ਬਰੂਦ ਦੇ ਢੇਰ ਉੱਤੇ ਬੈਠੀ ਦੁਨੀਆ

ਬਰੂਦ ਦੇ ਢੇਰ ਉੱਤੇ ਬੈਠੀ ਦੁਨੀਆ

ਨਾਟੋ ਫੋਰਸਾਂ ਦੀ ਚੁੱਕਤ ਦੇ ਨਾਲ ਯੁਕਰੇਨ ਰੂਸ ਦੇ ਅੱਗੇ ਸਿਰ ਚੁੱਕਦਾ

ਰੂਸ ਦੁਨੀਆ ਦਾ ਇੱਕ ਬਹੁਤ ਹੀ ਸ਼ਕਤੀਸ਼ਾਲੀ ਦੇਸ਼ ਹੈ ਜਦ ਕਿ ਦੂਜੇ ਪਾਸੇ ਯੁਕਰੇਨ ਰੂਸ ਦੇ ਮੁਕਾਬਲੇ ਕੁਝ ਵੀ ਨਹੀਂ। ਇਸ ਜੰਗ ਵਿੱਚ ਸਭ ਤੋਂ ਵੱਧ ਯੁਕਰੇਨ ਦਾ ਹੀ ਨੁਕਸਾਨ ਹੋ ਰਿਹਾ ਹੈ। ਬਹੁਮੰਜ਼ਲੀਆਂ ਗਗਨਚੁੰਬੀ ਇਮਾਰਤਾਂ ਮਿੱਟੀ ਦੇ ਢੇਰ ਵਿੱਚ ਬਦਲ ਰਹੀਆਂ ਹਨ। ਹਰ ਪਾਸੇ ਅਗਜ਼ਨੀ ਤੇ ਧੂੰਆਂਰਾਲੀ ਮਚੀ ਹੋਈ ਹੈ। ਮੌਤਾਂ ਹੋ ਰਹੀਆਂ ਹਨ, ਸੱਥਰ ਵਿੱਛ ਰਹੇ ਹਨ, ਇਨਸਾਨੀਅਤ ਦੇ ਚੀਥੜੇ ਉਡ ਰਹੇ ਹਨ। ਲੋਕ ਆਪਣੀ ਜਾਨ ਬਚਾਉਣ ਵਾਸਤੇ ਕਿਸੇ ਵੀ ਤਰ੍ਹਾਂ ਮੁਲਕ ਤੋਂ ਬਾਹਰ ਨਿਕਲਣ ਲਈ ਤਤਪਰ ਹਨ। ਹੁਣ ਜੇਕਰ ਇਸ ਜੰਗ ਵਾਸਤੇ ਕਿਸੇ ਨੂੰ ਜ਼ਿੰਮੇਵਾਰ ਠਹਿਰਾਉਣਾ ਹੋਵੇ ਤਾਂ ਬਹੁਤੇ ਲੋਕ ਰੂਸ ਨੂੰ ਦੋਸ਼ ਦਿੰਦੇ ਹਨ। ਉਹਨਾਂ ਦਾ ਮੰਨਣਾ ਹੈ ਕਿ ਰੂਸ ਨੂੰ ਇਸ ਨਿੱਕੇ ਜਿਹੇ ਮੁਲਕ ਤੇ ਕਦੇ ਵੀ ਹਮਲਾ ਕਰਕੇ ਮਨੁੱਖਤਾ ਦਾ ਘਾਣ ਨਹੀਂ ਕਰਨਾ ਚਾਹੀਦਾ ਸੀ। ਜੇਕਰ ਯੁਕਰੇਨ ਨੂੰ ਨਾਟੋ ਫੋਰਸਾਂ ਵਿੱਚ ਸ਼ਾਮਿਲ ਹੋਣ ਤੋਂ ਰੋਕਣ ਦਾ ਹੀ ਮੁੱਦਾ ਸੀ ਤਾਂ ਉਸ ਬਾਰੇ ਰੂਸ ਆਪਣੇ ਹੋਰ ਬਹੁਤ ਸਾਰੇ ਡਿਪਲੋਮੈਟਿਕ ਢੰਗ ਤਰੀਕੇ ਅਪਣਾ ਸਕਦਾ ਸੀ, ਪਰ ਇਸ ਤੋਂ ਉਲਟ ਕਈ ਇਹ ਵੀ ਦਲੀਲ ਦਿੰਦੇ ਦਿੰਦੇ ਹਨ ਕਿ ਇਸ ਜੰਗ ਵਾਸਤੇ ਯੁਕਰੇਨ ਜ਼ਿੰਮੇਵਾਰ ਹੈ ਕਿਉਂਕਿ ਉਹ ਯੋਰਪੀਅਨ ਯੂਨੀਅਨ ਵਿੱਚ ਸ਼ਾਮਿਲ ਮੁਲਕਾਂ ਤੇ ਅਮਰੀਕਾ ਦੀ ਹੱਲਾਸ਼ੇਰੀ ਕਾਰਨ ਆਪਣੀ ਅਸਲ ਔਕਾਤ ਤੋਂ ਬਾਹਰ ਦੀ ਬਿਆਨਬਾਜ਼ੀ ਕਰਦਾ ਰਿਹਾ ਤੇ ਰੂਸ ਨੂੰ ਧੌਂਸਬਾਜ਼ੀ ਦਿਖਾਉਂਦਾ ਰਿਹਾ, ਜਿਸ ਕਰਕੇ ਭੜਕਾਹਟ ਪੈਦਾ ਹੋਈ ਤੇ ਯੁੱਧ ਸ਼ੁਰੂ ਹੋ ਗਿਆ।

ਸਿਆਣੇ ਕਹਿੰਦੇ ਹਨ ਕਿ ਮਿੱਤਰ ਉਹ ਜੋ ਔਖੇ ਵੇਲੇ ਨਾਲ ਖੜ੍ਹਾ ਹੋਵੇ ਤੇ ਹਥਿਆਰ ਉਹ ਹੁੰਦਾ ਜੋ ਮੌਕੇ ਤੇ ਕੰਮ ਆਵੇ, ਪਰ ਯੁਕਰੇਨ ਨਾਲ ਇਸ ਤੋਂ ਬਿਲਕੁਲ ਉਲਟ ਹੋਇਆ। ਉਸ ਨੂੰ ਇਹ ਕਹਿਕੇ ਹੱਲਾਸ਼ੇਰੀ ਦੇਣ ਵਾਲੇ ਕਿ ਤੂੰ ਪ੍ਰਵਾਹ ਨਾ ਕਰ, ਅਸੀਂ ਤੇਰੇ ਨਾਲ ਹਾਂ, ਬੱਸ ਚੜ੍ਹ ਜਾ ਬੱਚਾ ਸੂਲੀ ਰਾਮ ਭਲੀ ਕਰੇਗਾ, ਲੋੜ ਵੇਲੇ ਮੂਕ ਦਰਸ਼ਕ ਬਣਕੇ ਬੈਠ ਗਏ। ਯੋਰਪੀਅਨ ਯੂਨੀਅਨ ਨੇ ਵੀ ਆਪਣਾ ਹੱਥ ਪਿੱਛੇ ਖਿੱਚ ਲਿਆ ਤੇ ਅਮਰੀਕਾ ਨੇ ਵੀ। ਜੋ ਵਿੱਤੀ ਪਾਬੰਦੀਆਂ ਯੋਰਪੀਅਨ ਮੁਲਕਾਂ ਤੇ ਅਮਰੀਕਾ ਵੱਲੋਂ ਰੂਸ ਤੇ ਲਗਾਈਆਂ ਜਾ ਰਹੀਆਂ ਹਨ, ਉਹਨਾਂ ਵਿੱਚੋਂ ਬਹੁਤੀਆਂ ਤਾਂ ਕਈ ਸਾਲ ਪਹਿਲਾਂ ਹੀ ਰੂਸ ਤੇ ਲਾਗੂ ਹਨ, ਜਿਹਨਾਂ ਦਾ ਉਸ ਨੂੰ ਕੋਈ ਫਰਕ ਨਾ ਹੀ ਪਿਆ ਤੇ ਨਾ ਹੀ ਭਵਿੱਖ ਵਿੱਚ ਪੈਣ ਦੀ ਸੰਭਾਵਨਾ ਹੈ। ਇਸ ਤੋਂ ਵੀ ਹੋਰ ਅੱਗੇ ਵਿੱਤੀ ਪਾਬੰਦੀਆਂ ਤੋਂ ਬਾਦ ਰੂਸ ਦਾ ਅਰਥਚਾਰਾ ਸਗੋਂ ਪਹਿਲਾਂ ਨਾਲ਼ੋਂ ਮਜ਼ਬੂਤ ਹੀ ਹੋਇਆ ਹੈ।ਅਗਲੀ ਗੱਲ ਇਹ ਹੈ ਕਿ ਜਿਨ੍ਹਾਂ ਨਾਟੋ ਫੋਰਸਾਂ ਦੀ ਚੁੱਕਤ ਦੇ ਨਾਲ ਯੁਕਰੇਨ ਰੂਸ ਦੇ ਅੱਗੇ ਸਿਰ ਚੁੱਕਦਾ ਸੀ, ਉਹ ਆਪਸੀ ਭਿੰਨ ਭੇਦ ਤੇ ਫੁੱਟ ਦੀਆਂ ਸ਼ਿਕਾਰ ਹਨ। ਉਨ੍ਹਾਂ ਵਿੱਚੋਂ ਕਈ ਤਾਂ ਯੁਕਰੇਨ ਨੂੰ ਸਹਿਯੋਗ ਦੇਣ ਦੀ ਗੱਲ ਕਰਦੀਆਂ ਹਨ ਤੇ ਕਈ ਯੁਕਰੇਨ ਦੇ ਵਿਰੋਧ ਵਿੱਚ ਖੜ੍ਹੀਆਂ ਹਨ। ਦਰਅਸਲ ਰੂਸ ਨੇ ਇਹ ਸਭ ਦਾ ਮੁਲੰਕਣ ਕਰਨ ਤੋਂ ਬਾਦ ਹੀ ਯੁਕਰੇਨ ਨੂੰ ਸਬਕ ਸਿਖਾਉਣ ਦੀ ਨੀਤੀ ਅਪਣਾਈ।ਯੁਕਰੇਨ ਦਰਅਸਲ ਰੂਸ ਦਾ ਅੰਗ ਵੀ ਰਿਹਾ ਤੇ ਹਮਸਾਇਆ ਵੀ। ਘਰੇਲੂ ਵਖਰੇਵੇਂ ਜੇਕਰ ਅੰਦਰ ਬੈਠ ਕੇ ਸੁਲਝਾ ਲਏ ਜਾਣ ਤਾਂ ਇਹਦੇ ਨਾਲ ਦੀ ਕੋਈ ਰੀਸ ਹੀ ਨਹੀਂ ਹੁੰਦੀ। 

