ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਯਾਦ ਕਰਦਿਆਂ…..

ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਯਾਦ ਕਰਦਿਆਂ…..

26 ਜਨਵਰੀ 1986 ਨੂੰ ਅਕਾਲ ਤਖਤ ਸਾਹਿਬ ’ਤੇ ਹੋਏ ਸਰਬੱਤ ਖਾਲਸਾ

4 ਜਨਵਰੀ 1993 ਦੀ ਸਵੇਰ ਜਦੋਂ ਅਖਬਾਰਾਂ ਲੋਕਾਂ ਦੇ ਹੱਥਾਂ ’ਚ ਪਹੁੰਚੀਆਂ ਤਾਂ ਸਮੁੱਚੇ ਸਿੱਖ ਠਠੰਬਰ ਗਏ, ਅਖਬਾਰਾਂ ਦੀਆਂ ਸੁਰਖੀਆਂ ਹਰ ਪੰਥ ਦਰਦੀ ਦੇ ਮੱਥੇ ’ਤੇ ਜ਼ਹਿਰੀਲਾ ਡੰਗ ਮਾਰਦੀਆਂ ਸਨ। ਅਖਬਾਰਾਂ ਦੀਆਂ ਮੋਟੀਆਂ ਸੁਰਖੀਆਂ ਵਿਚ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ਪੁਲਸ ਹਿਰਾਸਤ ਵਿਚੋਂ ਫਰਾਰੀ ਦੀ ਖਬਰ ਸੀ। ਲੋਕ ਸੂਰਜ ਦੇ ਪੂਰਬ ਦੀ ਥਾਂ ਪੱਛਮ ਵਿਚੋਂ ਚੜ੍ਹਣ ਦੀ ਖਬਰ ’ਤੇ ਤਾਂ ਭਾਵੇਂ ਭਰੋਸਾ ਕਰਨ ਲਈ ਤਿਆਰ ਹੋ ਜਾਂਦੇ, ਪ੍ਰੰਤੂ ਪੁਲਸ ਅਤੇ ਜ਼ਾਬਰ ਹਕੂਮਤ ਦੀ ਇਸ ਝੂਠੀ ਕਹਾਣੀ ’ਤੇ ਵਿਸ਼ਵਾਸ ਕਰਨ ਲਈ ਕੋਈ ਤਿਆਰ ਨਹੀਂ ਸੀ। ਜਥੇਦਾਰ ਕਾਉਂਕੇ ’ਤੇ ਅੰਨ੍ਹੇ ਤਸ਼ੱਦਦ ਦੀ ਕਹਾਣੀ ਜੱਗ ਜ਼ਾਹਰ ਹੈ ਅਤੇ ਨੀਮ ਬੇਹੋਸ਼ੀ ਦੀ ਹਾਲਤ ਵਿਚ ਪੁੱਜਾ ਵਿਅਕਤੀ ਜਿਹੜਾ ਆਪਣੀਆਂ ਲੱਤਾਂ ’ਤੇ ਖੜਨ ਤੋਂ ਅਸਮਰੱਥ ਹੋਵੇ, ਉਹ ਅਗਲੇ ਦਿਨ ਪੁਲਿਸ ਦੀ ਹਿਰਾਸਤ ਵਿਚੋਂ ਭੱਜਣ ਵਿਚ ਸਫਲ ਹੋ ਜਾਂਦਾ ਹੈ। ਐਨੇ ਸਾਲ ਬੀਤਣ ’ਤੇ ਵੀ ਉਸਦਾ ਖੁਰਾ ਖੋਜ ਨਹੀਂ ਲੱਭਦਾ, ਇਹ ਭਾਰਤੀ ਲੋਕਤੰਤਰ ਅਤੇ ਅਮਨ ਕਾਨੂੰਨ ਦੀ ਰਖਵਾਲੀ ਪੰਜਾਬ ਪੁਲਸ ਦੀ ਘੜੀ ਕਹਾਣੀ ਵਿਚ ਹੀ ਵਾਪਰ ਸਕਦਾ ਹੈ।

26 ਜਨਵਰੀ 1986 ਨੂੰ ਅਕਾਲ ਤਖਤ ਸਾਹਿਬ ’ਤੇ ਹੋਏ ਸਰਬੱਤ ਖਾਲਸਾ ਨੇ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਰੋਡੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪਿਆ, ਪ੍ਰੰਤੂ ਉਨ੍ਹਾਂ ਦੀ ਤਿਹਾੜ ਜੇਲ੍ਹ ਵਿਚ ਨਜ਼ਰਬੰਦੀ ਕਾਰਨ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਗਿਆ। ਭਾਈ ਸਾਹਿਬ ਨੇ ਖਾਲਸਾ ਪੰਥ ਦੀ ਇਸ ਸਰਬਉੱਚ ਪਦਵੀ ਨੂੰ ਇਸਦੀ ਆਨ ਤੇ ਸ਼ਾਨ ਅਨੁਸਾਰ ਬਾਖੂਬੀ ਨਿਭਾਇਆ। ਬਰਨਾਲਾ ਸਰਕਾਰ ਸਮੇਂ 30 ਅਪ੍ਰੈਲ 1986 ਨੂੰ ਹੋਏ ‘ਅਪ੍ਰੇਸ਼ਨ ਬਲੈਕ ਥੰਡਰ’ ਦੌਰਾਨ ਭਾਈ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਲਗਭਗ 2 ਸਾਲ ਪੰਜਾਬ ਦੀਆਂ ਵੱਖ ਵੱਖ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿਚ ਰੱਖਿਆ ਗਿਆ। 1989 ਦੇ ਆਰ.ਐਸ.ਐਸ. ਦੀ ਸ਼ਾਖਾ ’ਤੇ ਹੋਏ ਗੋਲੀ ਕਾਂਡ ਤੋਂ ਬਾਅਦ ਲੁਧਿਆਣਾ ਦੇ ਐਸ.ਐਸ.ਪੀ. ਸੁਮੇਧ ਸੈਣੀ ਨੇ ਇਹਨਾਂ ’ਤੇ ਅੰਨ੍ਹਾ ਤਸ਼ੱਦਦ ਕੀਤਾ ਤੇ ਕਈ ਘੰਟੇ ਪੁੱਠੇ ਲਟਕਾਈ ਰੱਖਿਆ। 1989 ਵਿਚ ਹੀ ਬਿਦਰ ਕਾਂਡ ਵਿਚ ਫਿਰ ਇਹਨਾਂ ਨੂੰ ਚੁੱਕ ਲਿਆ ਗਿਆ ਤੇ ਇਕ ਸਾਲ ਜੇਲ੍ਹ ’ਚ ਰੱਖਿਆ ਗਿਆ। 19 ਮਈ 1991 ਵਿਚ ਭਾਈ ਸਾਹਿਬ ਫਿਰ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਏ ਅਤੇ ਡੇਢ ਸਾਲ ਦੇ ਲਗਭਗ ਫਿਰ ਜੇਲ੍ਹ ਦੀਆਂ ਸਲਾਖਾਂ ਪਿੱਛੇ ਰਹਿਣਾ ਪਿਆ। 1992 ਦੇ ਆਖਰੀ 2 ਮਹੀਨਿਆਂ ਵਿਚ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਆਪਣੇ ਜੱਦੀ ਘਰ ਵਿਚ ਲਗਾਤਾਰ ਟਿਕ ਕੇ ਰਹਿਣ ਦਾ ਮੌਕਾ ਨਸੀਬ ਹੋਇਆ। ਇਸ ਸਮੇਂ ਦੌਰਾਨ ਉਹ ਰੋਜ਼ਾਨਾ ਪਿੰਡ ਦੇ ਗੁਰਦੁਆਰਾ ਸਾਹਿਬ (ਬਾਦਾਪੱਤੀ) ਵਿਖੇ ਅੰਮ੍ਰਿਤ ਵੇਲੇ ਇਕ ਘੰਟਾ ਗੁਰਬਾਣੀ ਸ਼ਬਦ ਦੀ ਕਥਾ ਕਰਿਆ ਕਰਦੇ ਸਨ। ਇਸ ਥੋੜ੍ਹੇ ਜਿਹੇ ਸਮੇਂ ਵਿਚ ਇਹਨਾਂ ਨੇ ਸਮਾਜ ਸੇਵਾ ਦੇ ਖੇਤਰ ਵਿਚ ਵੀ ਅਹਿਮ ਯੋਗਦਾਨ ਪਾਇਆ। ਹਜ਼ਾਰਾਂ ਉਜੜੇ ਪਰਿਵਾਰਾਂ ਨੂੰ ਮੁੜ ਵਸਾਇਆ, ਪਰਿਵਾਰਾਂ ਦੇ ਥਾਣੇ, ਕਚਹਿਰੀਆਂ ਦੇ ਚੱਕਰਾਂ ਤੋਂ ਰਾਜ਼ੀਨਾਮੇ ਕਰਵਾ ਕੇ ਖਲਾਸੀ ਕਰਵਾਈ ਅਤੇ ਅਨੇਕਾਂ ਪ੍ਰਾਣੀਆਂ ਨੂੰ ਗੁਰੂ ਵਾਲੇ ਬਣਨ ਦੇ ਰਸਤੇ ਤੋਰਿਆ। ਪੋਹ ਦੇ ਮਹੀਨੇ ਜ਼ੁਲਮ ਤੇ ਤਸ਼ੱਦਦ ਦੀ ਕਹਾਣੀ ਦਾ ਅੰਤਮ ਦੌਰ ਸ਼ੁਰੂ ਹੋਇਆ। 20 ਦਸੰਬਰ 1992 ਨੂੰ ਤੜਕੇ 4 ਵਜੇ ਜਗਰਾਓਂ ਪੁਲਿਸ ਨੇ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ, ਜਦੋਂ ਬਾਲੜੇ ਦੋਹਤਰੇ ਦੀ ਲਾਸ਼ ਘਰ ਵਿਚ ਪਈ ਸੀ। ਉਸ ਦਿਨ ਤਾਂ ਭਾਵੇਂ ਇਹਨਾਂ ਨੂੰ ਜਲਦੀ ਹੀ ਛੱਡ ਦਿੱਤਾ ਗਿਆ, ਪ੍ਰੰਤੂ ਪੁਲਿਸ ਜਥੇਦਾਰ ਕਾਉਂਕੇ ਦੀ ਹੋਣੀ ਦਾ ਫੈਸਲਾ ਕਰ ਚੁੱਕੀ ਸੀ, ਇਸੇ ਕਰਕੇ 25 ਦਸੰਬਰ ਨੂੰ ਸੈਂਕੜੇ ਪਿੰਡ ਵਾਸੀਆਂ ਦੇ ਇਕੱਠ ਸਾਹਮਣੇ ਜਗਰਾਉਂ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਅੰਨ੍ਹੇ ਤਸ਼ੱਦਦ ਬਾਅਦ ਜਥੇਦਾਰ ਕਾਉਂਕੇ ਨੂੰ ਸ਼ਹੀਦ ਕਰ ਦਿੱਤਾ ਗਿਆ ਅਤੇ ਕਹਾਣੀ ਬਣਾ ਦਿੱਤੀ ਗਈ ਕਿ ਉਹ ਫਰਾਰ ਹੋ ਗਏ ਹਨ।  

ਝੂਠੀ ਕਹਾਣੀ ਨੂੰ ਭਾਵੇਂ ਪਹਿਲਾਂ ਹੀ ਕਿਸੇ ਨੇ ਸਵੀਕਾਰ ਨਹੀਂ ਸੀ ਕੀਤਾ ਪਰ 14 ਮਈ 1998 ਨੂੰ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਵਲੋਂ ਅਮਰੀਕਾ ਦੀਆਂ ਜੇਲ੍ਹਾਂ ਵਿਚ ਉਸ ਸਮੇਂ ਨਜ਼ਰਬੰਦ ਭਾਈ ਕੁੱਕੀ ਤੇ ਭਾਈ ਸੁੱਖੀ ਬਾਰੇ ਲੁਧਿਆਣੇ ਵਿਚ ਕਰਵਾਏ ਗਏ ਸੈਮੀਨਾਰ ਵਿਚ ਇਕ ਸਾਬਕਾ ਸਿਪਾਹੀ ਦਰਸ਼ਨ ਸਿੰਘ ਨੇ ਆਪਣੇ ਆਪ ਨੂੰ ਜਥੇਦਾਰ ਕਾਉਂਕੇ ’ਤੇ ਹੋਏ ਅੰਨ੍ਹੇ ਜ਼ੁਲਮ ਤੇ ਤਸ਼ੱਦਦ ਦਾ ਚਸ਼ਮਦੀਦ ਗਵਾਹ ਦੱਸਿਆ ਅਤੇ ਭਾਈ ਕਾਉਂਕੇ ਨੂੰ ਸ਼ਹੀਦ ਕੀਤੇ ਜਾਣ ਦੀ ਤਸਦੀਕ ਕਰ ਦਿੱਤੀ, ਜਿਸ ਨਾਲ ਪੁਲਸ ਵੱਲੋਂ ਬਣਾਈ ਝੂਠੀ ਕਹਾਣੀ 'ਤੇ ਮੋਹਰ ਲੱਗ ਗਈ। ਇਸ ਤਰ੍ਹਾਂ ਦੇ ਇਕ ਹੋਰ ਚਸ਼ਮਦੀਦ ਗਵਾਹ ਅਮਰਜੀਤ ਸਿੰਘ ਨੇ ਤਾਂ ਇਥੋਂ ਤਕ ਦੱਸਿਆ ਹੈ ਕਿ ਉਸ ਸਮੇਂ ਦੇ ਜਗਰਾਓਂ ਪੁਲਿਸ ਮੁਖੀ ਸਵਰਨ ਸਿੰਘ (ਘੋਟਨਾ) ਨੇ ਖੁਦ ਆਪਣੇ ਹੱਥੀਂ ਭਾਈ ਕਾਉਂਕੇ ਦੀ ਛਾਤੀ ਵਿਚ ਗੋਲੀ ਮਾਰੀ ਸੀ। 

