ਪੰਜਾਬ ਦੀ ਖੇਡਾਂ ਵਿਚ ਸਰਦਾਰੀ ਬਹਾਲ ਕਰਨ ਲਈ ਨਵੀਂ ਸਰਕਾਰ ਵਿਉਂਤਬੰਦੀ ਕਰੇ

ਪੰਜਾਬ ਦੀ ਖੇਡਾਂ ਵਿਚ ਸਰਦਾਰੀ ਬਹਾਲ ਕਰਨ ਲਈ ਨਵੀਂ ਸਰਕਾਰ ਵਿਉਂਤਬੰਦੀ ਕਰੇ

                                 ਖੇਡ ਸੰਸਾਰ                                      

ਜਿਥੇ ਪੰਜਾਬ ਦੀ ਨਵੀਂ ਸਰਕਾਰ ਤੋਂ ਹੋਰ ਵਰਗਾਂ ਨੂੰ ਵੱਡੀਆਂ-ਵੱਡੀਆਂ ਆਸਾਂ ਹਨ, ਓਥੇ ਇਸ ਸਰਕਾਰ ਤੋਂ ਖਿਡਾਰੀਆਂ ਨੂੰ ਵੀ ਬਹੁਤ ਉਮੀਦਾਂ ਹਨ। ਫੁੱਟਬਾਲ ਫੋਕਲੋਰ (ਲੋਕਧਾਰਾ) ਦਾ ਹਿੱਸਾ ਬਣ ਚੁੱਕੇ ਸ. ਇੰਦਰ ਸਿੰਘ, ਸ. ਗੁਰਦੇਵ ਸਿੰਘ ਗਿੱਲ, ਦੋਵੇਂ ਅਰਜਨਾ ਐਵਾਰਡੀ ਅਤੇ ਭਾਰਤੀ ਫੁੱਟਬਾਲ ਟੀਮ ਦੇ ਸਾਬਕਾ ਕੈਪਟਨ, ਅਤੇ ਸ.ਗਿਆਨ ਸਿੰਘ (ਬੀ.ਐਸ.ਐਫ. ਟੀਮ ਦੇ ਸਾਬਕਾ ਖਿਡਾਰੀ) ਨੇ ਫੁੱਟਬਾਲ ਨਾਲ ਆਪਣੀ ਨਿੱਜੀ ਦਿਲਚਸਪੀ ਦੀ ਗੱਲ ਕਰਦਿਆਂ ਉਨ੍ਹਾਂ ਨੇ ਸਰਕਾਰ ਨੂੰ ਕਿਹਾ ਕਿ ਉਹ ਪ੍ਰਾਂਤ ਦੇ ਵੱਡੇ ਉਦਯੋਗਿਕ ਘਰਾਣਿਆਂ ਨੂੰ ਫੁੱਟਬਾਲ ਕਲੱਬਾਂ ਬਣਾਉਣ ਲਈ ਮਨਾਵੇ।