ਯੁਕਰੇਨ ਦੇ ਲੋਕਾਂ ਦੇ ਦੇਸ਼ ਪਿਆਰ ਦੇ ਜਜ਼ਬੇ ਦੀ ਗੱਲ ਕਰਨੀ ਵੀ ਜ਼ਰੂਰੀ ਹੈ। ਫੌਜਾਂ ਦੇ ਨਾਲ ਦੇਸ਼ ਦੇ ਆਮ ਲੋਕ ਵੀ ਆਪਣੇ ਮੁਲਕ ਦੀ ਆਨ ਅਤੇ ਸ਼ਾਨ ਵਾਸਤੇ ਮੈਦਾਨ ਏ ਜੰਗ ਵਿੱਚ ਨਿੱਤਰ ਰਹੇ ਹਨ ਜਿਸ ਤੋਂ ਉਹਨਾਂ ਦੀ ਦੇਸ਼ ਪ੍ਰਤੀ ਭਾਵਨਾ ਦਾ ਲਵਾਲਵ ਜਜ਼ਬਾ ਸਾਹਮਣੇ ਆਉਂਦਾ ਹੈ। ਬੇਸ਼ਕ ਇਹ ਜੰਗ ਜਿੱਤ ਸਕਣਾ ਯੁਕਰੇਨ ਵਾਸਤੇ ਸੰਭਵ ਨਹੀਂ ਹੈ, ਪਰ ਮੁਲਕ ਦੇ ਆਮ ਸ਼ਹਿਰੀਆਂ ਦੇ ਇਸ ਜਜ਼ਬੇ ਤੋਂ ਇਹ ਗੱਲ ਜ਼ਰੂਰ ਸਾਹਮਣੇ ਆਉਂਦੀ ਹੈ ਕਿ ਹਰੇਕ ਜੰਗ ਸਿਰਫ ਜਿੱਤਣ ਲਈ ਹੀ ਨਹੀਂ ਲੜੀ ਜਾਂਦੀ। ਕੁਝ ਜੰਗਾਂ ਸਿਰਫ਼ ਇਸ ਲਈ ਲੜੀਆਂ ਜਾਂਦੀਆਂ ਹਨ ਤਾਂ ਕਿ ਦੁਨੀਆਂ ਨੂੰ ਇਹ ਦੱਸਿਆ ਜਾ ਸਕੇ ਕਿ ਕੋਈ ਆਪਣੀ ਹੋਂਦ ਤੇ ਜ਼ਮੀਰ ਵਾਸਤੇ ਲੜ ਰਿਹਾ ਹੈ। ਸੋ ਯੁਕਰੇਨ ਦੇ ਲੋਕਾਂ ਦੀ ਇਸ ਭਾਵਨਾ ਨੂੰ ਲੱਖ ਲੱਖ ਪ੍ਰਣਾਮ ਕਿ ਉਹ ਆਪਣੀਆਂ ਜਾਨਾਂ ਤਲੀ ਤੇ ਰੱਖਕੇ ਆਪਣੇ ਵਤਨ ਦੀ ਹੋਂਦ ਬਚਾਉਣ ਵਾਸਤੇ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ।