ਜੋ ਗੁਰੂ ਸਾਹਿਬ ਵਲੋਂ ਸਿੱਖ ਦੇ ਗੁਣ ਆਖੇ ਗਏ ਹਨ, ਉਹ ਗੁਣ ਭਾਈ ਸਾਹਿਬ ਵਿੱਚ ਪਰਤੱਖ ਸਨ। ਜਥੇਦਾਰ ਸਾਹਿਬ ਪੂਰਨ ਗੁਰਸਿੱਖ ਅਤੇ ਬਾਣੀ ਦੇ ਨਿਤਨੇਮੀ ਸਨ। ਘਰ ਆਏ ਸਿੰਘਾਂ ਦੀ ਸੇਵਾ ਲਈ ਸਦਾ ਤਤਪਰ ਰਹਿਣ ਵਾਲੇ ਸਨ। ਜਾਬਰ ਨੂੰ ਮੂੰਹ ਉੱਤੇ ਜ਼ਾਲਮ ਕਹਿਣ ਦਾ ਮਾਦਾ ਰੱਖਦੇ ਸਨ। ਉਹਨਾਂ ਦੀ ਅਗਵਾਈ ਨੇ ਸਪਸ਼ਟ ਕੀਤਾ ਕਿ ਜਥੇਦਾਰ ਕਿਹੋ ਜਿਹਾ ਹੋਣਾ ਚਾਹੀਦਾ ਹੈ।  ਪਰ ਉਸ ਸਮੇਂ ਅਤੇ ਅੱਜ ਦੀ ਸਥਿਤੀ ਵਿਚ ਜ਼ਮੀਨ ਆਸਮਾਨ ਦਾ ਫਰਕ ਆ ਚੁੱਕਾ ਹੈ। ਉਸ ਸਮੇਂ ਸਿੱਖ ਸੰਗਤ ਜ਼ਾਬਰ ਹਕੂਮਤ ਵਲੋਂ ਹੋ ਰਹੇ ਜ਼ਾਹਰਾ ਜ਼ੁਲਮ ਕਾਰਨ ਚੇਤੰਨ ਸੀ ਅਤੇ ਜ਼ੁਲਮ ਵਿਰੁੱਧ ਦ੍ਰਿੜ੍ਹਤਾ ਨਾਲ ਲੜਨ ਦਾ ਭਰੋਸਾ ਪੱਕਾ ਹੁੰਦਾ ਸੀ, ਪਰ ਅੱਜ ਪੰਥਕ ਨਿਸ਼ਾਨਿਆਂ ਤੋਂ ਨਵੀਂ ਪੀੜੀ ਥਿੜਕ ਗਈ ਲੱਗਦੀ ਹੈ। ਦਿੱਲੀ ਦਰਬਾਰ ਆਪਣੀਆਂ ਕੁਟਲ ਚਾਲਾਂ ਵਿੱਚ ਕਾਮਯਾਬ ਹੋ ਰਿਹਾ ਹੈ। ਇਸਦਾ ਮੁਕਾਬਲਾ ਕਰਨ ਲਈ ਪੰਥਕ ਬਾਨਣੂ ਬੰਨਣਾ ਹੀ ਪਏਗਾ। ਜਥੇਦਾਰ ਕਾਉਂਕੇ ਨੂੰ ਯਾਦ ਕਰਦਿਆਂ ਸਿੱਖ ਸੰਗਤਾਂ ਨੂੰ ਸਿਰ ਜੋੜ ਕੇ ਫੈਸਲਾ ਲੈਣਾ ਪਵੇਗਾ ਅਤੇ ਸੱਚ ਝੂਠ ਦਾ ਨਿਤਾਰਾ ਕਰਨ ਲਈ ਗੰਧਲੀ ਹੋ ਚੁੱਕੀ ਸਿੱਖ ਰਾਜਨੀਤੀ ਨੂੰ ਨਵੀਆਂ ਲੀਹਾਂ ’ਤੇ ਤੋਰਨ ਲਈ ਨਵੀਂ ਸੇਧ ਦੇਣੀ ਪਵੇਗੀ। ਆਓ ਆਪੋ ਆਪਣੀ ਜ਼ਮੀਰ ਨੂੰ ਜਗਾ ਕੇ ਆਪਣੀ ਬਣਦੀ ਪੰਥਕ ਜ਼ਿੰਮੇਵਾਰੀ ਨਿਭਾਈਏ। ਇਹੀ ਸਾਡੀ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਉਨ੍ਹਾਂ ਦੀ ਬਰਸੀ ਮੌਕੇ ਸੱਚੀ ਸ਼ਰਧਾਂਜਲੀ ਹੋਵੇਗੀ ਨਹੀਂ ਇਤਿਹਾਸ ਤੇ ਗੁਰੂ ਸਾਨੂੰ ਕਦੇ ਮੁਆਫ ਨਹੀਂ ਕਰੇਗਾ।

 

ਸੰਪਾਦਕ