ਰੋਬੋਟਿਕ ਤਕਨੀਕ ਨਾਲ ਬਣੇ ਰੋਬੋਟ ਪਾਲਤੂ ਜਾਨਵਰ

ਰੋਬੋਟਿਕ ਤਕਨੀਕ ਨਾਲ ਬਣੇ ਰੋਬੋਟ ਪਾਲਤੂ ਜਾਨਵਰ

ਪਾਲਤੂ ਜਾਨਵਰਾਂ ਦੇ ਨਾਲ ਨੈਤਿਕ ਵਿਸ਼ਵਾਸਘਾਤ ਵੀ ਹੈ

ਪਿਛਲੀ ਸਦੀ ਦੇ 90 ਦੇ ਦਹਾਕੇ 'ਚ ਪਹਿਲੀ ਵਾਰ ਰੋਬੋਟਿਕ ਤਕਨੀਕ ਨੇ ਪਾਲਤੂ ਜਾਨਵਰਾਂ ਨੂੰ ਬਣਾਉਣਾ ਸ਼ੁਰੂ ਕੀਤਾ ਸੀ। ਪਰ ਇਹ ਪ੍ਰਯੋਗਿਕ ਰੋਬੋਟਿਕ ਕੁੱਤੇ-ਬਿੱਲੀਆਂ ਸਨ। ਪਰ ਪੌਣੀ ਸਦੀ ਬੀਤ ਜਾਣ ਬਾਅਦ ਹੁਣ ਜਦੋਂ ਕਿ ਰੋਬੋਟਿਕ ਤਕਨੀਕ ਬਹੁਤ ਉੱਨਤ ਹੋ ਚੁੱਕੀ ਹੈ, ਤਾਂ ਹੁਣ ਇਹ ਰੋਬੋਟਿਕ ਪਾਲਤੂ ਜਾਨਵਰ ਮੌਜੂਦਾ ਸਮੇਂ ਅਸਲੀ ਪਾਲਤੂ ਜਾਨਵਰਾਂ ਦੀ ਘਾਟ ਪੂਰੀ ਕਰਨ ਲੱਗੇ ਹਨ। 1990 ਦੇ ਦਹਾਕੇ ਦੇ ਅਖੀਰ ਵਿਚ ਜੋ ਰੋਬੋਟਿਕ ਪਾਲਤੂ ਜਾਨਵਰ ਸਨ, ਉਹ ਕਿਤੇ-ਕਿਤੇ ਖਿਡੌਣੇ ਦਾ ਅਹਿਸਾਸ ਕਰਾਉਂਦੇ ਸਨ ਪਰ ਅੱਜ ਦੇ ਰੋਬੋਟਿਕ ਕੁੱਤੇ ਅਤੇ ਬਿੱਲੀਆਂ ਏਨੇ ਅਸਲੀ ਲਗਦੇ ਹਨ ਕਿ ਲੋਕ ਇਨ੍ਹਾਂ ਦੇ ਨਾਲ ਆਪਣੀਆਂ ਭਾਵਨਾਵਾਂ ਇੰਜ ਸਾਂਝੀਆਂ ਕਰਦੇ ਹਨ ਜਿਵੇਂ ਜੀਵਤ ਪਾਲਤੂ ਜਾਨਵਰਾਂ ਦੇ ਨਾਲ ਸਾਂਝੀਆਂ ਕਰਦੇ ਸਨ। ਜਾਪਾਨ ਵਿਚ 3 ਲੱਖ ਤੋਂ ਜ਼ਿਆਦਾ ਲੋਕਾਂ ਨੇ ਸੱਚਮੁੱਚ ਹੀ ਪਾਲਤੂ ਜਾਨਵਰਾਂ ਦੀ ਥਾਂ ਇਨ੍ਹਾਂ ਰੋਬੋਟਿਸ ਪਾਲਤੂ ਜਾਨਵਰਾਂ ਨੂੰ ਅਪਣਾ ਲਿਆ ਹੈ।

