਣੀ ਮਾਨਸਿਕਤਾ ਨੂੰ ਬਿਆਨ ਕਰ ਦਿੱਤਾ ਕਿ ਉਹ ਸ਼ਬਦ ਨੂੰ ਗੁਰੂ ਨਹੀਂ ਮੰਨਦੇ । ਧਰਮ ਗ੍ਰੰਥ ਉਨ੍ਹਾਂ ਲਈ ਇਕ ਰਾਜਨੈਤਿਕ ਸਿਆਸਤ ਖੇਡਣ ਦਾ ਜ਼ਰੀਆ ਹੈ । ਅਸੀਂ ਸਭ ਜਾਣਦੇ ਹਾਂ ਕਿ ਇਸ ਸਮੇਂ ਧਰਮ ਦੇ ਨਾਮ ਉੱਤੇ ਸਿਆਸਤ ਜ਼ੋਰਾ ਸ਼ੋਰਾਂ ਨਾਲ ਚੱਲ ਰਹੀ ਹੈ । ਇਸ ਸਿਆਸਤ ਨੂੰ ਖੇਡਣ ਵਾਲੇ ਕੇਵਲ ਰਾਜਨੀਤੀ ਦਾ ਹਿੱਸਾ ਹੀ ਨਹੀਂ ਸਗੋਂ ਧਰਮ ਦੇ ਉੱਚ ਅਹੁਦੇਦਾਰ ਵੀ ਹਨ ਜਿਨ੍ਹਾਂ ਨੇ ਅੱਜ ਤਕ ਬੇਅਦਬੀ ਦਾ ਇਨਸਾਫ ਨਹੀਂ ਦਿਵਾਇਆ ਹੈ ।
ਹੁਣ ਜਦੋਂ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਕਿਸਾਨੀ ਤੇ ਧਰਮ ਦੇ ਮੋਰਚੇ ਨੂੰ ਸੰਭਾਲ ਲਿਆ ਹੈ ਤਾਂ ਧਰਮ ਦੇ ਨਾਮ ਉੱਤੇ ਰਾਜਨੀਤਿਕ ਸਿਆਸਤ ਖੇਡਣ ਵਾਲੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਵੀ ਕਰਨਗੇ ਪਰ ਖ਼ਾਲਸਾ ਫ਼ੌਜ ਕੇਵਲ ਤੇ ਕੇਵਲ ਗੁਰੂ ਨੂੰ ਸਮਰਪਿਤ ਹੈ । ਦੁਨਿਆਵੀ ਮੋਹ ਮਾਇਆ ਤੋਂ ਦੂਰ ਉਹ ਕੇਵਲ ਧਰਮ ਦੀ ਰੱਖਿਆ ਅਤੇ ਮਜ਼ਲੂਮਾਂ ਦੇ ਹੱਕਾਂ ਦੀ ਰੱਖਿਆ ਦੇ ਲਈ ਜਿਊਂਦੀ ਹੈ । ਨਿਹੰਗ ਸਿੰਘਾਂ ਵੱਲੋਂ ਜੋ ਵੀ ਜ਼ਿੰਮੇਵਾਰੀ ਬੇਅਦਬੀਆਂ ਨੂੰ ਰੋਕਣ ਦੇ ਲਈ ਅਤੇ ਕਿਸਾਨੀ ਸੰਘਰਸ਼ ਨੂੰ ਅੱਗੇ ਤੋਰਨ ਦੇ ਲਈ ਚੁੱਕੀ ਗਈ ਹੈ ।ਉਸ ਦਾ ਸਮਰਥਨ ਦੇਸ਼ ਵਿਦੇਸ਼ਾਂ ਵਿਚ ਵੱਸਦੇ ਸਿੱਖ ਕੌਮ ਦੇ ਨੁਮਾਇੰਦਿਆਂ ਨੇ ਅਤੇ ਭਾਰਤ ਦੀਆਂ ਸਿੱਖ ਜਥੇਬੰਦੀਆਂ ਨੇ ਪੂਰ ਜ਼ੋਰ ਦਿੱਤਾ ਹੈ । ਜਿਸ ਦੇ ਚਲਦੇ ਹੋਏ ਨਿਹੰਗ ਸਿੰਘਾਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹ ਕਿਸੇ ਵੀ ਸਮੇਂ ਗੁਰੂ ਘਰਾਂ ਵਿੱਚ ਜਾ ਕੇ ਪੁੱਛ ਪੜਤਾਲ ਕਰ ਸਕਦੇ ਹਨ ਤੇ ਜੇਕਰ ਉਨ੍ਹਾਂ ਨੂੰ ਲੱਗਿਆ ਕਿ ਗੁਰੂ ਮਹਾਰਾਜ ਜੀ ਦਾ ਸਰੂਪ ਇਸ ਜਗ੍ਹਾ ਸੁਰੱਖਿਅਤ ਨਹੀਂ ਹੈ ਤਾਂ ਉਹ ਉਸ ਸਰੂਪ ਨੂੰ ਆਪਣੇ ਨਾਲ ਲੈ ਜਾ ਸਕਦੇ ਹਨ । ਗੁਰੂ ਘਰਾਂ ਵਿੱਚ ਬਣੀਆਂ ਹੋਈਆਂ ਕਮੇਟੀਆਂ ਅਤੇ ਉਥੋਂ ਦੇ ਗ੍ਰੰਥੀ ਸਿੰਘਾਂ ਕੋਲੋਂ ਕਦੇ ਵੀ ਨਿਹੰਗ ਸਿੰਘ ਪੁੱਛ ਪੜਤਾਲ ਕਰ ਸਕਦੇ ਹਨ । ਗੁਰੂ ਦੀ ਲਾਡਲੀ ਫੌਜ ਵੱਲੋਂ ਜਾਰੀ ਕੀਤਾ ਇਹ ਐਲਾਨ ਬੇਅਦਬੀ ਨੂੰ ਠੱਲ੍ਹ ਹੀ ਨਹੀਂ ਪਵੇਗਾ ਸਗੋਂ ਜੋ ਅਵੇਸਲਾਪਣ ਸਿੱਖੀ ਵਿੱਚ ਆ ਗਿਆ ਹੈ ਉਹ ਵੀ ਦੂਰ ਹੋਵੇਗਾ । ਨਿਹੰਗ ਸਿੰਘਾਂ ਦੇ ਇਸ ਫੈਸਲੇ ਨੇ ਸਿੱਖ ਕੌਮ ਵਿੱਚ ਮੁੜ ਤੋਂ ਖ਼ਾਲਸਾ ਰਾਜ ਦੀ ਸਥਾਪਨਾ ਦਾ ਮੁੱਢ ਬੰਨ੍ਹ ਦਿੱਤਾ ਹੈ । ਆਉਣ ਵਾਲੇ ਸਮੇਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸਮੇਂ ਤੋਂ ਚੱਲੀ ਆ ਰਹੀ ਪੁਰਾਤਨ ਮਰਿਆਦਾ ਇੱਕ ਵਾਰ ਫੇਰ ਸਿੱਖ ਕੌਮ ਨੂੰ ਇਕ ਕਰ ਦੇਵੇਗੀ । ਪੰਥ ਪ੍ਰਚਾਰਕਾਂ ਵੱਲੋਂ ਵਿਆਖਿਆਵਾਂ ਦੀਆਂ ਜੋ ਕੰਧਾਂ ਉਸਾਰੀਆਂ ਗਈਆਂ ਹਨ ਉਨ੍ਹਾਂ ਨੂੰ ਵੀ ਖ਼ਾਲਸਾ ਫ਼ੌਜ ਦੁਆਰਾ ਇੱਕ ਨਾ ਇੱਕ ਦਿਨ ਢਹਿ ਢੇਰੀ ਕਰ ਦਿੱਤਾ ਜਾਵੇਗਾ ਤੇ ਉਸ ਦੀ ਜਗ੍ਹਾ ਇਕ ਸੱਚ ਦੀ ਵਿਆਖਿਆ ਹੋਵੇਗੀ ਅਤੇ ਅਕਾਲ ਦਾ ਦੀਦਾਰ ਹੋਵੇਗਾ । ਵਿਆਖਿਆ ਦੀ ਇਹ ਕੰਧ ਉਸ ਅਕਾਲ ਪੁਰਖ ਨੂੰ ਓਹਲੇ ਕਰਦੀ ਹੈ ਜੋ ਸੱਚ ਅਤੇ ਅਪਰੰਪਾਰ ਹੈ ਜਿਸ ਵਿਚ ਇਹ ਸਾਰਾ ਬ੍ਰਹਿਮੰਡ ਸਮਾਇਆ ਹੋਇਆ ਹੈ।
Comments (0)