ਦਸਮੇਸ਼ ਪਿਤਾ ਦੇ ਲਾਲਾਂ ਦੀ ਅਦੁੱਤੀ ਸ਼ਹਾਦਤ 

ਦਸਮੇਸ਼ ਪਿਤਾ ਦੇ ਲਾਲਾਂ ਦੀ ਅਦੁੱਤੀ ਸ਼ਹਾਦਤ 

   ਸਾਕਾ ਸਰਹਿੰਦ

 ਰਣਦੀਪ ਕੌਰ ਪੰਧੇਰ

ਸਿੱਖ ਇਤਿਹਾਸ ਕੁਰਬਾਨੀਆਂ ਦੀ ਮਿਸਾਲ ਹੈ। ਸ਼ਹੀਦ ਕਿਸੇ ਵੀ ਕੌਮ ਦਾ ਸਰਮਾਇਆ ਹੁੰਦੇ ਹਨ ਤੇ ਸਿੱਖ ਧਰਮ ਸ਼ਹੀਦਾਂ ਦੇ ਲਹੂ ਭਿੱਜੇ ਇਤਿਹਾਸ ਦੀ ਲੰਬੀ ਗਾਥਾ ਹੈ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਚਾਰ ਸਾਹਿਬਜ਼ਾਦੇ ਵੀ ਇਸੇ ਸ਼ਹੀਦੀ ਮਾਲਾ ਦੇ ਅਹਿਮ ਮਣਕੇ ਹਨ, ਜਿਨ੍ਹਾਂ ਦੀ ਮਿਸਾਲ ਸੰਸਾਰ ਵਿਚ ਕਿਧਰੇ ਨਹੀਂ ਮਿਲਦੀ। ਸਭ ਤੋਂ ਪਹਿਲਾਂ ਸਿੱਖ ਸਾਹਿਤ ਵਿਚ ਚਾਰ ਸਾਹਿਬਜ਼ਾਦਿਆਂ ਸਬੰਧੀ ਇਤਿਹਾਸਕ ਪੱਖ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਔਰੰਗਜ਼ੇਬ ਨੂੰ ਲਿਖੇ ਖ਼ਤ 'ਜ਼ਫ਼ਰਨਾਮਾ' ਵਿੱਚੋਂ ਮਿਲਦਾ ਹੈ :

ਚਿਹਾ ਸ਼ੁਦ ਕਿ ਚੂੰ ਬੱਚਗਾ ਕਸ਼ਤਹ ਚਾਰ,

ਕੀ ਬਾਕੀ ਬਮਾਂਦਸਤ ਪੇਚੀਦਹ ਮਾਰ।।

ਗੁਰੂ ਸਾਹਿਬ ਲਿਖਦੇ ਹਨ ਕਿ 'ਐ ਔਰੰਗਜ਼ੇਬ, ਤੂੰ ਮੇਰੇ ਚਾਰ ਪੁੱਤਰ ਖ਼ਤਮ ਕਰ ਦਿੱਤੇ ਹਨ ਪਰ ਤੂੰ ਯਾਦ ਰੱਖ ਕੇ ਤੇਰੀ ਜ਼ੁਲਮੀ ਸਲਤਨਤ ਨੂੰ ਖ਼ਤਮ ਕਰਨ ਵਾਲਾ ਕੁੰਡਲਾਂ ਵਾਲਾ ਨਾਗ ਹਾਲੇ ਬਾਕੀ ਹੈ, ਜੋ ਤੇਰੀ ਸਲਤਨਤ ਨੂੰ ਖ਼ਤਮ ਕਰ ਕੇ ਹੀ ਦਮ ਲਵੇਗਾ। ਦਸਮ ਪਿਤਾ ਦੇ ਪਰਿਵਾਰ ਦੀ ਸ਼ਹੀਦੀ ਗਾਥਾ ਦੀ ਮਿਸਾਲ ਪੂਰੇ ਸੰਸਾਰ ਵਿਚ ਕਿਤੇ ਨਹੀਂ ਮਿਲਦੀ, ਜਿੱਥੇ ਕਿਸੇ ਨੇ ਦੂਜੇ ਦੇ ਧਰਮ ਦੀ ਰੱਖਿਆ ਖ਼ਾਤਰ ਬਲੀਦਾਨ ਦਿੱਤਾ ਹੋਵੇ। ਗੁਰੂ ਪਿਤਾ ਨੌਵੇਂ ਪਾਤਸ਼ਾਹ ਤੇਗ ਬਹਾਦਰ ਸਾਹਿਬ ਇਸ ਦੀ ਲਾਸਾਨੀ ਮਿਸਾਲ ਹਨ, ਜਿਹੜਾ ਗੁਰੂ ਪੂਰੀ ਕੌਮ ਨੂੰ ਇਹ ਸੰਦੇਸ਼ ਦਿੰਦਾ ਹੋਵੇ :

ਭੈ ਕਾਹੂ ਕੋ ਦੇਤ ਨਹਿ ਨਹਿ ਭੈ

ਮਾਨਤ ਆਨ।।

ਭਾਵ, ਮੇਰੇ ਸਿੱਖ ਨਾ ਹੀ ਕਿਸੇ ਨੂੰ ਡਰਾਉਂਦੇ ਹਨ ਤੇ ਨਾ ਹੀ ਕਿਸੇ ਤੋਂ ਡਰਦੇ ਹਨ, ਫਿਰ ਉਨ੍ਹਾਂ ਦੇ ਪੋਤਰੇ ਜ਼ੁਲਮ ਅੱਗੇ ਕਿੰਜ ਝੁਕ ਸਕਦੇ ਸਨ। ਜਿਸ ਪੁੱਤਰ ਨੇ ਨਿੱਕੀ ਉਮਰੇ ਆਪਣੇ ਪਿਤਾ ਨੂੰ ਇਹ ਕਹਿ ਕੇ ਮਜ਼ਲੂਮਾਂ ਦੀ ਮਦਦ ਲਈ ਤੋਰਿਆ ਕਿ 'ਤੁਹਾਡੇ ਤੋਂ ਮਹਾਨ ਮਨੁੱਖ ਕੁਰਬਾਨੀ ਲਈ ਹੋਰ ਕੋਈ ਨਹੀਂ', ਉਸ ਗੁਰੂ ਗੋਬਿੰਦ ਸਿੰਘ ਦੇ ਲਾਲ ਔਰੰਗਜ਼ੇਬ ਦੀ ਪਾਪੀ ਹਕੂਮਤ ਅੱਗੇ ਹਿੱਕ ਤਾਣ ਕੇ ਖੜ੍ਹ ਗਏ। ਸਾਕਾ ਸਰਹਿੰਦ ਇਕ ਅਜਿਹੀ ਘਟਨਾ ਹੈ ਜਿਸ ਨੇ ਸਿੱਖ  ਜਗਤ 'ਤੇ ਡੂੰਘੀ ਛਾਪ ਛੱਡੀ ਹੈ। ਦਸਮੇਸ਼ ਪਿਤਾ ਦੇ ਲਾਲਾਂ ਦੀ ਅਦੁੱਤੀ ਸ਼ਹਾਦਤ ਦਾ ਇਤਿਹਾਸ ਵਿਚ ਸਭ ਤੋਂ ਉੱਭਰਵਾਂ ਸਥਾਨ ਹੈ। ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਘਟਨਾ ਨੂੰ ਲੜੀਵਾਰ ਵੇਖੀਏ ਤਾਂ ਪਿਛੋਕੜ ਦਾ ਜ਼ਿਕਰ ਕਰਨਾ ਲਾਜ਼ਮੀ ਹੈ। ਜਦੋਂ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਤਾ ਗੱਦੀ 'ਤੇ ਬਿਠਾਇਆ ਗਿਆ ਤਾਂ ਉਨ੍ਹਾਂ ਦੀ ਉਮਰ ਨੌਂ ਸਾਲ ਤੋਂ ਵੀ ਘੱਟ ਸੀ। 'ਹਿੰਦ ਦੀ ਚਾਦਰ' ਕਹਾਉਣ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ ਵਿਖੇ ਸ਼ਹੀਦ ਕਰ ਦਿੱਤਾ ਗਿਆ। 22 ਵਰ੍ਹਿਆਂ ਦੀ ਉਮਰ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦੀ ਪਹਿਲੀ ਜੰਗ ਲੜੀ ਤੇ ਪਹਾੜੀ ਰਾਜਿਆਂ ਨੂੰ ਲੱਕ ਤੋੜਵੀਂ ਹਾਰ ਦਿੱਤੀ। ਫਿਰ ਸੰਨ 1699 ਵਿਚ ਖ਼ਾਲਸਾ ਪੰਥ ਦੀ ਸਾਜਨਾ ਕਰ ਕੇ ਦਸਮੇਸ਼ ਪਿਤਾ ਨੇ ਸਿੱਖਾਂ ਵਿਚ ਨਵੀਂ ਰੂਹ ਫੂਕੀ। ਖ਼ਾਲਸੇ ਦੇ ਜਨਮ ਨੇ ਸਿੱਖ ਇਤਿਹਾਸ ਨੂੰ ਇਕ ਨਵਾਂ ਮੋੜ ਦਿੱਤਾ ਤੇ ਸਮੁੱਚੇ ਭਾਰਤ ਨੂੰ ਨਵੀਂ ਦਿਸ਼ਾ ਦਿੱਤੀ।

