ਪੰਜਾਬ ਨੂੰ ਸਹਿਕਾਰੀ ਅਤੇ ਔਰਗੈਨਿਕ ਖੇਤੀ ਮਾਡਲ ਅਪਣਾਉਣ ਦੀ ਲੋੜ

ਪੰਜਾਬ ਨੂੰ ਸਹਿਕਾਰੀ ਅਤੇ ਔਰਗੈਨਿਕ ਖੇਤੀ ਮਾਡਲ ਅਪਣਾਉਣ ਦੀ ਲੋੜ

ਪੰਜਾਬ ਵਿਚ ਖੇਤੀ ਦਾ ਸਫ਼ਰ

ਪੰਜਾਬ ਵਿਚ ਖੇਤੀ ਦਾ ਸਫ਼ਰ ਸਹਿਕਾਰੀ ਅਤੇ ਕੁਦਰਤੀ (ਔਰਗੈਨਿਕ) ਖੇਤੀ ਤੋਂ ਸ਼ੁਰੂ ਹੋਇਆ ਸੀ। ਅੱਜ ਫਿਰ ਸਹਿਕਾਰੀ ਅਤੇ ਕੁਦਰਤੀ ਖੇਤੀ ਵੱਲ ਮੁੜਨ ਦੀ ਡਾਢੀ ਲੋੜ ਜਾਪਦੀ ਹੈ। ਮਨੁੱਖਤਾ ਦੇ ਭਲੇ ਲਈ ਲੋਕਾਂ ਨੂੰ ਸ਼ੁੱਧ ਅਤੇ ਸਾਫ਼-ਸੁਥਰੀ ਖਾਧ ਖੁਰਾਕ ਦੇਣ ਲਈ ਕਿਸਾਨਾਂ ਨੂੰ ਸਾਂਝੀਵਾਲਤਾ ਵਾਲਾ ਖੇਤੀ ਢਾਂਚਾ ਉਸਾਰਨਾ ਪਵੇਗਾ। ਹਵਾ, ਪਾਣੀ, ਜ਼ਮੀਨ ਦੀ ਸਿਹਤ ਠੀਕ ਕਰਨ ਲਈ ਰਸਾਇਣਿਕ ਖਾਦਾਂ। ਦਵਾਈਆਂ ਦਾ ਖਹਿੜਾ ਛੱਡਣਾ ਪਵੇਗਾ। ਪੰਜਾਬ ਵਿਚ ਪਿੰਡਾਂ 'ਚ ਕਈ ਪੀੜ੍ਹੀਆਂ ਤਕ ਪਰਿਵਾਰ ਸਾਂਝੇ ਰੂਪ ਵਿਚ ਵਿਚਰਦੇ ਸਨ। ਪਰਿਵਾਰ ਦਾ ਮੁਖੀ ਖੇਤੀ ਅਤੇ ਪਰਿਵਾਰ ਚਲਾਉਣ ਲਈ ਪਰਿਵਾਰ ਦੇ ਹਰ ਮੈਂਬਰ ਦੀ ਯੋਗਤਾ ਵੇਖ ਕੇ ਉਸ ਨੂੰ ਕੰਮ ਦਿੰਦਾ ਸੀ। ਬਲਦਾਂ ਦੀ ਜੋਗ ਨਾਲ ਹਲ਼ ਵਾਹੁਣ ਵਾਲੇ ਦੀ ਜ਼ਿੰਮੇਵਾਰੀ ਸਿਰਫ਼ ਹਲ਼ ਵਾਹੁਣਾ ਹੀ ਹੁੰਦੀ ਸੀ। ਉਸ ਉੱਪਰ ਹੋਰ ਕਿਸੇ ਕੰਮ ਦਾ ਭਾਰ ਨਹੀਂ ਹੁੰਦਾ ਸੀ। ਇਸੇ ਤਰ੍ਹਾਂ ਪਿੰਡਾਂ ਵਿਚ ਕੁਝ ਜ਼ਮੀਨ ਪਸ਼ੂਆਂ ਦੀ ਖੁਰਾਕ ਲਈ ਚਰਾਂਦਾਂ ਦੇ ਰੂਪ ਵਿਚ ਛੱਡੀ ਹੁੰਦੀ ਸੀ। ਜਿਸ ਵਿਚ ਸਾਰੇ ਪਿੰਡ ਦੇ ਪਸ਼ੂ ਚਰਦੇ ਸਨ। ਪਰਿਵਾਰ ਵਿਚੋਂ ਇਕ ਜੀਅ ਦੀ ਜ਼ਿੰਮੇਵਾਰੀ ਪਸ਼ੂ ਚਾਰਨ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਦੀ ਹੁੰਦੀ ਸੀ। ਇਸੇ ਤਰ੍ਹਾਂ ਸੂਏ ਦਾ ਪਾਣੀ ਲਾਉਣਾ, ਖਾਲ ਦੀ ਖਲਾਈ ਕਰਨੀ, ਮੱਕੀ ਦੀ ਗੋਡੀ ਕਰਨੀ, ਕਪਾਹ ਚੁਗਣੀ, ਮਿਰਚਾਂ ਚੁਗਣੀਆਂ, ਮੱਝਾਂ ਦੀਆਂ ਧਾਰਾਂ ਕੱਢਣੀਆਂ, ਕਪਾਹ ਦਾ ਸੂਤ ਕੱਤਣਾ, ਮੰਜੇ ਬੁਣਨ ਲਈ ਸਣ ਤਿਆਰ ਕਰਨਾ ਆਦਿ ਕੰਮ ਹੁੰਦੇ ਸਨ। ਘਰ ਦਾ ਬਜ਼ੁਰਗ ਬੈਠਾ ਸਣ ਕੱਢਦਾ ਅਤੇ ਉਸ ਤੋਂ ਵਾਣ ਤਿਆਰ ਕਰਦਾ। ਪਰਿਵਾਰ ਵਿਚੋਂ ਇਕ ਜੀਅ ਦੀ ਜ਼ਿੰਮੇਵਾਰੀ ਬਾਹਰ-ਅੰਦਰ ਦੇ ਕੰਮਾਂ ਦੀ ਹੁੰਦੀ, ਉਹ ਰਿਸ਼ਤੇਦਾਰੀ ਵਿਚ ਖ਼ੁਸ਼ੀ-ਗ਼ਮੀ ਦੇ ਸਮਾਗਮਾਂ ਵਿਚ ਸ਼ਰੀਕ ਹੁੰਦਾ। ਕਿਸਾਨਾਂ ਸਮੇਤ ਪੂਰਾ ਸਮਾਜ ਸ਼ੁੱਧ ਪੌਸ਼ਟਿਕ ਖਾਧ ਖੁਰਾਕ ਦਾ ਆਨੰਦ ਮਾਣਦਾ ਸੀ। ਲੋਕਾਂ ਨੂੰ ਚੈਨ ਦਾ ਸਾਹ ਆਉਂਦਾ ਸੀ। ਰਾਤ ਨੂੰ ਨੀਂਦ ਲੈਣ ਲਈ ਗੋਲੀਆਂ ਦਾ ਆਸਰਾ ਨਹੀਂ ਸੀ ਲੈਣਾ ਪੈਂਦਾ। ਉਸ ਵੇਲੇ ਦਾ ਪੰਜਾਬ ਘੱਟੋ-ਘੱਟ ਨਸ਼ੇ ਪ੍ਰਦੂਸ਼ਣ ਤੋਂ ਮੁਕਤ ਸੀ। ਹਵਾ, ਪਾਣੀ ਤੇ ਜ਼ਮੀਨ ਸ਼ੁੱਧ ਸੀ। ਪਿੰਡਾਂ ਵਿਚ ਭਾਈਚਾਰਕ ਸਾਂਝ ਸਿਖਰਾਂ 'ਤੇ ਸੀ। ਹਰ ਪਰਿਵਾਰ ਦੇ ਦੁੱਖ-ਸੁੱਖ ਵਿਚ ਸਾਰਾ ਪਿੰਡ ਸ਼ਾਮਿਲ ਹੁੰਦਾ ਸੀ। ਹਰ ਘਰ ਦੀ ਧੀ-ਭੈਣ ਸਾਰੇ ਪਿੰਡ ਦੀ ਧੀ-ਭੈਣ ਹੁੰਦੀ ਸੀ। ਉਸ ਦੀ ਇੱਜ਼ਤ ਦੀ ਰਾਖੀ ਸਾਰਾ ਪਿੰਡ ਕਰਦਾ ਸੀ। ਗੁੜ, ਘਿਓ, ਤੇਲ, ਦਾਲਾਂ, ਸਬਜ਼ੀਆਂ, ਫਲ, ਮਸਾਲੇ, ਕੱਪੜਾ ਆਦਿ ਸਭ ਕਿਸਾਨ ਆਪਣੀ ਜ਼ਮੀਨ ਵਿਚ ਹੀ ਪੈਦਾ ਕਰਦੇ ਸਨ। ਸਿਰਫ ਲੂਣ ਅਤੇ ਜੁੱਤੀ ਹੀ ਮੁੱਲ ਲੈਂਦੇ ਸਨ। ਇਹ ਸਾਂਝੀਵਾਲਤਾ ਵਾਲਾ ਢਾਂਚਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦੇਣ ਸੀ। ਜਿਨ੍ਹਾਂ ਨੇ ਆਪਣੇ ਹੱਥੀਂ ਖੇਤੀ ਕਰਕੇ ਇਹ ਸੁਨੇਹਾ ਸਾਰੇ ਸੰਸਾਰ ਨੂੰ ਦਿੱਤਾ ਕਿ 'ਕਿਰਤ ਕਰੋ, ਨਾਮ ਜਪੋ, ਵੰਡ ਛਕੋ'। ਇਸ ਕਰਕੇ ਹੀ ਇਹ ਅਖਾਣ ਪ੍ਰਸਿੱਧ ਹੋਇਆ ਕਿ 'ਉੱਤਮ ਖੇਤੀ, ਮੱਧਮ ਵਪਾਰ, ਨਖਿੱਧ ਚਾਕਰੀ, ਭੀਖ਼ ਗਵਾਰ'। ਇੱਥੇ ਮੈਂ ਇਸ ਗੱਲ ਦਾ ਜ਼ਿਕਰ ਕਰਾਂਗਾ ਕਿ ਸੰਸਾਰ ਭਰ ਵਿਚ ਜਿਸ ਵਕਤ ਤੋਂ ਖੇਤੀ ਅਤੇ ਹੋਰ ਕਿਰਤਾਂ 'ਤੇ ਨਿਰਭਰ ਰਹਿਣ ਵਾਲੀਆਂ ਸੱਭਿਅਤਾਵਾਂ ਦਾ ਜਨਮ ਹੋਇਆ ਹੈ, ਉਸ ਵਕਤ ਤੋਂ ਹੀ ਇਨ੍ਹਾਂ ਕਿਰਤੀ ਲੋਕਾਂ ਅਤੇ ਇਨ੍ਹਾਂ ਦੀ ਕਿਰਤ ਦਾ ਸ਼ੋਸ਼ਣ ਕਰਨ ਵਾਲੇ ਵੀ ਜੰਮ ਪਏ। ਕੁਦਰਤ ਦਾ ਨਿਯਮ ਹੈ, ਜਿੱਥੇ ਨੇਕੀ ਹੈ ਉੱਥੇ ਬਦੀ ਵੀ ਹੈ। ਜਿੱਥੇ ਸੱਚ ਹੈ ਉੱਥੇ ਝੂਠ ਵੀ ਹੈ। ਸੋ, ਨਕਾਰਾਤਮਕ ਅਤੇ ਸਾਕਾਰਾਤਮਕ ਵਰਤਾਰੇ ਲਗਾਤਾਰ ਨਾਲ ਚਲਦੇ ਰਹਿੰਦੇ ਹਨ। ਵੱਧ ਲੋਕ ਜਿਸ ਪਾਸੇ ਖੜ੍ਹਦੇ ਹਨ, ਜਿੱਤ ਉਸ ਪਾਸੇ ਦੀ ਹੁੰਦੀ ਹੈ। ਹੁਣ ਇਹ ਵੀ ਵੇਖਣਾ ਪੈਂਦਾ ਹੈ ਕਿ ਵਿਕਾਸ ਅਤੇ ਵਿਨਾਸ਼ ਵਿਚ ਕੀ ਫ਼ਰਕ ਹੈ? ਇੱਥੇ ਚੰਦ ਮੁੱਠੀ ਭਰ ਲੁਟੇਰੇ ਵਿਨਾਸ਼ ਨੂੰ ਵਿਕਾਸ ਦਾ ਨਾਂਅ ਦੇ ਕੇ ਸਾਡੀ ਲੁੱਟ ਕਰਦੇ ਆ ਰਹੇ ਹਨ। ਸਾਡਾ ਵਿਨਾਸ਼ ਹੋ ਰਿਹਾ ਹੈ ਅਤੇ ਉਨ੍ਹਾਂ ਦਾ ਵਿਕਾਸ ਹੋ ਰਿਹਾ ਹੈ। ਮੁੱਢ ਤੋਂ ਹੀ ਕਿਸਾਨਾਂ, ਕਿਰਤੀਆਂ, ਕਾਮਿਆਂ ਦੀ ਮਿਹਨਤ ਨਾਲ ਪੈਦਾ ਕੀਤਾ ਜਾ ਰਿਹਾ ਸਰਮਾਇਆ ਕੁਝ ਕੁ ਮੁੱਠੀ ਭਰ ਲੁਟੇਰਿਆਂ ਅਤੇ ਸਰਮਾਏਦਾਰਾਂ ਦੀਆਂ ਤਿਜੌਰੀਆਂ ਵਿਚ ਬੰਦ ਹੁੰਦਾ ਰਿਹਾ ਹੈ। ਇਹ ਵਰਤਾਰਾ ਅਜੇ ਵੀ ਜਾਰੀ ਹੈ, ਅਤੇ ਇਹ ਉਨ੍ਹਾਂ ਚਿਰ ਤਕ ਜਾਰੀ ਰਹੇਗਾ, ਜਿੰਨਾ ਚਿਰ ਤਕ ਅਸੀਂ ਉਹ ਨੀਤੀਆਂ ਜਿਹੜੀਆਂ ਸਾਡੇ ਵਲੋਂ ਦਸਾਂ ਨਹੁੰਆਂ ਦੀ ਕਿਰਤ ਕਰਕੇ ਕਮਾਏ ਪੈਸੇ ਨੂੰ ਇਨ੍ਹਾਂ ਦੀਆਂ ਤਿਜੌਰੀਆਂ ਵਿਚ ਬੰਦ ਕਰਦੀਆਂ ਹਨ, ਉਨ੍ਹਾਂ ਨੂੰ ਅਸੀਂ ਬਦਲ ਨਹੀਂ ਦਿੰਦੇ। ਇਸ ਨੂੰ ਬਦਲਣ ਲਈ ਸਾਨੂੰ ਸਮਾਜਿਕ, ਰਾਜਨੀਤਕ ਅਤੇ ਆਰਥਿਕ ਪੱਧਰ 'ਤੇ ਬਹੁਤ ਵੱਡੇ ਅੰਦੋਲਨ ਦੀ ਲੋੜ ਹੈ। ਜਿਸ ਵਿਚ ਕਿਸਾਨ ਅਤੇ ਸਾਰੇ ਕਿਰਤੀ ਕਾਮੇ ਸ਼ਾਮਿਲ ਹੋਣਗੇ। ਇਹ ਅੰਦੋਲਨ ਜਾਤ-ਪਾਤ, ਧਰਮਾਂ, ਭਾਸ਼ਾਵਾਂ ਦੇ ਬੰਧਨਾਂ ਨੂੰ ਤੋੜਦਾ ਹੋਇਆ ਅੱਗੇ ਵਧੇਗਾ। ਵੱਖ-ਵੱਖ ਰੰਗਾਂ ਦੀਆਂ ਸਰਕਾਰਾਂ ਦੀਆਂ ਨੀਤੀਆਂ ਨੇ ਕਿਸਾਨਾਂ ਨੂੰ ਕਰਜ਼ਾ ਦੇ ਕੇ ਖ਼ੁਦਕੁਸ਼ੀਆਂ ਦੇ ਰਾਹ ਤੋਰਿਆ ਹੈ। ਕੁੱਲ ਕਾਰਖ਼ਾਨੇ ਚਲਾਉਣ ਵਾਲੇ ਕਿਰਤੀ ਕਾਮਿਆਂ ਨੂੰ ਲੁੱਟ ਕੇ ਭੁੱਖਮਰੀ ਦੇ ਰਾਹ ਪਾਇਆ ਗਿਆ। ਅੱਜ ਜਦੋਂ ਸੰਸਾਰ ਪੱਧਰ 'ਤੇ ਵਿੱਦਿਆ, ਸਿਹਤ ਸਹੂਲਤਾਂ ਅਤੇ ਰੋਜ਼ਗਾਰ ਦੇ ਹਰ ਨਾਗਰਿਕ ਨੂੰ ਗਾਰੰਟੀ ਦੇਣ ਵਾਲੇ ਕਾਨੂੰਨ ਬਣੇ ਰਹੇ ਹਨ। ਸਾਡੇ ਦੇਸ਼ ਅੰਦਰ ਬੇਰੁਜ਼ਗਾਰਾਂ ਅਤੇ ਭੁੱਖਮਰੀ ਦੇ ਸ਼ਿਕਾਰ ਲੋਕਾਂ ਦੀ ਗਿਣਤੀ ਵਧ ਰਹੀ ਹੈ। ਉਹ ਲੋਕ, ਜਿਨ੍ਹਾਂ ਨੂੰ 24 ਘੰਟਿਆਂ ਵਿਚ ਸਿਰਫ਼ ਇਕ ਡੰਗ ਦੀ ਰੋਟੀ ਮਿਲਦੀ ਹੈ, ਦੀ ਗਿਣਤੀ ਕਰੋੜਾਂ ਵਿਚ ਹੈ। ਉਹ ਨੌਜਵਾਨ ਜਿਨ੍ਹਾਂ ਦੇ ਪਰਿਵਾਰਾਂ ਨੇ ਉਨ੍ਹਾਂ ਨੂੰ ਮਹਿੰਗੀ ਸਿੱਖਿਆ ਦਿਵਾਈ, ਉਨ੍ਹਾਂ ਦੇ ਹੱਥ ਵਿਚ ਡਿਗਰੀਆਂ ਹਨ ਪਰ ਸਰਕਾਰਾਂ ਕੋਲ ਉਨ੍ਹਾਂ ਲਈ ਰੁਜ਼ਗਾਰ ਦਾ ਪ੍ਰਬੰਧ ਨਹੀਂ ਹੈ। ਨਿਰਾਸ਼ ਜਵਾਨੀ ਜਾਂ ਤਾਂ ਮਾਰੂ ਨਸ਼ਿਆਂ ਦੀ ਆਦੀ ਹੋ ਰਹੀ ਹੈ ਜਾਂ ਵਿਦੇਸ਼ਾਂ ਵੱਲ ਮੂੰਹ ਕਰ ਰਹੀ ਹੈ ਜਾਂ ਫਿਰ ਹਿੰਸਕ ਕਾਰਵਾਈਆਂ ਵੱਲ ਪ੍ਰੇਰਿਤ ਹੋ ਰਹੀ ਹੈ। ਇੱਥੇ ਹਾਲਾਤ ਬਦਲਣ ਦੀ ਲੋੜ ਹੈ। ਇਸ ਲਈ ਸਾਨੂੰ ਸਾਰਾ ਕੁਝ ਆਪਣੇ ਹੱਥ ਵਿਚ ਲੈ ਕੇ ਪਹਿਲਕਦਮੀ ਕਰਨੀ ਪਵੇਗੀ। ਸਾਡਾ ਦੇਸ਼ ਖੇਤੀ ਪ੍ਰਧਾਨ ਦੇਸ਼ ਹੈ। ਪੰਜਾਬ ਵਿਚ ਸਾਰੀ ਜ਼ਮੀਨ ਆਬਾਦ ਅਤੇ ਵਾਹੀ-ਯੋਗ ਹੈ। ਪੰਜਾਬ ਵਿਚ ਸਹਿਕਾਰੀ ਅਤੇ ਜ਼ਹਿਰ ਮੁਕਤ ਖੇਤੀ ਮਾਡਲ ਲਾਗੂ ਕੀਤਾ ਜਾਵੇ। ਪਿੰਡਾਂ ਵਿਚ ਫ਼ਸਲਾਂ 'ਤੇ ਆਧਾਰਿਤ ਸਹਿਕਾਰੀ ਸਭਾਵਾਂ ਬਣਾਈਆਂ ਜਾਣ। ਸਭ ਤੋਂ ਪਹਿਲਾਂ ਪੰਜਾਬ ਦੀ ਸਾਰੀ ਜ਼ਮੀਨ ਨੂੰ ਫ਼ਸਲੀ ਵਿਭਿੰਨਤਾ ਲਈ ਜ਼ੋਨਾਂ ਵਿਚ ਵੰਡਿਆ ਜਾਵੇ।

ਕਣਕ, ਝੋਨਾ ਪੰਜਾਬ ਦੀ ਜ਼ਮੀਨ ਦੀ ਤਾਸੀਰ ਅਤੇ ਹਾਸਲ ਪਾਣੀ ਦੀ ਮਾਤਰਾ ਮੁਤਾਬਕ ਸਾਰੇ ਪੰਜਾਬ ਦੀ ਫਸਲ ਨਹੀਂ ਹੈ। ਜਿਹੜੀ ਜ਼ਮੀਨ ਜਿਹੜੀ ਫਸਲ ਨੂੰ ਮੰਨਦੀ ਹੈ ਉੱਥੇ ਸਿਰਫ਼ ਉਹੀ ਫ਼ਸਲ ਬੀਜੀ ਜਾਵੇ। ਉਦਾਹਰਨ ਦੇ ਤੌਰ 'ਤੇ ਦਰਿਆਵਾਂ ਦੇ ਕੰਢਿਆਂ ਵਾਲੀ ਜ਼ਮੀਨ ਜਿਸ ਨੂੰ ਅਸੀਂ ਮੰਡ ਦਾ ਇਲਾਕਾ ਕਹਿੰਦੇ ਹਾਂ, ਉਸ ਵਿਚ ਗੰਨਾ ਬਹੁਤ ਹੋ ਸਕਦਾ ਹੈ। ਇਸ ਵਿਚ ਕਈ ਸਹਿਕਾਰੀ ਖੰਡ ਮਿੱਲਾਂ ਨਵੀਆਂ ਚੱਲ ਸਕਦੀਆਂ ਹਨ। ਜਿੱਥੇ ਲੋਕਾਂ ਨੂੰ ਖੰਡ ਮਿੱਲਾਂ ਵਿਚ ਰੁਜ਼ਗਾਰ ਮਿਲੇਗਾ। ਉੱਥੇ ਗੰਨੇ ਵਾਲੇ ਖੇਤਾਂ ਵਿਚ ਕਿਸਾਨਾਂ, ਮਜ਼ਦੂਰਾਂ ਅਤੇ ਢੋਆ-ਢੁਆਈ ਵਾਲਿਆਂ ਨੂੰ ਵੀ ਰੁਜ਼ਗਾਰ ਮਿਲੇਗਾ ਗੰਨੇ ਵਾਲੇ ਕਿਸਾਨਾਂ ਦੀ ਪਿੰਡ ਪੱਧਰੀ ਕੋਆਪ੍ਰੇਟਿਵ ਸੁਸਾਇਟੀ ਆਪਣੇ ਗੰਨੇ ਤੋਂ ਗੁੜ ਬਣਾ ਕੇ ਇਸ ਨੂੰ ਬਾਜ਼ਾਰ ਵਿਚ ਵੇਚ ਕੇ ਚੋਖਾ ਮੁਨਾਫ਼ਾ ਕਮਾ ਸਕਦੀ ਹੈ। ਆਮ ਲੋਕਾਂ ਨੂੰ ਸ਼ੁੱਧ ਕੁਦਰਤੀ ਗੁੜ ਵਰਤੋਂ ਲਈ ਮਿਲ ਸਕਦਾ ਹੈ। ਇਸੇ ਤਰ੍ਹਾਂ ਦਾਲਾਂ, ਤੇਲ ਬੀਜ, ਮੱਕੀ, ਦੁੱਧ, ਫਲ, ਸਬਜ਼ੀਆਂ, ਨਰਮਾ, ਬਾਸਮਤੀ ਆਦਿ ਦੇ ਜ਼ੋਨ ਬਣਾ ਕੇ ਕਿਸਾਨ ਆਪਣੀਆਂ ਸਹਿਕਾਰੀ ਸਭਾਵਾਂ ਰਾਹੀਂ ਆਪ ਇਨ੍ਹਾਂ ਵਸਤਾਂ ਨੂੰ ਸਿੱਧਾ ਬਾਜ਼ਾਰ ਵਿਚ ਵੇਚ ਕੇ ਸਿੱਧਾ ਮੁਨਾਫ਼ਾ ਆਪਣੀਆਂ ਜੇਬਾਂ ਵਿਚ ਪਾ ਸਕਦੇ ਹਨ। ਇਹ ਕੰਮ ਕਰਨ ਨਾਲ ਸਿਹਤਮੰਦ ਸਮਾਜ ਦੀ ਉਸਾਰੀ ਦਾ ਮੁੱਢ ਬੱਝੇਗਾ। ਸਮਾਜ ਦੇ ਹਰ ਵਰਗ ਨੂੰ ਸ਼ੁੱਧ ਵਸਤੂਆਂ ਮਿਲਣਗੀਆਂ। ਪਿੰਡਾਂ ਵਿਚ ਲੋਕਾਂ ਲਈ ਰੁਜ਼ਗਾਰ ਦੇ ਵਸੀਲੇ ਵਧਣਗੇ। ਫਿਰ ਸਾਡੀ ਜਵਾਨੀ ਦਾ ਪ੍ਰਵਾਸ ਵਿਦੇਸ਼ਾਂ ਵੱਲ ਨਹੀਂ ਹੋਵੇਗਾ। ਸਗੋਂ ਵਿਦੇਸ਼ਾਂ ਵਿਚ ਵਸਦੇ ਸਾਡੇ ਧੀਆਂ-ਪੁੱਤ ਮੁੜ ਆਪਣੇ ਮਾਂ ਬਾਪ ਦੀ ਬੁੱਕਲ ਦਾ ਨਿੱਘ ਮਾਨਣਗੇ। ਗੁਰੂ ਨਾਨਕ ਦੇਵ ਜੀ ਦਾ ਸੁਨੇਹਾ ਮੁੜ ਤੋਂ ਸਾਕਾਰ ਹੋ ਉੱਠੇਗਾ। ਇਕ ਮਜ਼ਬੂਤ ਭਾਈਚਾਰਕ ਸਾਂਝ ਅਤੇ ਸਕੂਨ ਵਾਲੀ ਜ਼ਿੰਦਗੀ ਵਾਪਸ ਆਵੇਗੀ। ਹਵਾ, ਪਾਣੀ, ਜ਼ਮੀਨ ਨੂੰ ਸ਼ੁੱਧ ਕਰਨ ਵਾਲਾ ਸਿਰਫ਼ ਇਹੋ ਹੀ ਇਕੋ-ਇਕ ਰਾਹ ਹੈ। ਅਸੀਂ ਕਿਸਾਨਾਂ ਦੀ ਸਰਦਾਰੀ ਵਾਲਾ, ਕਿਸਾਨਾਂ ਦੀ ਅਗਵਾਈ ਵਾਲਾ ਸਹਿਕਾਰੀ ਅਤੇ ਔਰਗੈਨਿਕ ਖੇਤੀ ਮਾਡਲ ਅਪਣਾਈਏ ਅਤੇ ਇਕ ਸਿਹਤ ਮੰਦ ਸਮਾਜ ਦੀ ਨੀਂਹ ਰੱਖੀਏ।

 

ਕੰਵਲਪ੍ਰੀਤ ਸਿੰਘ ਪੰਨੂ