ਕਾਂਗਰਸ ਵਿਚਲੇ ਤਕਰਾਰ  'ਚ ਉਲਝ ਕੇ ਅਸਲ ਮੁੱਦੇ ਤੋਂ ਬੇਮੁੱਖ ਹੋਇਆ ਮੀਡੀਆ

ਕਾਂਗਰਸ ਵਿਚਲੇ ਤਕਰਾਰ  'ਚ ਉਲਝ ਕੇ ਅਸਲ ਮੁੱਦੇ ਤੋਂ ਬੇਮੁੱਖ  ਹੋਇਆ ਮੀਡੀਆ

ਵਿਸ਼ੇਸ਼ ਚਰਚਾ

ਪ੍ਰੋਫੈਸਰ ਕੁਲਬੀਰ ਸਿੰਘ

ਮੀਡੀਆ ਕਾਂਗਰਸ ਦੀ ਲੜਾਈ ਨੂੰ ਏਨਾ ਮਹੱਤਵ, ਏਨੀ ਕਵਰੇਜ ਕਿਉਂ ਦੇ ਰਿਹਾ? ਕੀ ਇਸ ਦੀ ਬਜਾਏ ਮੀਡੀਆ ਨੂੰ ਪੰਜਾਬ ਦੇ ਮੁੱਦਿਆਂ-ਮਸਲਿਆਂ ਦੀ ਗੱਲ ਨਹੀਂ ਕਰਨੀ ਚਾਹੀਦੀ? ਕੀ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਲਏ ਜਾ ਰਹੇ ਫ਼ੈਸਲਿਆਂ, ਕੀਤੇ ਜਾ ਰਹੇ ਕੰਮਾਂ ਅਤੇ ਰਾਜਨੀਤਕ ਸ਼ੈਲੀ ਸੰਬੰਧੀ ਚਰਚਾ ਕਰਨ ਦੀ ਲੋੜ ਨਹੀਂ? ਪੰਜਾਬ ਕਾਂਗਰਸ ਦਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਬਿਨਾਂ ਕੋਈ ਕੰਮ ਕਾਰ ਕੀਤਿਆਂ ਸੁਰਖੀਆਂ ਵਿਚ ਰਹਿਣਾ ਚਾਹੁੰਦੇ ਹਨ ਅਤੇ ਮੀਡੀਆ ਉਨ੍ਹਾਂ ਨੂੰ ਸੁਰਖੀਆਂ ਵਿਚ ਰੱਖ ਰਿਹਾ ਹੈ। ਕੀ ਮੀਡੀਆ ਦੀ ਇਹ ਪਹੁੰਚ, ਇਹ ਨਜ਼ਰੀਆ ਸਹੀ ਹੈ?

ਕੈਪਟਨ-ਸਿੱਧੂ ਟਕਰਾਅ ਵਿਚੋਂ ਪੰਜਾਬ ਨੂੰ, ਪੰਜਾਬ ਵਾਸੀਆਂ ਨੂੰ ਕੀ ਮਿਲਿਆ? ਹੁਣ ਚੰਨੀ-ਸਿੱਧੂ ਲੜਾਈ ਵਿਚੋਂ ਪੰਜਾਬ ਦੇ ਲੋਕਾਂ ਨੂੰ ਕੀ ਮਿਲੇਗਾ? ਚੰਨੀ ਬਿਲਕੁਲ ਸਹੀ ਕਰ ਰਹੇ ਹਨ ਕਿ ਉਹ ਸਿੱਧੂ ਦੀਆਂ ਗੱਲਾਂ ਵੱਲ ਧਿਆਨ ਨਹੀਂ ਦੇ ਰਹੇ, ਸਗੋਂ ਅਧੂਰੇ ਰਹਿੰਦੇ ਕੰਮਾਂ ਨੂੰ ਪੂਰਾ ਕਰਨ ਵੱਲ ਧਿਆਨ ਕੇਂਦਰਿਤ ਕਰ ਰਹੇ ਹਨ। ਕਿਉਂਕਿ ਨਬੇੜਾ ਕੰਮਾਂ 'ਤੇ ਹੋਣਾ ਹੈ। ਲੋਕ ਮਹਿੰਗਾਈ, ਗ਼ਰੀਬੀ, ਬੇਰੁਜ਼ਗਾਰੀ, ਪ੍ਰਦੂਸ਼ਣ, ਵਿਵਸਥਾ ਅਤੇ ਸਿਆਸੀ ਖਿੱਚੋਤਾਣ ਤੋਂ ਪ੍ਰੇਸ਼ਾਨ ਹਨ। ਉਪ-ਚੋਣਾਂ ਵਿਚ ਉਪਰੋਕਤ ਪ੍ਰੇਸ਼ਾਨੀਆਂ ਪ੍ਰਤੀ ਲੋਕਾਂ ਨੇ ਭਾਜਪਾ ਨੂੰ ਸ਼ੀਸ਼ਾ ਵਿਖਾ ਦਿੱਤਾ ਹੈ। ਕਹਿੰਦੇ ਹਨ ਕਿ ਅੱਤ ਤੇ ਖ਼ੁਦਾ ਦਾ ਵੈਰ ਹੈ। ਹੁਣ ਅੱਤ ਹੋ ਰਹੀ ਹੈ। ਲੋਕ ਡਾਹਢੇ ਪ੍ਰੇਸ਼ਾਨ ਹਨ। ਮਹਿੰਗਾਈ ਸੰਬੰਧੀ ਵਿਰੋਧ ਦਰਜ ਕਰਾਉਣ ਲਈ ਕੋਈ ਮੁਹਿੰਮ ਖੜ੍ਹੀ ਨਹੀਂ ਹੋ ਰਹੀ। ਸੋ, ਲੋਕ ਵੋਟਾਂ ਰਾਹੀਂ ਆਪਣਾ ਗੁੱਸਾ ਪ੍ਰਗਟਾਅ ਰਹੇ ਹਨ। ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ, ਉਨ੍ਹਾਂ ਨੇ ਵੀ ਆਖਰ ਵੋਟਾਂ ਵਿਚ ਭਾਜਪਾ ਦਾ ਵਿਰੋਧ ਕਰਨ ਦੀ ਨੀਤੀ ਅਪਣਾਈ ਹੈ। ਸਿਆਸੀ ਪਾਰਟੀਆਂ ਅਤੇ ਸਿਆਸੀ ਨੇਤਾਵਾਂ ਦੇ ਤਿੱਖੇ ਆਪਸੀ ਵਿਰੋਧ ਦਾ ਸੰਬੰਧਿਤ ਖਿੱਤੇ ਅਤੇ ਲੋਕਾਂ ਨੂੰ ਵੱਖ-ਵੱਖ ਰੂਪਾਂ ਵਿਚ ਨੁਕਸਾਨ ਹੀ ਉਠਾਉਣਾ ਪੈਂਦਾ ਹੈ।ਵਿਕਸਿਤ ਮੁਲਕਾਂ ਵਿਚ ਵਿਰੋਧੀ ਪਾਰਟੀਆਂ ਦੇ ਨੇਤਾ 'ਸ਼ੈਡੋ ਮਨਿਸਟਰ' ਦੇ ਰੂਪ ਵਿਚ ਕੰਮ ਕਰਦੇ ਹਨ ਤਾਂ ਜੋ ਚੱਲ ਰਹੇ ਪ੍ਰਾਜੈਕਟਾਂ ਵਿਚ ਸਹਿਯੋਗ ਅਤੇ ਨਿਗਰਾਨੀ ਦੀ ਜ਼ਿੰਮੇਵਾਰੀ ਨਿਭਾਈ ਜਾ ਸਕਣ। ਭਵਿੱਖ ਵਿਚ ਆਪਣੀ ਸਰਕਾਰ ਬਣਨ 'ਤੇ ਉਨ੍ਹਾਂ ਪ੍ਰਾਜੈਕਟਾਂ ਨੂੰ ਅੱਗੇ ਵਧਾਇਆ ਜਾ ਸਕੇ ਅਤੇ ਮੁਕੰਮਲ ਕੀਤਾ ਜਾ ਸਕੇ, ਜਦੋਂ ਕਿ ਸਾਡੇ ਮੰਤਰੀ, ਸਾਡੇ ਵਿਧਾਇਕ, ਸਾਡੇ ਨੇਤਾ ਇਕ-ਦੂਸਰੇ ਦੇ ਕੰਮਾਂ ਵਿਚ ਰੁਕਾਵਟਾਂ ਪਾ ਕੇ ਖੁਸ਼ ਹੁੰਦੇ ਹਨ। ਲੋਕਾਂ ਅਤੇ ਸੂਬੇ ਦਾ ਨੁਕਸਾਨ ਕਰਦੇ ਹਨ।