ਗੁਰਦੇਵ ਗਿੱਲ ਨੇ ਤਾਂ ਇਥੋਂ ਤਕ ਕਿਹਾ ਕਿ ਜੇ ਕੋਈ ਉਦਯੋਗਿਕ ਘਰਾਣਾ ਨਹੀਂ ਮੰਨਦਾ ਤਾਂ ਉਸ ਨੂੰ ਕਲੱਬ ਬਣਾਉਣ ਲਈ ਮਜਬੂਰ ਕੀਤਾ ਜਾਵੇ। 'ਜਿੰਨਾ ਚਿਰ ਫੁੱਟਬਾਲ ਅਕੈਡਮੀਆਂ ਅਤੇ ਕਲੱਬ-ਸੱਭਿਆਚਾਰ ਪੁਨਰ-ਸੁਰਜੀਤ ਅਤੇ ਉਤਸ਼ਾਹਿਤ ਨਹੀਂ ਹੁੰਦਾ, ਓਨਾ ਚਿਰ ਫੁੱਟਬਾਲ ਆਪਣੀ ਪਹਿਲੇ ਵਾਲੀ ਆਨ-ਬਾਨ-ਸ਼ਾਨ ਨਹੀਂ ਹਾਸਲ ਕਰ ਸਕਦਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਕਿਸੇ ਸਮੇਂ ਨਾਮੀ-ਕਰਾਮੀ ਫੁੱਟਬਾਲ ਕਲੱਬਾਂ ਹੁੰਦੀਆਂ ਸਨ ਜੋ ਖਿਡਾਰੀਆਂ ਨੂੰ ਆਕਰਸ਼ਤ ਕਰਦੀਆਂ ਸਨ ਅਤੇ ਢੁਕਵੇਂ 'ਇਨਸੈਂਟਿਵ' ਵੀ ਦਿੰਦੀਆਂ ਸਨ। 'ਹੁਣ ਵੀ ਕਾਰਪੋਰੇਟ ਸੈਕਟਰ ਦੀ ਸਮਾਜਿਕ ਜ਼ਿੰਮੇਵਾਰੀ ਤਹਿਤ ਉਦਯੋਗਿਕ ਘਰਾਣਿਆਂ ਨੂੰ ਫੁੱਟਬਾਲ ਕਲੱਬਾਂ ਖੋਲ੍ਹਣ ਲਈ ਮਨਾਉਣਾ/ਮਜਬੂਰ ਕਰਨਾ ਚਾਹੀਦੈ' ਉਨ੍ਹਾਂ ਅੱਗੋਂ ਕਿਹਾ। 'ਸਰਕਾਰ ਅਜੇ ਨਵੀਂ ਨਵੀਂ ਬਣੀ ਹੈ, ਆਪਾਂ ਨੂੰ ਅੱਛੇ ਦੀ ਆਸ ਕਰਨੀ ਚਾਹੀਦੀ ਐ' ਉਨ੍ਹਾਂ ਸੌ ਹੱਥ ਰੱਸਾ ਸਿਰੇ 'ਤੇ ਗੰਢ ਵਾਂਗ ਵਿਚਾਰ ਪ੍ਰਗਟ ਕੀਤਾ।

ਇਥੇ ਇਹ ਵਰਨਣਯੋਗ ਹੈ ਕਿ ਸ.ਇੰਦਰ ਸਿੰਘ ਆਪਣੇ ਵੇਲੇ ਇਕ 'ਸਕੋਰਿੰਗ ਮਸ਼ੀਨ' (ਗੋਲਕਰਨ ਵਾਲੀ ਮਸ਼ੀਨ) ਵਜੋਂ ਜਾਣੇ ਜਾਂਦੇ ਸਨ। ਉਹ ਲੀਡਰ ਕਲੱਬ ਜਲੰਧਰ, ਜੇ.ਸੀ.ਟੀ.ਮਿੱਲ ਫੁੱਟਬਾਲ ਕਲੱਬ ਫਗਵਾੜਾ ਅਤੇ ਰਾਸ਼ਟਰੀ ਟੀਮ ਲਈ ਬੇਮਿਸਾਲ ਫਾਰਵਰਡ ਵਜੋਂ ਖੇਡਦੇ ਰਹੇ ਹਨ। ਉਨ੍ਹਾਂ ਨੇ ਸੰਤੋਸ਼ ਟਰਾਫੀ ਵਿਚ 1974 ਵਿਚ ਕੁੱਲ 46 ਗੋਲਾਂ 'ਚੋਂ 23 ਗੋਲ ਕਰਕੇ ਇਕ ਰਿਕਾਰਡ ਸਥਾਪਤ ਕੀਤਾ ਸੀ ਜੋ ਅਜੇ ਤਕ ਕਾਇਮ ਹੈ। ਉਹ ਭਾਰਤ ਦੀ ਟੀਮ ਦੇ 3 ਵਾਰ ਕੈਪਟਨ ਰਹੇ ਹਨ ਅਤੇ ਅਰਜਨ ਐਵਾਰਡ ਸਮੇਤ ਅਨੇਕਾਂ ਇਨਾਮਾਂ ਨਾਲ ਸਨਮਾਨਿਤ ਹੋ ਚੁੱਕੇ ਹਨ। ਉਹ ਆਲ ਏਸ਼ੀਅਨ ਸਟਾਰ ਟੀਮ ਦੇ ਵੀ ਮੈਂਬਰ ਰਹੇ ਹਨ।