ਖ਼ਾਲਸੇ ਦੀ ਸਥਾਪਨਾ ਤੋਂ ਲਗਪਗ ਦੋ ਵਰ੍ਹਿਆਂ ਉਪਰੰਤ ਲੜਾਈਆਂ ਦਾ ਦੌਰ ਸ਼ੁਰੂ ਹੋ ਗਿਆ। ਪਹਾੜੀ ਰਾਜਿਆਂ ਨੂੰ ਸੱਤਾ ਦਾ ਖ਼ਤਰਾ ਜਾਪਿਆ ਤੇ ਉਨ੍ਹਾਂ ਨੇ ਔਰੰਗਜ਼ੇਬ ਨੂੰ ਸ਼ਿਕਾਇਤ ਕੀਤੀ। ਔਰੰਗਜ਼ੇਬ ਨੇ ਅਨੰਦਪੁਰ ਸਾਹਿਬ 'ਤੇ ਹਮਲਾ ਕਰਨ ਦੇ ਹੁਕਮ ਦਿੱਤੇ। ਗੁਰੂ ਜੀ ਅਤੇ ਫ਼ੌਜਾਂ ਨੇ ਡਟ ਕੇ ਮੁਕਾਬਲਾ ਕੀਤਾ। ਔਰੰਗਜ਼ੇਬ ਨੇ ਕਿਲ੍ਹੇ ਅੰਦਰ ਰਾਸ਼ਨ-ਪਾਣੀ ਜਾਣਾ ਬੰਦ ਕਰਵਾ ਦਿੱਤਾ। ਉਸ ਨੂੰ ਪਤਾ ਸੀ ਕਿ ਜ਼ਬਰਦਸਤੀ ਕਿਲ੍ਹਾ ਖ਼ਾਲੀ ਨਹੀਂ ਕਰਵਾਇਆ ਜਾ ਸਕਦਾ ਤਾਂ ਮੁਗ਼ਲ ਅਤੇ ਪਹਾੜੀ ਫ਼ੌਜਾਂ ਨੇ ਗਊ ਅਤੇ ਕੁਰਾਨ-ਏ-ਪਾਕ ਦੀਆਂ ਕਸਮਾਂ ਖਾਧੀਆਂ ਕਿ ਕਿਲ੍ਹਾ ਛੱਡਣ 'ਤੇ ਕਿਸੇ ਸਿੱਖ ਨੂੰ ਕੁਝ ਨਹੀਂ ਕਿਹਾ ਜਾਵੇਗਾ। ਗੁਰੂ ਜੀ ਨੂੰ ਪਤਾ ਸੀ ਕਿ ਉਹ ਕਸਮਾਂ 'ਤੇ ਕਿੰਨਾ ਕੁ ਖਰਾ ਉਤਰਨਗੇ ਪਰ ਉਨ੍ਹਾਂ ਨੇ ਧਾਰਮਿਕ ਚਿੰਨ੍ਹਾਂ ਦੇ ਸਨਮਾਨ ਨੂੰ ਵੇਖਦਿਆਂ ਕਿਲ੍ਹਾ ਖ਼ਾਲੀ ਕਰਨ ਦਾ ਫ਼ੈਸਲਾ ਲਿਆ।