ਇਹ ਸੋਚਣ ਵਿਚ ਸਾਨੂੰ ਕਈ ਵਾਰ ਹਾਸੋਹੀਣੀ ਗੱਲ ਲੱਗ ਸਕਦੀ ਹੈ ਕਿ ਜੀਵਤ ਪਾਲਤੂ ਜਾਨਵਰਾਂ ਨੂੰ ਇਨ੍ਹਾਂ ਰੋਬੋਟਿਕ ਪਾਲਤੂ ਜਾਨਵਰਾਂ ਦਾ ਹੋਣਾ ਬੁਰਾ ਲੱਗ ਸਕਦਾ ਹੈ ਪਰ ਅਜਿਹਾ ਹੈ। ਮਜ਼ਾਕ ਨਹੀਂ ਸੱਚਮੁੱਚ ਹੀ ਅਜਿਹਾ ਹੈ। ਜਾਪਾਨ ਵਿਚ ਪਸ਼ੂ ਪ੍ਰੇਮੀਆਂ ਨੇ ਹੀ ਨਹੀਂ, ਕਈ ਮਾਹਰਾਂ ਨੇ ਵੀ ਮਹਿਸੂਸ ਕੀਤਾ ਹੈ ਕਿ ਜਿਨ੍ਹਾਂ ਘਰਾਂ ਵਿਚ ਇਕ ਰੋਬੋਟਿਕ ਕੁੱਤਾ ਅਤੇ ਇਕ ਹੱਡ-ਮਾਸ ਦਾ ਜਿਊਂਦਾ ਕੁੱਤਾ ਹੈ, ਉਹ ਜੀਵਤ ਕੁੱਤਾ ਇਸ ਰੋਬੋਟਿਕ ਕੁੱਤੇ ਦੀ ਵਜ੍ਹਾ ਕਰਕੇ ਨਾ ਸਿਰਫ਼ ਤਣਾਅ ਵਿਚ ਰਹਿੰਦਾ ਹੈ, ਬਲਕਿ ਹਰ ਸਮੇਂ ਸਭ 'ਤੇ ਖਫ਼ਾ ਵੀ ਰਹਿੰਦਾ ਹੈ। ਇਸ ਲਈ ਜਾਪਾਨ ਵਿਚ ਕੁਝ ਪਸ਼ੂ ਪ੍ਰੇਮੀ ਸੰਗਠਨ ਮੁਹਿੰਮ ਚਲਾ ਰਹੇ ਹਨ ਕਿ ਦੁਨੀਆ ਲਈ ਕਿਰਪਾ ਕਰਕੇ ਰੋਬੋਟਿਕ ਪਾਲਤੂ ਜਾਨਵਰ ਨਾ ਪਾਲੋ। ਇਸ ਨਾਲ ਪਾਲਤੂ ਜਾਨਵਰਾਂ ਦੇ ਜੀਵਨ ਵਿਚ ਬਹੁਤ ਸਾਰੇ ਭਾਵਨਾਤਮਿਕ ਤਣਾਅ ਪੈਦਾ ਹੋ ਰਹੇ ਹਨ।

ਵੈਸੇ ਇਹ ਇਕ ਕਿਸਮ ਨਾਲ ਪਾਲਤੂ ਜਾਨਵਰਾਂ ਦੇ ਨਾਲ ਨੈਤਿਕ ਵਿਸ਼ਵਾਸਘਾਤ ਵੀ ਹੈ। ਪਰ ਜਦੋਂ ਕੋਈ ਚੀਜ਼ ਬਾਜ਼ਾਰ ਵਿਚ ਆ ਜਾਂਦੀ ਹੈ ਤਾਂ ਨੈਤਿਕ ਵਿਸ਼ਵਾਸਘਾਤਾਂ ਜਾਂ ਦੂਸਰੇ ਕਿਸਮ ਦੇ ਨੈਤਿਕ ਰੁਕਾਵਟਾਂ ਦਾ ਹਵਾਲਾ ਦੇ ਕੇ ਉਨ੍ਹਾਂ ਦੀ ਮੌਜੂਦਗੀ ਨੂੰ ਖਤਮ ਕਰਨਾ ਸੰਭਵ ਨਹੀਂ ਹੁੰਦਾ। ਅੱਜ ਦੀ ਤਾਰੀਕ ਵਿਚ ਰੋਬੋਟਿਕ ਪਾਲਤੂ ਜਾਨਵਰਾਂ ਦੇ ਸੰਬੰਧ 'ਚ ਇਹੀ ਹੋ ਰਿਹਾ ਹੈ। ਅੱਜ ਰੋਬੋਟਿਕ ਪਾਲਤੂ ਜਾਨਵਰ ਖਰੀਦਣਾ ਜਾਪਾਨ ਵਿਚ ਜਿਊਂਦੇ ਪਾਲਤੂ ਖਰੀਦਣ ਨਾਲੋਂ ਬਹੁਤ ਜ਼ਿਆਦਾ ਮਹਿੰਗਾ ਹੈ। ਇਕ ਹੱਡ-ਮਾਸ ਦਾ ਜੀਵਤ ਪਾਲਤੂ ਜਾਨਵਰ ਖਰੀਦਣਾ ਵੀ ਬਹੁਤ ਮਹਿੰਗਾ ਹੈ, ਪਰ ਫਿਰ ਉਨ੍ਹਾਂ ਨੂੰ ਪਾਲਣ ਦੀ ਲਗਾਤਾਰ ਇਕ ਵੱਡੀ ਕੀਮਤ ਵੀ ਚੁਕਾਉਣੀ ਪੈਂਦੀ ਹੈ।