ਭਾਰਤੀ ਮੀਡੀਆ ਨੂੰ, ਸਿਆਸੀ ਨੇਤਾਵਾਂ ਦੇ ਬਿਆਨਾਂ ਨੂੰ ਹੀ ਮੁੱਖ ਸੁਰਖੀਆਂ ਦੇ ਰੂਪ ਵਿਚ ਨਹੀਂ ਉਭਾਰਨਾ ਚਾਹੀਦਾ, ਬਲਕਿ ਕੀਤੇ ਕੰਮਾਂ ਨੂੰ ਵੀ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੁੱਖ ਸੁਰਖੀਆਂ ਦੇ ਰੂਪ ਵਿਚ ਉਭਾਰਨ ਦੀ ਲੋੜ ਹੈ। ਕੁਝ ਦਿਨ ਪਹਿਲਾਂ ਅਖ਼ਬਾਰਾਂ ਦੀਆਂ ਸੁਰਖੀਆਂ ਵੇਖ ਕੇ ਬੜੀ ਹੈਰਾਨੀ ਹੋਈ। ਜਦ ਪੈਟਰੋਲ, ਡੀਜ਼ਲ ਸਸਤਾ ਹੋਇਆ ਤਾਂ ਮੁੱਖ ਸੁਰਖੀ ਬਣ ਗਈ। ਜਦ ਮਹੀਨਿਆਂ ਤੋਂ ਲਗਾਤਾਰ ਮਹਿੰਗਾ ਹੁੰਦਾ ਰਿਹਾ ਤਾਂ ਬਹੁਤਿਆਂ ਨੇ ਇਸ ਖ਼ਬਰ ਦੀਆਂ ਸੁਰਖੀਆਂ ਬਣਾਉਣ ਦੀ ਲੋੜ ਨਹੀਂ ਸਮਝੀ। ਲੋਕ ਵਧਦੀਆਂ ਕੀਮਤਾਂ ਸੰਬੰਧੀ ਹੈਰਾਨ ਪ੍ਰੇਸ਼ਾਨ ਹਨ। ਗ਼ਰੀਬਾਂ ਨੇ ਸਕੂਟਰ, ਮੋਟਰਸਾਈਕਲ ਘਰ ਖੜ੍ਹੇ ਕਰਕੇ ਸਾਈਕਲ ਕੱਢ ਲਏ ਹਨ। ਪੈਟਰੋਲ, ਡੀਜ਼ਲ ਮਹਿੰਗਾ ਹੋਣ ਕਾਰਨ ਹਰ ਚੀਜ਼ ਮਹਿੰਗੀ ਹੋ ਰਹੀ ਹੈ। ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਜਾ ਰਹੀ ਹੈ। ਸਿਆਸੀ ਲੋਕ ਕੁਰਸੀ ਲਈ ਤਰਲੋ-ਮੱਛੀ ਹੋ ਰਹੇ ਹਨ। ਗ਼ਰੀਬ ਦਾ ਤਿੰਨ ਡੰਗ ਦੀ ਰੋਟੀ ਦਾ ਮਸਲਾ ਹੈ। ਆਮ ਆਦਮੀ ਦਾ ਸਿਹਤ, ਸਿੱਖਿਆ ਸਹੂਲਤਾਂ ਦਾ ਮਸਲਾ ਹੈ। ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਅਤੇ ਸਿਆਸੀ ਲੋਕ ਧਰਮਾਂ, ਜਾਤਾਂ-ਪਾਤਾਂ ਦੀ ਰਾਜਨੀਤੀ ਵਿਚ ਉਲਝਾ ਕੇ ਲੋਕਾਂ ਨੂੰ ਮੂਰਖ ਬਣਾ ਰਹੇ ਹਨ। ਜਨਤਾ ਨੂੰ ਅਜਿਹੀ ਸਿਆਸਤ ਪ੍ਰਤੀ ਚੇਤੰਨ ਹੋਣ ਦੀ ਲੋੜ ਹੈ। ਮੀਡੀਆ ਨੂੰ, ਲੋਕਾਂ ਨੂੰ ਚਾਹੀਦਾ ਹੈ ਕਿ ਸਿਆਸੀ ਪਾਰਟੀਆਂ ਨੂੰ, ਸਿਆਸੀ ਨੇਤਾਵਾਂ ਨੂੰ ਪੰਜਾਬ ਦੇ, ਪੰਜਾਬੀਆਂ ਦੇ ਅਸਲ ਮੁੱਦਿਆਂ-ਮਸਲਿਆਂ ਵੱਲ ਲੈ ਕੇ ਆਉਣ।