ਅਨੰਦਪੁਰ ਸਾਹਿਬ ਛੱਡਣ 'ਤੇ ਗੁਰੂ ਸਾਹਿਬ ਨਾਲ 1500 ਸਿੰਘਾਂ ਦਾ ਕਾਫ਼ਲਾ ਸੀ। ਜਦੋਂ ਇਹ ਕਾਫ਼ਲਾ ਸਰਸਾ ਨਦੀ ਕੋਲ ਪਹੁੰਚਿਆ ਤਾਂ ਮੁਗ਼ਲ ਫ਼ੌਜਾਂ ਨੇ ਗਊ ਤੇ ਕੁਰਾਨ ਦੀਆਂ ਕਸਮਾਂ ਤੋੜ ਕੇ ਕਾਫ਼ਲੇ 'ਤੇ ਹਮਲਾ ਬੋਲ ਦਿੱਤਾ। ਸਰਸਾ ਨਦੀ ਵਿਚ ਹੜ੍ਹ ਆਇਆ ਹੋਇਆ ਸੀ। ਇਕ ਪਾਸੇ ਸ਼ੂਕਦੀ ਹੋਈ ਸਰਸਾ ਨਦੀ ਤੇ ਦੂਜੇ ਪਾਸੇ ਉੱਚੇ ਪਹਾੜ ਪਰ ਗੁਰੂ ਸਾਹਿਬ ਨੇ ਈਨ ਨਾ ਮੰਨੀ ਉਨ੍ਹਾਂ ਨੇ ਡਟ ਕੇ ਮੁਗ਼ਲਾਂ ਦਾ ਸਾਹਮਣਾ ਕੀਤਾ। ਕੁਝ ਸਿੰਘਾਂ ਨੇ ਹਿੰਮਤ ਦਿਖਾਈ ਤੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਨਦੀ ਵਿੱਚੋਂ ਪਾਰ ਲੈ ਗਏ। ਸਰਸਾ ਨਦੀ ਪਾਰ ਕਰਨ ਉਪਰੰਤ ਸਿੱਖ ਹਾਲੇ ਇਕੱਠੇ ਵੀ ਨਹੀਂ ਸਨ ਹੋਏ ਕਿ ਰੋਪੜ ਦੇ ਰੰਗੜਾਂ ਨੇ ਧਾਵਾ ਬੋਲ ਦਿੱਤਾ। ਬੇਸ਼ੱਕ ਉਹ ਸਾਹਿਬ-ਏ-ਕਮਾਲ ਅੱਗੇ ਛੇਤੀ ਹੀ ਮੈਦਾਨ ਛੱਡ ਗਏ ਪਰ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਗੁਰੂ ਜੀ ਤੋਂ ਵਿਛੜ ਗਏ।ਚਮਕੌਰ ਸਾਹਿਬ ਪਹੁੰਚ ਕੇ ਗੁਰੂ ਜੀ ਨੇ ਇਤਿਹਾਸ ਦੀ ਬੇਜੋੜ ਜੰਗ ਲੜੀ ਤੇ ਇਸ ਜੰਗ ਵਿਚ ਵੱਡੇ ਸਾਹਿਬਜ਼ਾਦੇ, ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਸ਼ਹੀਦ ਹੋ ਗਏ ਅਤੇ ਤਿੰਨ ਪਿਆਰੇ ਭਾਈ ਸਾਹਿਬ ਸਿੰਘ, ਹਿੰਮਤ ਸਿੰਘ ਤੇ ਮੋਹਕਮ ਸਿੰਘ ਵੀ ਰਣਭੂਮੀ ਦੀ ਭੇਟ ਚੜ੍ਹੇ। ਉਧਰ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਰਸੋਈਏ ਗੰਗੂ ਦੇ ਨਾਲ ਉਸ ਦੇ ਪਿੰਡ ਸਹੇੜੀ ਪਹੁੰਚੇ। ਮਾਤਾ ਜੀ ਕੋਲ ਧਨ ਵੇਖ ਕੇ ਉਸ ਦੀ ਨੀਅਤ ਫਿੱਟ ਗਈ ਤੇ ਉਸ ਨੇ ਰਾਤ ਨੂੰ ਗਹਿਣੇ ਤੇ ਧਨ ਚੋਰੀ ਕਰ ਲਿਆ ਅਤੇ ਮੋਰਿੰਡਾ ਦੇ ਕੋਤਵਾਲ ਨੂੰ ਉਨ੍ਹਾਂ ਬਾਰੇ ਦੱਸ ਦਿੱਤਾ। ਸਾਹਿਬਜ਼ਾਦਿਆਂ ਨੂੰ ਉਨ੍ਹਾਂ ਨੇ ਸੂਬਾ ਸਰਹਿੰਦ ਦੇ ਹਵਾਲੇ ਕਰ ਦਿੱਤਾ। ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਪੋਹ ਦੀ ਹੱਡ ਚੀਰਵੀਂ ਠੰਢ ਵਿਚ ਠੰਢੇ ਬੁਰਜ ਵਿਚ ਨਜ਼ਰਬੰਦ ਕਰ ਦਿੱਤਾ ਗਿਆ। ਗੁਰੂ ਘਰ ਦੇ ਇਕ ਸ਼ਰਧਾਲੂ ਬਾਬਾ ਮੋਤੀ ਰਾਮ ਮਹਿਰਾ ਨੇ ਨਾਟਕੀ ਢੰਗ ਨਾਲ ਬੁਰਜ ਵਿਚ ਦਾਖ਼ਲ ਹੋ ਕੇ ਉਨ੍ਹਾਂ ਨੂੰ ਦੁੱਧ ਛਕਾਇਆ। ਅੱਜ ਵੀ ਬਾਬਾ ਮੋਤੀ ਰਾਮ ਮਹਿਰਾ ਦਾ ਨਾਂ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਦਰਜ ਹੈ।।ਸੂਬਾ ਸਰਹਿੰਦ ਨੇ ਚੜ੍ਹਦੀ ਸਵੇਰ ਸਾਹਿਬਜ਼ਾਦਿਆਂ ਨੂੰ ਕਚਹਿਰੀ ਵਿਚ ਪੇਸ਼ ਕਰਨ ਦਾ ਹੁਕਮ ਦਿੱਤਾ। ਸਾਹਿਬਜ਼ਾਦੇ ਚੜ੍ਹਦੀ ਕਲਾ ਨਾਲ ਕਚਹਿਰੀ ਵਿਚ ਪੇਸ਼ ਹੋਏ। ਸੂਬੇ ਨੇ ਸ਼ਰੇਆਮ ਝੂਠ ਬੋਲਿਆ ਕਿ 'ਤੁਹਾਡੇ ਪਿਤਾ ਚਮਕੌਰ ਦੀ ਜੰਗ 'ਚ ਸ਼ਹੀਦ ਹੋ ਚੁੱਕੇ ਹਨ। ਜੇ ਤੁਸੀਂ ਆਪਣੀ ਜਾਨ ਦੀ ਸਲਾਮਤੀ ਚਾਹੁੰਦੇ ਹੋ ਤਾਂ ਇਸਲਾਮ ਕਬੂਲ ਕਰ ਲਵੋ।' ਸਾਹਿਬਜ਼ਾਦਿਆਂ ਨੂੰ ਫ਼ਾਨੀ ਦੇਹ ਨਾਲੋਂ ਧਰਮ ਜ਼ਿਆਦਾ ਪਿਆਰਾ ਸੀ। ਉਨ੍ਹਾਂ ਨੇ ਇਸ ਗੱਲ ਤੋਂ ਸਾਫ਼ ਇਨਕਾਰ ਕਰ ਦਿੱਤਾ। ਸੂਬੇ ਨੇ ਦੁਨਿਆਵੀ ਲਾਲਚ ਦਿੱਤੇ। ਠਾਠ-ਬਾਠ ਦੀ ਜ਼ਿੰਦਗੀ ਦੇ ਸਬਜ਼ਬਾਗ ਦਿਖਾਏ ਪਰ ਸਾਹਿਬਜ਼ਾਦੇ ਟੱਸ ਤੋਂ ਮੱਸ ਨਾ ਹੋਏ।