ਅਰਜਨ ਐਵਾਰਡ ਜੇਤੂ ਗੁਰਦੇਵ ਸਿੰਘ ਗਿੱਲ ਵੀ ਭਾਰਤੀ ਟੀਮ ਦੇ ਕਪਤਾਨ ਰਹਿ ਚੁੱਕੇ ਹਨ। ਉਹ ਬਤੌਰ ਡਿਫੈਂਡਰ ਲੀਡਰ ਕਲੱਬ, ਜਲੰਧਰ, ਪੰਜਾਬ ਪੁਲਿਸ ਫੁੱਟਬਾਲ ਕਲੱਬ ਜਲੰਧਰ, ਈਸਟ ਬੰਗਾਲ ਫੁੱਟਬਾਲ ਕਲੱਬ ਕੋਲਕਾਤਾ ਅਤੇ ਰਾਸ਼ਟਰੀ ਟੀਮ ਲਈ ਖੇਡ ਚੁੱਕੇ ਹਨ। ਗਿਆਨ ਸਿੰਘ ਬੀ.ਐਸ.ਐਫ. ਦੀ ਟੀਮ ਵਿਚ ਖੇਡਦੇ ਰਹੇ ਹਨ। 1970 ਵਿਚ ਸੰਤੋਸ਼ ਟਰਾਫੀ ਜਿੱਤਣ ਵਾਲੀ ਪੰਜਾਬ ਟੀਮ ਦੇ ਮੈਂਬਰ ਵਜੋਂ ਉਹ ਮਲੇਸ਼ੀਆ ਖੇਡਣ ਗਏ। ਪ੍ਰਿੰ. ਜਸਪਾਲ ਸਿੰਘ, ਜਿਨ੍ਹਾਂ ਨੇ ਖੇਡਾਂ ਉਪਰ ਪੀ.ਐਚ.ਡੀ ਕੀਤੀ ਹੈ ਅਤੇ ਜੋ ਕੌਮਾਂਤਰੀ ਪੱਧਰ ਸਮੇਤ ਅਨੇਕਾਂ ਸੰਸਥਾਵਾਂ ਵਿਚ ਖੋਜ-ਪਰਚੇ ਪੜ੍ਹ ਚੁੱਕੇ ਹਨ, ਨੇ ਕਿਹਾ ਕਿ ਪੰਜਾਬੀਆਂ ਕੋਲ ਸੁਡੌਲ ਸਰੀਰ ਅਤੇ ਦ੍ਰਿੜ ਮਾਨਸਿਕ ਬਲ ਹੈ ਪਰ ਉਨ੍ਹਾਂ ਕੋਲ ਮੌਕਿਆਂ ਦੀ ਘਾਟ ਹੈ।