ਮਹੀਨਿਆਂ ਤੋਂ 'ਪ੍ਰਾਈਮ ਟਾਈਮ' 'ਤੇ ਕੈਪਟਨ-ਸਿੱਧੂ, ਚੰਨੀ-ਸਿੱਧੂ ਲੜਾਈ 'ਤੇ ਚਰਚਾ ਕੀਤੀ ਜਾ ਰਹੀ ਹੈ। ਅਜਿਹੇ ਵਿਰੋਧ, ਅਜਿਹੇ ਟਕਰਾਅ ਨੂੰ ਕੇਵਲ ਬਣਦੀ ਕਵਰੇਜ, ਖ਼ਬਰ ਵਜੋਂ ਜਗ੍ਹਾ ਹੀ ਦਿੱਤੀ ਜਾਣੀ ਚਾਹੀਦੀ ਹੈ। ਲਗਾਤਾਰ ਕਹਾਣੀ ਬਣਾ ਕੇ ਉਭਾਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜਦ ਵਿਰੋਧ ਨੂੰ, ਟਕਰਾਅ ਨੂੰ ਮੁੱਖ ਸੁਰਖੀ ਬਣਾਇਆ ਜਾਂਦਾ ਹੈ ਤਾਂ ਸਿਆਸੀ ਲੋਕਾਂ ਨੂੰ ਖ਼ੁਸ਼ੀ ਹੁੰਦੀ ਹੈ। ਆਖਰ ਉਹ ਮੀਡੀਆ ਦੀ ਵੱਡੀ ਕਵਰੇਜ ਲਈ ਹੀ ਤਾਂ ਸਾਰਾ ਦਿਨ ਭੱਜੇ-ਨੱਸੇ ਫਿਰਦੇ ਹਨ। ਕੰਮ ਤਾਂ ਦਫ਼ਤਰ ਵਿਚ ਟਿਕ ਕੇ ਬੈਠਣ ਨਾਲ ਵਧੀਆ ਹੁੰਦਾ ਹੈ। ਉਸ ਲਈ ਭੱਜੇ-ਨੱਸੇ ਫਿਰਨ ਦੀ ਬਹੁਤੀ ਲੋੜ ਨਹੀਂ ਹੁੰਦੀ। ਖ਼ੁਸ਼ਵੰਤ ਸਿੰਘ ਆਪਣੇ ਕਾਲਮ ਵਿਚ ਲਿਖਿਆ ਕਰਦੇ ਸਨ ਕਿ ਜੇ ਟੀ.ਵੀ. ਕੈਮਰਾ ਅਤੇ ਪੱਤਰਕਾਰ ਨਾ ਪਹੁੰਚਣ ਤਾਂ ਸਿਆਸੀ ਨੇਤਾ ਹਸਪਤਾਲਾਂ ਵਿਚ ਕਿਸੇ ਦਾ ਹਾਲ ਪੁੱਛਣ ਨਾ ਜਾਣ। ਹਸਪਤਾਲਾਂ ਵਿਚ ਵੀ ਟੀ.ਵੀ. ਕੈਮਰੇ ਨਾਲ ਜਾਂਦੇ ਹਨ। ਭਾਰਤੀ ਨੇਤਾਵਾਂ ਨੂੰ ਮੀਡੀਆ ਕਵਰੇਜ ਦਾ ਵਧੇਰੇ ਹੀ ਭੁੱਸ ਹੈ। ਇਹ ਭੁੱਸ ਛੱਡ ਕੇ, ਦਫ਼ਤਰਾਂ ਵਿਚ ਬੈਠ ਕੇ ਕੰਮ ਕਰਨ ਦੀ ਲੋੜ ਹੈ। ਦੇਸ਼ ਦੀ, ਸੂਬੇ ਦੀ, ਲੋਕਾਂ ਦੀ ਬਿਹਤਰੀ ਕੰਮ ਕਰਨ ਵਿਚ ਹੈ, ਫੋਕੀ ਮੀਡੀਆ ਕਵਰੇਜ ਵਿਚ ਨਹੀਂ।