ਮੁੱਕਦੀ ਗੱਲ ਇਹ ਹੈ ਕਿ ਜੰਗ ਦੁਨੀਆ ਦੇ ਕਿਸੇ ਵੀ ਖ਼ਿੱਤੇ ਵਿੱਚ ਲੱਗੇ, ਇਹ ਵਿਨਾਸ਼ ਦਾ ਦੂਸਰਾ ਨਾਮ ਹੈ। ਇਹ ਗੱਲ ਵੀ ਸਹੀ ਹੈ ਕਿ ਦੁਨੀਆ ਦਾ ਕੋਈ ਵੀ ਮਸਲਾ ਅਜਿਹਾ ਨਹੀਂ ਜੋ ਟੇਬਲ ਤੇ ਬੈਠਕੇ ਹੱਲ ਨਾ ਹੋ ਸਕਦਾ ਹੋਵੇ।  ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਮਸਲੇ ਦਾ ਹੱਲ ਮਿਲ ਬੈਠ ਹੀ ਨਿਕਲਣਾ ਹੈ ਤਾਂ ਫਿਰ ਤਬਾਹੀ ਮਚਾ ਕੇ ਕਿਉਂ, ਇਸ ਤੋਂ ਪਹਿਲਾਂ ਕਿਉਂ ਨਹੀਂ? ਦਰਅਸਲ ਅਜਿਹਾ ਇਸ ਕਰਕੇ ਹੁੰਦਾ ਹੈ ਕਿ ਕਈ ਵਾਰ ਸੰਬੰਧਿਤ ਧਿਰਾਂ ਵਿੱਚੋਂ ਕਿਸੇ ਇੱਕ ਜਾਂ ਦੋਹਾਂ ਦੀ ਈਗੋ ਉਹਨਾਂ ਦੀ ਪੇਸ਼ ਨਹੀਂ ਜਾਣ ਦਿੰਦੀ ਜਿਸ ਕਾਰਨ ਲੜਾਈ ਦੇ ਹਾਲਾਤ ਪੈਦਾ ਹੋ ਜਾਂਦੇ ਹਨ। ਇਸ ਗਲਤੀ ਦਾ ਅਹਿਸਾਸ ਈਗੋ ਦਾ ਫ਼ਤੂਰ ਉੱਤਰਨ ਤੋਂ ਬਾਦ ਹੁੰਦਾ ਹੈ। ਰੂਸ ਤੇ ਯੁਕਰੇਨ ਵੀ ਅੱਜ ਇਸੇ ਸਥਿਤੀ ਵਿੱਚੋਂ ਵਿਚਰ ਰਹੇ ਹਨ। ਬਹੁਤ ਚੰਗਾ ਹੋਵੇ ਜੇਕਰ ਦੁਨੀਆ ਦੇ ਬਾਕੀ ਮੁਲਕ ਇਸ ਜੰਗ ਦਾ ਭਰਵਾਂ ਵਿਰੋਧ ਕਰਨ, ਮਨੁੱਖਤਾ ਦਾ ਘਾਣ ਰੋਕਣ ਲਈ ਅੱਗੇ ਆਉਣ। ਦੋਹਾਂ ਮੁਲਕਾਂ ਦੇ ਨੁਮਾਇੰਦਿਆ ਨੂੰ ਇੱਕ ਜਗ੍ਹਾ ਇਕੱਠੇ ਬਿਠਾ ਕੇ ਸਮਝਾਉਣ ਤੇ ਮਸਲੇ ਦਾ ਹੱਲ ਕੱਢਣ ਵਿੱਚ ਅਹਿਮ ਭੂਮਿਕਾ ਨਿਭਾਉਣ ਤਾਂ ਕਿ ਇਸ ਖ਼ਿੱਤੇ ਵਿੱਚ ਸ਼ਾਂਤੀ ਮੁੜ ਬਹਾਲ ਹੋ ਸਕੇ। ਜੇਕਰ ਮੌਕੇ ਦੀ ਨਜ਼ਾਕਤ ਨੂੰ ਪਛਾਣਦਿਆਂ ਹੋਇਆ ਵੀ ਦੁਨੀਆ ਦੇ ਨਾਮੀ ਮੁਲਕ ਤਮਾਸ਼ਬੀਨ ਬਣੇ ਰਹੇ ਤਾਂ ਇਸ ਬਰੂਦ ਦੇ ਢੇਰ ਉੱਤੇ ਬੈਠੀ ਦੁਨੀਆ ਵਿੱਚ ਸ਼ੁਰੂ ਹੋਣ ਵਾਲੇ ਤੀਜੇ ਮਹਾਂਯੁੱਧ ਤੇ ਦੁਨੀਆ ਦੇ ਹੋਣ ਵਾਲੇ ਵਿਨਾਸ਼ ਨੂੰ ਕੋਈ ਵੀ ਰੋਕ ਨਹੀਂ ਸਕੇਗਾ। 

 ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