ਉਨ੍ਹਾਂ ਕਿਹਾ, 'ਖੇਡ ਸਕੀਮਾਂ ਹੇਠਲੇ ਪੱਧਰ ਤੋਂ ਲਾਗੂ ਕਰਨ, ਨਿੱਕੀ ਉਮਰੇ ਖੇਡ-ਨਿਪੁੰਨਤਾ/ਪ੍ਰਤਿਭਾ ਖੋਜਣ-ਭਾਲਣ ('ਕੈਚ ਦੈਮ ਯੰਗ), ਸਹੀ ਖੁਰਾਕ ਅਤੇ ਟਰੇਨਿੰਗ ਦੇਣ ਅਤੇ ਪੰਜਾਬੀ ਨੌਜਵਾਨਾਂ ਦੀ ਉਛਾਲੇ ਮਾਰਦੀ ਊਰਜਾ ਨੂੰ ਸਕਾਰਾਤਮਕ ਢੰਗ ਨਾਲ ਸਹੀ ਦਿਸ਼ਾ ਦੇਣ ਦੀ ਅਤਿਅੰਤ ਲੋੜ ਹੈ।' ਇਹ ਸਾਰੇ ਖੇਡ ਦਿੱਗਜ ਫਗਵਾੜਾ ਵਿਚ ਕਰਵਾਏ ਗਏ 34ਵੇਂ ਫਗਵਾੜਾ ਕੱਪ ਫੁੱਟਬਾਲ ਟੂਰਨਾਮੈਂਟ ਵਿਚ ਸ਼ਾਮਲ ਹੋਣ ਆਏ ਸਨ। ਇਸ ਸਾਲ ਇਹ ਟੂਰਨਾਮੈਂਟ ਨਾਮਵਰ ਫੁੱਟਬਾਲ ਖਿਡਾਰੀ ਅਤੇ ਕੋਚ ਸ. ਜਗੀਰ ਸਿੰਘ ਦੀ ਯਾਦ ਨੂੰ ਸਮਰਪਿਤ ਸੀ। ਇਸ ਦਾ ਪ੍ਰਬੰਧ ਫੁੱਟਬਾਲ ਕੋਚ ਪ੍ਰੋ. ਸੀਤਲ ਸਿੰਘ, ਪ੍ਰਧਾਨ ਇੰਟਰਨੈਸ਼ਨਲ ਸਪੋਰਟਸ ਐਸੋਸੀਏਸ਼ਨ, ਦੀ ਅਗਵਾਈ ਵਿਚ ਕੀਤਾ ਗਿਆ। ਸ. ਜਗੀਰ ਸਿੰਘ ਪਿਛਲੇ ਸਾਲ 19 ਮਈ 2021ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ।

ਟੂਰਨਾਮੈਂਟ ਦੇ ਫਸਵੇਂ ਫਾਈਨਲ ਮੁਕਾਬਲੇ ਵਿਚ ਸ. ਜਗਤ ਸਿੰਘ ਪਲਾਹੀ ਫੁੱਟਬਾਲ ਅਕੈਡਮੀ, ਗੁਰੂੁ ਨਾਨਕ ਕਾਲਜ ਫਗਵਾੜਾ ਨੇ ਟਾਈ ਬਰੇਕਰ ਰਾਹੀਂ ਸੀ.ਆਰ.ਪੀ.ਐਫ. ਜਲੰਧਰ ਦੀ ਟੀਮ ਨੂੰ ਹਰਾ ਕੇ ਟਰਾਫੀ ਅਤੇ 51,000 ਨਗਦ ਇਨਾਮ ਜਿਤਿਆ। ਦੂਸਰਾ ਸਥਾਨ ਹਾਸਲ ਕਰਨ ਵਾਲੀ ਟੀਮ ਨੂੰ 41,000 ਨਗਦ ਇਨਾਮ ਅਤੇ ਕੱਪ ਮਿਲਿਆ।ਇਸ ਤੋਂ ਪਹਿਲਾਂ ਪੰਜਾਬ ਫੁੱਟਬਾਲ ਐਸੋਸੀਏਸ਼ਨ (ਪੀ.ਐਫ.ਏ.) ਵਲੋਂ ਕਰਵਾਏ ਗਏ ਤੀਜੇ ਜੇ.ਸੀ.ਟੀ.ਪੰਜਾਬ ਯੂਥ ਲੀਗ-ਅੰਡਰ 17 ਦੇ ਫਾਈਨਲ ਵਿਚ ਮਿਨਰਵਾ ਫੁੱਟਬਾਲ ਅਕੈਡਮੀ ਮੁਹਾਲੀ ਦੀ ਟੀਮ ਨੇ ਸ਼੍ਰੀ ਦਸ਼ਮੇਸ਼ ਮਾਰਸ਼ਲ ਸਪੋਰਟਸ ਅਕੈਡਮੀ ਆਨੰਦਪੁਰ ਸਾਹਿਬ ਦੀ ਟੀਮ ਨੂੰ ਇਕਪਾਸੜੀ ਟੱਕਰ ਵਿਚ 6-0 ਨਾਲ ਹਰਾਇਆ।

 

      ਪ੍ਰੋਫੈਸਰ ਜਸਵੰਤ ਸਿੰਘ