ਇਸ ਵਜ੍ਹਾ ਕਰਕੇ ਜਾਪਾਨ ਦੇ ਲੋਕ ਇਨ੍ਹੀਂ ਦਿਨੀਂ ਹੱਡ-ਮਾਸ ਦੇ ਪਾਲਤੂ ਜਾਨਵਰਾਂ ਦੀ ਜਗ੍ਹਾ ਬਨਾਉਟੀ ਭਾਵ ਰੋਬੋਟਿਕ ਪਾਲਤੂ ਜਾਨਵਰਾਂ ਨੂੰ ਖਰੀਦਣ ਲਈ ਤਰਜੀਹ ਦੇ ਰਹੇ ਹਨ। ਇਸ ਦਾ ਨਤੀਜਾ ਇਹ ਹੈ ਕਿ ਪਾਲਤੂ ਜਾਨਵਰਾਂ ਵਿਚ ਅਸੁਰੱਖਿਆ ਅਤੇ ਤਣਾਅ ਸਾਹਮਣੇ ਆ ਰਿਹਾ ਹੈ। ਹਾਲਾਂਕਿ ਦੁਨੀਆ 'ਚ ਕਰੀਬ 46 ਕਿਸਮ ਦੇ ਜਾਨਵਰਾਂ ਨੂੰ ਲੋਕ ਪਾਲਤੂ ਜਾਨਵਰਾਂ ਦੀ ਤਰ੍ਹਾਂ ਪਾਲਦੇ ਹਨ ਪਰ ਸਹੀ ਮਾਅਨਿਆਂ ਵਿਚ ਪਾਲਤੂ ਜਾਨਵਰਾਂ ਦੇ ਰੂਪ ਵਿਚ ਇਨਸਾਨ ਨਾਲ ਜੋ ਸਭ ਤੋਂ ਜ਼ਿਆਦਾ ਘੁਲੇ-ਮਿਲੇ ਹਨ, ਉਹ ਕੁੱਤਾ ਤੇ ਬਿੱਲੀ ਹੀ ਹਨ। ਇਹ ਦੋਵੇਂ ਹੀ ਇਨ੍ਹਾਂ ਦਿਨੀਂ ਸਪੱਸ਼ਟ ਰੂਪ 'ਚ ਆਪਣੇ ਰੋਬੋਟਿਕ ਭਾਈ-ਬੰਧੂਆਂ ਕਾਰਨ ਕਾਫੀ ਜ਼ਿਆਦਾ ਤਣਾਅ ਵਿਚ ਰਹਿੰਦੇ ਹਨ। ਉਂਜ ਇਹ ਇਤਿਹਾਸ ਦਾ ਪਹਿਲਾ ਦੌਰ ਨਹੀਂ ਹੈ, ਜਦੋਂ ਇਨਸਾਨ ਆਪਣੀ ਜ਼ਰੂਰਤ ਲਈ ਕਿਸੇ ਪਾਲਤੂ ਜਾਨਵਰ ਨੂੰ ਛੱਡ ਕੇ ਤਕਨੀਕ ਦੇ ਪੱਖ 'ਚ ਖੜ੍ਹਾ ਹੋਇਆ ਹੋਵੇ। 1900 ਤੱਕ ਦੁਨੀਆ 'ਚ ਸਭ ਤੋਂ ਜ਼ਿਆਦਾ ਪਾਲਿਆ ਜਾਣ ਵਾਲਾ ਪਸ਼ੂ ਘੋੜਾ ਸੀ, ਕਿਉਂਕਿ ਉਦੋਂ ਘੋੜੇ ਦੀ ਬਹੁਤ ਲੋੜ ਹੁੰਦੀ ਸੀ। ਦੁਨੀਆ ਦੀ 70 ਫ਼ੀਸਦੀ ਤੋਂ ਜ਼ਿਆਦਾ ਆਵਾਜਾਈ ਘੋੜੇ 'ਤੇ ਨਿਰਭਰ ਹੁੰਦੀ ਸੀ ਅਤੇ ਯੁੱਧ ਦੇ ਸਮੇਂ ਇਹ ਸਭ ਤੋਂ ਤਾਕਤਵਰ ਭਾਈਵਾਲ ਸੀ। ਪਰ ਜਿਵੇਂ ਹੀ ਆਟੋਮੋਬਾਈਲ ਤਕਨਾਲੋਜੀ ਪੈਦਾ ਹੋਈ, ਘੋੜਿਆਂ ਦੀ ਕੀਮਤ ਘੱਟ ਹੋਣ ਲੱਗੀ। ਅੱਜ ਦੁਨੀਆ ਵਿਚ ਘੋੜੇ ਪਾਲਤੂ ਜਾਨਵਰਾਂ ਦੀ ਸੂਚੀ ਵਿਚ ਬਹੁਤ ਪਿੱਛੇ ਰਹਿ ਗਏ ਹਨ। ਕੀ ਛੇਤੀ ਹੀ ਇਹ ਦਿਨ ਕੁੱਤੇ ਅਤੇ ਬਿੱਲੀਆਂ ਵੀ ਦੇਖਣਗੇ?

 

ਅਪਰਾਜਿਤਾ