ਅਗਲੀ ਸਵੇਰ ਫਿਰ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਫ਼ਤਹਿ ਸਿੰਘ ਨੂੰ ਕਚਹਿਰੀ 'ਚ ਪੇਸ਼ ਕੀਤਾ ਗਿਆ। ਫਿਰ ਉਨ੍ਹਾਂ ਨੂੰ ਚੜ੍ਹਦੀ ਕਲਾ ਵਿਚ ਵੇਖ ਕੇ ਸੂਬਾ ਅੱਗ-ਵਰੋਲਾ ਹੋ ਗਿਆ। ਉਹ ਵਾਹ ਨਾ ਚੱਲਦੀ ਵੇਖ ਕੇ ਸਾਹਿਬਜ਼ਾਦਿਆਂ ਨੂੰ ਡਰਾਉਣ ਧਮਕਾਉਣ ਲੱਗਾ ਪਰ ਸਾਹਿਬਜ਼ਾਦੇ ਅਡੋਲ ਰਹੇ ਤੇ ਸੂਬੇ ਨੇ ਸਜ਼ਾ-ਏ-ਮੌਤ ਦਾ ਫ਼ੈਸਲਾ ਸੁਣਾ ਦਿੱਤਾ। ਕਾਜ਼ੀ ਨੂੰ ਭਰੋਸੇ ਵਿਚ ਲੈਂਦਿਆਂ ਸਾਹਿਬਜ਼ਾਦਿਆਂ ਨੂੰ ਜ਼ਿੰਦਾ ਦੀਵਾਰ ਵਿਚ ਚਿਣੇ ਜਾਣ ਦਾ ਹੁਕਮ ਸੁਣਾਇਆ ਗਿਆ। ਨਵਾਬ ਮਾਲੇਰਕੋਟਲਾ ਨੇ ਇਸ ਫ਼ੈਸਲੇ ਨੂੰ ਰੱਦ ਕਰਨ ਦੀ ਆਵਾਜ਼ ਉਠਾਈ ਪਰ ਉਸ ਪਵਿੱਤਰ ਆਵਾਜ਼ ਨੂੰ ਅਣਸੁਣਿਆ ਕਰ ਦਿੱਤਾ ਗਿਆ। ਮੰਨਿਆ ਜਾਂਦਾ ਹੈ ਕਿ ਅਗਲੀ ਸਵੇਰ ਫਿਰ ਛੋਟੇ ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ 'ਚ ਪੇਸ਼ ਕੀਤਾ ਗਿਆ ਅਤੇ ਉਨ੍ਹਾਂ ਨੂੰ ਇਕ ਵਾਰ ਫਿਰ ਇਸਲਾਮ ਕਬੂਲ ਕਰਨ ਲਈ ਆਖਿਆ ਗਿਆ। ਸਭ ਤਰ੍ਹਾਂ ਦੇ ਤਸੀਹੇ, ਲਾਲਚ, ਡਰਾਵੇ ਦਿੱਤੇ ਗਏ ਪਰ ਸਾਹਿਬਜ਼ਾਦੇ ਵੀ ਦਸਮੇਸ਼ ਪਿਤਾ ਦੇ ਲਾਲ ਸਨ, ਉਹ ਧਰਮ ਕਿਵੇਂ ਛੱਡ ਸਕਦੇ ਸਨ। ਸੂਬੇ ਦੇ ਹੁਕਮ ਨਾਲ ਜ਼ੱਲਾਦ ਸ਼ਾਸ਼ਲ ਬੇਗ਼ ਤੇ ਬਾਸ਼ਲ ਬੇਗ਼ ਨੇ ਬੇਰਹਿਮੀ ਨਾਲ ਮਾਸੂਮ ਜਿੰਦਾਂ ਨੂੰ ਜ਼ਿਬਾਹ ਕਰ ਦਿੱਤਾ ਤੇ ਸਾਹਿਬਜ਼ਾਦਿਆਂ ਨੇ ਸ਼ਹਾਦਤ ਪਾਈ।ਸਾਕਾ ਸਰਹਿੰਦ ਬਾਰੇ ਹਕੀਮ ਅੱਲ੍ਹਾ ਯਾਰ ਖ਼ਾਂ ਜੋਗੀ 'ਸ਼ਹੀਦਾਨਿ ਵਫ਼ਾ' ਵਿਚ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਲਿਖਦੇ ਹਨ :

ਹਮ ਜਾਨ ਦੇ ਕੇ ਔਰੋਂ ਕੀ

ਜਾਨ ਬਚਾ ਚਲੇ,

ਸਿੱਖੀ ਕੀ ਨੀਂਵ ਹਮ ਹੈਂ ਸਰੋਂ

ਪਰ ਉਠਾ ਚਲੇ।।

ਗੁਰਿਆਈ ਕਾ ਹੈ ਕਿੱਸਾ ਜਹਾਂ ਮੇਂ ਬਨਾ ਚਲੇ,

ਸਿੰਘੋਂ ਕੀ ਸਲਤਨਤ ਕਾ ਹੈ

ਪੌਦਾ ਲਗਾ ਚਲੇ।।